ਅੱਗੇ ਦੱਸੀਂ ਨਾ ! (ਨਿੱਕੀ ਕਹਾਣੀ)
ਬਲਵਿੰਦਰ ਸਿੰਘ ਬਾਈਸਨ
ਮੈਂ ਤੁਹਾਨੂੰ ਦੋਵੇਂ ਭਰਾਵਾਂ ਨੂੰ ਕਦੀ ਦੁਕਾਨ ਤੋ "ਦੋ ਘੰਟੇ" ਲਈ ਵੀ ਹਿਲਦੇ ਨਹੀਂ ਵੇਖਿਆ ਪਰ ਤੁਸੀਂ ਫਿਲਮਾਂ ਦੀਆਂ ਗੱਲਾਂ ਬੜੇ ਸੁਆਦ ਲਾ ਕੇ ਕਰਦੇ ਹੋ ! ਦਾਲ ਵਿੱਚ ਕੁਝ ਕਾਲਾ ਲਗਦਾ ਹੈ ? (ਗੁਣਖੋਜ ਸਿੰਘ ਨੇ ਦਿਖਾਵਾ ਸਿੰਘ ਨੂੰ ਪੁਛਿਆ)
ਦਿਖਾਵਾ ਸਿੰਘ (ਹਸਦੇ ਹੋਏ) : ਵੇਖ ਜੇ ਕਿਸੇ ਨੂੰ ਭੇਦ ਨਾ ਖੋਲੇਂ ਤਾਂ ਤੈਨੂੰ ਦੱਸਾਂ !
ਗੁਣਖੋਜ ਸਿੰਘ : ਕਮਾਲ ਹੈ ! ਕਿਤਨੀ ਕੁ ਖੁਫਿਆ ਗੱਲ ਹੈ ? ਚਲ ਦੱਸ ਵੀ ਦੇ ਹੁਣ !
ਸਿੰਘ ਦਿਖਾਵਾ : ਅਸੀਂ ਦੋਵੇਂ ਭਰਾਵਾਂ ਨੇ ਵਾਰੀ ਬੰਨੀ ਹੋਈ ਹੈ ! ਅਸੀਂ ਇੱਕ ਟਿਕਟ ਲੈਂਦੇ ਹਾਂ ਤੇ ਇੰਟਰਵਲ ਤੋਂ ਪਹਿਲਾਂ ਇੱਕ ਭਰਾ ਫਿਲਮ ਵੇਖ ਆਉਂਦਾ ਹੈ ਤੇ ਇੰਟਰਵਲ ਤੋਂ ਬਾਅਦ ਦੂਜਾ ਭਰਾ ! ਅਗਲੇ ਦਿਨ ਅਸੀਂ ਵਾਰੀ ਬਦਲ ਲੈਂਦੇ ਹਾਂ ਤੇ ਇਸ ਤਰੀਕੇ ਨਾਲ ਦੋਵੇਂ ਫਿਲਮ ਵੇਖ ਲੈਂਦੇ ਹਾਂ ਤੇ ਸਾਡੇ ਪਰਿਵਾਰ ਜੀ ਨੂੰ ਕੁਝ ਪਤਾ ਵੀ ਨਹੀਂ ਲਗਦਾ ! ਜੇਕਰ ਅਸੀਂ ਤਿੰਨ-ਚਾਰ ਘੰਟੇ ਦੁਕਾਨ ਤੋਂ ਗਾਇਬ ਰਹੀਏ ਤਾਂ ਫੱਟ ਸ਼ੱਕ ਪੈਦਾ ਹੋ ਜਾਵੇਗਾ ਪਰ ਇਸ ਤਰੀਕੇ ਨਾਲ ਤਾਂ ਕੋਈ ਸੋਚ ਵੀ ਨਹੀਂ ਸਕਦਾ ਕਿ ਅਸੀਂ ਫਿਲਮਾਂ ਵੇਖ ਰਹੇ ਹਾਂ ! ਤੈਨੂੰ "ਕਸਮ ਪੈਦਾ ਕਰਨ ਵਾਲੇ ਦੀ" ਜੇਕਰ ਤੂੰ ਸਾਡਾ ਇਹ ਭੇਦ ਕਿਸੀ ਪਾਸ ਖੋਲਿਆ ਵੀ ਤਾਂ !
