ਭਾਰਤ ਨੂੰ ਮੁਕੰਮਲ ਤੌਰ 'ਤੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਯੋਜਨਾਬਧ ਕਿਲੇ ਬੰਦੀ ਕਰ ਰਹੀ ਹੈ "ਭਾਜਪਾ"
ਭਾਰਤ ਦੀ ਸਦੀਆਂ ਲੰਬੀ ਗੁਲਾਮੀ ਨੂੰ ਖਤਮ ਕਰਨ ਲਈ ਗੁਰੂ ਸਾਹਿਬ ਨੇ ਆਪ ਖੁਦ ਉਦਮ ਕੀਤੇ ਅਤੇ ਅਗੋਂ ਸਾਡਾ ਮਾਰਗ ਦਰਸ਼ਨ ਕੀਤਾ ਕਿ ਹਮੇਸ਼ਾ ਜ਼ੁਲਮ ਦੇ ਖਿਲਾਫ਼ ਜੂਝਦੇ ਰਹਿਣਾਂ ਹੈ। ਇਹ ਗੁਲਾਮੀ ਤਾਂ ਅੱਤ ਦੀ ਮਾੜੀ ਹੁੰਦੀ ਹੈ ਅਤੇ ਹਿੰਦੋਸਤਾਨ ਵਾਸਤੇ ਵੀ ਸੀ। ਇਸ ਗੁਲਾਮੀ ਨੂੰ ਖਤਮ ਕਰਨ ਵਾਸਤੇ ਦੇਸ਼ ਵਾਸੀਆਂ ਨੇ ਕੁੱਝ ਕੀਮਤ ਅਦਾ ਕੀਤੀ ਹੈ, ਲੇਕਿਨ ਜਿਹੜੀ ਕੀਮਤ ਅਜਾਦੀ ਦੀ ਸਿੱਖਾਂ ਨੇ ਪਿਛਲੇ ਸਾਢੇ ਪੰਜ ਸੌ ਸਾਲਾਂ ਵਿਚ ਚੁਕਾਈ ਹੈ, ਉਸ ਨੂੰ ਯਾਦ ਕਰਕੇ ਸਧਾਰਨ ਆਦਮੀ ਦਾ ਜਿਸਮ ਪਾਣੀ ਪਾਣੀ ਹੋ ਜਾਂਦਾ ਹੈ।
ਭਾਰਤ ਤੇ ਸਦੀਆਂ ਤੋਂ ਰਾਜ ਕਰਦੀ ਜਮਾਤ ਦੇ ਨਾਲ ਸਬੰਧਤ ਲਿਖਾਰੀ ਅੱਲਾ ਯਾਰ ਖਾਂ ਯੋਗੀ ਨੇ ਧਾਰਮਿਕ ਅਜਾਦੀ ਸਬੰਧੀ ਲਿਖਿਆ ਹੈ "ਨਾ ਕਹੂੰ ਅਬ ਕੀ, ਨਾ ਕਹੂੰ ਜਬ ਕੀ, ਬਾਤ ਕਹੂੰ ਮੈ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ"। ਉਹਨਾਂ ਦੇ ਕਹਿਣ ਅਨੁਸਾਰ ਜੇ ਸਿੱਖ ਗੁਰੂ ਸਹਿਬਾਨ ਕੁਰਬਾਨੀਆਂ ਨਾ ਕਰਦੇ, ਤਾਂ ਹਿੰਦੂ ਧਰਮ ਅੱਜ ਸ੍ਰਿਸ਼ਟੀ ਵਿੱਚੋਂ ਪੂਰੀ ਤਰਾਂ ਅਲੋਪ ਹੋ ਜਾਂਦਾ।
ਬੇਸ਼ੱਕ ਅੱਜ ਦੀ ਆਜ਼ਾਦੀ ਤੋਂ ਪਹਿਲਾਂ ਮੁਸਲਿਮ ਆਗੂ ਕਾਇਦੇ-ਆਜ਼ਮ ਜਨਾਬ ਮੁਹੰਮਦ ਅਲੀ ਜਿਨਾਹ ਨੇ ਬੜੇ ਸਪਸ਼ਟ ਸਬਦਾਂ ਵਿਚ ਕਿਹਾ ਸੀ ਕਿ "ਸਿੱਖੋ ਤੁਸੀਂ ਹਿਦੂੰਆਂ ਨੂੰ ਸਹਿ ਗੁਲਾਮ ਦੇਖਿਆ ਹੈ, ਜਦੋਂ ਸ਼ਾਸਕ ਦੇ ਤੌਰ 'ਤੇ ਦੇਖੋਗੇ ਤਾਂ ਪਤਾ ਲੱਗੇਗਾ"।
