ਅਰਥ ਦੀ ਤਾਰ ! (ਨਿੱਕੀ ਕਹਾਣੀ)
ਬਸ ਕਰੋ ਓਏ ! ਕਿਓਂ ਲੜੀ ਜਾਂਦੇ ਹੋ ਆਪਸ ਵਿੱਚ ? (ਗੁਰਪਿਆਰ ਸਿੰਘ ਨੇ ਵਿੱਚ ਆ ਕੇ ਝਗੜਾ ਛੁੜਾਇਆ) ਇਸ ਟੱਟਪੂੰਜੀਏ ਨੇ ਸਾਡੇ ਲੀਡਰ ਬਾਰੇ ਬਕਵਾਸ ਕੀਤੀ ਹੈ ! (ਰਣਜੀਤ ਸਿੰਘ ਗੁੱਸੇ ਵਿੱਚ ਬੋਲਿਆ)
ਤੇ ਤੂੰ ਕਿਹੜਾ ਸਾਡੇ ਲੀਡਰ ਬਾਰੇ ਮਿੱਠੇ ਬੋਲ ਬੋਲਦਾ ਸੀ ? (ਤੱਤਾ ਹੋਇਆ ਗੁਰਜੋਤ ਸਿੰਘ ਆਪਣੀ ਦਸਤਾਰ ਸਾਂਭ ਰਹਿਆ ਸੀ ਜੋ ਹੱਥੋਂਪਾਈ ਵਿੱਚ ਢਿੱਲੀ ਹੋ ਚੁੱਕੀ ਸੀ)
ਮੈਂ ਤੇ ਆਪਣਾ ਪੱਖ ਰਖਦਾ ਸੀ ਤੇ ਇਹ ਦੋਵੇਂ ਪਹਿਲਾਂ ਮੇਰੇ ਦੁਆਲੇ ਹੋ ਗਏ ਤੇ ਫਿਰ ਆਪਸ ਵਿੱਚ ਹੀ ਲੜਨ ਲੱਗੇ (ਤੀਜਾ ਬੰਦਾ ਹਰਜੋਤ ਸਿੰਘ ਵੀ ਬੋਲ ਪਿਆ)
ਗੁਰਪਿਆਰ ਸਿੰਘ : ਪਰ ਝਗੜਾ ਸ਼ੁਰੂ ਹੋਇਆ ਕਿਵੇਂ ?
ਹਰਜੋਤ ਸਿੰਘ : ਮੈਂ ਨਵੀਂ ਬਣ ਰਹੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਬਾਰੇ ਆਪਣੇ ਵਿਚਾਰ ਰੱਖ ਰਿਹਾ ਸੀ, ਪਰ ਰਣਜੀਤ ਸਿੰਘ ਇੱਕ ਦਮ ਲੋਹਾ ਲਾਖਾ ਹੋ ਗਿਆ ਤੇ ਕਹਿਣ ਲੱਗਾ ਕਿ ਮੇਰੇ ਲੀਡਰ ਦਾ ਪੱਖ ਠੀਕ ਹੈ, ਵਖਰੀ ਕਮੇਟੀ ਬਣਨ ਨਾਲ ਆਪਸ ਵਿੱਚ ਵੰਡੀ ਪੈ ਜਾਵੇਗੀ ! ਇਹ ਸੁਣ ਕੇ ਗੁਰਜੋਤ ਸਿੰਘ ਆਪਣੇ ਲੀਡਰ ਦੇ ਪੱਖ ਬਾਰੇ ਬੋਲਣ ਲੱਗਾ ਕਿ ਇਸ ਨਾਲ ਸਭਨਾਂ ਨੂੰ ਆਪਣੇ-ਆਪਣੇ ਹੱਕ ਮਿਲ ਜਾਣਗੇ ਤੇ ਪ੍ਰਬੰਧ ਵੀ ਵਧੇਰੇ ਚੰਗੀ ਤਰਾਂ ਹੋ ਪਾਵੇਗਾ ! ਗੱਲ ਕਰਦੇ ਕਰਦੇ ਇਹ ਇੱਕ ਦੂਜੇ ਦੇ ਲੀਡਰਾਂ ਨੂੰ ਗਾਲਾਂ ਕਢਣ ਲੱਗ ਪਏ ਤੇ ਵੱਖ ਵੱਖ ਦੂਸ਼ਣ ਲਾਉਣ ਲੱਗੇ, ਬਸ ਮਾਮਲਾ ਵੱਧ ਗਿਆ !
ਅੱਖਾਂ ਟੇਡੀਆਂ ਕਰ ਕੇ ਨਾ ਵੇਖ, ਮੈਂ ਦਸਦਾ ਤੈਨੂੰ ! (ਕਹਿੰਦੇ ਹੋਏ ਰਣਜੀਤ ਸਿੰਘ ਗੁੱਸੇ ਵਿੱਚ ਫਿਰ ਗੁਰਜੋਤ ਵੱਲ ਵਧਿਆ)! ਗੁਰਪਿਆਰ ਸਿੰਘ ਵਿੱਚ ਆ ਕੇ ਦੋਵਾਂ ਨੂੰ ਅਲਗ ਕਰਦਾ ਹੈ !
