(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?)
(ਭਾਗ ਚੋਥਾ )
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ (1352)
(ੳ) ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥1॥ਰਹਾਉ॥
ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥1॥
ਨਾਨਕੁ ਜਨੁ ਕਹਤ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥2॥1॥ (1352)
ਵਿਆਖਿਆ;-
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥1॥ਰਹਾਉ॥
ਹੇ ਭਾਈ , ਰਾਮ ਦਾ ਨਾਮ ਸਿਮਰਿਆ ਕਰ , ਹਰੀ ਦਾ ਨਾਮ ਸਿਮਰਿਆ ਕਰ । (ਗੁਰਬਾਣੀ ਢੋਲਕੀਆਂ-ਚਿਮਟਿਆਂ ਨਾਲ ਜਾਂ ਵਾਜੇ-ਤਬਲੇ ਨਾਲ ਵਾਹਿਗੁਰੂ ਦਾ ਨਾਮ ਸਿਮਰਨ ਦੀ ਗੱਲ ਨਹੀਂ ਕਰਦੀ , ਬਲਕਿ ਸਿੱਧੇ ਲਫਜ਼ਾਂ ਵਿਚ , ਕਰਤਾਰ ਦੀ ਰਜ਼ਾ ‘ਚ ਚੱਲਣ ਨੂੰ ਹੀ ਉਸ ਦਾ ਨਾਮ ਸਿਮਰਨਾ ਸਮਝਾਉਂਦੀ ਹੈ) ਇਹ ਸਿਮਰਨ ਹੀ ਤੇਰੇ ਕੰਮ ਆਵੇਗਾ ।
ਤੂੰ ਮਾਇਆ ਦਾ ਮੋਹ ਤਿਆਗ ਦੇਹ ਅਤੇ ਪਰਮਾਤਮਾ ਦੀ ਸਰਨ ਲਈ ਰੱਖ । ਇਨ੍ਹਾਂ ਦੁਨਿਆਵੀ ਸੁਖਾਂ ਨੂੰ ਨਾਸ਼ਵੰਤ ਸਮਝ , ਇਹ ਸਾਰਾ ਜਗਤ ਪਸਾਰਾ ਮਾਇਆ ਦੇ ਅਧੀਨ ਹੈ , ਇਹ ਇਕ ਦਿਨ ਤੇਰਾ ਸਾਥ ਛੱਡ ਜਾਣ-ਵਾਲਾ ਹੈ ।
ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥1॥
ਹੇ ਭਾਈ , ਤੂੰ ਕਾਹਦੇ ਉੱਤੇ ਮਾਣ ਕਰਦਾ ਹੈਂ ? ਸਾਰੀ ਦੁਨੀਆ ਦਾ ਰਾਜ ਵੀ , ਰੇਤ ਦੀ ਕੰਧ ਵਰਗਾ ਹੈ , ਪਤਾ ਨਹੀਂ ਕਦ ਖਿੱਲਰ ਜਾਣਾ ਹੈ । ਇਸ ਧਨ ਨੂੰ ਵੀ ਸੁਪਨੇ ਵਿਚ ਮਿਲੇ ਪਦਾਰਥ ਵਾਙ ਸਮਝ , ਜਿਸ ਨੇ ਅਸਲੀਅਤ ਸਾਮ੍ਹਣੇ ਆਉਂਦਿਆਂ ਹੀ ਤੇਰਾ ਸਾਥ ਛੱਡ ਜਾਣਾ ਹੈ ।
ਨਾਨਕੁ ਜਨੁ ਕਹਤ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥2॥1॥ (1352)
ਹੇ ਭਾਈ , ਨਿਮਾਣਾ ਨਾਨਕ ਤੈਨੂੰ ਇਹ ਗੱਲ ਸਮਝਾਉਂਦਾ ਹੈ ਕਿ ਤੇਰਾ ਇਹ ਸਰੀਰ ਵੀ ਤੇਰਾ ਸਾਥ ਛੱਡ ਜਾਵੇਗਾ , ਇਕ ਦਿਨ ਨਾਸ ਹੋ ਜਾਵੇਗਾ । ਜਿਵੇਂ ਤੇਰੀ ਜ਼ਿੰਦਗੀ ਦੇ ਪਿਛਲੇ ਦਿਨ , ਇਕ ਇਕ ਪਲ ਕਰ ਕੇ ਬੀਤ ਗਏ ਹਨ , ਤੇਰੀ ਮੌਜੂਦਾ ਜ਼ਿੰਦਗੀ ਵੀ ਇਵੇਂ ਹੀ ਬੀਤਦੀ ਜਾ ਰਹੀ ਹੈ । ਇਸ ਬਾਕੀ ਸਮੇ ਵਿਚ ਤੂੰ ਵਾਹਿਗੁਰੂ ਦਾ ਸਿਮਰਨ ਕਰ ਲੈ ।
…………………………………………………..
