ਸਿੱਖੀ ਵਿੱਚ ਧਰਮ ਤੇ ਰਾਜਨੀਤੀ ਦੀ ਸਾਂਝ !
ਬੀਤੇ ਕਾਫੀ ਸਮੇਂ ਤੋਂ ਸਿੱਖ ਜਗਤ ਵਿੱਚ ਇਹ ਗਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੇ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਬਚਾਈ ਰਖਣਾ ਹੈ ਤਾਂ ਧਰਮ ਅਤੇ ਰਾਜਨੀਤੀ ਨੂੰ ਇੱਕ ਦੂਜੇ ਤੋਂ ਵਖ ਕਰਨਾ ਹੀ ਹੋਵੇਗਾ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਅਜ ਸਿੱਖੀ ਨੂੰ ਜੋ ਢਾਹ ਲਗ ਰਹੀ ਹੈ ਅਤੇ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦਾ ਜਾ ਰਿਹਾ ਹੈ, ਉਸਦਾ ਮੁਖ ਕਾਰਣ ਧਰਮ ਅਤੇ ਧਾਰਮਕ ਸੰਸਥਾਵਾਂ ਪੁਰ ਰਾਜਨੀਤੀ ਤੇ ਰਾਜਨੀਤਕ ਜਥੇਬੰਦੀਆਂ ਦਾ ਹਾਵੀ ਹੋ ਜਾਣਾ ਹੈ। ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਖੇਤਰਾਂ ਅਤੇ ਸਰਵੁਚਤਾ ਨੂੰ ਲੈ ਕੇ ਵਿਵਾਦ ਬਣਿਆ ਚਲਿਆ ਆ ਰਿਹਾ ਹੈ। ਇਸੇ ਵਿਵਾਦ ਦੇ ਹੀ ਫਲਸਰੂਪ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਇਉਂ ਲਗਣ ਲਗਦਾ ਹੈ ਕਿ ਅਕਾਲ ਤਖਤ ਦਾ ਜਥੇਦਾਰ ਉਨ੍ਹਾਂ ਦੇ ਪ੍ਰਭਾਵ ਤੋਂ ਆਜ਼ਾਦ ਹੋਣ ਦਾ ਅਹਿਸਾਸ ਪੈਦਾ ਕਰਨ ਦੇ ਜਤਨ ਕਰਨ ਵਿੱਚ ਜੁਟ ਗਿਆ ਹੈ ਤਾਂ ਉਹ ਉਸਨੂੰ ਤੁਰੰਤ ਹੀ ਇਹ ਸੰਕੇਤ ਦੇ ਦਿੰਦੇ ਹਨ ਕਿ ਉਹ ਆਪਣੀ ਨਿਸ਼ਚਿਤ ਸੀਮਾਂ ਅਤੇ ‘ਔਕਾਤ’ ਵਿੱਚ ਹੀ ਰਹੇ, ਨਹੀਂ ਤਾਂ ਉਸਨੂੰ ਬਾਹਰ ਦਾ ਰਾਹ ਵਿਖਾਣ ਵਿੱਚ ਕੋਈ ਸੰਕੋਚ ਨਹੀਂ ਕੀਤਾ ਜਾਇਗਾ ਅਤੇ ਅਜਿਹਾ ਉਹ ਬੀਤੇ ਸਮੇਂ ਵਿੱਚ ਕਈ ਵਾਰ ਕਰ ਕੇ ਵਿਖਾ ਵੀ ਚੁਕੇ ਹਨ।
