(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?)
ਮਨ ਕੀ ਮਨ ਹੀ ਮਾਹਿ ਰਹੀ ॥ (631-32)
(ੳ) ਮਨ ਕੀ ਮਨ ਹੀ ਮਾਹਿ ਰਹੀ ॥
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥1॥ਰਹਾਉ॥
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥1॥
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥2॥2॥ (631-32)
ਵਿਆਖਿਆ;-
ਮਨ ਕੀ ਮਨ ਹੀ ਮਾਹਿ ਰਹੀ ॥
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥1॥ਰਹਾਉ॥
ਹੇ ਭਾਈ ਬੰਦੇ ਦੀ ਤਰਸ-ਯੋਗ ਹਾਲਤ ਬਾਰੇ ਵਿਚਾਰ ਕਰੋ , ਉਸ ਦੀ ਧਨ ਜੋੜਨ ਦੀ ਲਾਲਸਾ , ਮਨ ਵਿਚ ਹੀ ਰਹਿ ਗਈ , (ਮਾਇਆ ਵਲੋਂ ਬੰਦੇ ਦਾ ਕਦੇ ਮਨ ਨਹੀਂ ਭਰਦਾ) ਅਤੇ ਮੌਤ ਨੇ ਉਸ ਨੂੰ ਆ ਘੇਰਿਆ । ਆਪਣੀ ਜ਼ਿੰਦਗੀ ਵਿਚ ਨਾ ਤਾਂ ਉਸ ਨੇ ਸਤਸੰਗੀਆਂ ਦੀ ਸੇਵਾ ਹੀ ਕੀਤੀ , ਅਤੇ ਨਾ ਹੀ ਕਰਤਾਰ ਦੀ ਭਗਤੀ ਹੀ ਕੀਤੀ ।
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥1॥
ਹੇ ਭਾਈ , ਦਾਰਾ=ਜਨਾਨੀ , ਜ਼ਿੰਦਗੀ ਦੀ ਸਾਥਣ । ਮੀਤ=ਮਿਤ੍ਰ-ਬੇਲੀ , ਯਾਰ-ਦੋਸਤ । ਪੂਤ=ਪੁਤ੍ਰ , ਔਲਾਦ । ਰੱਥ=ਕਾਰਾਂ-ਗੱਡੀਆਂ , ਹਵਾਈ ਜਹਾਜ਼ । ਸੰਪਤਿ ਧਨ=ਇਕੱਠੀ ਕੀਤੀ ਹੋਈ ਦੀਲਤ , ਜ਼ਮੀਨ-ਜਾਇਦਾਦ , ਫੈਕਟਰੀਆਂ-ਕਾਰਖਾਨੇ । ਪੂਰਨ ਸਭ ਮਹੀ=ਦੁਨੀਆ ਦੀ ਸਾਰੀ ਧਰਤੀ-ਪੂਰਨ ਬ੍ਰਹਿਮੰਡ ਅਤੇ ਹੋਰ ਸਭ ਕੁਝ ਨੂੰ ਨਾਸ਼ਵਾਨ ਸਮਝੋ । ਪਰਮਾਤਮਾ ਦਾ ਭਜਨ , ਕਰਤਾਰ ਦੀ ਭਗਤੀ ਹੀ ਬੰਦੇ ਦਾ ਸੱਚਾ ਸਾਥੀ ਹੈ ।
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥2॥2॥ (631-32)
ਹੇ ਭਾਈ , ਤੂੰ ਬਹੁਤ ਜੁਗ ਭਟਕ ਭਟਕ ਕੇ ਹਾਰ ਚੁੱਕਾ ਸੀ , ਫਿਰ ਤੈਨੂੰ ਇਹ ਮਾਨਸ ਦੇਹ , ਮਨੁੱਖਾ ਸਰੀਰ ਮਿਲਿਆ ਹੈ ।
ਨਾਨਕ ਆਖਦਾ ਹੈ , ਹੇ ਭਾਈ , ਪ੍ਰਭੂ ਨੂੰ ਮਿਲਣ ਦੀ ਤੇਰੀ ਇਹ ਹੀ ਵਾਰੀ ਹੈ , ਹੁਣ ਤੂੰ ਪ੍ਰਭੂ ਦਾ ਸਿਮਰਨ ਕਿਉਂ ਨਹੀਂ ਕਰਦਾ ?
