ਕਰਮ ਧਰ ਇਹੁ ਤਤੁ ਗਿਆਨੁ
ਧਰਮ ਦੇ ਖੇਤਰ ਵਿੱਚ ਮਨੁੱਖ ਦੀ ਅਧਿਆਤਮਕ ਅਗਿਆਨਤਾ ਉਸ ਨੂੰ ਮੋਹ ਮਾਇਆ ਦਾ ਬੰਧੀ ਬਣਾ ਦਿੰਦੀ ਹੈ ਤੇ ਆਤਮਕ ਗਿਆਨ ਉਹਨਾਂ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਦਾ ਹੈ ਇਸ ਲਈ ਅਗਿਆਨਤਾ ਵਿਚੋਂ ਗਿਆਨਵਾਨ ਹੋਣਾ, ਹਨੇਰੇ ਵਿੱਚੋਂ ਪ੍ਰਕਾਸ਼ ਵਿੱਚ ਆਉਣਾ, ਨੀਂਦ ਵਿੱਚੋਂ ਜਾਗ ਜਾਣਾ, ਧੁੰਧ ਵਿਚੋਂ ਨਿਕਲ ਕੇ ੳਜਾਲੇ ਵਿੱਚ ਪਰਵੇਸ਼ ਕਰਨਾ, ਕੂੜ ਦੀ ਪਾਲ ਨੂੰ ਤੋੜ ਕੇ ਸਚਿਆਰੇ ਬਣਨਾ, ਨਾਪਾਕ ਨੂੰ ਪਾਕ ਕਰਨਾ, ਹੀ ਧਰਮ ਅਖਵਾਂਦਾ ਹੈ। ਇਹ ਕੋਈ ਬਾਹਰਲਾ ਕਰਮ ਕਾਂਡ ਨਹੀ ਹੈ। ਅਧਿਆਤਮਕ ਗਿਆਨ ਬਿਨਾ ਨਾਂ ਤਾਂ ਮੋਹ ਮਾਇਆ (ਕੂੜ) ਤੋਂ ਮੁਕਤ ਹੋਇਆ ਜਾ ਸਕਦਾ ਹੈ ਤੇ ਨਾਂ ਹੀ ਧਰਮੀ ਹੋਇਆ ਜਾ ਸਕਦਾ ਹੈ। ਮਾਇਆ ਛਲ (ਧੋਖਾ) ਹੈ (ਮਾਈ ਮਾਇਆ ਛਲੁ ॥) ਤੇ ਧੋਖੇ ਪਿਛੇ ਲਗਿਆਂ ਮਨੁੱਖ ਧੋਖਾ ਖਾਵੇਗਾ ਵੀ ਤੇ ਦੇਵੇਗਾ ਵੀ, ਇਸ ਲਈ ਧੋਖੇ (ਮਾਇਆ) ਤੋਂ ਬਚਣ ਦਾ ਉਪਾਉ ਕੇਵਲ ਅਧਿਆਤਮਿਕ ਗਿਆਨ ਹੀ ਹੈ। ਮੌਜੂਦਾ ਧਰਮ ਜੋ ਕੇ ਕੇਵਲ ਦਿਖਾਵੇ ਤੇ ਕਰਮ ਕਾਡਾਂ ਤੇ ਹੀ ਆਧਾਰਤ ਹੈ, ਧਰਮ ਨਹੀ ਬਲਿਕੇ ਸੰਪ੍ਰਦਾ ਜਾਂ ਜਥੇਬੰਦੀ ਹੈ ਕਿਉਂਕਿ ਇਸ ਵਿਚੋਂ ਧਰਮ ਦੇ ਅੰਸ਼ (ਸੱਚ ਆਚਾਰ) ਅਲੋਪ ਹੋ ਚੁੱਕੇ ਹਨ। ਵਖਾਵੇ ਦੇ ਧਰਮੀਆਂ ਦੀਆਂ ਕਰਤੂਤਾਂ ਨਿੱਤ ਅਖਬਾਰਾਂ ਵਿੱਚ ਪੜੀਆਂ ਜਾ ਸਕਦੀਆਂ ਹਨ ਇਸ ਲਈ ਧਰਮੀ ਹੋਣ ਦੇ ਵਖਾਵੇ ਦੀ ਕੋਈ ਮਹੱਤਾ ਨਹੀ ਰਹਿ ਜਾਂਦੀ। ਸਮੂਹ ਗੁਰਬਾਣੀ ਅਧਿਆਤਮਕ ਗਿਆਨ ਦਾ ਖਜ਼ਾਨਾ ਹੈ ਜਿਸ ਤੇ ਚਲ ਕੇ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਣਾ ਕੇ ਧਰਮ ਦੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਮਾਇਆ ਦੇ ਛੱਲ ਤੋਂ ਬਚਿਆ ਜਾ ਸਕਦਾ ਹੈ। ਆਮ ਤੌਰ ਤੇ ਧਰਮ ਬਾਰੇ ਪੜ੍ਹ ਸੁਣ ਕੇ, ਆਪਣੀ ਬੁੱਧੀ ਅਨੁਸਾਰ ਮਨੁੱਖ ਜੋ ਵੀ ਵੀਚਾਰ ਆਪਣੇ ਮਨ ਵਿੱਚ ਇੱਕ ਵਾਰ ਬਣਾ ਲੈਂਦਾ ਹੈ, ਉਸ ਦਾ ਹੰਕਾਰ ਫਿਰ ਉਸ ਨੂੰ ਉਹਨਾਂ ਵੀਚਾਰਾਂ ਤੋਂ ਟੱਸ ਤੋਂ ਮੱਸ ਨਹੀ ਹੋਣ ਦਿੰਦਾ ਭਾਵੇਂ ਜਿਨੀਆਂ ਮਰਜ਼ੀ ਅਕੱਟ ਗਿਆਨ ਭਰਪੂਰ ਦਲੀਲਾਂ ਕਿਉਂ ਨਾ ਦਿੱਤੀਆਂ ਜਾਵਣ। ਇਹ ਹੰਕਾਰ ਹੀ ਫਿਰ ਧਰਮ ਦੇ ਰਾਹ ਦਾ ਰੋੜਾ ਬਣ ਕੇ ਮਨੁੱਖ ਨੂੰ ਹੱਠੀ, ਕੱਟੜ, ਕਠੋਰ ਤੇ ਸੰਗਦਿਲ ਬਣਾ ਦਿੰਦਾ ਹੈ। ਦਰਬਾਰਾਂ, ਟਕਸਾਲਾਂ, ਡੇਰਿਆਂ, ਤੇ ਠਾਠਾਂ ਦੇ ਸ਼ਰਧਾਲੂ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿਉਂਕਿ ਉਹਨਾਂ ਨੂੰ ਇਤਨਾ ਸੰਮੋਹਤ (hypnotise) ਕੀਤਾ ਜਾ ਚੁਕਾ ਹੈ ਕਿ ਉਹ ਗੁਰੂ ਦੀ ਵੀਚਾਰ ਸੁਣਨ ਲਈ ਵੀ ਤਿਆਰ ਨਹੀ। ਇਹ ਦੋ ਬੇੜੀਆਂ ਦੇ ਸਵਾਰ ਰਸਮੀ ਮੱਥੇ ਗੁਰੂ ਗ੍ਰੰਥ ਨੂੰ ਟੇਕਦੇ ਹਨ ਪਰ ਬਚਨ ਆਪਣੇ ਬਾਬਿਆਂ ਦੇ ਮੰਨਦੇ ਹਨ। ਆਮ ਮਨੌਤ ਹੈ ਕਿ ਪੜ੍ਹੇ ਲਿਖੇ ਲੋਕ ਅਕਸਰ ਗਿਆਨਵਾਨ ਹੁੰਦੇ ਹਨ ਪਰ ਬੜੀ ਹੈਰਾਨੀ ਹੋਈ ਜਦੋਂ ਇੱਕ ਜੱਜ ਦੀ ਪਦਵੀ ਵਾਲੇ ਵਿਅਕਤੀ ਨੂੰ ਇੱਕ ਗੁਰਦੁਆਰੇ ਵਿੱਚ ਕਰਾਮਾਤੀ ਮਿਥਿਹਾਸ ਤੇ ਕਰਮ ਕਾਡਾਂ ਦਾ ਪ੍ਰਚਾਰ ਕਰਦੇ ਸੁਣਿਆਂ। ਕੋਟ ਕਚਹਿਰੀਆਂ ਦੇ ਅਸੂਲਾਂ ਮੁਤਾਬਕ ਮੌਕੇ ਦੇ ਗਵਾਹ ਤੇ ਸਬੂਤਾਂ ਨੂੰ ਪਰਖੇ ਤੇ ਸਮਝੇ ਬਿਨਾ ਫੈਸਲਾ ਨਹੀ ਲਿਆ ਜਾ ਸਕਦਾ ਪਰ ਧਰਮ ਦੀ ਦੁਨੀਆਂ ਵਿੱਚ ਬਿਨਾ ਸਮਝੇ ਤੇ ਪਰਖੇ ਹੀ ਸਭ ਕੁੱਛ ਮੰਨ ਲਿਆ ਜਾਂਦਾ ਹੈ। ਇਹੀ ਹਾਲ ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਵੀ ਹੈ ਜੋ ਪੜ੍ਹੇ ਲਿਖੇ ਤਾਂ ਬਹੁਤ ਹਨ ਪਰ ਅਧਿਆਤਮਕ ਪੱਖੋਂ ਖੋਖਲੇ ਹੀ ਹਨ।
ਬਚਪਨ ਤੋਂ ਗੁੜਤਾ ਤਾਂ ਇਹੀ ਦਿੱਤੀ ਜਾਂਦੀ ਹੈ ਕਿ ਧਰਮ ਇੱਕ ਸ਼ਰਧਾ ਤੇ ਵਿਸ਼ਵਾਸ ਦਾ ਵਿਸ਼ਾ ਹੈ ਤੇ ਸਵਾਲ ਕਰਨਾ ਨਾਸਤਿਕਤਾ ਹੈ ਪਰ ਹਕੀਕਤ ਇਹ ਹੈ ਕਿ ਸਵਾਲ ਪੁੱਛੇ ਬਿਨਾ ਗਿਆਨ ਹਾਸਲ ਨਹੀ ਹੋ ਸਕਦਾ ਤੇ ਗਿਆਨ ਬਿਨਾ ਸ਼ਰਧਾ ਵੀ ਅੰਨ੍ਹੀ ਰਹਿ ਜਾਂਦੀ ਹੈ। ਸਕੂਲ ਵਿੱਚ ਮਾਸਟਰ ਉਹਨਾਂ ਬਚਿਆਂ ਨੂੰ ਪੜ੍ਹਾਈ ਵਿੱਚ ਕਮਜ਼ੋਰ ਸਮਝਦੇ ਸਨ ਜੋ ਕਦੇ ਸਵਾਲ ਨਹੀ ਪੁਛਦੇ ਸਨ। ਸਵਾਲ ਹੀ ਗਿਆਨ ਦਾ ਮਾਧਿਅਮ ਹਨ ਪਰ ਬੜੀ ਅਜੀਬ ਗਲ ਹੈ ਕਿ ਧਰਮ ਵਿੱਚ ਸਵਾਲ ਨਾਸਤਿਕਤਾ ਦਾ ਮਾਧਿਅਮ ਬਣੇ ਹੋਏ ਹਨ। ਸਕੂਲ ਵਿੱਚ ਸਵਾਲ ਪੁੱਛਣ ਤੇ ਮਾਸਟਰ ਖੁਸ਼ ਹੋ ਜਾਂਦਾ ਸੀ ਪਰ ਧਰਮ ਵਿੱਚ ਸਵਾਲ ਕਰਨ ਤੇ ਧਰਮੀ ਦਿਸਣ ਤੇ ਅਖਵਾਉਣ ਵਾਲੇ ਲਾਲ ਪੀਲੇ ਹੋ ਜਾਂਦੇ ਹਨ ਤੇ ਜਵਾਬ ਦੇਣ ਤੋਂ ਟਾਲ ਮਟੋਲਾ ਕਰ ਜਾਂਦੇ ਹਨ। ਪੰਡਤ, ਮੁੱਲਾਂ, ਜੋਗੀਆਂ ਤੇ ਸਿੱਧਾਂ ਨੇ ਬਾਬੇ ਨਾਨਕ ਤੇ ਸਵਾਲਾਂ ਦੀਆਂ ਝੜੀਆਂ ਲਾ ਦਿੱਤੀਆਂ ਪਰ ਬਾਬੇ ਨਾਨਕ ਨੇ ਕਦੇ ਡਾਂਗ ਨਹੀ ਚੁੱਕੀ, ਨਾਂ ਹੀ ਲਾਲ ਪੀਲਾ ਹੋਇਆ ਤੇ ਬੜੇ ਧੀਰਜ ਨਾਲ ਹਰ ਸਵਾਲ ਦਾ ਬਿਨਾ ਰੋਸ ਕੀਤੇ ਤਸੱਲੀ ਬਖਸ਼ ਜਵਾਬ ਦਿੱਤਾ। ਬੜੇ ਅਫਸੋਸ ਦੀ ਗਲ ਹੈ ਕਿ ਧਰਮ (ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਨ ਦੇ ਵਸੀਲੇ) ਨੂੰ ਹੀ ਰੀਤਾਂ, ਰਸਮਾ, ਰਵਾਜਾਂ ਤੇ ਕਰਮ ਕਾਡਾਂ ਦੁਆਰਾ, ਬੰਧਨ ਬਣਾ ਦਿੱਤਾ ਗਿਆ ਹੈ। ਧਰਮ ਨੂੰ ਮਨੁੱਖ ਨੇ ਆਪਣੀ ਸੋਚ ਮੁਤਾਬਕ ਢਾਲ ਕੇ ਇੱਕ ਬੰਧਨ ਬਣਾ ਦਿੱਤਾ ਹੈ ਤੇ ਜੋ ਕੋਈ ਇਹਨਾਂ ਧਰਮ ਦੇ ਬੰਧਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਨਾਸਤਿਕ ਦਾ ਫਤਵਾ ਲਾ ਦਿੱਤਾ ਜਾਂਦਾ ਹੈ। ਕੂੜ ਹੀ ਪ੍ਰਧਾਨ ਬਣਿਆ ਬੈਠਾ ਹੈ। ਗੁਰਬਾਣੀ ਦਾ ਕਥਨ ਹੈ:
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ ਕਰਮ ਧਰਮ (ਧਰਮ ਦੇ ਕਰਮ ਕਾਂਡ) ਸਭ ਬੰਧਨ ਰੂਪ ਹੀ ਹਨ ਤੇ ਚੰਗੇ ਜਾਂ ਮੰਦੇ ਕੰਮ ਭੀ ਸੰਸਾਰ ਨਾਲ ਜੋੜਨ ਦਾ ਵਸੀਲਾ ਹੀ ਹਨ (ਭਾਵ ਕਰਮ ਕਾਂਡ ਜਾਂ ਪੁੰਨ ਪਾਪ ਕੀਤਿਆਂ ਅਤਮਕ ਮੌਤ ਤੋਂ ਬਚਿਆ ਨਹੀ ਜਾ ਸਕਦਾ)। ਪੁੱਤ੍ਰ ਤੇ ਇਸਤ੍ਰੀ ਦਾ ਮੋਹ ਤੇ ਮਮਤਾ ਵੀ ਬੰਧਨਾਂ ਦਾ ਝੰਬੇਲਾ ਹੀ ਹੈ। ਇਹ ਇੱਕ ਦੁਖਦਾਇਕ ਹਕੀਕਤ ਹੈ ਕਿ ਮੌਜੂਦਾ ਧਰਮ ਇੱਕ ਸੰਸਾਰੀ ਵਾਪਾਰ ਤੇ, ਬਹੁਤਾਤ ਵਿਚ, ਗੁਰਦੁਆਰੇ ਵਾਪਾਰ ਦੇ ਅੱਡੇ ਹੀ ਬਣ ਗਏ ਹਨ। ਲੋਭੀ ਤੇ ਲਾਲਚੀ ਮਨੁੱਖ ਨੇ ਧਰਮ ਦਾ ਰੂਪ ਹੀ ਪਲਟਾ ਕੇ ਰੱਖ ਦਿੱਤਾ ਹੈ। ਆਪ ਨੂੰ ਧਰਮ ਬਾਰੇ ਕੋਈ ਸੋਝੀ ਹੋਵੇ ਜਾਂ ਨਾ ਹੋਵੇ ਪਰ ਦੂਜੇ ਨੂੰ ਕਿਸੇ ਨਾ ਕਿਸੇ ਤਰਾਂ ਧਰਮੀ ਬਨਾਉਣ ਦਾ ਠੇਕਾ ਜ਼ਰੂਰ ਲੈ ਰੱਖਿਆ ਹੈ। ਧਰਮ ਦੇ ਪਾਂਧੀ ਲਈ ਗੁਰਬਾਣੀ ਦਾ ਪਹਿਲਾ ਉਪਦੇਸ਼ ਹੀ ਇਹ ਹੈ ਕਿ:
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ (1410) ਸੰਸਾਰੀ ਵਾਪਾਰ ਕਰਨ ਵੇਲੇ ਮਨੁੱਖ ਨਫੇ ਨੁਕਸਾਨ ਨੂੰ ਸੌ ਵਾਰ ਵੀਚਾਰਦਾ ਹੈ ਪਰ ਧਰਮ ਦੇ ਚਲ ਰਹੇ ਵਾਪਾਰ, ਅਖੰਡ ਪਾਠਾਂ, ਅਰਦਾਸਾਂ, ਆਰਤੀਆਂ ਤੇ ਦਾਨ ਪੁੰਨ--- ਅਦਿਕ ਵੇਲੇ ਨਫੇ ਨੁਕਸਾਨ ਦਾ ਕਦੇ ਖਿਆਲ ਵੀ ਨਹੀ ਕਰਦਾ। ਕਦੇ ਕਿਸੇ ਨਹੀ ਪੁਛਿਆ ਕਿ ਜੇ ਮੇਰੇ ਮਨ ਦੀ ਮਨੌਤ ਪੂਰੀ ਨਾਂ ਹੋਈ, ਜਾਂ ਮੰਗੇ ਫਲ ਦੀ ਪ੍ਰਾਪਤੀ ਨਾਂ ਹੋਈ, ਅਰਦਾਸ ਬਿਰਥੀ ਚਲੀ ਗਈ, ਤਾਂ ਕੀ ਪਾਠ, ਪੂਜਾ, ਆਰਤੀ, ਕੀਰਤਨ, ਲੰਗਰ ਦਾ ਖਰਚਾ ਤੇ ਕੀਤਾ ਦਾਨ ਵਾਪਸ ਕੀਤਾ ਜਾਵੇਗਾ? ਯਾਦ ਰਹੇ ਵਾਪਾਰ ਵਿੱਚ ਸ਼ਰਧਾ ਦਾ ਕੋਈ ਦਖਲ ਨਹੀ, ਇਸ ਲਈ ਇਹ ਬਹਾਨਾ ਨਹੀ ਚਲ ਸਕਦਾ। ਗੁਰਬਾਣੀ ਵੀ ਇੱਕ ਅਨੋਖੇ ਵਾਪਾਰ ਦੀ ਗਲ ਕਰਦੀ ਹੈ, ਸੰਸਾਰੀ ਵਾਪਾਰ ਦੀ ਉਦ੍ਹਾਰਣ ਦੇ ਕੇ ਅਧਿਆਤਮਕ ਵਾਪਾਰ ਦੀ ਗਲ ਕਰਦੀ ਹੈ, ਗੁਰਮਤ (ਗਿਆਨ) ਲੈਣ ਲਈ ਮਨਮੱਤ (ਅਗਿਆਨਤਾ) ਛੱਡਣੀ ਪੈਣੀ ਹੈ ਤੇ ਗੁਰਬਾਣੀ ਸੁਚੇਤ ਕਰਦੀ ਹੈ ਕਿ ਇਹ ਅਨੋਖਾ ਆਤਮਕ ਵਾਪਾਰ ਕਰਨ ਤੋਂ ਪਹਿਲਾਂ ਲੈਣ ਵਾਲੀ ਵਸਤੂ (ਗੁਰਮਤ) ਦੇ ਨਫੇ ਨੁਕਸਾਨ ਬਾਰੇ ਚੰਗੀ ਤਰਾਂ ਸੋਚ ਵੀਚਾਰ ਕਰ ਕੇ ਹੀ ਵਾਪਾਰ ਕਰਨਾ ਹੈ। ਇਹ ਵਾਪਾਰ ਕਰਨ ਲਈ ਗੁਰਬਾਣੀ ਨੂੰ ਪਹਿਲਾਂ ਪੜ੍ਹਨਾ, ਸੁਣਨਾ ਤੇ ਵੀਚਾਰਨਾ ਹੈ (ਇਹ ਵਸਤੂ ਦੀ ਪਛਾਣ, ਜਾਂ ਪਰਖ ਹੈ) ਤੇ ਫਿਰ ਉਸ ਤੇ ਚੱਲਣਾ (ਆਪਣੀ ਮਨਮਤ ਨੂੰ ਛੱਡਣਾ) ਹੀ ਅਸਲ ਵਿੱਚ ਅਧਿਆਤਮਿਕ ਵਾਪਾਰ ਕਰਨਾ ਹੈ। ਵਸਤੂ (ਧਰਮ) ਦੀ ਪਛਾਣ ਬਾਰੇ ਗੁਰਬਾਣੀ ਦਾ ਫੁਰਮਾਨ ਹੈ:
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥ {ਪੰਨਾ 342}
ਧਰਮ ਦਾ ਅਸਲ ਸਬੰਧ ਨਿਰੋਲ ਮਨ ਦੀ ਸਾਧਨਾ ਨਾਲ ਹੈ ਤੇ ਕਬੀਰ ਜੀ ਕਹਿੰਦੇ ਹਨ ਕਿ ਮਨ ਵਰਗਾ ਹੋਰ ਕੋਈ ਨਹੀ ਜਿਸ ਨਾਲ (ਹਰ ਪਲ) ਵਾਹ ਪੈਂਦਾ ਹੋਵੇ।
ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ 1083
ਜੋ ਮਨੁੱਖ ਆਪਣੇ ਮਨ ਨੂੰ ਸੋਧਣ ਦਾ ਜਤਨ ਕਰਦਾ ਹੈ, ਉਹੀ ਅਸਲ ਵਿੱਚ ਧਰਮੀ ਹੈ ਤੇ ਰੱਬ ਦੀ ਬੰਦਗੀ ਕਰਨ ਵਾਲਾ ਹੈ।
ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ 274
ਉਹੀ ਮਨੁੱਖ ਧਰਮੀ ਹੈ ਜੋ ਪ੍ਰਭੂ ਦੇ ਨਾਮ (ਹੁਕਮ) ਦੁਆਰਾ ਆਪਣੇ ਮਨ ਨੂੰ ਸੋਧ ਲੈਂਦਾ ਹੈ। ਕਿਸੇ ਦੂਸਰੇ ਦੇ ਮਨ ਨੂੰ ਸੋਧਣ ਨਹੀ ਜਾਣਾ, ਪਹਿਲਾਂ ਆਪਣੇ ਹੀ ਮਨ ਨੂੰ ਸੋਧਣਾ ਹੈ। ਅਪਣੇ ਮਨ ਦੀ ਸੁਧਾਈ ਕੀਤੇ ਬਿਨਾ ਕਿਸੇ ਦੂਜੇ ਨੂੰ ਸਮਝਾਵਣਾ ਨਿਰਰਥਕ ਹੈ, ਕਿਸ