ਵੱਧਦੀ ਗੁੰਡਾਗਰਦੀ ਨੂੰ ਨੱਥ ਕਿਵੇਂ ਪਵੇਗੀ...?
ਪੰਜਾਬ 'ਚ ਇਸ ਸਮੇਂ ਗੁੰਡਾਗਰਦੀ ਦਿਨੋ-ਦਿਨ ਵੱਧ ਰਹੀ ਹੈ। ਆਏ ਦਿਨ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਵੇਖਣਾ ਸੁਣਨ ਨੂੰ ਮਿਲ ਰਹੀਆਂ ਹਨ। ਉਨ੍ਹਾਂ ਤੋਂ ਜਾਪਦਾ ਹੈ ਕਿ ਜਿਵੇਂ ਪੰਜਾਬ 'ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਸਲ 'ਚ ਪੰਜਾਬ ਵਿੱਚ ਮਾਫ਼ੀਏ ਨੂੰ ਪ੍ਰਾਪਤ ਸਿਆਸੀ ਸਰਪ੍ਰਸਤੀ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਦੇ ਥਾਪੜੇ ਕਾਰਣ, ਉਸਦੇ ਹੌਸਲੇ ਬੁਲੰਦ ਹਨ, ਜਿਸ ਕਾਰਣ ਖੁੱਲੇ ਆਮ, ਦਿਨ-ਦਿਹਾੜੇ, ਉਹ ਜਦੋਂ ਚਾਹੁੰਣ ਜਿਥੇ ਚਾਹੁੰਣ ਗੁੰਡਾਗਰਦੀ ਦਾ ਨੰਗਾ ਨਾਚ ਕਰ ਸਕਦੇ ਹਨ। ਸ਼ਰੇਆਮ ਫ਼ਿਲਮੀ ਸਟਾਈਲ 'ਚ ਹੁੰਦੀਆਂ ਇਹ ਹਿੰਸਕ ਘਟਨਾਵਾਂ ਨੂੰ ਵੇਖ-ਸੁਣ ਕੇ ਆਮ ਨਸ਼ੇੜੀ ਮੁੰਡੇ ਵੀ ਆਪਣੇ-ਆਪ ਨੂੰ ''ਗੈਂਗਸਟਰ' ਸਮਝਦੇ ਹੋਏ, ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ 'ਚ ਆਪਣੀ ਟੌਹਰ ਸਮਝਣ ਲੱਗ ਪਏ ਹਨ।
ਰਾਜਸੀ ਆਗੂਆਂ ਵੱਲੋਂ ਜਦੋਂ ਤੋਂ ਕਾਲੇ ਧੰਦਿਆਂ ਅਤੇ ਬਾਹੂਬਲ ਨਾਲ ਵੋਟਾਂ 'ਚ ਜਿੱਤ ਪ੍ਰਾਪਤ ਕਰਨ ਲਈ, ਬੇਰੁਜ਼ਗਾਰ ਨੌਜਵਾਨ ਮੁੰਡਿਆਂ ਨੂੰ ਆਪਣੀ ਗੁੰਡਾ ਬ੍ਰਿਗੇਡ 'ਚ ਸ਼ਾਮਲ ਕਰਕੇ, ਇਨ੍ਹਾਂ ਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਹੈ ਅਤੇ ਇਸ ਗੁੰਡਾ ਬ੍ਰਿਗੇਡ ਨੂੰ ਪੂਰੀ-ਪੂਰੀ ਸਰਪ੍ਰਸਤੀ ਦਿੱਤੀ ਜਾਂਦੀ ਹੈ, ਜਿਸ ਕਾਰਣ ਪੁਲਿਸ ਵੀ ਇਨ੍ਹਾਂ ਦੀ ਹਵਾ ਵੱਲ ਨਹੀਂ ਝਾਕਦੀ ਅਤੇ ਇਹ ਗੁੰਡਾ ਬ੍ਰਿਗੇਡ ਆਮ ਲੋਕਾਂ ਲਈ ਹਊਆ ਬਣ ਜਾਂਦੀ ਹੈ, ਆਪਣੀ ਧੌਂਸ ਜਮਾਉਂਦੀ ਹੈ ਅਤੇ ਜਿਸ ਨੂੰ ਚਾਹਵੇ, ਉਸਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ। ਸ਼ਰੇਬਜ਼ਾਰ, ਸ਼ਰੇਆਮ ਗੋਲੀਆਂ ਚੱਲਣੀਆਂ, ਕ੍ਰਿਪਾਨਾਂ ਚੱਲਣੀਆਂ, ਡਾਗਾਂ ਤੇ ਰਾਡਾਂ ਦੀ ਵਰਤੋਂ ਹੋਣੀ, ਹੁਣ ਆਮ ਜਿਹਾ ਵਰਤਾਰਾ ਹੋ ਗਿਆ ਹੈ। ਦਿਨ- ਦਿਹਾੜੇ ਕਤਲ, ਡਾਕੇ, ਲੁੱਟਾਂ-ਖੋਹਾਂ ਬੇਖੌਫ਼ ਹੋ ਰਹੀਆਂ ਹਨ। ਸਿਆਸੀ ਆਗੂਆਂ ਦੀ ਸਰਪ੍ਰਸਤੀ ਕਾਰਣ, ਪੁਲਿਸ ਇਨ੍ਹਾਂ ਗੁੰਡਿਆਂ ਸਾਹਮਣੇ ਬੇਵੱਸ ਨਜ਼ਰ ਆਉਂਦੀ ਹੈ।
ਕਿਸੇ ਪੀੜ੍ਹਤ ਨੂੰ ਇਨਸਾਫ਼ ਦੇਣ ਦੀ ਥਾਂ, ਉਲਟਾ ਉਸ ਨੂੰ ਡਰਾਇਆ ਤੇ ਦਬਕਾਇਆ ਜਾਂਦਾ ਹੈ। ਵੱਡੀ ਤੋਂ ਵੱਡੀ ਵਾਰਦਾਤ ਕਰ ਦੇਣ ਦੇ ਬਾਵਜੂਦ ਇਹ ਗੁੰਡਾ ਅਨਸਰ ਅਜ਼ਾਦ ਤੇ ਬੇਲਗਾਮ ਘੁੰਮਦੇ ਹਨ। ਜੇ ਕਿਸੇ ਦਬਾਅ ਕਾਰਣ ਇਨ੍ਹਾਂ ਦੀ ਗ੍ਰਿਫ਼ਤਾਰੀ ਪਾਉਣੀ ਵੀ ਪੈ ਜਾਵੇ ਤਾਂ ਥਾਣੇ, ਹਵਾਲਾਤਾਂ 'ਚ ਇਨ੍ਹਾਂ ਨਾਲ ਵੀ. ਆਈ. ਪੀ. ਵਾਲਾ ਸਲੂਕ ਕੀਤਾ ਜਾਂਦਾ ਹੈ। ਪੰਜਾਬ ਦੇ ਲੋਕ ਜਿਹੜੇ ਜ਼ੋਰ-ਜਬਰ ਨੂੰ ਕਿਸੇ ਹੱਦ ਤੋਂ ਵੱਧ ਝੱਲਦੇ ਨਹੀਂ ਸਨ, ਉਹ ਅੱਜ ਆਪਣੀਆਂ ਮਜ਼ਬੂਰੀਆਂ ਵੱਸ, ਸਿਰ ਸੁੱਟ ਬੈਠੇ ਹਨ। ਪੰਜ-ਸੱਤ ਗੁੰਡੇ ਸ਼ਰੇਬਜ਼ਾਰ, ਗੁੰਡਾਗਰਦੀ ਦਾ ਨੰਗਾ ਨਾਚ ਨੱਚੀ ਜਾਂਦੇ ਹਨ, ਪ੍ਰੰਤੂ ਉਨ੍ਹਾਂ ਨੂੰ ਵੰਗਾਰਣ ਦੀ ਜੁਰੱਅਤ ਹੁਣ ਕੋਈ ਨਹੀਂ ਕਰਦਾ। ਅਣਖ਼ੀਲੇ, ਗੈਰਤਮੰਦ, ਪੰਜਾਬੀ ਹੁਣ ਕਿਧਰੇ ਗੁਆਚ ਗਏ ਹਨ?
