(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?)
(ਭਾਗ ਤੀਜਾ )
ਸਾਧੋ ਗੋਬਿੰਦ ਕੇ ਗੁਨ ਗਾਉ ॥ (219)
(ੳ) ਸਾਧੋ ਗੋਬਿੰਦ ਕੇ ਗੁਨ ਗਾਉ ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ ॥1॥ਰਹਾਉ॥
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥1॥
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥2॥5॥ (219)
ਵਿਆਖਿਆ;-
ਸਾਧੋ ਗੋਬਿੰਦ ਕੇ ਗੁਨ ਗਾਉ ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ ॥1॥ਰਹਾਉ॥
ਹੇ ਸੰਤ ਜਨੋ , ਸਤਸੰਗੀਉ , ਗੋਬਿੰਦ ਦੇ ਗੁਣ ਗਾਉਂਦੇ ਰਿਹਾ ਕਰੋ , ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੇ ਰਿਹਾ ਕਰੋ । ਇਹ ਜੋ ਅਮੋਲਕ ਮਨੁੱਖਾ ਜਨਮ ਮਿਲਿਆ ਹੈ , ਇਸ ਨੂੰ ਬੇਜਾਰ ਵਿਚ ਹੀ ਕਿਉਂ ਗਵਾਉਂਦੇ ਹੋ ?
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥1॥
ਹੇ ਸਤਸੰਗੀਉ ਪ੍ਰਭੂ ਤਾਂ ਪਤਿਤਾਂ , ਵਿਕਾਰੀ ਬੰਦਿਆਂ ਨੂੰ ਵੀ ਪੁਨੀਤ , ਪਵਿਤ੍ਰ ਕਰਨ ਵਾਲਾ , ਅਤੇ ਨਿਮਾਣੇ ਬੰਦਿਆਂ ਨੂੰ ਵੀ ਸਹਾਰਾ ਦੇਣ ਵਾਲਾ ਹੈ , ਤੁਸੀਂ ਵੀ ਉਸ ਦਾ ਹੀ ਆਸਰਾ ਲਵੋ । ਜਿਸ ਦਾ ਸਿਮਰਨ ਕਰਨ ਨਾਲ ਹਾਥੀ ਵਰਗੇ ਜਾਨਵਰ ਦਾ ਵੀ ਡਰ ਦੂਰ ਹੋ ਗਿਆ ਸੀ , ਤੁਸੀਂ ਅਜਿਹੇ ਸਮਰੱਥ ਵਾਹਿਗੁਰੂ ਨੂੰ ਕਿਉਂ ਭੁੱਲ ਰਹੇ ਹੋ ?
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥2॥5॥ (219)
ਹੇ ਸਤਸੰਗੀਉ ਤੁਸੀਂ ਅਹੰਕਾਰ ਅਤੇ ਮਾਇਆ ਦੇ ਮੋਹ ਨੂੰ ਤਿਆਗ ਕੇ , ਆਪਣਾ ਚਿੱਤ ਪਰਮਾਤਮਾ ਦੀ ਭਗਤੀ ਵਿਚ ਜੋੜੀ ਰੱਖੋ ।
ਨਾਨਕ ਆਖਦਾ ਹੈ ਕਿ ਵਿਕਾਰਾਂ ਤੋਂ ਬਚਣ ਦਾ , ਇਹੀ ਇਕ ਰਸਤਾ ਹੈ , ਪਰ ਇਹ ਰਸਤਾ ਤੁਸੀਂ ਗੁਰੂ ਦੀ ਸ਼ਰਨ ਵਿਚ ਪੈ ਕੇ , ਸ਼ਬਦ-ਵਿਚਾਰ ਆਸਰੇ ਹੀ ਲੱਭ ਸਕੋਗੇ ।
…………………………………………….
