ਬਿਨੁ ਸਬਦੈ ਕਿਉ ਪਾਏ ਪਾਰੁ ॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ 842)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਏ ਗਏ ਪ੍ਰੋਗਰਾਮ ਦੀਆਂ ਖਬਰਾਂ ਦੂਸਰੇ ਦਿਨ ਇੱਕ ਟੀ. ਵੀ. ਚੈਨਲ ਤੋਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਸਨ। ਖ਼ਬਰਾਂ `ਚ ਨੀਊਜ਼ ਰੀਡਰ ਵਾਰ ਵਾਰ ਕਹਿ ਰਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ‘ਜਲੌ ਸਾਹਿਬ’ ਦੇ ਦਰਸ਼ਨ ਕਰ ਕੇ ਸੰਗਤਾਂ ਦਾ ਜਨਮ ਮਰਨ ਸੰਵਰ ਰਿਹਾ ਸੀ ਅਤੇ ਖ਼ਬਰ `ਚ ਇਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਜਿਵੇਂ ਜਲੌ ਦਾ ਦਰਸ਼ਨ ਹੀ ਸਭ ਦੁਖਾਂ ਦਾ ਦਾਰੂ ਹੈ।
ਆਪਣੇ ਇਤਿਹਾਸ ਨਾਲ਼ ਸੰਬੰਧਤ ਪੁਰਾਤਨ ਵਸਤਾਂ ਹਰੇਕ ਕੌਮ ਦੀ ਅਮਾਨਤ ਹੁੰਦੀਆਂ ਹਨ ਤੇ ਸਾਰੀ ਦੁਨੀਆਂ ਦੇ ਲੋਕ ਆਪਣੇ ਇਤਿਹਾਸ `ਤੇ ਮਾਣ ਕਰਦੇ ਹਨ ਤੇ ਉਹ ਇਹਨਾਂ ਵਸਤਾਂ ਨੂੰ ਦੇਖਣ ਲਈ ਅਜਾਇਬ-ਘਰਾਂ `ਚ ਜਾਂਦੇ ਹਨ। ਅੰਗਰੇਜ਼ਾਂ ਦੀ ਮਿਸਾਲ ਹੀ ਲੈ ਲਉ, ਇਹਨਾਂ ਨੇ ਜਿੱਥੇ ਆਪਣੀਆਂ ਵਸਤਾਂ ਤਾਂ ਸੰਭਾਲਣੀਆਂ ਹੀ ਸਨ ਉੱਥੇ ਹੋਰ ਦੇਸ਼ਾਂ ਦੀਆਂ ਅਮੋਲਕ ਵਸਤਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ। ਪਾਠਕ ਕਹਿ ਸਕਦੇ ਹਨ ਕਿ ਇਹ ਸਾਮਾਨ ਇਹਨਾਂ ਨੇ ਲੁੱਟ ਕੇ ਜਾਂ ਧੋਖੇ ਨਾਲ਼ ਲਿਆਂਦਾ ਹੋਇਆ ਹੈ। ਇਸ ਲੇਖ ਦਾ ਵਿਸ਼ਾ ਇਸ ਤਰ੍ਹਾਂ ਦੀ ਬਹਿਸ ਵਿੱਚ ਪੈਣਾ ਨਹੀਂ।
