ਭਾਜਪਾ ਵੱਲੋਂ ਬਾਦਲ ਦਾ ਬਦਲ ਤਿਆਰ ਕਰਨਾ ਸ਼ੁਰੂ….?
ਜਗਸੀਰ ਸਿੰਘ ਸੰਧੂ
ਭਾਜਪਾ ਵੱਲੋਂ ਬਾਦਲ ਦਲ ਦੇ ਕੁਝ ਨਾਮੀ ਵੱਡੇ ਆਗੂਆਂ ਅਤੇ ਕੁਝ ਟਕਸਾਲੀ ਆਗੂਆਂ ਤੇ ਡੋਰੇ ਪਾ ਕੇ, ਪੰਜਾਬ ‘ਚ ਆਪਣੀ ਸਿਆਸੀ ਤਾਕਤ ਵਧਾਉਣ ਅਤੇ ਬਾਦਲ ਦਾ ਬਦਲ ਬਣਨ ਦੀਆਂ ਤਿਆਰੀਆਂ ਅੰਦਰਖਾਤੇ ਤਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ, ਪ੍ਰੰਤੂ ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ, ਜਿਹੜੇ ਬਾਦਲ ਦਲ ‘ਚ ਹੁਣ ਅਣਗੌਲੇ ਹੋਣ ਕਾਰਣ ਘੁਟਨ ਮਹਿਸੂਸ ਕਰ ਰਹੇ ਸਨ, ਨੂੰ ਭਾਜਪਾ ‘ਚ ਸ਼ਾਮਲ ਕਰਕੇ ਆਪਣੇ ਮਨਸੂਬੇ ਜੱਗ ਜਾਹਿਰ ਕਰ ਦਿੱਤੇ ਹਨ ਅਤੇ ਭਾਜਪਾ ਦੇ ਇਨ੍ਹਾਂ ਮਨਸੂਬਿਆਂ ਤੋਂ ਬਾਦਲ ਦਾ ਤੜਫ਼ ਉੱਠਣਾ, ਭਵਿੱਖ ‘ਚ ਪੰਜਾਬ ਦੀ ਸਿਆਸਤ ‘ਚ ਆਉਣ ਵਾਲੇ ਜਵਾਰਭਾਟੇ ਦੀਆਂ ਸੰਭਾਵਨਾਵਾਂ ਪੈਦਾ ਕਰ ਗਿਆ ਹੈ।
ਭਾਜਪਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਿਸੇ ਨਾਮੀ ਸਿੱਖ ਚਿਹਰੇ-ਮੋਹਰੇ ਨੂੰ ਪੰਜਾਬ ‘ਚ ਅੱਗੇ ਕਰਨ ਲਈ, ਉਸ ਚਿਹਰੇ ਦੀ ਭਾਲ ਕੀਤੀ ਜਾ ਰਹੀ ਹੈ। ਦੇਸ਼ ਦੀ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਅਤੇ ਲੋਕ ਸਭਾ ਚੋਣਾਂ ਮੌਕੇ ਪੰਜਾਬ ‘ਚ ਬਾਦਲ ਦਲ ਤੋਂ ਪੰਜਾਬੀਆਂ ਦੇ ਮੂੰਹ ਮੋੜ ਲੈਣ, ਸਿੱਖਾਂ ‘ਚ ਬਾਦਲ ਦੀ ਸਾਖ਼ ਖ਼ਤਮ ਹੋਣ ਕਿਨਾਰੇ ਹੋਣ ਕਾਰਣ, ਭਾਜਪਾ ਪੰਜਾਬ ‘ਚ ਬਾਦਲਾਂ ਨੂੰ ਕਿਨਾਰੇ ਕਰਨ ਦੀ ਗੋਂਦ ਗੁੰਦ ਰਹੀ ਹੈ।