ਕਾ ਕੀ ਮਾਈ ਕਾ ਕੋ ਬਾਪ ॥ (188)
(ਅ) ਕਾ ਕੀ ਮਾਈ ਕਾ ਕੋ ਬਾਪ ॥
ਨਾਮ ਧਾਰੀਕ ਝੂਠੇ ਸਭਿ ਸਾਕ ॥1॥
ਕਾਹੇ ਕਉ ਮੂਰਖ ਭਖਲਾਇਆ ॥
ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥1॥ਰਹਾਉ॥
ਏਕਾ ਮਾਟੀ ਏਕਾ ਜੋਤਿ ॥
ਏਕੋ ਪਵਨੁ ਕਹਾ ਕਉਨੁ ਰੋਤਿ ॥2॥
ਮੇਰਾ ਮੇਰਾ ਕਰਿ ਬਿਲਲਾਹੀ ॥
ਮਰਣਹਾਰੁ ਇਹੁ ਜੀਅਰਾ ਨਾਹੀ ॥3॥
ਕਹੁ ਨਾਨਕ ਗੁਰਿ ਖੋਲੇ ਕਪਾਟ ॥
ਮੁਕਤੁ ਭਏ ਬਿਨਸੇ ਭ੍ਰਮ ਥਾਟ ॥4॥43 ॥ (188)
ਵਿਆਖਿਆ;-
ਕਾਹੇ ਕਉ ਮੂਰਖ ਭਖਲਾਇਆ ॥
ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥1॥ਰਹਾਉ॥
ਹੇ ਮੂਰਖ ਤੂੰ ਕਿਉਂ ਸੁਪਨੇ ਵਿਚ ਹੀ ਬੜਾਉਂਦਾ ਪਿਆ ਹੈਂ ? ਤੂੰ ਕਰਤਾਰ ਦੇ ਹੁਕਮ ਅਨੁਸਾਰ ਹੀ ਇਸ ਸੰਸਾਰ ਵਿਚ ਆਇਆ ਹੈਂ , ਤੇਰਾ ਇਨ੍ਹਾਂ ਰਿਸ਼ਤੇਦਾਰਾਂ ਨਾਲ ਸੰਜੋਗ ਬਣਿਆ ਹੈ ।
ਕਾ ਕੀ ਮਾਈ ਕਾ ਕੋ ਬਾਪ ॥
ਨਾਮ ਧਾਰੀਕ ਝੂਠੇ ਸਭਿ ਸਾਕ ॥1॥
ਇਨ੍ਹਾਂ ਵਿਚੋਂ ਕੌਣ ਕਿਸੇ ਦੀ ਮਾਂ ਹੈ ? ਕੌਣ ਕਿਸੇ ਦਾ ਬਾਪ ਹੈ ? ਇਹ ਸਾਰੇ ਸਾਕ ਨਾਮ-ਧ੍ਰੀਕ ਹਨ ਝੂਠੇ ਹਨ , ਸਰੀਰ ਵਿਚੋਂ ਜਾਨ ਨਿਕਲਣ ਦੇ ਨਾਲ ਹੀ , ਸਾਰੇ ਸਾਕ ਖਤਮ ਹੋ ਜਾਂਦੇ ਹਨ ।
ਏਕਾ ਮਾਟੀ ਏਕਾ ਜੋਤਿ ॥
ਏਕੋ ਪਵਨੁ ਕਹਾ ਕਉਨੁ ਰੋਤਿ ॥2॥
ਇਹ ਸਾਰੇ ਜੀਵ , ਇਕੋ ਮਿੱਟੀ (ਪੰਜਾਂ ਤੱਤਾਂ) ਦੇ ਬਣੇ ਹੋਏ ਹਨ , ਸਭ ਵਿਚ ਇਕੋ (ਪ੍ਰਭੂ ਦੀ) ਜੋਤ ਹੈ , ਸਭ ਵਿਚ ਹਵਾ ਦੇ ਆਸਰੇ ਪ੍ਰਾਣ ਚਲਦੇ ਹਨ । ਸੰਜੋਗ ਮੁੱਕਣ ਦੇ ਨਾਲ ਹੀ ਸਭ ਪਰਾਏ ਹੋ ਜਾਂਦੇ ਹਨ , ਕਿਸੇ ਨੂੰ ਕਿਸੇ ਲਈ ਰੋਣ ਦਾ ਕੋਈ ਲਾਭ ਨਹੀਂ ਹੁੰਦਾ ।
ਮੇਰਾ ਮੇਰਾ ਕਰਿ ਬਿਲਲਾਹੀ ॥
ਮਰਣਹਾਰੁ ਇਹੁ ਜੀਅਰਾ ਨਾਹੀ ॥3॥
ਲੋਕ ਮੇਰਾ ਮੇਰਾ ਕਰ ਕੇ ਵਿਲਕਦੇ ਹਨ , ਪਰ ਇਹ ਸਰੀਰ , ਸਦਾ ਲਈ ਕਿਸੇ ਦਾ ‘ਮੇਰਾ’ ਨਹੀਂ ਹੈ ਅਤੇ ਸਰੀਰ ਦੇ ਅੰਦਰਲਾ ਜੀਅ , ਮਰਨ ਵਾਲਾ ਨਹੀਂ ਹੈ ।
ਕਹੁ ਨਾਨਕ ਗੁਰਿ ਖੋਲੇ ਕਪਾਟ ॥
ਮੁਕਤੁ ਭਏ ਬਿਨਸੇ ਭ੍ਰਮ ਥਾਟ ॥4॥43 ॥ (188)
ਹੇ ਨਾਨਕ ਆਖ , ਜਿਨ੍ਹਾਂ ਦੇ ਗੁਰੂ ਨੇ ਕਪਾਟ ਖੋਲ੍ਹ ਦਿੱਤੇ ਹਨ , ਜਿਨ੍ਹਾਂ ਨੂੰ ਗੁਰੂ ਨੇ ਸੋਝੀ ਦੇ ਦਿੱਤੀ , ਉਨ੍ਹਾਂ ਦੇ ਇਸ ਮਾਇਆ ਦੇ ਪਸਾਰੇ ਵਲੋਂ ਸਾਰੇ ਭਰਮ-ਭੁਲੇਖੇ ਦੂਰ ਹੋ ਗਏ , ਅਤੇ ਉਹ ਤ੍ਰਿਸ਼ਨਾਵਾਂ ਤੋਂ ਮੁਕਤ ਹੋ ਗਏ ।
ਅਮਰ ਜੀਤ ਸਿੰਘ ਚੰਦੀ