ਪੰਜਾਬ 'ਚ ਅਮਨ-ਕਾਨੂੰਨ ਹੁਣ ਖੰਭ ਲਾ ਕੇ ਉੱਡ ਗਿਆ। ਉਸਦਾ ਕਾਰਣ ਇਹੋ ਹੈ ਕਿ ਸਮੇਂ ਦੇ ਹਾਕਮ ਇਹ ਚਾਹੁੰਦੇ ਹਨ। ਪੰਜਾਬ ਦੀ ਜੁਆਨੀ ਨੂੰ ਨਸ਼ੇੜੀ, ਵਿਗੜੈਲ ਬਣਾਉਣਾ ਉਸਦਾ ਟੀਚਾ ਹੋ ਚੁੱਕਾ ਹੈ। ਪੰਜਾਬ 'ਚ 50 ਲੱਖ ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰ ਘੁੰਮ ਰਹੇ ਹਨ। ਉਨ੍ਹਾਂ 'ਚ ਪੜ੍ਹੇ-ਲਿਖੇ ਵੀ ਹਨ, ਅੱਧ-ਪੜ੍ਹੇ ਵੀ ਹਨ ਅਤੇ ਕੱਚ-ਘਰੜ ਵੀ ਹਨ। ਇਸ ਹਤਾਸ਼, ਨਿਰਾਸ਼ ਤੇ ਦਿਸ਼ਾਹੀਣ ਜੁਆਨੀ ਨੂੰ ਗਲਤ ਰਾਹ ਤੋਰਣਾ, ਕਿਸੇ ਲਈ ਔਖਾ ਨਹੀਂ। ਉਨ੍ਹਾਂ ਨੂੰ ਸਬਜ਼ਬਾਗ ਵਿਖਾ ਕੇ, ਨਸ਼ੇੜੀ ਕਰਕੇ, ਤਬਾਹੀ ਤੇ ਬਰਬਾਦੀ ਦੀ ਖੱਡ 'ਚ ਸੁਟਿਆ ਜਾ ਰਿਹਾ ਹੈ।
ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਜਾਗਰੂਕ ਲੋਕਾਂ ਵੱਲੋਂ ਭ੍ਰਿਸ਼ਟ ਸਿਆਸੀ ਆਗੂਆਂ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦੀ ਤਿੱਕੜੀ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਉਣ ਲਈ ਇਨ੍ਹਾਂ ਵਿਰੁੱਧ ਜਹਾਦ ਸ਼ੁਰੂ ਕੀਤਾ ਜਾਵੇ। ਅਦਾਰਾ ਪਹਿਰੇਦਾਰ ਨੇ ਪੰਜਾਬ ਦੇ ਲੋਕਾਂ ਨੂੰ ''ਮਾਫ਼ੀਆ ਭਜਾਓ, ਪੰਜਾਬ ਬਚਾਓ' ਦਾ ਨਾਅਰਾ ਦਿੱਤਾ ਸੀ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਨਾਅਰਾ ਪੰਜਾਬ ਦੇ ਹਰ ਕੋਣੇ 'ਚ ਗੂੰਜੇ ਅਤੇ ਇਹ ਪੰਜਾਬ ਦੁਸ਼ਮਣ ਤਾਕਤਾਂ, ਜਿਹੜੀਆਂ ਗੁਰੂਆਂ ਦੇ ਪੰਜਾਬ ਨੂੰ ਨਸ਼ੇੜੀਆਂ, ਲੁਟੇਰਿਆਂ, ਕਾਤਲਾਂ, ਵਿਗੜੈਲਾਂ ਦੀ ਧਰਤੀ ਬਣਾਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਇਸ ਧਰਤੀ ਤੋਂ ਭਜਾ ਦਿੱਤਾ ਜਾਵੇ ਤਾਂ ਕਿ ਦਿਨ-ਦਿਹਾੜੇ ਹੁੰਦੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਸਦੀਵੀ ਰੂਪ 'ਚ ਖ਼ਤਮ ਹੋ ਜਾਣ।
ਜਸਪਾਲ ਸਿੰਘ ਹੇਰਾਂ
ਜਸਪਾਲ ਸਿੰਘ ਹੇਰਾਂ
ਵੱਧਦੀ ਗੁੰਡਾਗਰਦੀ ਨੂੰ ਨੱਥ ਕਿਵੇਂ ਪਵੇਗੀ...?
Page Visitors: 2903