……………………………………
ਨਰ ਅਚੇਤ ਪਾਪ ਤੇ ਡਰੁ ਰੇ ॥ (220)
(ਅ) ਨਰ ਅਚੇਤ ਪਾਪ ਤੇ ਡਰੁ ਰੇ ॥
ਦੀਨ ਦਇਆਲ ਸਗਲ ਭੈ ਭੰਜਣ ਸਰਨਿ ਤਾਹਿ ਤੁਮ ਪਰੁ ਰੇ ॥1॥ਰਹਾਉ॥
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰ ਰੇ ॥
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥1॥
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ ॥2॥9॥251॥ (220)
ਵਿਆਖਿਆ;-
ਨਰ ਅਚੇਤ ਪਾਪ ਤੇ ਡਰੁ ਰੇ ॥
ਦੀਨ ਦਇਆਲ ਸਗਲ ਭੈ ਭੰਜਣ ਸਰਨਿ ਤਾਹਿ ਤੁਮ ਪਰੁ ਰੇ ॥1॥ਰਹਾਉ॥
ਹੇ ਅਚੇਤ , ਗਾਫਿਲ ਮਨੁੱਖ , ਪਾਪ ਕਰਨ ਤੋਂ ਡਰ , ਬਚ । ਇਸ ਦੇ ਸਾਧਨ ਵਜੋਂ ਤੂੰ ਉਸ ਕਰਤਾਰ ਦੀ ਸ਼ਰਨ ਲੈ , ਜੋ ਨਿਮਾਣਿਆਂ ਤੇ ਦਇਆ ਕਰਨ ਵਾਲਾ ਅਤੇ ਸਾਰੇ ਡਰ ਦੂਰ ਕਰਨ ਵਾਲਾ ਹੈ ।
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰ ਰੇ ॥
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥1॥
ਜਿਸ ਪ੍ਰਭੂ ਦੀ ਵਡਿਆਈ , ਦੁਨੀਆ ਦੇ ਸਾਰੇ ਧਰਮ-ਗ੍ਰੰਥ ਕਰਦੇ ਹਨ , ਤੂੰ ਵੀ ਉਸ ਦੇ ਨਾਮ ਨੂੰ , ਉਸ ਦੀ ਰਜ਼ਾ ਨੂੰ ਆਪਣੇ ਹਿਰਦੇ ਤੋਂ ਮੰਨ । ਸੰਸਾਰ ਵਿਚ ਉਸ ਦਾ ਹੁਕਮ , ਉਸ ਦੀ ਰਜ਼ਾ ਹੀ ਪਾਪ ਰਹਤ , ਪਾਵਨ ਹੈ । ਤੂੰ ਵੀ ਆਪਣੇ ਹਿਰਦੇ ਵਿਚ , ਉਸ ਨੂੰ ਸਿਮਰ ਸਿਮਰ ਕੇ , ਯਾਦ ਕਰ ਕਰ ਕੇ , ਪਾਪਾਂ ਨੂੰ ਆਪਣੇ ਤੋਂ ਦੂਰ ਕਰ ਲੈ ।
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ ॥2॥9॥251॥ (220)
ਇਹ ਮਨੁੱਖਾ ਦੇਹੀ ਤੈਨੂੰ ਫਿਰ ਨਹੀਂ ਮਿਲਣੀ , ਇਸ ਲਈ , ਇਸ ਦੇਹੀ ਦੇ ਹੁੰਦਿਆਂ ਹੀ , ਤੂੰ ਆਪਣੀ ਮੁਕਤੀ ਦਾ ਕੋਈ ਹੀਲਾ ਕਰ ਲੈ ।
ਨਾਨਕ ਆਖਦਾ ਹੈ , ਸਭ ਤੇ ਤਰਸ ਕਰਨ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ , ਉਨ੍ਹਾਂ ਦੀ ਵਿਚਾਰ ਕਰ ਕੇ , ਉਸ ਅਨੁਸਾਰ ਜੀਵਨ ਢਾਲ ਕੇ , ਸੰਸਾਰ ਦੀ ਇਸ ਘੁੱਮਣ-ਘੇਰੀ ਤੋਂ ਪਾਰ ਹੋ ਜਾ ।
ਅਮਰ ਜੀਤ ਸਿੰਘ ਚੰਦੀ
6-9-2014