-* ਦੋ ਸ਼ਬਦ *-
ਗੁਰਮਤਿ ਵਿਚ ਆਵਾ-ਗਵਣ ਦਾ ਸੰਕਲਪ
ਗੁਰਮਤਿ ਨਾਲ ਜੁੜੇ ਸੂਝਵਾਨ ਪਾਠਕਾਂ ਨੂੰ , ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ।
ਬੜੇ ਦਿਨ ਤੋਂ ਮਨ ਵਿਚ ਸੀ ਕਿ “ਆਵਾ ਗਵਣ” ਦੇ ਮਾਮਲੇ ਤੇ ਵੀ ਪਾਠਕਾਂ ਨਾਲ ਵਿਚਾਰ ਸਾਂਝ ਕੀਤੀ ਜਾਵੇ , ਕਿਉਂਕਿ ਪੰਥ ਦੇ ਮਹਾਨ ਵਿਦਵਾਨਾਂ ਨੇ ਇਸ ਮਾਮਲੇ ਵਿਚ ਸਿਖਾਂ ਨੂੰ ਬਹੁਤ ਕੁਰਾਹੇ ਪਾਇਆ ਹੋਇਆ ਹੈ , ਪਰ ਹੋਰ-ਹੋਰ ਖੋਜ ਵਿਚ ਸਮਾ ਲਗਦੇ-ਲਗਦੇ , 7-8 ਸਾਲ ਬੀਤ ਗਏ । ਆਖਿਰ ਪ੍ਰਭੂ ਨੇ ਹੀ ਸਬਬ ਬਣਾ ਦਿਤਾ , “ ਤੱਤ ਗੁਰਮਤਿ ਪਰਿਵਾਰ ” ਵਾਲਿਆਂ ਨੇ 21-7-14 ਨੂੰ ਇਸ ਵਿਸ਼ੇ ਤੇ ਵਿਚਾਰ ਕਰਨ ਦਾ ਸੁਨੇਹਾ ਦੇ ਦਿੱਤਾ । ਕੁਝ ਵਿਚਾਰ ਮਗਰੋਂ ਨਿਰਣਾ ਲਿਆ ਕਿ , ਜਿਵੇਂ “ੴ ” ਅਤੇ “ਏਕੋ” ਦਾ ਮਸਲ੍ਹਾ ਹਲ ਕਰ ਲਿਆ ਸੀ , ਤਿਵੇਂ ਹੀ ਇਕ-ਇਕ ਕਰ ਕੇ , ਮਸਲ੍ਹੇ ਹਲ ਕਰ ਹੀ ਲੈਣੇ ਚਾਹੀਦੇ ਹਨ । ਸੋ ਸੱਦਾ ਪਰਵਾਨ ਕਰ ਲਿਆ ।
ਹੁਣ ਮਸਲ੍ਹਾ ਇਹ ਹੈ ਕਿ ਸੁਤੇ ਹੋਏ ਨੂੰ ਤਾਂ ਜਗਾਇਆ ਜਾ ਸਕਦਾ ਹੈ , ਪਰ ਘੇਸਲੇ ਨੂੰ ਕਿਵੇਂ ਜਗਾਇਆ ਜਾ ਸਕਦਾ ਹੈ ? ਇਸ ਲਈ ਫੈਸਲਾ ਲਿਆ ਕਿ ਮੈਂ ਅਤੇ ਮੇਰੇ ਸਾਥੀ , ਪਾਠਕਾਂ ਸਾਮ੍ਹਣੇ ਗੁਰਬਾਣੀ ਦੇ ਪੂਰੇ-ਪੂਰੇ ਸ਼ਬਦਾਂ ਦੀ ਵਿਆਖਿਆ ਰੱਖਾਂਗੇ , ਉਸਦੇ ਵਿਸਲੇਸ਼ਨ ਸਰੂਪ ਵੀ ਜੋ ਕੁੱਝ ਲਿਖਾਂਗੇ , ਉਹ ਵੀ ਗੁਰਬਾਣੀ ਅਧਾਰਿਤ ਹੀ ਹੋਵੇਗਾ ।
ਕਿਸੇ ਜ਼ਿਦ , ਕਿਸੇ ਮਾਣ ਜਾਂ. ਕਿਸੇ ਹੰਕਾਰ ਦੇ ਪ੍ਰਭਾਵ ਅਧੀਨ ਨਹੀਂ , ਬਲਕਿ ਇਸ ਵਿਸ਼ਵਾਸ ਨਾਲ ਇਹ ਚਰਚਾ ਸ਼ੁਰੂ ਕਰ ਰਹੇ ਹਾਂ ਕਿ , ਜਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੈਂਕੜੇ ਸ਼ਬਦ , ਆਵਾ-ਗਵਣ ਸਬੰਧੀ , ਇਸ ਤੋਂ ਬਚਣ , ਇਸ ਨੂੰ ਦੂਰ ਕਰਨ ਸਬੰਧੀ , ਸੇਧ ਨਾਲ ਭਰੇ ਹੋਏ ਹਨ , ਜਿਵੇਂ ,
ਸਚੁ ਪੁਰਾਣਾ ਨ ਥੀਐ ਨਾਮੁ ਨ ਮੈਲਾ ਹੋਇ ॥
ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣ ਹੋਇ ॥
ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥2॥ਪਉੜੀ॥ (1248) ਅਤੇ,
ਮਨ ਰੇ ਸਬਦਿ ਤਰਹੁ ਚਿਤੁ ਲਾਇ ॥
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥1॥ਰਹਾਉ॥ (19) ਅਤੇ,
ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥4॥14॥ (19) ਅਤੇ
ਸੁਣਿ ਸਾਜਨ ਮੇਰੇ ਮੀਤ ਪਿਆਰੇ ॥ ਸਾਧਸੰਗਿ ਖਿਨ ਮਾਹਿ ਉਧਾਰੇ ॥
ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥2॥ (103)
ਤਾਂ ਇਹ ਦਿਵਾਨ ਕਿਸ ਆਧਾਰ ਤੇ ਕਹਿ ਰਹੇ ਹਨ ਕਿ , ਸਿੱਖੀ ਵਿਚ , ਗੁਰਮਤਿ ਵਿਚ ਆਵਾ-ਗਵਣ ਦਾ ਸੰਕਲਪ ਹੈ ਹੀ ਨਹੀਂ ? ਇਹ ਤਾਂ ਬ੍ਰਾਹਮਣੀ ਸੰਕਲਪ ਹੈ ।
ਅਸੀਂ ਕਿਸੇ ਨਾਲ ਬਹਿਸ ਵਿਚ ਨਹੀਂ ਪੈਣਾ ਚਾਹੁੰਦੇ , ਕਿਉਂਕਿ ਬਹਿਸ ਵਿਚੋਂ ਕੁਝ ਹਾਸਲ ਨਹੀਂ ਹੁੰਦਾ । ਅਸੀਂ ਸਿੱਖ ਹਾਂ ਅਤੇ ਆਪਣੇ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈਣ ਦੇ ਚਾਹਵਾਨ ਹਾਂ । ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ , ਆਵਾ-ਗਵਣ ਹੈ ਜਾਂ ਨਹੀਂ ? ਪਰ ਇਸ ਗੱਲ ਨਾਲ ਜ਼ੂਰਰ ਫਰਕ ਪੈਂਦਾ ਹੈ ਕਿ , ਗੁਰਬਾਣੀ ਜਿਸ ਚੀਜ਼ ਬਾਰੇ ਸੇਧ ਦੇ ਰਹੀ ਹੈ , ਕੀ ਸਿੱਖ ਪਰਚਾਰਕ , ਵਾਕਿਆ ਹੀ ਉਸ ਨੂੰ ਸਹੀ ਰੂਪ ਵਿਚ ਪਰਚਾਰ ਰਹੇ ਹਨ ? ਕਿਤੇ ਐਸਾ ਤਾਂ ਨਹੀਂ ਕਿ , ਇਹ ਆਪਣੀ ਆਜੀਵਕਾ ਦਾ ਸਾਧਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾ ਰਹੇ ਹੋਣ ਅਤੇ ਪਰਚਾਰ , ਆਪਣੀ ਮਨਮਤਿ ਦਾ ਕਰ ਰਹੇ ਹੋਣ ? ਵਰਨਾ ਕੋਈ ਵਜ੍ਹਾ ਨਹੀਂ ਕਿ ਗੁਰਬਾਣੀ ਦੇ ਪਰਚਾਰ ਦਾ ਢੰਡੋਰਾ ਤਾਂ ਵਾਧੂ ਪਿੱਟ ਹੋ ਰਿਹਾ ਹੈ , ਫਿਰ ਵੀ ਸਿੱਖ ਗਰਬਾਣੀ ਸਿਖਿਆ ਤੋਂ ਦੂਰ ਜਾ ਰਹੇ ਹਨ ?
