ਜਦ ਅਨੰਦ ਮੈਰਿਜ ਐਕਟ 1909 ਵਿਚ ਹੀ ਬਣ ਅਤੇ ਗਜ਼ਟ ਹੋ ਚੁਕਾ ਹੈ, ਤਾਂ ‘ਅਨੰਦ ਮੈਰਿਜ ਰਜਿਸਟਰ’ ਕਰਵਾਉਣ ਅਤੇ 1909 ਦੇ ਐਕਟ ਨੂੰ ਰੱਦ ਕਰਨ ਲਈ ‘ਨਵਾਂ ਅਨੰਦ ਮੈਰਿਜ ਰਜਿਸਟਰ ਐਕਟ’ ਕਿੳਂ ? (Bwg 1)
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
* "ਅਨੰਦ ਮੈਰਿਜ ਐਕਟ 1909” ਕੀ 102 ਸਾਲ ਪਹਿਲਾਂ ਪਾਸ ਅਤੇ ਲਾਗੂ ਹੋ ਚੁਕਾ ਹੈ ? ਤਾਂ ਇਸ ਨੂੰ ਰੱਦ ਕਰਕੇ ਨਵਾਂ ਐਕਟ ਕਿਉਂ ਬਣਾਇਆ ਜਾ ਰਿਹਾ ਹੈ ?
"ਅਨੰਦ-ਕਾਰਜ” ਨੂੰ ਸੰਵਿਧਾਨਿਕ ਮਾਣਤਾ ਮਿਲ ਚੁਕੀ ਹੈ ? ਕਦੇ ਸਿੱਖਾਂ ਨੇ ਆਪਣੇ ਨਾਲ ਹੁੰਦੇ ਇਸ ਨਵੀਨ ਧੌਖੇ ਤੇ ਠਰੰਮੇਂ ਨਾਲ ਪੰਥਕ ਹਿਤ ਵਿੱਚ ਵਿਚਾਰ ਕਿਉਂ ਨਹੀਂ ਕੀਤੀ ? ਜਾਗਣਾਂ ਤਾਂ ਹਰ ਮਨੁੱਖ ਅਤੇ ਹਰ ਕੌਮ ਨੂੰ ਆਪਣੇ ਹੱਕ ਵਿੱਚ ਆਪ ਹੀ ਪੈਂਦਾ ਹੈ। ਫਿਰ ਸਿੱਖ ਸੁੱਤੇ ਕਿਉਂ ਨੇ ਅਤੇ ਉਹ ਸਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਿੱਖ ਕਿਉਂ ਦੜ ਵੱਟ ਗਏ ਹਨ ਜਿੰਨ੍ਹਾਂ ਸ੍ਰੀ ਤਰਲੋਚਨ ਸਿੰਘ ਐਮ.ਪੀ. ਦਾ ਇਸ 'ਭੋਗ ਪਵਾਉ' ਕਾਰਵਾਈ ਲਈ ਵੱਧ ਚੜ ਕੇ ਸਨਮਾਨ ਕੀਤਾ ਸੀ ? ਜਿਸ ਵਿੱਚ ਬਾਦਲ ਕੇ, ਮੱਧ ਪ੍ਰਦੇਸ਼ ਕੇਂਦਰੀ ਸ੍ਰੀ ਗੁਰੂ ਸਿੰਘ ਸਭਾਈਏ ਅਤੇ ਦਿੱਲੀ ਵਾਲੇ ਸਮੇਤ ਸ਼੍ਰੋਮਣੀ ਕਮੇਟੀ, ਤਖ਼ਤ ਅਤੇ ਸੱਚ ਖੰਡ ਬੋਰਡ ਅਤੇ ਪਟਨਾ ਸਾਹਿਬ ਕਮੇਟੀ ਵਾਲੇ ਹੁਣ ਚੁੱਪ ਕਿਉਂ ਨੇਂ ? ਇਨ੍ਹਾਂ ਤਾਂ ਇਸ ਗੁਨਾਹ ਕਰਨ ਲਈ ਇਸ ਸਖ਼ਸ਼ ਦਾ ਸਨਮਾਨ ਕਰ ਕੌਮੀ ਹਿਤਾ ਦਾ ਰੱਜਵਾਂ ਭੌਗ ਪਾਇਆ ਸੀ....
ਗੁਰਮਤਿ ਅਨੁਰੂਪ ਅਤੇ ਸਿੱਖ ਸਿੱਧਾਂਤਾਂ ਦੀ ਪਾਲਣਾ ਕਰਦੇ ਹੋਏ ਬਣੇ ਅਤੇ 1909 ਵਿੱਚ ਧਾਰਨ ਕੀਤੇ ਗਏ ਅਨੰਦ ਮੈਰਿਜ ਐਕਟ ਨੂੰ ਖ਼ਤਮ ਕਰਵਾਉਣ ਲਈ ਹੀ ਹੁਣ ਅਪਣਾਇਆ ਅਤੇ ਲਾਗੂ ਕੀਤਾ ਗਿਆ "ਨਵਾਂ ਐਕਟ" ਗੁਰਮਤਿ ਵਿਹੀਣ ਹੈ ਅਤੇ ਸਿੱਖ ਸਿੱਧਾਂਤਾ ਦੀ ਨਿਖੇਦੀ ਕਰਦਾ ਹੈ। ਜਿਸ ਨੂੰ ਸਿੱਖਾਂ ਨੇ ਚੁੱਪ ਚਾਪ ਸਵੀਕਾਰ ਕਰ ਲਿਆ ਹੈ। ਜੇ ਅਸੀਂ ਕੁਝ ਨਿਰਮਾਣ ਨਹੀਂ ਕਰ ਸਕਦੇ ਤਾਂ ਸਿੱਖ ਆਪਣੇ ਵਿਨਾਸ਼ਕਾਰੀ ਰਾਹ ਤੇ ਆਪ ਹੀ ਕਿਉਂ ਪੈ ਗਏ ਹਨ ? ਕੁਰਸੀ, ਨਾਮ ਚਮਕਾਉਣ ਅਤੇ ਸ਼ਹੁਰਤ ਦੀ ਭੁੱਖ ਵਿੱਚ ਸਿੱਖ ਆਪਣੇ ਖ਼ਿਲਾਫ ਆਪ ਹੀ ਆਪਣੇ ਦੁਸ਼ਮਣ ਬਣ ਚੁਕੇ ਹਨ। ਸੰਭਲੋ...
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕ ਗੰਭੀਰ ਅਤੇ ਹੰਗਾਮੀ ਹਾਲਾਤਾਂ ਤੇ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ 2 ਸਤੰਬਰ 2011 ਨੂੰ ਹੋਈ ਸੀ। ਇਸ ਮੀਟਿੰਗ ਦਾ ਸੰਖੇਪ ਫੈਸਲਾ ਇਹ ਸੀ ਕਿ "ਜੇ ਕਰ ਸਹਿਜਧਾਰੀ ਮਸਲੇ ਅਤੇ ਅਨੰਦ ਮੈਰਿਜ ਐਕਟ ਤੇ ਭਾਰਤ ਸਰਕਾਰ ਨੇ 25 ਸਤੰਬਰ ਤਕ ਕੋਈ ਕਾਰਵਾਈ ਨਾ ਕੀਤੀ ਤਾਂ ਪ੍ਰਧਾਨ ਮੰਤ੍ਰੀ ਨੂੰ ਵੀ ਬਤੌਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਹੈ।”