ਇਹ ਗੱਲ ਸੱਚ ਹੈ ਕਿ 15 ਅਗਸਤ 1947 ਤੋਂ ਹੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਸਾਜਿਸ਼ ਅਰੰਭ ਹੋ ਗਈ ਸੀ। ਹੁਣ ਤੱਕ ਇਸ ਹਿੰਦੋਸ਼ਤਾਨੀ ਕੱਟੜਵਾਦੀ ਢਾਂਚੇ ਨੇ ਪਹਿਲਾਂ ਕਾਂਗਰਸ ਵਰਗੀ ਜਮਾਤ ਨੂੰ ਧਰਮ ਨਿਰਪੱਖਤਾ ਦਾ ਮਖੌਟਾ ਪਵਾ ਕੇ ਦੇਸ਼ ਦਾ ਰਾਜ ਪ੍ਰਬੰਧ ਸੰਭਾਲਿਆ ਅਤੇ ਦੇਸ਼ ਦੀਆਂ ਸਾਰੀਆਂ ਘੱਟ ਗਿਣਤੀਆਂ, ਜਿਹਨਾਂ ਵਿਚ ਖਾਸ ਕਰਕੇ ਸਿੱਖਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ 'ਤੇ ਬੁਰੀ ਤਰਾਂ ਕੁਚਲਿਆ ਹੈ। ਸਿੱਖਾਂ ਦੀ ਬੋਲੀ, ਸਭਿਆਚਾਰ ਜਾਂ ਸਿੱਖਾਂ ਦੀ ਸਰ ਜਮੀਨ ਪੰਜਾਬ ਅਤੇ ਉਸ ਦੇ ਆਸ ਪਾਸ ਪੰਜਾਬ ਮਾਂ ਬੋਲੀ ਵਾਲੇ ਇਲਾਕਿਆਂ ਨੂੰ ਅਪਣਾ ਨਿਸ਼ਾਨਾ ਬਣਾਇਆ, ਕਦੇ ਆਰਥਿਕ ਪੱਖੋਂ ਮਾਰਿਆ ਅਤੇ ਦਰਬਾਰ ਸਹਿਬ ਦਾ ਹਮਲਾ, ਦਿੱਲੀ ਦਾ ਸਿੱਖ ਕਤਲੇਆਮ ਜਾਂ ਪੰਜਾਬ ਵਿਚ ਹੋਏ ਝੂਠੇ ਪੁਲੀਸ ਮੁਕਾਬਲੇ ਦੇਸ਼ ਵਿੱਚ ਅਚਨਚੇਤੀ ਵਾਪਰੀਆਂ ਘਟਨਾਵਾਂ ਬਿਆਨ ਕਰਕੇ ਸਾਨੂੰ ਅਮਨ ਸ਼ਾਂਤੀ ਦੇ ਨਾ ਥੱਲੇ ਬਰਬਾਦ ਕੀਤਾ ਗਿਆ।
ਅੱਜ ਤੱਕ ਦਾ ਹਰ ਕਦਮ ਘੱਟ ਗਿਣਤੀਆਂ ਅਤੇ ਸਿੱਖਾਂ ਨੂੰ ਰਗੜੇ ਲਾਉਣ ਵਾਲਾ ਹੀ ਰਿਹਾ ਹੈ। ਹੁਣ ਜਦੋਂ ਸਿੱਖ ਅਤੇ ਹੋਰ ਘੱਟ ਗਿਣਤੀਆਂ ਸਰਕਾਰੀ ਢਾਂਚੇ ਦੇ ਜਬਰ ਅਤੇ ਲਾਲਚਾਂ ਕਰਕੇ ਅਪਣਾ ਜਜ਼ਬਾ ਗਵਾ ਚੁੱਕੇ ਹਨ, ਤਾਂ ਹੁਣ ਅਸਲੀ ਭਗਵੀਂ ਭਾਰਟੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਹਿੰਦੋਸਤਾਨ ਦਾ ਤਖਤ ਸੰਭਾਲਿਆ ਹੈ ਅਤੇ ਹੁਣ ਵੱਡੇ ਤੋਂ ਛੋਟੇ ਆਗੂ ਘੱਟ ਗਿਣਤੀਆਂ ਨੂੰ ਧਮਕਾ ਰਹੇ ਹਨ। ਕੁੱਝ ਲੋਕਾਂ ਨੇ ਤਾਂ ਇੱਥੋ ਤੱਕ ਵੀ ਬਿਆਨ ਦਿੱਤੇ ਹਨ ਕਿ ਜੇ ਘੱਟ ਗਿਣਤੀਆਂ ਨੇ ਹਿੰਦੋਸਤਾਨ ਵਿਚ ਰਹਿਣਾ ਹੈ ਤਾਂ ਉਹਨਾਂ ਨੂੰ ਅਪਣੀ ਸੋਚ ਵਿਚ ਤਬਦੀਲੀ ਲਿਆਉਣੀ ਪਵੇਗੀ, ਭਾਵ ਹਿੰਦੂਤਵ ਦੇ ਏਜੰਡੇ ਨੂੰ ਬਿਨਾਂ ਸ਼ਰਤ ਕਬੂਲਣਾ ਪਵੇਗਾ।
ਭਾਰਤ ਬਹੁ ਕੌਮੀ, ਬਹੁ ਭਾਸ਼ਾਈ ਅਤੇ ਬਹੁ ਧਰਮੀ ਦੇਸ਼ ਹੈ। ਇਸ ਦਾ ਪ੍ਰਧਾਨ ਮੰਤਰੀ ਬਣਨ ਵਾਲੇ ਨੂੰ ਸੰਵਿਧਾਨ, ਰੰਗ ਨਸਲ ਤੋਂ ਉਪਰ ਉੱਠਕੇ ਦੇਸ਼ ਸੇਵਾ ਦੀ ਸਹੁੰ ਚੁਕਾਉਦਾ ਹੈ। ਪਰ ਅਫਸੋਸ ਕਿ ਇਹ ਕਸਮ ਸਿਰਫ ਇੱਕ ਰਾਸ਼ਟਰਪਤੀ ਸਾਹਮਣੇ ਪੜ੍ਹੀਆਂ ਜਾਣ ਵਾਲੀਆਂ ਚਾਰ ਲਾਈਨਾਂ ਦੀ ਇੱਕ ਰਸਮ ਹੀ ਹੈ। ਅੱਜ ਤੱਕ ਇਸ ਨੂੰ ਨਾਂ ਕਿਸੇ ਨੇ ਸਮਝਿਆ ਹੈ, ਨਾ ਨਿਭਾਇਆ ਹੈ।
ਕਿਸੇ ਨੇ ਅੱਜ ਤੱਕ ਆਜ਼ਾਦੀ ਦਿਨ ਤੇ ਗੁਰੂ ਤੇਗ ਬਾਹਦਰ ਪਾਤਸ਼ਾਹ ਨੂੰ ਯਾਦ ਨਹੀਂ ਕੀਤਾ? ਹਿੰਦੋਸ਼ਤਾਨ ਦੇ ਤਖਤ 'ਤੇ ਬੈਠੇ ਕਿਸੇ ਅਹਿਸਾਨ ਫਰਾਮੋਸ਼ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜਾ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦਾ ਕਦੇ ਜਿਕਰ ਤੱਕ ਨਹੀਂ ਕੀਤਾ, ਸਿਰਫ ਨਹਿਰੂ, ਗਾਂਧੀ ਅਤੇ ਪਟੇਲ ਦੇ ਸੋਹਲੇ ਗਾਏ ਜਾਂਦੇ ਹਨ। ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਭੁੱਲੜ ਦੇਸ਼ ਭਗਤ ਵਰਗੇ ਖਿਤਾਬ ਦਿੱਤੇ ਹਨ।
