ਸ਼ਹੀਦ ਭਾਈ ਖਾਲੜਾ ਦਾ ਅਧੂਰਾ ਕਾਰਜ ਕਦੋਂ ਪੂਰਾ ਹੋਵੇਗਾ…?
(ਜਸਪਾਲ ਸਿੰਘ ਹੇਰਾਂ)
ਇਤਿਹਾਸ ਦੀਆਂ ਕੁਝ ਅਮਰ ਘਟਨਾਵਾਂ ਨੂੰ ਜਦੋਂ ਯਾਦ ਕੀਤਾ ਜਾਂਦਾ ਹੈ, ਤਾਂ ਕਈ ਵਾਰ ਮਾਣ ਤੇ ਪੀੜਾਂ ਦੋਵੇਂ ਇਕੱਠੀਆਂ ਹੁੰਦੀਆਂ ਹਨ। ਮਾਣ ਇਸ ਗ਼ੱਲ ‘ਤੇ ਹੁੰਦਾ ਹੈ ਕਿ ਸਾਡੀ ਕੌਮ ਨੇ ਅਜਿਹੇ ਕੋਹਿਨੂਰ ਹੀਰੇ ਪੈਦਾ ਕੀਤੇ ਹਨ, ਜਿੰਨ੍ਹਾਂ ਦੀ ਕੁਰਬਾਨੀ, ਦ੍ਰਿੜਤਾ ਅਤੇ ਕੌਮ ਪ੍ਰਤੀ ਸਮਰਪਿਤ ਭਾਵਨਾ ਦੀ, ਮਿਸਾਲ ਦੁਨੀਆਂ ਭਰ ‘ਚੋਂ ਲੱਭਣੀ ਔਖੀ ਹੈ। ਪੀੜ੍ਹਾਂ ਇਸ ਕਾਰਨ ਹੁੰਦੀ ਹੈ ਕਿ ਉਹ ਮਹਾਨ ਨਾਇਕ ਕੌਮ ਲਈ ਕਿੰਨ੍ਹੀ ਵੱਡੀ ਕੁਰਬਾਨੀ ਕਰ ਗਿਆ, ਕਿੰਨ੍ਹੀ ਵੱਡੀ ਦੇਣ ਦੇ ਗਿਆ, ਪ੍ਰੰਤੂ ਸਾਨੂੰ ਨਾ ਤਾਂ ਅੱਜ ਉਹ ਮਹਾਨ ਨਾਇਕ ਯਾਦ ਹੈ ਅਤੇ ਨਾ ਹੀ ਉਸ ਵੱਲੋਂ ਆਰੰਭਿਆ ਕਾਰਜ, ਜਿਹੜਾ ਅਧੂਰਾ ਪਿਆ ਹੈ, ਉਹ ਯਾਦ ਹੈ। ਸ਼ਹੀਦਾਂ ਦਾ ਕਰਜ਼ਾ ਤਾਂ ਭਾਵੇਂ ਮੋੜਿਆ ਨਹੀਂ ਜਾ ਸਕਦਾ, ਪ੍ਰੰਤੂ ਉਨ੍ਹਾਂ ਵੱਲੋਂ ਆਰੰਭੀ ਗਾਥਾ ਨੂੰ ਉਸਦੇ ਵਾਰਿਸ ਵੱਲੋਂ ਪੂਰਾ ਕਰਨਾ ਤਾਂ ਸਾਡਾ ਫਰਜ਼ ਹੈ। ਜੇ ਸਾਡੀ ਜ਼ਮੀਰ ਜਿਊਂਦੀ ਹੈ ਤਾਂ ਸਾਨੂੰ ਇਸ ਸ਼ਹੀਦ ਨੂੰ ਯਾਦ ਕਰਦਿਆਂ ਪੀੜ੍ਹਾਂ ਜ਼ਰੂਰ ਹੋਵੇਗੀ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਸਨੇ ਹਿੰਦ-ਹਕੂਮਤ ਦਾ ਉਹ ਜ਼ਾਲਮੀ ਪੰਜਾ, ਜਿਸ ਖੂਨੀ ਪੰਜੇ ਨੇ ਇੱਕ ਨਹੀਂ, ਦੋ ਨਹੀਂ ਸਗੋਂ 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਸ਼ਹੀਦ ਕਰਕੇ, ਉਨ੍ਹਾਂ ਦੀਆਂ ਲਾਸ਼ਾਂ ਤੱਕ ਨੂੰ ਅਣਪਛਾਤੀਆਂ ਲਾਸ਼ਾਂ ਕੇ ਵੱਖ-ਵੱਖ ਸਮਸ਼ਾਨਘਾਟਾਂ ‘ਚ ਸੰਸਕਾਰ ਕਰ ਦਿੱਤਾ ਗਿਆ ਸੀ, ਦਾ ਖੁਰਾ-ਖੋਜ ਲੱਭ ਕੇ, ਨੰਗਾ ਕਰਨ ਦਾ ਜ਼ੋਖ਼ਮ ਭਰਿਆ ਉਪਰਾਲਾ, ਡਾਹਢੇ ਹੌਂਸਲੇ ਤੇ ਜਿਗਰੇ ਨਾਲ ਕੀਤਾ ਸੀ। ਉਸ ਜਸਵੰਤ ਸਿੰਘ ਖਾਲੜਾ ਨੂੰ ਜ਼ਾਲਮ ਸਰਕਾਰ ਨੇ ਸੱਚ ਨੂੰ ਨੰਗਾ ਕਰਨ ਦੀ ਸਜ਼ਾ ਉਸਦੀ ਜਾਨ ਲੈ ਕੇ ਦਿੱਤੀ। ਸ਼ਹੀਦ ਖਾਲੜਾ ਵੱਲੋਂ ਸਿੱਖਾਂ ਨਾਲ ਇਸ ਦੇਸ਼ ‘ਚ ਹੋਏ ਜ਼ੁਲਮ, ਸਿੱਖਾਂ ਦੀ ਇੱਕ ਤਰ੍ਹਾਂ ਕੀਤੀ ਨਸਲਕੁਸ਼ੀ ਦੀ ਕੋਸ਼ਿਸ਼ ਨੂੰ ਦੁਨੀਆਂ ਸਾਹਮਣੇ ਲਿਆਉਣ ਦੇ ਕੀਤੇ ਯਤਨਾਂ ਕਾਰਨ ਉਨ੍ਹਾਂ ਨੂੰ ਸਦਾ ਲਈ ਚੁੱਪ ਕਰਵਾ ਦਿੱਤਾ।
ਪ੍ਰੰਤੂ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਉਸ ਅਧੂਰੇ ਕਾਰਜ ਨੂੰ ਜਿਸਨੂੰ ਭਾਈ ਖਾਲੜਾ ਇੱਕ ਚੁਣੌਤੀ ਵਜੋਂ ਬਾਕੀ ਛੱਡ ਗਏ, ਕੌਮ ਨੂੰ ਉਸ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ। ਆਖ਼ਰ ਉਨ੍ਹਾਂ 25 ਹਜ਼ਾਰ ਨੌਜਵਾਨਾਂ ਦੇ ਸੱਚ ਦਾ, ਜਿੰਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ-ਮੁਕਾਇਆ ਗਿਆ ਸੀ, ਉਸਨੂੰ ਨੰਗਾ ਕੌਣ ਕਰੇਗਾ, ਉਨ੍ਹਾਂ ਦਾ ਇਨਸਾਫ਼ ਕੌਣ ਲਊਗਾ ਅਤੇ ਕਿਵੇਂ ਲਿਆ ਜਾਵੇਗਾ? ਸਿੱਖ ਨੌਜਵਾਨਾਂ ਦਾ ਸ਼ਰੇਆਮ ਕਤਲੇਆਮ ਕਰਨ ਵਾਲੇ, ਅੱਜ ਪੰਜਾਬ ਪੁਲਿਸ ਦੇ ਉਚ ਅਹੁਦਿਆਂ ‘ਤੇ ਬੈਠੇ ਹਨ। ਜਿਵੇਂ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ ਅਤੇ ਬੇਦੋਸ਼ੀਆਂ ਸਿੱਖ ਸੰਗਤਾਂ ਦੇ ਕਤਲੇਆਮ ਲਈ ਇੱਕ ਵੀ ਪਰਚਾ ਤੱਕ ਦਰਜ ਨਹੀਂ ਹੋਇਆ, ਉਸੇ ਤਰ੍ਹਾਂ ਇੰਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ।
ਇੱਥੋਂ ਤੱਕ ਕਿ ਅੱਜ ਵੀ ਨਦੀ ਕਿਨਾਰੇ ਰੁੱਖੜਾ ਬਣੇ ਬੈਠੇ ਕਈ ਅਜਿਹੇ ਬਜ਼ੁਰਗ ਵੀ ਆਪਣੇ ਉਸ ਸਮੇਂ ਤੋਂ ਲਾਪਤਾ ਹੋਏ ਪੁੱੱਤਾਂ ਦੀ ਉਡੀਕ ‘ਚ, ਘਰ ਦੀਆਂ ਬਰੂਹਾਂ ਵੱਲੋਂ ਟਿੱਕਟਿੱਕੀ ਲਾਈ ਬੈਠੇ ਹਨ। ਹਾਲਾਂਕਿ ਉਨ੍ਹਾਂ ਦੀਆਂ ਅੱਕਾਂ ‘ਚੋਂ ਪਾਣੀ ਮੁੱਕ ਚੁੱਕਾ ਹੈ, ਭਾਵੇਂ ਕਿ ਉਨ੍ਹਾਂ ਨੂੰ ਆਪਣੇ ਜਿਗਰ ਦੇ ਟੋਟਿਆਂ ਦੀ ਹੋਣੀ ਦਾ ਅਹਿਸਾਸ ਹੋ ਚੁੱਕਾ ਹੈ, ਪ੍ਰੰਤੂ ਆਪਣੇ ਜੁਆਨ ਪੁੱਤ ਦਾ ਆਖ਼ਰੀ ਵਾਰ ਮੂੰਹ ਨਾਂਹ ਤੱਕਿਆ ਹੋਣ ਕਾਰਣ, ਹੱਥੀ ਸੰਸਕਾਰ ਨਾ ਕੀਤੇ ਹੋਣ ਕਾਰਣ, ਉਹ ਅੱਜ ਵੀ ਉਡੀਕ ਕਰਦੇ ਹਨ। ਸ਼ਹੀਦ ਖਾਲੜਾ ਨੂੰ ਯਾਦ ਕਰਦਿਆਂ ਕੌਮ ਨੂੰ ਆਪਣੇ ਉਨ੍ਹਾਂ ਪੁੱਤਰਾਂ ਦਾ ਜਿੰਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਆਖ਼ ਕੇ ਸੰਸਕਾਰ ਕੀਤਾ ਗਿਆ, ਨਹਿਰਾਂ, ਰਜਵਾਹਿਆਂ, ਦਰਿਆਵਾਂ ਤੇ ਰੋਹੀਆਂ-ਬੀਆਬਾਨਾਂ ‘ਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਹਿਸਾਬ ਮੰਗਣਾ ਹੀ ਨਹੀਂ, ਲੈਣਾ ਚਾਹੀਦਾ ਹੈ।
ਅੱਜ ਵੀ ਪੂਰੇ ਵਿਸ਼ਵ ‘ਚ ਹਰ ਜੰਗ-ਯੁੱਧ ਜਾਂ ਘਰੇਲੂ ਜੰਗ ਸਮੇਂ ਹੋਏ ਭਿਆਨਕ ਕਤਲੇਆਮ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਕਾਤਲ ਧਿਰਾਂ ਨੂੰ ਲੋਕਤੰਤਰੀ ਵਿਸ਼ਵ ‘ਚ ਕੋਈ ਥਾਂ ਨਹੀਂ ਦਿੱਤੀ ਜਾਂਦੀ। ਫਿਰ ਸਿੱਖ, ਇਸ ਅਣਮਨੁੱਖੀ ਵਤੀਰੇ ਨੂੰ ਦੁਨੀਆਂ ਸਾਹਮਣੇ ਲੈ ਕੇ ਜਾਣ ਤੋਂ ਅਸਮਰੱਥ ਕਿਉਂ ਹੈ? ਪੰਜਾਬ ਦੀ ਜੁਆਨੀ ਦੇ ਕੀਤੇ ਘਾਣ ਵਾਲੇ ਕਾਲੇ ਦੌਰ ਨੂੰ ਦੁਨੀਆਂ “ਹਿੰਦ ਹਕੂਮਤ ਦਾ ਕਾਲਾ ਕਾਰਨਾਮਾ” ਕਿਉਂ ਨਹੀਂ ਐਲਾਨਦੀ? ਇਸ ਲਈ ਕੌਮ ਨੂੰ ਆਪਣੇ ਪਿੰਡੇ ‘ਤੇ ਹੰਢਾਏ ਜ਼ੁਲਮ ਦੀ ਕਹਾਣੀ, ਸ਼ਹੀਦ ਭਾਈ ਖਾਲੜਾ ਵਰਗਿਆਂ ਦੀ ਕੁਰਬਾਨੀ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨਾ ਪਵੇਗਾ, ਪ੍ਰੰਤੂ ਜਿਹੜੀ ਕੌਮ ਸ਼ਹੀਦ ਭਾਈ ਖਾਲੜਾ ਦੀ ਬਰਸੀ ਸਾਂਝੇ ਤੇ ਸਮੂਹਿਕ ਰੂਪ ‘ਚ ਮਨਾ ਨਹੀਂ ਸਕਦੀ, ਉਹ ਇਨਸਾਫ਼ ਕਿਵੇਂ ਪ੍ਰਾਪਤ ਕਰੇਗੀ? ਕੀ ਅਸੀਂ ਆਪਣੇ ਮਨਾਂ ਤੋਂ ਇਹ ਸੁਆਲ ਕਦੇ ਪੁੱਛਾਂਗੇ?