ਇਸ ਸਬੰਧ ਵਿੱਚ ਦਾਸ ਨੇ ਅਲਟੀਮੇਟਮ ਦਾ ਸਮਾਂ ਨਿਕਲ ਜਾਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਇਕ ਪਟੀਸ਼ਨ ਦਰਜ ਕਰਵਾਈ ਸੀ। ਮੈਂ ਆਪ ਸਭ ਦਾ ਧਿਆਨ 28 ਸਤੰਬਰ 2011 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨਾਂ ਦੇ ਨਾਲੋਂ ਨਾਲ ਪੰਥ ਖ਼ਾਲਸੇ ਨੂੰ ਪਾਈ ਇਸ ਪਟੀਸ਼ਨ ਵੱਲ ਲਿਜਾਉਣਾ ਚਾਹੁੰਦਾ ਹਾਂ "ਭਾਰਤੀ ਅਦਾਲਤਾਂ ਵਿੱਚ ਸਹਿਜਧਾਰੀ ਸਬੰਧੀ ਕੇਸ ਅਤੇ ਗੁਰਦੁਆਰਾ ਐਕਟ ਵਿੱਚ ਗੁਰਮਤਿ ਵਿਰੋਧੀ ਹੋਰ ਮਦਾਂ ਖ਼ਤਮ ਕਰਾਉਣ ਸਬੰਧੀ”. ਇਸ ਪਟੀਸ਼ਨ ਦੇ ਸਫ਼ਾ ਨੰ. 3 ਤੇ ਮੈਂ ਲਿਖਿਆ ਹੈ ਕਿ "ਇਹੋ ਗੱਲ ‘ਅਨੰਦ ਮੈਰਿਜ ਐਕਟ’ ਦੇ ਸਬੰਧ ਵਿੱਚ ਵੀ ਲਾਗੂ ਹੁੰਦੀ ਹੈ। ਪਰ ਇਸ ਬਾਰੇ ਮੈਂ ਆਪ ਜੀ ਨੂੰ ਅੱਡ ਬੇਨਤੀ ਨਾਮਾ ਭੇਜ ਰਿਹਾ ਹਾਂ।” ਆਪਣੇ ਉਸੇ ਵਾਅਦੇ ਮੁਤਾਬਕ ਪੰਥ ਖ਼ਾਲਸੇ ਦੀ ਕਚਹਿਰੀ ਵਿੱਚ ਦਾਸ "ਅਨੰਦ ਮੈਰਿਜ ਐਕਟ 1909” ਦੀ ਅਸਲ ਕਾਪੀ ਲੈ ਕੇ ਹਾਜ਼ਰ ਹਾਂ।
ਲੰਮੇ ਇੰਤਜ਼ਾਰ ਤੋਂ ਬਾਅਦ, ਕਿਸੇ ਵੱਲੋਂ ਵੀ; ਕੀਤਾ ਕੁਝ ਵੀ ਨਹੀਂ ਗਿਆ ਹੈ।
ਇਸ ਲਈ ਮੈਂ ਪੰਥ ਖ਼ਾਲਸੇ ਦੀ ਕਚਹਿਰੀ ਵਿੱਚ ਅਨੰਦ ਮੈਰਿਜ ਐਕਟ ਦਾ ਅਸਲ ਸੱਚ ਆਖਿਰ ਹੈ ਕੀ ? ਪੇਸ਼ ਕਰਦਾ ਹਾਂ :
ਮਹਾਰਾਜਾ ਨਾਭਾ ਰਿਪੁ ਦਮਨ ਸਿੰਘ ਨੇ ਆਪਣੀ ਪ੍ਰਿੰਸਲੀ ਸਟੇਟ ਵਲੋਂ ਇਸ ਹੈਸੀਅਤ ਵਿੱਚ ਇਸ ਲੈਜਿਸਲੇਟਿਵ ਕੌਂਸਲ ਵਿੱਚ ਇਸ "ਅਨੰਦ ਮੈਰਿਜ ਐਕਟ” ਨੂੰ ਪੇਸ਼ ਕਰਵਾਇਆ। ਇਸ ਐਕਟ ਨੂੰ ਉਸ ਵਕਤ ਸਰ ਸੁੰਦਰ ਸਿੰਘ ਮਜੀਠੀਏ ਨੇ ਫਾਲੋਆਪ ਕੀਤਾ ਸੀ। ਮਹਾਰਾਜਾ ਨਾਭਾ ਰਿਪੁ ਦਮਨ ਸਿੰਘ ਦੀਆਂ ਸਿੱਖ ਕੌਮ ਦੀ ਸੰਪ੍ਰਭੁਤਾ ਹਿਤ ਬਹੁਤ ਵੱਡੀਆਂ ਦੇਣਾ ਅਤੇ ਪ੍ਰਾਪਤੀਆਂ ਹਨ। ਜਿਨ੍ਹਾਂ ਨੂੰ ਪੰਥ ਖ਼ਾਲਸੇ ਨੇ ਅਕਾਲੀ ਪ੍ਰਭਾਵ ਦੀ ਗੁਲਾਮੀ ਵਿੱਚ ਵਿਸਾਰਿਆ ਹੋਇਆ ਹੈ ।
ਇਸ "ਸਿੱਖ ਸਟੇਟ ਦੇ ਸਿੱਖ ਰਾਜੇ ਨੂੰ ਮੁੜ ਗੱਦੀ ਤੇ ਬਿਠਾਉਣ” ਲਈ ਹੀ ਜੈਤੋ ਦਾ ਮੋਰਚਾ ਲੱਗਾ ਸੀ। ਪਰ, ਅਕਾਲੀ ਦਲ ਦੀ ਬੇਵਫ਼ਾਈ ਨੇ ਇਸ ਨੂੰ ਅਖੰਡ ਪਾਠ ਭੰਗ ਦੇ ਮੋਰਚੇ ਵਿੱਚ ਤਬਦੀਲ ਕਰ ਅੰਗ੍ਰੇਜ਼ ਸਰਕਾਰ ਦਾ ਹਿਤ ਪੂਰ ਦਿੱਤਾ ਤੇ ਪੰਥ ਦੀ ਸੰਪ੍ਰਭੁਤਾ ਨੂੰ ਪਾਸੇ ਕਰ ਦਿੱਤਾ। ਜਦ ਕਿ ਇਹ ਮਹਾਰਾਜ ਰਿਪੁ ਦਮਨ ਸਿੰਘ ਆਪਣੀ ਅਜਾਦ ਸੰਪ੍ਰਭੂ ਸਿੱਖ ਸਟੇਟ ਦੀ ਵਾਪਸੀ ਲਈ ਅੰਗ੍ਰੇਜ਼ ਦੀ ਜੇਲ੍ਹ ਵਿੱਚ ਮੋਰਚੇ ਦੀ "ਫ਼ਤਿਹਯਾਬੀ ਦੀ ਘੋਸ਼ਣਾ ਤੋਂ ਬਾਅਦ ਬਹੁਤ ਲੰਮੇ ਅਰਸੇ ਤਕ ਜਲਾਵਤਨੀ ਕਾਲੇ ਪਾਣੀ ਦੀ ਸਜਾ ਵਿੱਚ ਕੈਦ ਰਿਹਾ” ਹੈ। ਪੰਥ ਨੇ ਅਕਲੀ ਦਲ ਦੀ ਬੇਵਫ਼ਾਈ ਨੂੰ ਹੀ ਸੱਚ ਜਾਣ ਕੇ ਇਸ ਦੀ ਕਿਸੇ ਵਾਤ ਤਕ ਨਾ ਪੁੱਛੀ ਕਿ ਆਖਿਰ ਸਿੱਖ ਸਮਰਾਟ ਰਿਪੁ ਦਮਨ ਸਿੰਘ ਨਾਭਾ ਗਿਆ ਕਿੱਥੇ । ਅਕਾਲੀ ਕਹਿਣ ਲੱਗ ਪਏ ਕਿ ਮੋਰਚਾ ਤਾਂ ਫ਼ਤਹਿ ਹੋ ਗਿਆ। ਅਖੰਡ ਪਾਠ ਸਾਹਿਬ ਰੱਖ ਦਿੱਤਾ ਗਿਆ ਹੈ। ਸਬ ਨੇ ਬੱਲੇ ਬੱਲੇ ਕਰ ਦਿੱਤੀ। ਪਰ ਮਹਾਰਾਜਾ ਨਾਭਾ ਰਿਪੁ ਦਮਨ ਸਿੰਘ ਸਿੱਖ ਸਟੇਟ ਦਾ ਸਿੱਖ ਸਮਰਾਟ ਜਿਸ ਨੂੰ ਮਹਾਰਾਜੇ ਦੀ ਗੱਦੀ ਤੇ ਬਿਠਾਉਣਾ ਸੀ ਔਹ ਆਪ ਕਿੱਥੇ ਹੈ ? ਇਹ ਉਸ ਵਕਤ ਵੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਾ ਕੀਤੀ। ਮਹਾਰਾਜਾ ਨਾਭਾ ਨੂੰ ਅਕਾਲੀ ਦਲ ਦੀ ਸਹਿਮਤੀ ਨਾਲ ਜਲਾਵਤਨ ਕਰ ਦਿੱਤਾ ਗਿਆ ਤੇ ਅੰਗਰੇਜ਼ਾਂ ਨੇ ਇਸ ਨੂੰ ਆਪਣਾ ਕੈਦੀ ਬਣ ਲਿਆ।ਇਹ ਇਤਿਹਾਸ ਮੇਰੇ ਨਾਲ ਵੀ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਬਾਅਦ ਦੁਹਰਾਇਆ ਗਿਆ ਹੈ। ਸ਼ਾਇਦ ਮਹਾਰਾਜਾ ਨਾਭਾ ਰਿਪੁ ਦਮਨ ਸਿੰਘ ਨਾਲ ਸਿੱਖ ਲੀਡਰਾਂ ਦੇ ਵੱਲੋਂ ਕੀਤੇ ਗਏ ਇਸ ਗੱਦਾਰੀ ਭਰਪੂਰ ਵਤੀਰੇ ਕਰਕੇ ਹੀ ਕਿਸੇ ਵੀ ਸਿੱਖ ਲਿਖਾਰੀ ਤੇ ਲੀਡਰ ਨੇ ਅਨੰਦ ਮੈਰਿਜ ਐਕਟ 1909 ਦਾ ਵੀ ਜ਼ਿਕਰ ਇਸੇ ਲਈ ਨਹੀਂ ਕੀਤਾ ਕਿ ਜੇ ਇਹ ਸਾਹਮਣੇ ਲਿਆਇਆ ਜਾਂਦਾ ਹੈ ਤਾਂ ਪੰਥ ਖ਼ਾਲਸੇ ਨੂੰ ਉਹ ਸਾਰੀਆਂ ਗੱਦਾਰੀਆਂ ਵੀ ਸਮਝ ਆ ਜਾਣ ਗੀਆਂ ਜਿਹੜੀਆਂ ਅਕਾਲੀਆਂ ਨੇ ਪੰਥ ਨਾਲ ਲਗਾਤਾਰ ਕੀਤੀਆਂ ਹਨ। ਨਹੀਂ ਤਾਂ ਹੁਣ ਮਜੀਠੀਏ ਖਾਨਦਾਨ ਵਿੱਚ ਵਿਆਹਿਆਂ ਸ੍ਰੀ ਸੁਖਬੀਰ ਬਾਦਲ, ਉਸ ਦੀ ਪਤਨੀ ਮਜੀਠੀਏ ਖ਼ਾਨਦਾਨ ਦੀ ਧੀ ਅਤੇ ਉਸ ਦਾ ਸਾਲਾ ਜੋ ਯੂਥ ਅਕਾਲੀ ਦਲ ਦਾ ਹੀ ਨਹੀਂ, ਸਗੋਂ ਅੱਜ ਕਲ ਅਕਾਲੀ ਦਲ ਵਿੱਚ ਸ੍ਰੀ ਸੁਖਬੀਰ ਤੋਂ ਬਾਅਦ ਦੂਜੇ ਨੰਬਰ ਦੀ ਤਾਕਤ ਬਣਿਆਂ ਹੋਇਆ ਹੈ, ਆਪਣੇ ਹੀ ਖਾਨਦਾਨ ਦੇ ਸਰ ਸੁੰਦਰ ਸਿੰਘ ਮਜੀਠੀਏ ਵੱਲੋਂ ਫਾਲੋਅਪ ਕਰਨ ਵਾਲੇ ਅਨੰਦ ਮੈਰਿਜ ਐਕਟ 1909 ਨੂੰ ਕਿਵੇਂ ਭੁਲ ਸਕਦੇ ਹਨ ?
