(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?)
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ (50)
(ੳ) ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥1॥
ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
ਕਿਆ ਥੋੜੜੀ ਬਾਤ ਗੁਮਾਨੁ ॥1॥ਰਹਾਉ॥
ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥2॥
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥3॥
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥4॥22॥ (50)
ਵਿਆਖਿਆ;-
ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
ਕਿਆ ਥੋੜੜੀ ਬਾਤ ਗੁਮਾਨੁ ॥1॥ਰਹਾਉ॥
ਹੇ ਮੇਰੇ ਮਨ , ਇਸ ਥੋੜੀ ਜਿਹੀ ਗੱਲ ਦਾ , ਛੋਟੇ ਜਿਹੇ ਮਨੁੱਖਾ ਜੀਵਨ ਦਾ , ਹੰਕਾਰ ਕਿਉਂ ਕਰਦਾ ਹੈਂ ? ਪਿਆਰ ਨਾਲ ਸਤਿਗੁਰੁ ਦੀ ਸੇਵਾ ਕਰਿਆ ਕਰ , ਹਰੀ ਦੇ ਗੁਣਾਂ ਦੀ ਵਿਚਾਰ ਕਰਿਆ ਕਰ ।
(ਸਤਿਗੁਰੁ , ਪ੍ਰਭੂ ਦੀ ਸੇਵਾ ਇਹੀ ਹੈ ਕਿ , ਬੰਦਾ ਉਸ ਦੀ ਰਜ਼ਾ , ਉਸ ਦੇ ਹੁਕਮ ਵਿਚ ਚੱਲੇ)
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥1॥
ਜਿਵੇਂ ਔੜ ਵੇਲੇ ਡੰਗਰਾਂ ਦੇ ਮਾਲਕ , ਕੁਝ ਦਿਨਾਂ ਲਈ ਡੰਗਰਾਂ ਨੂੰ ਦਰਿਆਵਾਂ ਦੇ ਕੰਢੇ ਚਾਰਨ ਲੈ ਜਾਂਦੇ ਹਨ , (ਜਦੋਂ ਬਾਰਸ਼ ਹੋ ਜਾਂਦੀ ਹੈ ਤਾਂ ਉਹ ਡੰਗਰਾਂ ਨੂੰ ਵਾਪਸ ਘਰਾਂ ਨੂੰ ਲੈ ਆਉਂਦੇ ਹਨ) ਏਨੇ ਥੋੜੇ ਜਿਹੇ ਸਮੇ ਲਈ , ਉਸ ਥਾਂ ਤੇ ਆਪਣੇ ਵਡੱਪਣ ਦਾ ਖਲਾਰਾ ਖਿਲਾਰਨਾ ਯੋਗ ਨਹੀਂ ਹੁੰਦਾ । ਇਵੇਂ ਹੀ ਇਸ ਦੁਨੀਆਂ ਵਿਚ ਰਹਣ ਲਈ ਤੈਨੂੰ ਵੀ ਥੋੜਾ ਜਿਹਾ ਸਮਾ ਮਿਲਿਆ ਹੈ , ਜਦ ਉਸ ਸਮਾ ਮੁੱਕ ਜਾਵੇਗਾ , ਤੂੰ ਵੀ ਏਥੋਂ ਤੁਰ ਜਾਵੇਂਗਾ । ਸੋ ਤੂੰ ਵੀ ਆਪਣੇ ਅਸਲੀ ਘਰ ਦੀ (ਜਿਥੋਂ ਤੂੰ ਆਇਆ ਹੈਂ) ਉਸ ਦੀ ਸੰਭਾਲ ਕਰ , ਉਸ ਦਾ ਖਿਆਲ ਰੱਖ ।
ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥2॥
ਜਿਵੇਂ ਰਾਤ ਵੇਲੇ , ਕਿਸੇ ਘਰ ਵਿਚ ਰੁਕੇ ਪ੍ਰਾਹੁਣੇ , ਦਿਨ ਨਿਕਲਦੇ ਹੀ ਆਪਣੇ ਘਰਾਂ ਨੂੰ ਚਲੇ ਜਾਣਗੇ , ਓਵੇਂ ਹੀ ਜ਼ਿੰਦਗੀ ਦੀ ਰਾਤ ਮੁਕਦਿਆਂ , ਤੂੰ ਵੀ ਇਸ ਜਗਤ ਤੋਂ ਚਲੇ ਜਾਵੇਂਗਾ । ਤੂੰ ਇਸ ਪਰਵਾਰ ਵਿਚ ਕਿਉਂ ਮਸਤ ਹੋਇਆ ਪਿਆ ਹੈਂ ? ਇਹ ਸਾਰਾ ਕੁਝ ਵੀ ਫੁੱਲਾਂ ਦੀ ਬਗੀਚੀ ਸਮਾਨ ਹੈ , ਜਿਸ ਵਿਚ ਕੋਈ ਵੀ ਫੁੱਲ ਇਕ-ਦੋ ਦਿਨ ਤੋਂ ਵੱਧ ਨਹੀਂ ਟਿਕਦਾ ।
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥3॥
ਇਨ੍ਹਾਂ ਦੁਨਿਆਵੀ ਚੀਜ਼ਾਂ ਤੇ , ਆਪਣੀ ਮਾਲਕੀ ਦਾ ਹੰਕਾਰ ਕਿਉਂ ਕਰਦਾ ਹੈਂ ? ਜਿਸ ਨੇ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਹਨ , ਉਸ ਦੀ ਭਾਲ ਕਰ । ਤੂੰ ਇਸ ਦੁਨੀਆਂ ਤੋਂ ਜ਼ਰੂਰ ਚਲੇ ਜਾਣਾ ਹੈ , ਲੱਖਾਂ ਕ੍ਰੋੜਾਂ ਦਾ ਮਾਲਕ ਵੀ , ਇਹ ਸਭ ਕੁਝ ਏਥੇ ਹੀ ਛੱਡ ਕੇ , ਏਥੋਂ ਚਲੇ ਜਾਵੇਗਾ ।
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥4॥22॥ (50)
ਹੇ ਭਾਈ , ਬੇਅੰਤ ਜੂਨਾਂ ਵਿਚ ਭਟਕਣ ਮਗਰੋਂ ਤੈਨੂੰ ਇਹ ਅਮੁੱਲਾ , ਮਨੁਖਾ ਜਨਮ ਮਿਲਿਆ ਹੈ ।
ਹੇ ਨਾਨਕ ਪ੍ਰਭੂ ਦੀ ਰਜ਼ਾ ਨੂੰ ਸੰਭਾਲ , ਉਸ ਦੇ ਹੁਕਮ ਦੀ ਖਿੜੇ ਮੱਥੇ ਪਾਲਣਾ ਕਰ , ਤੇਰੇ ਜਾਣ ਦਾ ਸਮਾ ਵੀ ਨੇੜੇ ਆ ਰਿਹਾ ਹੈ ।
…………………………………………………
ਬਿਰਥਾ ਕਹਉ ਕਉਨ ਸਿਉ ਮਨ ਕੀ ॥ (411)
(ਅ) ਬਿਰਥਾ ਕਹਉ ਕਉਨ ਸਿਉ ਮਨ ਕੀ ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥1॥ਰਹਾਉ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥1॥
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਗ ਹਸਨ ਕੀ ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕਮਤਿੁ ਬਿਨਾਸੈ ਤਨ ਕੀ ॥2॥1॥233॥ (411)
ਵਿਆਖਿਆ;-
ਬਿਰਥਾ ਕਹਉ ਕਉਨ ਸਿਉ ਮਨ ਕੀ ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥1॥ਰਹਾਉ॥
ਹੇ ਭਾਈ , ਮੈਂ ਆਪਣੇ ਮਨ ਦੀ ਤਰਸ-ਯੋਗ ਹਾਲਤ ਬਾਰੇ ਕਿਸ ਨਾਲ ਦੁਖ ਸਾਂਝਾ ਕਰਾਂ ? ਲੋਭ ਵਿਚ ਫਸੇ ਇਸ ਮਨ ਨੂੰ ਹਰ ਵੇਲੇ ਧਨ ਜੋੜਨ ਦੀ ਆਸ , ਲਾਲਸਾ ਬਣੀ ਰਹਿੰਦੀ ਹੈ , ਅਤੇ ਇਹ ਧਨ ਜੋੜਨ ਲਈ ਹਰ ਚੰਗੇ-ਮੰਦੇ ਪਾਸੇ ਭਟਕਦਾ ਰਹਿੰਦਾ ਹੈ ।
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥1॥
ਸੁਖ ਪਾਉਣ ਦੇ ਲਾਲਚ ਵਿਚ ਇਹ ਹਰ ਜਣੇ-ਖਣੇ ਦੀ ਮੁਥਾਜੀ ਕਰਦਾ ਫਿਰਦਾ ਹੈ , ਪਰ ਇਸ ਮੁਥਾਜੀ ਕਾਰਨ ਇਸ ਨੂੰ ਸਦਾ ਸੁਖ ਦੀ ਥਾਂ ਦੁਖ ਹੀ ਮਿਲਦਾ ਹੈ । ਇਸ ਨੂੰ ਪਰਮਾਤਮਾ ਦੀ ਭਗਤੀ ਕਰਨ ਦੀ ਸੁੱਧ , ਸੋਝੀ ਤਾਂ ਹੈ ਨਹੀਂ , ਬਸ ਮਾਇਆ ਦੇ ਲਾਲਚ ਵਿਚ , ਦਰ ਦਰ ਤੇ ਕੁੱਤੇ ਵਾਙ ਭਟਕਦਾ ਫਿਰਦਾ ਹੈ ।
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਗ ਹਸਨ ਕੀ ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕਮਤਿੁ ਬਿਨਾਸੈ ਤਨ ਕੀ ॥2॥1॥233॥ (411)
ਇਵੇਂ ਇਹ ਮਾਇਆ ਦੇ ਲਾਲਚ ਵਿਚ ਫਸਿਆ , ਆਪਣਾ ਦੁਰਲੱਭ ਜਨਮ , ਅਜਾਈਂ ਹੀ ਗਵਾ ਲੈਂਦਾ ਹੈ , ਇਸ ਨੂੰ ਲੋਕਾਂ ਦੇ ਮਖੌਲ ਕਰਨ ਤੇ ਵੀ ਜ਼ਰਾ ਸ਼ਰਮ ਨਹੀਂ ਆਉਂਦੀ ।
ਹੇ ਨਾਨਕ ਆਖ , ਹੇ ਮਨ ਤੂੰ ਪ੍ਰਭੂ ਦਾ ਜੱਸ ਕਿਉਂ ਨਹੀਂ ਗਾਉਂਦਾ ? ਉਸ ਦੀ ਵਡਿਆਈ ਕਿਉਂ ਨਹੀਂ ਕਰਦਾ ? ਉਸ ਨਾਲ ਤੇਰੀ ਇਹ ਖੋਟੀ ਮੱਤ ਦੂਰ ਹੋ ਕੇ ਤੈਨੂੰ ਸੁਮੱਤ ਮਿਲੇਗੀ ।
ਅਮਰ ਜੀਤ ਸਿੰਘ ਚੰਦੀ