ਆਮ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਤੋਂ ਸੱਤਾ-ਲਾਲਸਾ ਅਧੀਨ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਂੌਦ ਵਿੱਚ ਆਇਆ ਹੈ, ਤਦੋਂ ਤੋਂ ਹੀ ਸਿੱਖੀ ਨੂੰ ਵਧੇਰੇ ਢਾਹ ਲਗਣੀ ਅਰੰਭ ਹੋਈ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਸੱਤਾ-ਲਾਲਸਾ ਅਧੀਨ ਆਪਣੇ ਆਪਨੂੰ ਪੂਰੀ ਤਰ੍ਹਾਂ ਭਾਜਪਾ ਪੁਰ ਨਿਰਭਰ ਹੋਣ ਦਾ ਅਹਿਸਾਸ ਪੈਦਾ ਕਰ ਦਿਤਾ ਹੋਇਆ ਹੈ। ਉਧਰ, ਭਾਜਪਾ ਦਾ ਲਗਭਗ ਸਾਰਾ ਕੈਡਰ, ਜੋ ਆਰ ਐਸ ਐਸ ਤੋਂ ਆਉਂਦਾ ਹੈ ਅਤੇ ਘਟ-ਗਿਣਤੀਆਂ ਵਿਰੋਧੀ ਕਟੜ ਹਿੰਦੂਤਵ ਦੀ ਸੋਚ ਦਾ ਧਾਰਨੀ ਹੈ, ਨੇ ਇਸ ਸਥਿਤੀ ਦਾ ਲਾਭ ਉਠਾਣ ਲਈ ਆਰ ਐਸ ਐਸ ਰਾਹੀਂ ਰਾਸ਼ਟਰੀ ਸਿੱਖ ਸੰਗਤ ਦੀ ਸਿੱਖਾਂ ਵਿੱਚ ਘੁਸਪੈਠ ਕਰਵਾ ਕੇ, ਇੱਕ ਪਾਸੇ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਦੂਜੇ ਪਾਸੇ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿਖਾਂ ਦੀ ਅਡਰੀ ਪਛਾਣ ਤੇ ਸੁਆਲੀਆ ਨਿਸ਼ਾਨ ਲਾ ਕੇ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ ਨੌਜਵਾਨਾਂ ਵਿੱਚ ਦੁਬਿਧਾ ਪੈਦਾ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੋਇਆ ਹੈ।
ਇਹ ਸਭ ਕੁੱਝ ਵੇਖਦਿਆਂ-ਸੁਣਦਿਆਂ ਹੋਇਆਂ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਦਾ ਮੁਖ ਫਰਜ਼ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿਖਾਂ ਦੀ ਅਡਰੀ ਪਛਾਣ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਨਿਭਾਉਣਾ ਹੈ, ਦੇ ਮੁਖੀ ਆਰ ਐਸ ਐਸ ਵਲੋਂ ਰਾਸ਼ਟਰੀ ਸਿੱਖ ਸੰਗਤ ਰਾਹੀਂ ਕੀਤੇ ਜਾ ਰਹੇ ਸਿੱਖ ਤੇ ਸਿੱਖੀ-ਵਿਰੋਧੀ ਪ੍ਰਚਾਰ ਦਾ ਵਿਰੋਧ ਕਰਨ ਦੀ ਹਿੰਮਤ ਤਕ ਨਹੀਂ ਜੁਟਾ ਪਾ ਰਹੇ। ਕਾਰਣ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਾਬਜ਼ ਹੈ, ਜਿਸਨੇ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਣ ਅਤੇ ਕਾਂਗ੍ਰਸ ਦਾ ਡਟਵਾਂ ਵਿਰੋਧ ਕਰਨ ਲਈ ਆਪ ਆਤਮ-ਨਿਰਭਰ ਹੋਣ ਦੀ ਬਜਾਏ, ਆਪਣੇ ਆਪ ਨੂੰ ਪੂਰੀ ਤਰ੍ਹਾਂ ਭਾਜਪਾ ਪੁਰ ਨਿਰਭਰ ਹੋਣ ਦਾ ਅਹਿਸਾਸ ਕਰਾ ਦਿਤਾ ਹੋਇਆ ਹੈ, ਇਸੇ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ, ਭਾਜਪਾ ਦੀ ਇਕਾਈ, ਆਰ ਐਸ ਐਸ ਵਲੋਂ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖੀ ਨੂੰ ਅੰਦਰੋਂ ਖੋਖਲਿਆਂ ਕਰਨ ਦੀ ਜੋ ਸਾਜ਼ਸ਼ ਅਰੰਭ ਕੀਤੀ ਗਈ ਹੋਈ ਹੈ, ਉਸਦਾ ਵਿਰੋਧ ਕਰ ਕੇ ਭਾਜਪਾ ਨੂੰ ਨਾਰਾਜ਼ ਕਰਨਾ ਨਹੀਂ ਚਾਹੁੰਦੇ।
ਇਹ ਉਹ ਹਾਲਾਤ ਹਨ ਜਿਨ੍ਹਾਂ ਨੇ ਇਸ ਸੋਚ ਨੂੰ ਬਲ ਦਿਤਾ ਹੈ ਕਿ ਜੇ ਸਿੱਖੀ ਨੂੰ ਬਚਾਣਾ ਹੈ ਤਾਂ ਧਰਮ ਤੇ ਰਾਜਨੀਤੀ ਵਿਚਕਾਰ ਲਾਈਨ ਖਿਚਣੀ ਹੀ ਹੋਵੇਗੀ। ਇਸ ਸੋਚ ਦੇ ਧਾਰਨੀ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਧਰਮ ਤੇ ਰਾਜਨੀਤੀ ਦੇ ਮੇਲ ਦੀ ਗਲ ਉਨ੍ਹਾਂ ਲੋਕਾਂ ਦੀ ਦੇਣ ਹੈ, ਜਿਨ੍ਹਾਂ ਦੀ ਲਾਲਸਾ ਧਰਮ ਦੇ ਸਹਾਰੇ ਰਾਜਨੈਤਿਕ ਸੱਤਾ ਤਕ ਪੁਜਣਾ ਹੈ। ਜੇ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਘੋਖਿਆ ਜਾਏ ਤਾਂ ਇਹ ਗਲ ਸਪਸ਼ਟ ਹੋ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਦਾ ਨਹੀਂ, ਸਗੋਂ ਧਰਮ ਤੇ ਸ਼ਕਤੀ ਦਾ ਸੁਮੇਲ ਕਾਇਮ ਕੀਤਾ ਸੀ। ਜਿਸਦਾ ਉਦੇਸ਼ ਧਰਮ ਦੀ ਰਖਿਆ ਅਤੇ ਜਬਰ ਤੇ ਜ਼ੁਲਮ ਦਾ ਵਿਰੋਧ ਕਰ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਸ਼ਕਤੀ ਦੀ ਵਰਤੋਂ ਕਰਨਾ ਸੀ।