ਅੱਜ ਜਦੋਂ ਭਗਵਾਂ ਬਰਗੇਡ ਪੂਰੀ ਤਰਾਂ ਤਾਕਤ ਵਿੱਚ ਆ ਗਿਆ ਹੈ, ਤਾਂ ਹੁਣ ਸਭ ਤੋਂ ਪਹਿਲਾਂ ਘੱਟ ਗਿਣਤੀ ਇਲਾਕਿਆਂ ਵਿੱਚ ਰਾਜਨੀਤਿਕ ਸਫਾਈ ਕਰਨ ਲਈ ਪੋਲਿੰਗ ਬੂਥਾਂ ਤੱਕ ਕੱਟੜਵਾਦੀ ਟੋਲੇ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਸਾਡੀ ਬਾਕੀ ਰਹਿਦੀ ਨਸਲੀ ਸਫਾਈ ਦਾ ਅਰੰਭ ਕੀਤਾ ਜਾਵੇਗਾ? ਅੱਜ ਦੇ ਸਮੇਂ ਵਿੱਚ ਸਿੱਖ ਰਾਜਨੀਤੀ 'ਤੇ ਕਾਬਜ਼ ਆਗੂ ਅਵੇਸਲੇ ਹਨ, ਉਹਨਾਂ ਦੇ ਰਾਜ ਪ੍ਰਬੰਧ ਵਿਚ ਹੀ ਭਗਵਾਂ ਬਰਗੇਡ, ਸਿੱਖ ਬਹੁਗਿਣਤੀ ਸੂਬੇ ਵਿੱਚ ਅਪਣੀਆਂ ਇਕਾਈਆਂ ਸਥਾਪਤ ਕਰਕੇ ਆਪਣੇ ਮਾੜੇ ਮਨਸੂਬਿਆ ਨੂੰ ਅੰਜਾਮ ਦੇਣ ਲਈ ਜੰਗੀ ਪੱਥਰ 'ਤੇ ਤਿਆਰੀ ਕਰ ਰਿਹਾ ਹੈ। ਅਜਿਹੇ ਮੌਕੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਆਪਣੇ ਬਚਾ ਲਈ ਸਾਂਝੀ ਨੀਤੀ ਤਿਆਰ ਕਰਕੇ ਭਾਰਤ ਦੀ ਧਰਮ ਨਿਰਪੱਖ ਦਿੱਖ ਨੂੰ ਬਹਾਲ ਕਰਨ ਵਾਸਤੇ ਉੱਦਮ ਅਰੰਭਣਾ ਚਾਹੀਦਾ ਹੈ, ਨਹੀਂ ਤਾਂ ਕਾਇਦੇ ਆਜ਼ਮ ਦੀਆਂ ਕਹੀਆਂ ਉਹਨਾਂ ਲਾਈਨਾਂ ਨੂੰ ਚੇਤੇ ਕਰਕੇ ਪਛਤਾਉਣ ਤੋਂ ਸਿਵਾਏ ਕੋਈ ਚਾਰਾ ਬਾਕੀ ਨਹੀਂ ਬਚੇਗਾ…?
ਗੁਰਿੰਦਰਪਾਲ ਸਿੰਘ ਧਨੌਲਾ 93161 76519
Gurinderpal Singh Dhanoula
ਭਾਰਤ ਨੂੰ ਮੁਕੰਮਲ ਤੌਰ 'ਤੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਯੋਜਨਾਬਧ ਕਿਲੇ ਬੰਦੀ ਕਰ ਰਹੀ ਹੈ "ਭਾਜਪਾ"
Page Visitors: 3013