ਸਵਾਲ ਹੈ ਕਿ ਕੀ ਸੋਨੇ, ਚਾਂਦੀ, ਹੀਰੇ ਮੋਤੀਆਂ ਨਾਲ਼ ਜੜੀਆਂ ਵਸਤਾਂ ਦੇ ਦਰਸ਼ਨ ਕਰਨ ਨਾਲ਼ ਹੀ ਮਨੁੱਖ ਦਾ ਪਾਰ ਉਤਾਰਾ ਜਾਂਦਾ ਹੈ ਤੇ ਜਨਮ ਮਰਨ ਕੱਟਿਆ ਜਾਂਦਾ ਹੈ? ਕੀ ਬੜੀ ਸਾਜ਼ਿਸ਼ ਨਾਲ਼ ਸ਼ਬਦ-ਗੁਰੂ ਦੀ ਮਹੱਤਤਾ ਨੂੰ ਘਟਾਇਆ ਨਹੀਂ ਜਾ ਰਿਹਾ? ਮੈਂ ਖ਼ਬਰਾਂ ਦੇਖ ਕੇ ਹਟਿਆਂ ਹੀ ਸਾਂ ਕਿ ਇੱਕ ਮਿੱਤਰ ਪਿਆਰੇ ਦਾ ਇਸੇ ਸੰਬੰਧੀ ਫੋਨ ਆ ਗਿਆ। ਪਹਿਲਾਂ ਤਾਂ ਉਹਨੇ ਪੁੱਛਿਆ ਕਿ ਸਿੱਖ ਅੱਜ ਕਲ ਹਰੇਕ ਚੀਜ਼ ਨਾਲ਼ ਹੀ ‘ਸਾਹਿਬ’ ਕਿਉਂ ਲਗਾਉਣ ਲੱਗ ਪਏ ਹਨ ਉਸ ਦਾ ਇਸ਼ਾਰਾ ਸ਼ਬਦ ਜਲੌ ਨਾਲ਼ ਲਗਾਇਆ ‘ਸਾਹਿਬ’ ਸ਼ਬਦ ਸੀ। ਮੈਂ ਉਸ ਨੂੰ ਕਿਹਾ ਕਿ ਇਹ ਤਾਂ ਅਜੇ ਦਰਬਾਰ ਸਾਹਿਬ ਸਥਿੱਤ ਜਲੌ ਨਾਲ਼ ‘ਸਾਹਿਬ’ ਲਗਾਇਆ ਹੈ ਇਥੇ ਤਾਂ ਬੜੂ ਵੀ ‘ਸਾਹਿਬ’ ਹੋ ਜਾਂਦਾ ਹੈ ਤੇ ਦਾਦੂ ਵੀ ‘ਸਾਹਿਬ’ ਹੋ ਜਾਂਦਾ ਹੈ। ਜਦੋਂ ਕੋਈ ਗੁਰਮੁਖ ਪਿਆਰਾ ਚੁਣੌਤੀ ਦਿੰਦਾ ਹੈ ਤਾਂ ਮਨਘੜਤ ਸਾਖੀਆਂ ਜੋੜ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਸਿੱਖ ਕੌਮ ਅਜੇ ਸਾਖੀ ਪ੍ਰਚਾਰ `ਚੋਂ ਬਾਹਰ ਨਹੀਂ ਨਿਕਲ ਸਕੀ। ‘ਸਾਹਿਬ’ ਲਗਾਉਣ ਵਾਲ਼ਿਆਂ ਨੂੰ ਕੌਮ ਦੀ ਇਸ ਕਮਜ਼ੋਰੀ ਦਾ ਪਤਾ ਹੈ ਤੇ ਉਹ ‘ਸਾਹਿਬ’ ਸ਼ਬਦ ਨਾਲ਼ ਜੋੜ ਕੇ ਸਿੱਖਾਂ ਦੀ ਅੰਨ੍ਹੀ ਸ਼ਰਧਾ ਦਾ ਖ਼ੂਬ ਫ਼ਾਇਦਾ ਉਠਾਉਂਦੇ ਹਨ। ਮੈਂ ਉਸ ਸੱਜਣ ਨੂੰ ਕਿਹਾ ਕਿ ਇਹੀ ਤਾਂ ਬ੍ਰਾਹਮਣਵਾਦ ਹੈ। ਸਿੱਖ ਸਿਧਾਂਤ ਸਿਰਫ਼ ਸ਼ਬਦ ਰਾਹੀਂ ਹੀ ਪ੍ਰਮਾਤਮਾ ਨਾਲ਼ ਅਭੇਦ ਹੋਣ ਦੀ ਜੁਗਤ ਦੱਸਦਾ ਹੈ ਤੇ ਬ੍ਰਾਹਮਣਵਾਦ ਦੁਨਿਆਵੀ ਚੀਜ਼ਾਂ ਦੀ ਪੂਜਾ `ਚੋਂ।
ਨੀਊਜ਼ ਰੀਡਰ ਵਿਚਾਰੇ ਨੇ ਤਾਂ ਉਹੀ ਪੜ੍ਹਨਾ ਹੈ ਜੋ ਉਸ ਨੂੰ ਨੀਊਜ਼ ਐਡੀਟਰ ਜਾਂ ਮਾਲਕਾਂ ਨੇ ਲਿਖ ਕੇ ਦੇਣਾ ਹੈ। ਸੋ, ਅਜਿਹੀਆਂ ਕਈ ਥਾਵਾਂ `ਤੇ ਗੁਰਮਤਿ ਤੋਂ ਹੀਣੇ, ਸਾਧਾਂ ਦੇ ਚੇਲੇ ਆਦਿਕ ਬੈਠੇ ਹਨ ਜਿਹਨਾਂ ਤੋਂ ਸਿੱਖ ਸੰਗਤਾਂ ਨੂੰ ਖ਼ਬਰਦਾਰ ਹੋਣ ਦੀ ਲੋੜ ਹੈ।
ਨਿਰਮਲ ਸਿੰਘ ਕੰਧਾਲਵੀ