ਟਕਸਾਲੀ ਆਗੂ ਜਥੇਦਾਰ ਤੋਤਾ ਸਿੰਘ ਨੂੰ ਮੁੜ ਮੰਤਰੀ ਬਣਾਉਣ ਪਿੱਛੇ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਹੱਥ ਹੈ। ਅਰੁਣ ਜੇਤਲੀ ਜਥੇਦਾਰ ਤੋਤਾ ਸਿੰਘ ਦੇ ਵਕੀਲ ਰਹੇ ਹਨ। ਜਥੇਦਾਰ ਤੋਤਾ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ‘ਚ ਮੋਗੇ ਜ਼ਿਲੇ ਲਈ ਵਿਸ਼ੇਸ਼ ਵਿੱਤੀ ਪੈਕਜ ਦੀ ਮੰਗ ਕਰਕੇ ਆਪਣੀ ਵਿਸ਼ੇਸ਼ ਅਹਿਮੀਅਤ ਜਾਣ-ਬੁੱਝ ਦੇ ਜਿਤਾਈ ਸੀ।
ਪ੍ਰੰਤੂ ਹੁਣ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ, ਜਿਹੜੇ ਬਾਦਲਕਿਆਂ ਵੱਲੋਂ ਉਸ ਦੀ ਕੀਤੀ ਜਾ ਰਹੀ ਅਣਦੇਖੀ ਕਾਰਣ, ਗੁੱਸੇ ਤੇ ਰੋਸ ‘ਚ ਹਨ, ਉਸਨੂੰ ਪਟਾਇਆ ਗਿਆ ਹੈ। ਹੁਣ ਤੋਤਾ ਸਿੰਘ ਤੇ ਗਿੱਲ ਕਿਉਂਕਿ ਦੋਵੇਂ ਮੋਗੇ ਨਾਲ ਸਬੰਧਿਤ ਹਨ, ਇਕ ਦੂਜੇ ਦੇ ਕੱਟੜ ਵਿਰੋਧੀ ਵੀ ਹਨ, ਭਾਜਪਾ ਦੋਵਾਂ ‘ਚੋਂ ਕਿਸਨੂੰ ਚੁਣੇਗੀ ਤੇ ਕਿਸਨੂੰ ਕਿਵੇਂ ਵਰਤੇਗੀ? ਹਾਲੇਂ ਇਹ ਵੇਖਣ ਵਾਲੀ ਗੱਲ ਹੈ। ਪ੍ਰੰਤੂ ਭਾਜਪਾ ਨੇ ਬਾਦਲਾਂ ਦੀ ਪਿੱਠ ‘ਚ ਛੁਰਾ ਮਾਰ ਦਿੱਤਾ ਹੈ, ਜਿਸਦਾ ਦਰਦ ਵੀ ਬਾਦਲ ਨੂੰ ਖਾਸਾ ਹੋਇਆ ਹੈ।ਬਾਦਲਾਂ ਨੂੰ ਹੁਣ ਇਹ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਬਿਗਾਨਿਆਂ ਦੇ ਮੋਢੇ ਚੜ੍ਹ ਕੇ ਲੰਬੇ ਸਮੇਂ ਤੱਕ ਸੱਤਾ ਸੁੱਖ ਨਹੀਂ ਮਾਣਿਆ ਜਾ ਸਕਦਾ ਅਤੇ ਜਦੋਂ ਕੋਈ ਆਪਣਿਆਂ ਤੋਂ ਦੂਰ ਚਲਾ ਜਾਂਦਾ ਹੈ। ਫ਼ਿਰ ਬਿਗਾਨੇ ਭੁੰਜੇ ਪਟਕਾ ਕੇ ਮਾਰਦੇ ਹਨ। ਭਾਜਪਾ ਨੇ ਬਾਦਲਾਂ ਨੂੰ ਸੰਕੇਤ ਦੇ ਦਿੱਤੇ ਹਨ ਅਤੇ ਜੇ ਹੁਣ ਵੀ ਬਾਦਲ ਦੀ ਭਾਜਪਾ ਭਗਤੀ ਦੀ ਐਨਕ ਨਹੀਂ ਲੈਂਦੀ, ਤਾਂ ਫ਼ਿਰ ਜੋ ਕੁਝ ਕੱਲ੍ਹ ਨੂੰ ਹੋਣ ਵਾਲਾ ਉਸ ਲਈ ਤਿਆਰ ਹੋ ਜਾਣਾ ਚਾਹੀਦਾ ਹੈ।