ਗੁਰਪਿਆਰ ਸਿੰਘ (ਪਿਆਰ ਨਾਲ) : ਵੇਖੋ ਵੀਰੋ ! ਤੁਸੀਂ ਭਾਵੇਂ ਕਿਸੀ ਵੀ ਸਿਆਸੀ ਜਾਂ ਧਾਰਮਿਕ ਲੀਡਰ ਤੋ ਪ੍ਰਭਾਵਿਤ ਹੋਵੋ ਇਹ ਬਿਜਲੀ ਦੀ "ਲਾਈਵ ਅੱਤੇ ਨਿਯੁਟ੍ਰਲ ਤਾਰ" ਹੋਣ ਵਰਗਾ ਹੈ ਜੋ "ਗਰਮ ਅੱਤੇ ਗਰਮ ਤਾਰ" ਹੁੰਦੀ ਹੈ ਤੇ ਇਨ੍ਹਾਂ ਤਾਰਾਂ (ਲੀਡਰਾਂ) ਦੀ ਲੋੜ ਜਰੂਰ ਰਹੇਗੀ ਕਿਓਂਕਿ ਬਹੁਤ ਸਾਰੇ ਸਿਆਸੀ, ਧਾਰਮਿਕ ਅੱਤੇ ਸਮਾਜਿਕ ਮਸਲੇ ਸੁਲਝਾਉਣ ਲਈ ਲੀਡਰਸ਼ਿਪ ਤੇ ਹਮੇਸ਼ਾ ਹੀ ਚਾਹੀਦੀ ਹੈ ਪਰ ਸਾਨੂੰ ਸਭਨਾ ਨੂੰ "ਕੋਈ ਵੀ ਮਸਲਾ ਸੁਲਝਾਉਣ ਵੇਲੇ ਠੰਡੀ ਜਾਂ ਗਰਮ ਤਾਰ" ਦੇ ਹੀ ਓਟ-ਆਸਰਾ ਉੱਤੇ ਨਹੀਂ ਰਹਿਣਾ ਚਾਹੀਦਾ ਬਲਕਿ 'ਅਰਥ ਦੀ ਤਾਰ (ਬੁਨਿਆਦੀ ਗੁਰਮਤ ਸਿਧਾਂਤ)" ਨੂੰ ਨਾਲ ਮਿਲਾਣਾ ਪਵੇਗਾ ! ਸਾਰੇ ਪੰਥਕ ਫੈਸਲੇ ਕਰਨ ਅੱਤੇ ਵਿਚਾਰਨ ਵੇਲੇ ਸਾਨੂੰ "ਦੋਹਾਂ ਸੋਚਾਂ ਦੇ ਨਾਲ ਨਾਲ ਗੁਰਮਤ ਸੋਚ ਨੂੰ ਨਾਲ ਰਲਾਉਣਾ" ਪਵੇਗਾ ਤਾਂਹੀ ਕੋਈ ਉਸਾਰੂ ਨਤੀਜਾ ਨਿਕਲੇਗਾ ਵਰਨਾ ਸਿਰਫ ਸਿਆਸੀ ਸੋਚ ਨਾਲ ਤਾਂ ਕੇਵਲ ਅੱਤੇ ਕੇਵਲ ਭਰਾ-ਮਾਰੂ ਜੰਗ ਹੀ ਹੋ ਸਕਦੀ ਹੈ !
ਉਸਦੀ ਗੱਲ ਧਿਆਨ ਨਾਲ ਸੁਨ ਰਹੇ ਤਿੰਨੋ ਇਕਠੇ ਹੀ ਬੋਲੇ : ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਆਪਣੀ ਆਪਣੀ ਪਾਰਟੀ ਲਾਈਨ ਤੋ ਉਪਰ ਉਠ ਕੇ ਸੋਚਣਾ ਪਵੇਗਾ ਤਾਂਹੀ ਕੋਈ ਪੰਥਕ ਮਸਲਿਆਂ ਦਾ ਕੋਈ ਉਸਾਰੂ ਹੱਲ ਨਿਕਲੇਗਾ ! ਇਸ ਪਾਰਟੀਬਾਜ਼ੀ ਕਾਰਣ ਹੀ ਸ਼ਾਇਦ ਪਿੱਛਲੇ ਸੌ ਸਾਲਾਂ ਤੋ ਵੱਧ ਸਮੇਂ ਤੋ ਅਸੀਂ ਕੋਈ ਪੰਥਕ ਪ੍ਰਾਪਤੀ ਨਹੀਂ ਕਰ ਪਾਏ !
ਗੁਰਪਿਆਰ ਸਿੰਘ : ਯਾਦ ਰਹੇ .. ਜੇਕਰ "ਸਿਆਸੀ ਠੰਡੀਆਂ ਗਰਮ ਤਾਰਾਂ" ਵਿੱਚ "ਗੁਰਮਤ ਦਾ ਅਰਥ" ਨਹੀਂ ਹੋਵੇਗਾ ਤਾਂ ਸਿਰਫ "ਅਨਰਥ" ਹੀ ਹੋਵੇਗਾ ! ਹੁਣ ਚਲੋ ਸਾਰੇ ਆਪਸ ਵਿੱਚ ਗੁਰਮੁਖਾਂ ਵਾਂਗ ਗਲੇ ਮਿਲੋ ਤੇ ਅੱਗੇ ਤੋ ਸੁਚੇਤ ਰਹੋ !
- ਬਲਵਿੰਦਰ ਸਿੰਘ ਬਾਈਸਨ