ਅਗਰ ਇਸ ਪੈਰੇ ਵਿੱਚ ਜ਼ਿਕਰ ਕੀਤੇ ਸਾਰੇ ਲੀਡਰਾਂ ਤੇ ਜਥੇਬੰਦੀਆਂ ਨੂੰ "ਅਨੰਦ ਮੈਰਿਜ ਐਕਟ 1909” ਦਾ ਨਹੀਂ ਪਤਾ ਹੈ ਤਾਂ ਫਿਰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਿੱਖਾਂ ਦੀ ਕਿਸੇ ਵੀ ਜਮਾਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਤੇ ਨਾ ਹੀ ਸਿੱਖਾਂ ਨੂੰ ਇਨ੍ਹਾਂ ਨੂੰ ਕਿਸੇ ਵੀ ਪੱਖ ਤੋਂ ਸਵੀਕਾਰ ਕਰਨਾ ਚਾਹੀਦਾ ਹੈ। ਇਹ ਅੱਖੋ ਪਰੋਖੇ ਕਰਨ ਵਾਲੀ ਆਮ ਗੱਲ ਨਹੀਂ ਹੈ। ਇਸ ਗੱਲ ਨਾਲ ਸਿੱਖ ਕੌਮ ਦਾ ਸਿਰ ਅਤੇ ਮਿਆਰ ਸਰਕਾਰੀ ਪੱਧਰ ਤੇ ਮੂਰਖਾਂ ਦੀ ਕੌਮ ਵਾਲਾ ਬਣਾ ਦਿੱਤਾ ਜਾਂਦਾ ਹੈ। ਜਿਸ ਲਈ ਲੀਡਰਾਂ ਨੂੰ ਮੁਆਫ਼ ਕਰਨਾ ਕੌਮੀ ਘਾਤ ਕਰਵਾਉਣਾ ਹੀ ਹੁੰਦਾ ਹੈ। ਇਹ ਕੌਮਾਂ ਦਾ ਆਪਣੇ ਹੱਥੀ ਖੁਦ ਕੀਤਾ ਆਪਣਾ ਨਸਲ ਘਾਤ ਦੇ ਦਾਇਰੇ ਵਿਚਲਾ ਅਪਰਾਧ ਬਣ ਜਾਂਦਾ ਹੈ।
ਲਓ ਪੇਸ਼ ਹੈ ਅਨੰਦ ਮੈਰਿਜ ਐਕਟ ਦੀ ਅਸਲ ਕਾਪੀ ਜੋ ਮੈਂ ਸਿੱਖ ਕੌਮ ਨੂੰ ਉਸ ਦੀ ਅੱਡਰੀ, ਵਿਲੱਖਣ ਸੁਤੰਤਰ ਹਸਤੀ ਅਤੇ ਪੰਥ ਖ਼ਾਲਸਾ ਦੀ ਸੰਪ੍ਰਭੂ ਸ਼ਕਤੀ ਲਈ ਸਮਰਪਿਤ ਕਰਦਾ ਹਾਂ : (ਪਹਿਲਾਂ ਦਰਸ਼ਨ ਕਰ ਲਓ। ਫਿਰ ਇਸ ਤੇ ਵਿਚਾਰ ਕਰਦੇ ਹਾਂ। ਪੜ੍ਹਨ ਦੀ ਖੇਚਲ ਕਰਨੀ) –
ਸਾਡੀ ਆਪਣੀ ਅਰਥਾਤ ਸਿੱਖਾਂ ਦੀ ਆਪਣੀ ਨਿਸ਼ਠਾ ਦੀਆਂ ਦੋ ਸਪਸ਼ਟ ਤਸਵੀਰਾਂ ਸਾਡੇ ਸਾਹਮਣੇ ਹਨ।
