ਲੱਖ ਲੱਖ ਵਧਾਈ ! (ਨਿੱਕੀ ਕਹਾਣੀ)
ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਆਪ ਜੀ ਦੇ ਪਰਿਵਾਰ ਨੂੰ ! (ਕਰੂਪ ਸਿੰਘ ਨੇ ਕਿਹਾ)
ਸਰੂਪ ਸਿੰਘ : ਵੀਰ ਮਾਫ਼ ਕਰਨਾ, ਮੈਂ ਆਪ ਜੀ ਦਾ ਮਨ ਦੁਖਾਉਣਾ ਨਹੀਂ ਚਾਹੁੰਦਾ ਪਰ ਕੇਸ਼ ਤੁਹਾਡੇ ਹੈ ਨਹੀਂ, ਸ਼ਰਾਬ ਤੁਸੀਂ ਰੋਜ਼ ਪੀਂਦੇ ਹੋ, ਫਿੱਕੇ ਬੋਲਾਂ (ਗਾਲੀਆਂ) ਨਾਲ ਤੁਸੀਂ ਪੂਰਾ ਦਿਨ ਅਸਮਾਨ ਗਜਾਉਂਦੇ ਰਹਿੰਦੇ ਹੋ, ਕੋਈ ਮੰਦਿਰ-ਮਸਾਣੀ ਤੁਸੀਂ ਛੱਡੀ ਨਹੀਂ ਜਿੱਥੋਂ ਮਾਇਆ ਦੀ ਖੈਰ ਤੁਸੀਂ ਮੰਗਦੇ ਨਹੀਂ ! ਜਿਸ ਗੁਰੂ ਨੂੰ ਅੱਤੇ ਜਿਸ ਗੁਰੂ ਦੀ ਗੱਲ ਤੁਸੀਂ ਮੰਨਦੇ ਨਹੀਂ, ਉਸਦਾ ਗੁਰਪੁਰਬ ਕਿਵੇਂ ਮੁਬਾਰਕ ਹੋਵੇਗਾ ਸਿੱਖਾਂ ਲਈ ?
ਕਰੂਪ ਸਿੰਘ (ਚਿੜ ਕੇ) : ਜਿਤਨੇ ਪੱਕੇ ਸਿੱਖ ਅਸੀਂ ਹਾਂ ਉਤਨੇ ਤੇ ਵੱਡੇ ਵੱਡੇ ਅੰਮ੍ਰਿਤਧਾਰੀ ਵੀ ਨਹੀਂ ਹੁੰਦੇ ! ਅਸੀਂ ਰੋਜ਼ ਸਵੇਰੇ-ਸ਼ਾਮ ਗੁਰਦੁਆਰੇ ਜਾਉਂਦੇ ਹਾਂ, ਲੰਗਰ ਕਰਾਉਂਦੇ ਹਾਂ, ਝਾੜੂ ਅੱਤੇ ਮਾਂ ਦੀ ਕਾਲੀ ਦਾਲ ਲੈ ਕੇ ਜਾਂਦੇ ਹਾਂ, ਗੁਰਪੁਰਬਾਂ ਤੇ ਸਟਾਲ ਲਗਾਉਂਦੇ ਹਾਂ ! ਵੈਸੇ ਭੀ ਸਾਡੀ ਸਿੱਖੀ ਮਨ ਦੀ ਹੈ ! ਸ਼ਰਾਬ ਤੇ ਸਾਰੇ ਹੀ ਪੀਂਦੇ ਨੇ ਤੇ ਜੇਕਰ ਦੋ ਗਾਲਾਂ ਨਾ ਕੱਡੀਆਂ ਤਾਂ ਫਿਰ ਸਰਦਾਰ ਕਿਵੇਂ ਕਹਾਵਾਂਗੇ ?
ਸਰੂਪ ਸਿੰਘ : ਜਿਸ ਤਰੀਕੇ ਨਾਲ ਸਿੱਖੀ ਦੀ ਫ਼ਸਲ ਵਿੱਚ ਪਤਿਤਪੁਣੇ, ਸ਼ਰਾਬ, ਮਨਮਤ, ਫਿੱਕੇ ਬੋਲ (ਗਾਲੀਆਂ) ਅੱਤੇ ਹੰਕਾਰ ਦੇ ਦਮਗੱਜੇ ਦੇ ਜਹਰੀਲੀ ਯੂਰੀਆ ਦੀ ਭਾਰੀ ਵਰਤੋਂ ਕੀਤੀ ਜਾ ਰਹੀ ਹੈ, ਓਹ ਸਮਾਂ ਦੂਰ ਨਹੀਂ ਜਦੋਂ ਇਸ ਦੀ ਧਰਤੀ (ਜ਼ਮੀਰ) ਬੰਜਰ ਜਾਵੇਗੀ ਤੇ ਸਿੱਖੀ ਦੀ ਫ਼ਸਲ ਉਗਣੀ ਬੰਦ ਹੋ ਜਾਵੇਗੀ !
ਕਰੂਪ ਸਿੰਘ (ਦੁਖੀ ਜਿਹਾ ਹੋ ਕੇ) : ਮੈਂ ਤੇ ਸਿਆਪਾ ਹੀ ਗੱਲ ਪਾ ਲਿਆ ਤੇਨੂੰ ਵਧਾਈ ਦੇਕੇ ! ਤੇਰੀ ਗੱਲ ਸੁਣਾਂਗਾ ਤਾਂ ਮੇਰਾ ਕੰਮ ਕਾਰ ਬੰਦ ਹੋ ਜਾਵੇਗਾ ! ਪਗੜੀ ਬਣ ਕੇ ਸਿੱਖ ਲੱਗਦੇ ਹਾਂ ਤੇ ਦਾਹੜੀ ਕੱਟ ਕੇ ਅਨਮਤੀ, ਦੋਵੇਂ ਪਾਸੇ ਕੰਮ ਵਧੀਆ ਹੋ ਜਾਂਦਾ ਹੈ ! ਦੋਬਾਰਾ ਮੇਰੇ ਮੱਥੇ ਨਾ ਲੱਗੀਂ (ਕਹਿੰਦੇ ਕਹਿੰਦੇ ਕਰੂਪ ਸਿੰਘ ਜਿਆਦਾ ਹੀ ਨੇੜੇ ਆ ਗਿਆ ਤਾਂ ਉਸਦੇ ਮੁੰਹ ਵਿੱਚੋਂ ਸ਼ਰਾਬ ਦੀ ਹਵਾੜ ਸਰੂਪ ਸਿੰਘ ਨੇ ਸਾਫ਼ ਮਹਿਸੂਸ ਕੀਤੀ)
ਸਰੂਪ ਸਿੰਘ (ਹੱਥ ਜੋੜ ਕੇ) : ਦੁਰਗੁਣਾ ਦਾ ਯੂਰੀਆ ਬੰਦ ਕਰ ਕੇ ਸਾਨੂੰ ਸਭਨਾ ਨੂੰ ਗੁਰਮਤ ਦੀ ਆਰਗੇਨਿਕ ਖਾਦ (ਗੁਰਬਾਣੀ ਵਿਚਾਰ, ਚੰਗੀ ਸੋਚ, ਚੰਗਾ ਵਿਵਹਾਰ, ਸਰਬਤ ਨਾਲ ਪਿਆਰ) ਦਾ ਇਸਤੀਮਾਲ ਵਧਾਉਣਾ ਪਵੇਗਾ ਤੱਦ ਹੀ ਇਸ ਬੰਜਰ ਧਰਤੀ ਤੇ "ਸਿੱਖੀ ਦੀ ਲਹਲਹਾਉਂਦੀ ਪੌਧ" ਤਿਆਰ ਹੋ ਸਕੇਗੀ ! ਅੱਜ ਗੁਰਪੁਰਬ ਤੇ ਮੇਰੇ ਵੀਰ, ਤੈਨੂੰ ਇਹੀ ਸੰਦੇਸ਼ ਦਿੱਤਾ ਜਾ ਸਕਦਾ ਸੀ !
- ਬਲਵਿੰਦਰ ਸਿੰਘ ਬਾਈਸਨ
http://nikkikahani.com/