ਇਨ੍ਹਾਂ ਸਿੱਖਾਂ ਦਾ ਇਹ ਵੀ ਮੰਨਣਾ ਹੈ ਕਿ ਸਿੱਖ ਇੱਕ ਵਿਦਰੋਹੀ ਤੇ ਬਾਗ਼ੀ ਕੌਮ ਹੈ, ਜਿਸਨੇ ਸੌੜੀ ਧਾਰਮਕ ਸੋਚ, ਕਰਮ ਕਾਂਡਾਂ, ਪਾਖੰਡਾਂ ਆਦਿ ਦੇ ਨਾਲ ਹੀ ਜਬਰ ਤੇ ਜ਼ੁਲਮ ਦੇ ਵਿਰੁਧ ਜੂਝਣ ਦਾ ਸੰਕਲਪ ਲਿਆ ਹੋਇਆ ਹੈ। ਦੂਜੇ ਪਾਸੇ ਸੱਤਾ ਨਾ ਤਾਂ ਜ਼ੁਲਮ ਤੇ ਅਨਿਆਇ ਦਾ ਸਹਾਰਾ ਲਏ ਤੋਂ ਬਿਨਾਂ ਕਾਇਮ ਹੋ ਸਕਦੀ ਹੈ ਤੇ ਨਾ ਹੀ ਇਸ ਤੋਂ ਬਿਨਾਂ ਕਾਇਮ ਰਹਿ ਸਕਦੀ ਹੈ। ਇਹੀ ਕਾਰਣ ਹੈ ਕਿ ਸਿੱਖਾਂ ਤੇ ਸੱਤਾ ਵਿੱਚ ਸਦਾ ਹੀ ਟਕਰਾਉ ਬਣਿਆ ਚਲਿਆ ਆਇਆ ਹੈ। ਇਨ੍ਹਾਂ ਸਿੱਖਾਂ ਅਨੁਸਾਰ ਸਿੱਖ ਧਰਮ ਦੀਆਂ ਮਾਨਤਾਵਾਂ ਤੇ ਮਰਿਆਦਾਵਾਂ ਦੀ ਰਖਿਆ ਤਾਂ ਹੀ ਕੀਤੀ ਜਾ ਸਕਦੀ ਹੈ, ਜੇ ਉਸ ਨੂੰ ਰਾਜਸੀ ਸੱਤਾ ਦੀ ਲਾਲਸਾ ਤੋਂ ਮੁਕਤ ਰਖਿਆ ਜਾਏ, ਕਿਉਂਕਿ ਰਾਜਨੀਤੀ ਵਿੱਚ ਤਾਂ ਗ਼ੈਰ-ਸਿਧਾਂਤਕ ਸਮਝੌਤੇ ਵੀ ਕੀਤੇ ਜਾ ਸਕਦੇ ਹਨ ਪ੍ਰੰਤੂ ਧਰਮ ਦੇ ਮਾਮਲੇ ਤੇ ਕਿਸੇ ਤਰ੍ਹਾਂ ਦਾ ਗ਼ੈਰ-ਸਿਧਾਂਤਕ ਸਮਝੌਤਾ ਜਾਂ ਗਠਜੋੜ ਨਹੀਂ ਕੀਤਾ ਜਾ ਸਕਦਾ।
ਗਲ ਪਤਤ-ਪੁਣੇ ਦੀ: ਇਨ੍ਹਾਂ ਸਿੱਖਾਂ, ਜੋ ਕਿ ਧਰਮ ਤੇ ਰਾਜਨੀਤੀ ਨੂੰ ਵਖ-ਵਖ ਕਰਨ ਦੀ ਵਕਾਲਤ ਕਰਦੇ ਹਨ, ਦਾ ਕਹਿਣਾ ਹੈ ਕਿ ਸਿੱਖੀ ਵਿੱਚ ਪਤਤ-ਪੁਣੇ ਦੇ ਵਾਧੇ ਦਾ ਵੀ ਮੁਖ ਕਾਰਣ ਧਰਮ ਪੁਰ ਰਾਜਨੀਤੀ ਦਾ ਭਾਰੂ ਹੋ ਜਾਣਾ ਹੈ। ਰਾਜਨੀਤੀ ਦੀ ਲਾਲਸਾ ਨੇ ਅਜਿਹਾ ਵਾਤਾਵਰਣ ਬਣਾ ਦਿਤਾ ਹੋਇਆ ਹੈ ਕਿ ਧਾਰਮਕ ਮਾਨਤਾਵਾਂ ਦੀ ਰਖਿਆ ਪ੍ਰਤੀ ਵਚਨਬਧ ਹੋਣ ਦੀ ਬਜਾਏ ਧਰਮ-ਵਿਰੋਧੀ ਸ਼ਕਤੀਆਂ ਦੇ ਨਾਲ ਸਮਝੌਤੇ ਕਰਨ ਤੇ ਮਜਬੂਰ ਹੋ ਜਾਣਾ ਪੈਂਦਾ ਹੈ। ਅਜ ਉਹ ਸਿੱਖ ਆਗੂ, ਜੋ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਨਾਲ ਹੀ ਸਿੱਖ ਧਰਮ ਦੀਆਂ ਮਰਿਆਦਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ, ਰਾਜਨੈਤਿਕ ਸੁਆਰਥ ਲਈ ਉਨ੍ਹਾਂ ਹੀ ਡੇਰੇਦਾਰਾਂ ਦੇ ਸਾਹਮਣੇ ਨਤਮਸਤਕ ਹੋਣੋ ਵੀ ਸ਼ਰਮ ਮਹਿਸੂਸ ਨਹੀਂ ਕਰਦੇ, ਜਿਨ੍ਹਾਂ ਪੁਰ ਸਿੱਖ ਤੇ ਸਿੱਖੀ-ਵਿਰੋਧੀ ਸਰਗਰਮੀਆਂ ਵਿੱਚ ਲਿਪਤ ਹੋਣ ਦੇ ਦੋਸ਼ ਲਗਦੇ ਰਹਿੰਦੇ ਹਨ। ਜਦੋਂ ਉਨ੍ਹਾਂ ਦੇ ਇਸ ਕਿਰਦਾਰ ਤੇ ਉਂਗਲ ਉਠਾਈ ਜਾਦੀ ਹੈ ਤਾਂ ਉਹ ਇਹ ਆਖ ਕੇ ਆਪਣਾ ਬਚਾਉ ਕਰਨ ਲਗਦੇ ਹਨ ਕਿ ਲੋਕਤੰਤਰ ਵਿੱਚ ਉਨ੍ਹਾਂ ਦਾ ਅਜਿਹਾ ਕਰਨਾ ਮਜਬੂਰੀ ਹੈ। ਅਜਿਹਾ ਕੀਤੇ ਬਿਨਾਂ, ਉਹ ਉਨ੍ਹਾਂ ਦੇ ਪੈਰੋਕਾਰਾਂ ਦੀਆ ਵੋਟਾਂ ਨਹੀਂ ਲੈ ਸਕਦੇ ਤੇ ਵੋਟਾਂ ਬਿਨਾਂ ਉਹ ਸੱਤਾ ਤੇ ਨਹੀਂ ਪੁਜ ਸਕਦੇ।
ਹੈਰਾਨੀ ਉਸ ਸਮੇਂ ਵੀ ਹੁੰਦੀ ਹੈ, ਜਦੋਂ ਉਹ ਸਿੱਖਾਂ ਦੀਆਂ ਵੋਟਾਂ ਲੈਣ ਲਈ ਇਹ ਲੋਕ ਉਚਾਰਦੇ ਹਨ ਕਿ ‘ਰਾਜ ਬਿਨਾਂ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇ ਮਲੈ ਹੈਂ’। ਫਿਰ ਜਦੋਂ ਉਹ ਰਾਜਸੱਤਾ ਪ੍ਰਾਪਤ ਕਰ ਲੈਂਦੇ ਹਨ ਤਾਂ ਉਹ ਉਸੇ ਰਾਜਸੱਤਾ, ਜਿਸਨੂੰ ਉਨ੍ਹਾਂ ਨੇ ਧਰਮ ਚਲਾਉਣ ਦੀ ਦੁਹਾਈ ਦੇ ਕੇ ਹਾਸਲ ਕੀਤਾ ਹੁੰਦਾ ਹੈ, ਦੀ ਵਰਤੋਂ ਸਿੱਖੀ ਦਾ ਘਾਣ ਕਰਨ ਲਈ ਕਰਨ ਲਗ ਪੈਂਦੇ ਹਨ।
ਇਹ ਵੀ ਪਤਾ ਲਗਾ ਹੈ ਕਿ ਬੰਗਾਲ ਤੋਂ ਕਿਸੇ ਸਜਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਹੈ ਕਿ ਰੋਜ਼ ਸਵੇਰੇ ਇੱਕ ਟੀ ਵੀ ਚੈਨਲ ਤੇ ਜਦੋਂ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੋ ਰਹੇ ਕੀਰਤਨ ਦਾ ਸ੍ਰਵਣ ਕਰ ਰਹੇ ਹੋਈਦਾ ਹੈ, ਤਾਂ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਪਿਛੇ ਬੈਠਣ ਲਈ ਕਈ ਸ਼ਰਧਾਲੂਆਂ ਨੂੰ ਸੇਵਾਦਾਰ ਨੂੰ ਹਥ ਜੋੜ ਬੇਨਤੀ ਕਰਦਿਆਂ ਵੇਖੀਦਾ ਹੈ। ਸੇਵਾਦਾਰ ਆਪਣੀ ਮਰਜ਼ੀ ਅਨੁਸਾਰ ਕਿਸੇ ਨੂੰ ਬਿਠਾਣ ਲਈ ਪਹਿਲਾਂ ਬੈਠੇ ਕਿਸੇ ਸਜਣ ਨੂੰ ਉਠਾ ਦਿੰਦਾ ਹੈ ਤੇ ਕਿਸੇ ਨੂੰ ਬਾਹਰ ਧਕ ਦਿੰਦਾ ਹੈ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਕੋਈ ਹੋਰ ਅਹੁਦੇਦਾਰ ਪੁਜਦਾ ਹੈ, ਤਾਂ ਉਹ ਸੇਵਾਦਾਰ ਰਾਗੀ ਸਿੰਘਾਂ ਦੇ ਬਿਲਕੁਲ ਪਿਛੇ ਬੈਠੇ ਸ਼ਰਧਾਲੂਆਂ ਨੂੰ ਵੀ ਉਠਾਣ ਤੋਂ ਗੁਰੇਜ਼ ਨਹੀਂ ਕਰਦਾ। ਇਸਦੇ ਨਾਲ ਉਥੇ ਸੰਗਤ ਵਿੱਚ ਬੈਠਿਆਂ ਦੀ ਬਿਰਤੀ ਤਾਂ ਟੁਟਦੀ ਹੀ ਹੋਵੇਗੀ, ਉਨ੍ਹਾਂ ਦੀ ਬਿਰਤੀ ਵੀ ਕੀਰਤਨ ਸ੍ਰਵਣ ਕਰਨ ਵਲੋਂ ਹਟ ਕੇ ਸੇਵਾਦਾਰ ਦੇ ਕਰਮਾਂ ਵਲ ਹੋ ਜਾਂਦੀ ਹੈ, ਜਿਹੜੇ ਸ਼ਰਧਾਲੂ ਟੀ ਵੀ ਤੇ ਕੀਰਤਨ ਸ੍ਰਵਣ ਕਰ ਰਹੇ ਹੁੰਦੇ ਹਨ। ਉਸ ਸਜਣ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਲਾਹ ਦਿਤੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਰਾਗੀ ਸਿੰਘਾਂ ਦੇ ਪਿਛੇ ਦੀਆਂ ਸੀਟਾਂ ਰਾਖਵੀਆਂ ਕਰ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਸੀਟਾਂ ਤੇ ਉਹੀ ਬੈਠ ਸਕਣ ਜਿਨ੍ਹਾਂ ਲਈ ਉਹ ਰਾਖਵੀਆਂ ਹੋਣ। ਇਸਤਰ੍ਹਾਂ ਨਾ ਸੇਵਾਦਾਰ ਨੂੰ ਕੋਈ ਤਰਦਦ ਕਰਨਾ ਪਵੇਗਾ ਕਿ ਉਹ ਕਿਸ ਨੂੰ ਉਥੇ ਬਿਠਾਏ ਤੇ ਕਿਸਨੂੰ ਉਥੋਂ ੳਠਾਏ ਅਤੇ ਨਾ ਹੀ ਸੰਗਤ ਦੀ ਬਿਰਤੀ ਭੰਗ ਹੋਵੇਗੀ।
ਜਸਵੰਤ ਸਿੰਘ ਅਜੀਤ
ਜਸਵੰਤ ਸਿੰਘ ਅਜੀਤ
ਸਿੱਖੀ ਵਿੱਚ ਧਰਮ ਤੇ ਰਾਜਨੀਤੀ ਦੀ ਸਾਂਝ !
Page Visitors: 2797