ਕੇਕੜੇ ਅੱਤੇ ਕੀੜੀਆਂ ! (ਨਿੱਕੀ ਕਹਾਣੀ)
ਡਿਸਕਵਰੀ ਚੈਨਲ ਤੇ ਇੱਕ ਪ੍ਰੋਗ੍ਰਾਮ ਵੇਖਦਾ ਹੋਇਆ ਹਰਕੀਰਤ ਸਿੰਘ ਰੋਣ ਲਗ ਪਿਆ ! (ਨਾਲ ਹੀ ਬੈਠੇ ਉਸ ਦੇ ਬੱਚੇ ਹਰਜਸ ਸਿੰਘ ਅੱਤੇ ਪ੍ਰਭਜਸ ਕੌਰ ਇੱਕਦਮ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗੇ)
ਪ੍ਰਭਜਸ ਕੌਰ : ਪਾਪਾ ਤੁਸੀਂ ਅਚਾਨਕ ਹੀ ਰੋਣ ਕਿਓਂ ਲੱਗੇ ? ਜੋ ਪ੍ਰੋਗ੍ਰਾਮ ਤੁਸੀਂ ਵੇਖ ਰਹੇ ਸੀ ਓਹੀ ਤਾਂ ਅਸੀਂ ਵੀ ਵੇਖ ਰਹੇ ਸਾਂ ! ਉਸ ਵਿੱਚ ਤਾਂ ਅਜੇਹੀ ਕੋਈ ਗੱਲ ਨਹੀਂ ਸੀ ਰੋਣ ਵਾਲੀ ! ਸਭ ਠੀਕ ਤਾਂ ਹੈ ਨਾ ?
ਹਰਕੀਰਤ ਸਿੰਘ (ਅੱਖਾਂ ਪੂੰਝਦਾ ਹੋਇਆ) : ਪੁੱਤਰ ! ਇਸ ਪ੍ਰੋਗ੍ਰਾਮ ਦੇ ਪਹਿਲੇ ਦ੍ਰਿਸ਼ ਵਿੱਚ ਇਨ੍ਹਾਂ ਟੀ.ਵੀ. ਵਾਲੇਆਂ ਨੇ ਇੱਕ ਵੱਡੇ ਭਾਂਡੇ ਵਿੱਚ ਕੁਝ ਕੇਕੜੇ ਰੱਖੇ ਸਨ, ਭਾਂਡਾ ਵੀ ਜਿਆਦਾ ਉੱਚਾ ਨਹੀਂ ਸੀ ਪਰ ਕੋਈ ਵੀ ਕੇਕੜਾ ਉਸ ਭਾਂਡੇ ਤੋ ਬਾਹਰ ਨਹੀਂ ਨਿਕਲ ਪਾਇਆ ਕਿਓਂਕਿ ਦੂਜਾ ਕੇਕੜਾ ਉਸਨੂੰ ਥੱਲੇ ਡਿਗਾ ਕੇ ਆਪ ਉਪਰ ਚੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦਾ ਸੀ !
ਹਰਜਸ ਸਿੰਘ : ਤੇ ਇਸ ਵਿੱਚ ਰੋਣ ਵਾਲੀ ਜਾਂ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ?
ਹਰਕੀਰਤ ਸਿੰਘ (ਅੱਖਾਂ ਨਾਲ ਇਸ਼ਾਰਾ ਕਰਦਾ ਹੋਇਆ) : ਦੂਜੇ ਦ੍ਰਿਸ਼ ਵਿੱਚ ਇਨ੍ਹਾਂ ਨੇ ਕੀੜੀਆਂ ਵਿਖਾਈਆਂ ਜੋ ਆਪਣੇ ਵਜਨ ਤੋਂ ਹਜ਼ਾਰਾਂ ਗੁਣਾ ਜਿਆਦਾ ਵਜਨੀ ਚੀਜ਼ਾਂ ਨੂੰ ਵੀ ਮਿਲ ਜੁਲ ਕੇ ਚੁੱਕ ਕੇ ਲੈ ਜਾਂਦੀਆਂ ਹਨ !