ਪਹਿਲੀ ਹੈ ਨਾਭੇ ਦੇ ਸਿੱਖ ਮਹਾਰਾਜੇ ਸ੍ਰ. ਰਿਪੁ ਦਮਨ ਸਿੰਘ ਦੀ। ਜਿਨ੍ਹਾਂ ਇਹ ਐਕਟ ਤਿਆਰ ਕਰਵਾਇਆ। ਇਸ ਮਹਾਰਾਜੇ ਦੀ ਸਿੱਖੀ ਨਾਲ, ਖ਼ਾਲਸੇ ਦੀ ਰਾਸ਼ਟਰੀਅਤਾ ਨਾਲ ਅੰਤਿਮ ਅਤੇ ਅਟੁੱਟ ਨਿਸ਼ਠਾ ਅਤੇ ਪ੍ਰਤਿਬਧਤਾ ਨੂੰ ਪ੍ਰਗਟਾਉਂਦੀ ਇਕ ਸੱਚਾਈ ਅਨੰਦ ਮੈਰਿਜ ਐਕਟ 1909 ਨਾਲ ਵੀ ਜੁੜੀ ਹੈ। ਇਨ੍ਹਾਂ ਦੇ ਪਿਤਾ ਸ੍ਰੀ ਮਹਾਰਾਜਾ ਹੀਰਾ ਸਿੰਘ ਨੇ ਇਨ੍ਹਾਂ ਦੀ ਭੈਣ ਅਤੇ ਆਪਣੀ ਧੀ ਦਾ ਵਿਆਹ ਨੀਅਤ ਕੀਤਾ। ਮਹਾਰਾਜਾ ਰਿਪੁ ਦਮਨ ਸਿੰਘ ਦ੍ਰਿੜ ਸਨ ਕਿ ਇਹ ਅਨੰਦ ਰੀਤੀ ਨਾਲ ਅਤੇ ਅਨੰਦ ਮੈਰਿਜ ਐਕਟ ਦੇ ਤਹਿਤ ਹੀ ਹੋਵੇ। ਇਨ੍ਹਾਂ ਦੇ ਪਿਤਾ ਸ੍ਰੀ ਆਪਣੀਆਂ ਪੁਰਾਤਨ ਰੀਤਾਂ ਅਨੁਸਾਰ ਇਹ ਵਿਆਹ ਕਰਵਾਉਣਾ ਚਾਹੁੰਦੇ ਸਨ। ਪਿਤਾ ਅੱਗੇ ਇਨ੍ਹਾਂ ਦੀ ਨਾ ਚੱਲੀ ਤੇ ਭੈਣ ਦਾ ਵਿਆਹ ਰਾਜ ਘਰਾਣੇ ਦੀਆਂ ਪੁਰਾਤਨ ਰੀਤਾਂ ਅਨੁਸਾਰ ਹੀ ਹੋਇਆ। ਇਸ ਨੌਜਵਾਨ ਰਾਜੇ ਦੀ ਪੰਥ ਪ੍ਰਸਤੀ ਉਤੇ ਕੌਮੀ ਮਰਿਆਦਾ ਅਤੇ ਸਵੈਮਾਨ ਨਾਲ ਨਿਸ਼ਚੇ ਦੀ ਅਟੱਲਤਾ ਵੇਖੋ ਕਿ ਮਹਾਰਾਜਾ ਰਿਪੁ ਦਮਨ ਸਿੰਘ ਨੇ ਆਪਣੀ ਭੈਣ ਦੇ ਵਿਆਹ ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਖ਼ਾਲਸੇ ਦੀ ਮਰਿਆਦਾ, ਅਣਖ, ਸਵੈਮਾਨ ਅਤੇ ਰਾਸ਼ਟਰੀਅਤਾ ਦੀ ਅੱਡਰੀ ਵਿਲੱਖਣ ਸੁਤੰਤਰ ਪਹਿਚਾਣ ਦੀ ਰੱਖਿਆ ਲਈ ਕਿੰਨੀ ਵੱਡੀ ਕੁਰਬਾਨੀ ਕਰਦੇ ਹਨ।
(ਚਲਦਾ)