ਗੁਣਖੋਜ ਸਿੰਘ (ਸੋਚਦੇ ਹੋਏ) : ਜਦੋਂ ਬਹੁਗਿਣਤੀ ਅਨਮਤੀ ਧਰਮ ਦਾ ਕੋਈ ਠੇਕੇਦਾਰ ਸਿੱਖੀ ਜਾਂ ਸਿੱਖੀ ਸਿਧਾਂਤ ਬਾਰੇ ਕੋਈ ਬਕਵਾਸ ਕਰਦਾ ਹੈ ਤਾਂ ਸਿਆਸੀ ਪਾਰਟੀ ਵਿੱਚਲੇ ਉਨ੍ਹਾਂ ਦੇ ਪੰਥਕ ਭੇਖ ਵਾਲੇ ਭਰਾ ਚੁੱਪੀ ਵੱਟ ਲੈਂਦੇ ਹਨ ਤੇ ਇੰਝ ਵਿਖਾਵਾ ਕਰਨ ਲੱਗਦੇ ਹਨ ਜਿਵੇਂ ਉਨ੍ਹਾਂ ਨੇ ਓਹ ਬਕਵਾਸ ਸੁਣੀ ਹੀ ਨਾ ਹੋਵੇ ਤੇ ਦੁਕਾਨ ਤੇ ਬੈਠੇ ਭਰਾ ਵਾਂਗ ਅਜੇਹਾ ਭਰਮ ਪੈਦਾ ਕਰਦੇ ਹਨ ਜਿਵੇਂ ਉਨ੍ਹਾਂ ਵਰਗਾ ਸਾਊ ਕੋਈ ਨਹੀਂ ਹੈ ! ਇਸੀ ਤਰੀਕੇ ਜਦੋਂ ਸਿੱਖੀ ਭੇਖ ਵਿੱਚਲੇ ਮਨਮਤੀਏ ਕੋਈ ਪੰਥਕ ਮਿਆਰ ਤੋਂ ਡਿੱਗੀ ਗੱਲ ਕਰਦੇ ਹਨ ਤਾਂ ਅਨਮਤੀ ਧਰਮ ਦੇ ਆਗੂ ਅੰਦਰੋਂ ਖੁਸ਼ ਹੁੰਦੇ ਹੋਏ ਵੀ ਅਜੇਹਾ ਵਿਖਾਵਾ ਕਰਦੇ ਹਨ ਕਿ ਜਿਵੇਂ ਇਹ ਤਾਂ ਤੁਹਾਡਾ ਆਪਣਾ ਕੌਮੀ ਮਸਲਾ ਹੈ ਅਸੀਂ ਇਸ ਬਾਰੇ ਕੀ ਕਹ ਸਕਦੇ ਹਾਂ ? (ਪਰ ਅੰਦਰ ਖਾਤੇ ਇਹ ਆਪਸ ਵਿੱਚ ਉਨ੍ਹਾਂ ਦੋਵੇਂ ਭਰਾਵਾਂ ਵਾਂਗ ਮਿਲੇ ਹੋਏ ਹਨ ਤੇ ਮਿਲ ਕੇ ਪੰਥ (ਪਰਿਵਾਰ) ਨੂੰ ਭੰਬਲਭੂਸੇ ਵਿੱਚ ਪਾਈ ਰੱਖ ਰਹੇ ਹਨ ਤੇ ਆਪਣੇ ਆਪ ਨੂੰ ਪਾਕ-ਸਾਫ਼ ਦਿਖਾਉਣ ਦੀ ਬੜੀ ਹੀ ਕਾਮਿਆਬ ਐਕਟਿੰਗ ਕਰ ਰਹੇ ਹਨ) ! ਸਿਨੇਮਾ ਹਾਲ ਦੇ ਚੌਂਕੀਦਾਰ ਵਾਂਗ ਇਨ੍ਹਾਂ ਨੇ ਵੀ ਪੰਥ ਦੇ ਚੌਂਕੀਦਾਰ ਨੂੰ ਆਪਣੇ ਮੱਕੜਜਾਲ ਵਿੱਚ ਫਸਾਇਆ ਹੋਇਆ ਹੈ ਤੇ ਉਸ ਦੀ ਝੂਠੀ ਗਵਾਹੀਆਂ ਨਾਲ ਆਪਣੇ ਮਾਂ-ਪਿਓ (ਗੁਰੂ) ਅੱਤੇ ਪਰਿਵਾਰ (ਪੰਥ) ਨੂੰ ਧੋਖਾ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ !
ਦਿਖਾਵਾ ਸਿੰਘ (ਟੋਕਦੇ ਹੋਏ) : ਕਿੱਥੇ ਗੁਆਚ ਗਿਆ ਹੈਂ ? ਵੇਖੀਂ ਮੇਰੀ ਜਾਨ ਨੂੰ ਕੋਈ ਵਖਤਾ ਨਾ ਪਾ ਜਾਵੇ !
ਗੁਣਖੋਜ ਸਿੰਘ (ਸੋਚਾਂ ਤੋਂ ਬਾਹਰ ਆ ਕੇ) : ਕੁਝ ਨਹੀਂ ... ਕੁਝ ਨਹੀਂ ! ਕਦੋਂ ਕਿਹੜੀ ਗੱਲ ਕਿਵੇਂ ਸਮਝ ਪੈ ਜਾਵੇ, ਪਤਾ ਨਹੀਂ ਚਲਦਾ ! ਤੂੰ ਚਿੰਤਾ ਨਾ ਕਰ, ਤੇਰਾ ਭੇਦ ਮੈਂ ਕਿਸੀ ਨਾਲ ਸਾਂਝਾ ਨਹੀਂ ਕਰਾਂਗਾ ! ਵੈਸੇ ਵਕਤ ਆਉਣ ਤੇ ਦਿਨ ਦੀ ਰੋਸ਼ਿਨੀ ਵਾਂਗ ਸਾਰੇ ਭੇਦ ਆਪੇ ਹੀ ਉਜਾਗਰ ਹੋ ਜਾਂਦੇ ਹਨ !