ਦੋਵੇਂ ਬੱਚੇ (ਇਕੱਠੇ) : ਹਾਂ ! ਇਹ ਤਾਂ ਅਸੀਂ ਵੀ ਵੇਖਿਆ ਸੀ ! ਪਰ ਇਸ ਵਿੱਚ ਤੁਸੀਂ ਅਜੇਹਾ ਕੀ ਗਲਤ ਵੇਖ ਲਿਆ ?
ਹਰਕੀਰਤ ਸਿੰਘ : ਕੀੜੀਆਂ ਨੇ ਮੈਨੂੰ "ਬਾਬਾਣੀਆਂ ਕਹਾਣੀਆਂ" ਵਾਲੇ ਆਪਣੇ ਪੁਰਖਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਜੋ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਇਕੱਠੇ ਹੋ ਕੇ ਮਾਤ ਦੇ ਦਿੰਦੇ ਸਨ ਤੇ ਕੇਕੜੇਆਂ ਵਾਲੀ ਗੱਲ ਤੋਂ ਮੈਨੂੰ ਅੱਜ ਦੇ "ਸਿੱਖਾਂ ਦੀ ਹਾਲਤ" ਦਾ ਅੰਦਾਜ਼ਾ ਲੱਗ ਗਿਆ ! ਸਾਡੀ ਦਿਨ-ਬਾ-ਦਿਨ ਡਿੱਗ ਰਹੀ ਪੰਥਕ ਹਾਲਤ ਦੇ ਪਿੱਛੇ ਇੱਕ ਦੂਜੇ ਦੀਆਂ ਲੱਤਾਂ ਖਿਚਣਾ ਹੈ ! ਸਿਰਫ ਮੈਂ ਹੀ ਠੀਕ ਹਾਂ ਤੇ ਬਾਕੀ ਸਭ ਗਲਤ, ਇਸ ਸੋਚ ਕਰਕੇ ਹਰ ਬੰਦਾ ਇਹੀ ਚਾਹੁੰਦਾ ਹੈ ਕੀ ਬਾਕੀ ਲੋਗ ਮੇਰੇ ਪਿੱਛੇ ਲੱਗਣ ! ਇਸ ਕਰਕੇ ਦੂਜੇ ਦੀ ਚੜਾਈ ਵੇਖ ਕੇ ਅਕਸਰ ਉਸ ਨੂੰ ਥੱਲੇ ਡੇਗਣ ਦੀਆਂ ਕੋਝੀਆਂ ਚਾਲਾਂ ਸ਼ੁਰੂ ਹੋ ਜਾਂਦੀਆਂ ਹਨ ! ਅਸੀਂ ਹੁਣ "ਕੀੜੀ ਗੁਣਾਂ ਵਾਲੇ" ਨਹੀਂ ਰਹੇ ਬਲਕਿ "ਕੇਕੜੇ ਦੇ ਦੁਰਗੁਣਾ ਵਾਲੇ" ਬਣ ਗਏ ਹਾਂ !
ਦੋਵੇਂ ਬੱਚੇ ਆਪਣੇ ਪਿਤਾ ਦੀਆਂ ਅੱਖਾਂ ਦੇ ਹੰਝੂ ਪੂੰਝਦੇ ਹਨ ਤੇ ਵਾਦਾ ਕਰਦੇ ਹਨ ਕੀ ਘੱਟੋ ਓਹ ਤਾਂ ਆਪਣੇ ਵਿੱਚ "ਕੀੜੀ ਵਾਲੇ ਗੁਣ" ਲਿਆਉਣ ਦੀ ਕੋਸ਼ਿਸ਼ ਕਰਨਗੇ ਤੇ ਨਾਲ ਹੀ ਨਾਲ ਘੱਟੋ ਘੱਟ ਇੱਕ ਬੰਦੇ ਨੂੰ ਹੋਰ ਪੰਥਕ ਏਕੇ ਦੀ ਸੋਚ ਵਾਲੀ ਗੱਲ ਦਸ ਕੇ ਉਸ ਨੂੰ ਵੀ "ਕੇਕੜੇ ਤੋ ਕੀੜੀ" ਹੋਣ ਵਿੱਚ ਮਦਦ ਕਰਨਗੇ !
- ਬਲਵਿੰਦਰ ਸਿੰਘ ਬਾਈਸਨ
http://nikkikahani.com/