ਖੈਰ ਇਹ ਸਾਰਾ ਕੁਝ ਨਿਰਪੱਖ ਪਾਠਕਾਂ ਦੀ ਕਚਹਰੀ ਵਿਚ ਰੱਖਿਆ ਜਾ ਰਿਹਾ ਹੈ , ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ । ਨਿਰਪੱਖ ਪਾਠਕਾਂ ਵਲੋਂ ਉਠਾਏ ਸ਼ੰਕਿਆਂ ਦਾ ਨਿਵਾਰਨ ਕਰਨ ਦਾ ਹਰ ਸੰਭਵ ਪਰਿਆਸ ਕੀਤਾ ਜਾਵੇਗਾ । ਇਸ ਦੇ ਵਿਚ ਹੀ , ਇਸ ਨਾਲ ਹੀ ਸਬੰਧਿਤ , ਹੋਰ ਵੀ ਬਹੁਤ ਕੁਝ ਦਾ ਵਿਸਲੇਸ਼ਨ ਹੋ ਜਾਵੇਗਾ , ਜੋ ਬਚ ਜਾਵੇਗਾ ਉਸ ਦੀ ਵੀ ਵਿਚਾਰ ਕਰ ਲਈ ਜਾਵੇਗੀ ।
ਸੱਚ ਨਾਲ ਖੜੇ ਹੋਣ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੀ ਗਿਣਤੀ 100 / 900 ਹੈ ਜਾਂ 50 / 950 ਜਾਂ 1 / 999 ਹੈ । ਤਾਕਤ ਸੱਚ ਦੀ ਹੁੰਦੀ ਹੈ , ਗਿਣਤੀ ਦੀ ਨਹੀਂ , ਅਤੇ ਦੁਨੀਆ ਦਾ ਸਭ ਤੋਂ ਵੱਡਾ ਸੱਚ “ ਗੁਰੂ ਗ੍ਰੰਥ ਸਾਹਿਬ ” ਜੀ ਹਨ , ਜਿਨ੍ਹਾਂ ਲਈ ਉਹ ਨਕਲੀ ਹੈ ਉਨ੍ਹਾਂ ਦੀ ਗੱਲ ਉਹੀ ਜਾਨਣ । ਪਰ ਉਨ੍ਹਾਂ ਲਈ ਵੀ ਇਕ ਬੇਨਤੀ ਹੈ ਕਿ , ਜੇ ਉਹ ਇਸ ਨੂੰ ਨਿਰ-ਵਿਵਾਦਤ ਗੁਰੂ ਮੰਨਦੇ ਹਨ , ਤਾਂ ਇਸ ਦੀ ਗੱਲ ਵੀ ਮੰਨਣ , ਜੇ ਇਸ ਨੂੰ ਨਿਰ-ਵਿਵਾਦਤ ਨਹੀਂ ਮੰਨਦੇ , ਤਾਂ ਇਸ ਤੇ ਟੀਕਾ ਟਿੱਪਣੀ ਕਰਨੀ ਬੰਦ ਕਰ ਦੇਣ । ਸੱਚ ਨੇ ਸੱਚ ਹੀ ਰਹਿਣਾ ਹੈ , ਤੁਹਾਡੇ ਮਨਮੱਤੀ ਤਰਕਾਂ ਦੇ ਪ੍ਰਭਾਵ ਨਾਲ ਸੱਚ ਨੇ ਬਦਲ ਨਹੀਂ ਜਾਣਾ ।
“ ਜ਼ਰੂਰੀ ਬੇਨਤੀ ”
ਕਿਉਂਕਿ ਇਸ ਵਿਸ਼ੇ ਨੂੰ ਏਨਾ ਉਲਝਾਅ ਦਿੱਤਾ ਗਿਆ ਹੈ ਕਿ , ਇਸ ਨੂੰ ਹਰ ਪੱਖੋਂ ਵਿਚਾਰਨਾ ਹੀ ਲਾਹੇਵੰਦ ਹੋਵੇਗਾ । ਇਸ ਲਈ , ਇਸ ਨਾਲ ਸਬੰਧਤ ਹੀ , ਕੁਝ ਹੋਰ ਵਿਸ਼ਿਆਂ ਦੀ ਪੜਚੋਲ ਪਹਿਲਾਂ ਕੀਤੀ ਜਾਵੇਗੀ । ਇਕ ਵਾਰ ਫਿਰ ਦੁਹਰਾਅ ਦਿੰਦੇ ਹਾਂ ਕਿ , ਕਿਉਂਕਿ ਇਹ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਹੈ , ਸੋ ਇਸ ਨਾਲ ਸਬੰਧਤ ਸਾਰੇ ਵਿਸ਼ੇ ਵੀ , ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਲੈ ਰਹੇ ਹਾਂ । ਜੇ ਕਿਸੇ ਵੀਰ ਨੂੰ ਇਹ ਜਾਪੇ ਕਿ ਅਸੀਂ ਕਿਸੇ ਥਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਜਾ ਰਹੇ ਹਾਂ , ਤਾਂ ਉਹ ਸਾਨੂੰ ਇਸ ਬਾਰੇ ਸੂਚੇਤ ਜ਼ਰੂਰ ਕਰੇ , ਅਸੀਂ ਅਜਿਹੇ ਸੱਜਣਾ ਦੇ ਅਤੀ ਧੰਨਵਾਦੀ ਹੋਵਾਂਗੇ ।
(ਨੋਟ;- ਇਸ ਲੇਖ-ਲੜੀ ਨੂੰ ਹਰ ਬੁੱਧਵਾਰ ਅਤੇ ਸਨਿੱਚਰਵਾਰ ਅਪਡੇਟ ਕੀਤਾ ਜਾਵੇਗਾ)
ਅਮਰ ਜੀਤ ਸਿੰਘ ਚੰਦੀ
1-9-2014