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ (1159)
(ਅ) ਗੁਰ ਸੇਵਾ ਤੇ ਭਗਤਿ ਕਮਾਈ ॥
ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥
ਸੋ ਦੇਹੀ ਭਜੁ ਹਰਿ ਕੀ ਸੇਵ ॥1॥
ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥
ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀ ਬਾਨੀ ॥
ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
ਅਬ ਨ ਭਜਸਿ ਭਜਸਿ ਕਬ ਭਾਈ ॥
ਆਵੈ ਅੰਤੁ ਨ ਭਜਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥
ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
ਸੋ ਸੇਵਕੁ ਜੋ ਲਾਇਆ ਸੇਵ ॥
ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥
ਬਹੁਰਿ ਨ ਆਵੈ ਜੋਨੀ ਬਾਟ ॥4॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥
ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥
ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥1॥9॥ (1159)
ਵਿਆਖਿਆ;-
ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥
ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
ਹੇ ਭਾਈ , ਗੋਬਿੰਦ ਨੂੰ , ਹਰੀ ਨੂੰ , ਵਾਹਿਗੁਰੂ ਨੂੰ ਸਿਮਰੋ , ਇਹ ਗੱਲ ਭੁੱਲ ਨਹੀਂ ਜਾਣੀ ਕਿ ਇਹ ਸਿਮਰਨ ਹੀ , ਮਨੁੱਖਾ ਜਨਮ ਦਾ ਲਾਹਾ ਹੈ , ਅਸਲੀ ਖੱਟੀ ਹੈ , ਅਸਲੀ ਕਮਾਈ ਹੈ ।
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥1॥
ਗੁਰ (ਸ਼ਬਦ) ਦੀ ਸੇਵਾ (ਗੁਰ ਦੀ ਸੇਵਾ , ਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈ । ਗੁਰ ਕੀ ਸੇਵਾ ਸਬਦੁ ਬੀਚਾਰੁ ॥ (223) ) ਅਤੇ ਉਸ ਵਲੋਂ ਮਿਲੇ ਗਿਆਨ ਦੀ ਰੌਸ਼ਨੀ ਵਿਚ , ਜੇ ਤੂੰ ਪ੍ਰਭੂ ਦੀ ਭਗਤੀ ਦੀ ਕਮਾਈ ਕਰੇਂ , ਤਾਂ ਹੀ ਸਮਝ ਕਿ ਤੈਨੂੰ ਮਨੁੱਖਾ ਦੇਹੀ ਮਿਲੀ ਹੈ , ਤੂੰ ਮਨੁੱਖਾ ਦੇਹੀ ਦਾ ਸਦ-ਉਪਯੋਗ ਕਰ ਰਿਹਾ ਹੈਂ । ਇਸ ਦੇਹੀ ਨੂੰ ਤਾਂ ਦੇਵਤੇ ਵੀ ਲੋਚਦੇ ਹਨ । ਤੈਨੂੰ ਇਹ ਸਰੀਰ ਮਿਲਿਆ ਹੈ ਤਾਂ , ਤੂੰ ਉਸ ਸਰੀਰ ਨਾਲ ਹਰੀ ਦਾ ਭਜਨ ਕਰ , ਉਸ ਦੀ ਸੇਵਾ ਕਰ ।
ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
ਇਸ ਤੋਂ ਪਹਿਲਾਂ ਕਿ , ਬੁਢੇਪੇ ਦੀ ਬਿਮਾਰੀ ਤੈਨੂੰ ਆ ਘੇਰੇ , ਇਸ ਤੋਂ ਪਹਿਲਾਂ ਕਿ ਤੇਰੀ ਜ਼ਬਾਨ ਥਿੜਕਣ ਲੱਗ ਜਾਵੇ , ਇਸ ਤੋਂ ਪਹਿਲਾਂ ਕਿ ਸਮਾ ਤੇਰੇ ਸਰੀਰ ਦਾ ਨਿਵਾਲਾ ਬਣਾ ਲਵੇ , ਹੇ ਮਨ ਤੂੰ ਰੱਬ ਦੀ ਭਗਤੀ ਕਰ ਲੈ ।
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
ਹੇ ਭਾਈ , ਜੇ ਇਸ ਵੇਲੇ ਵੀ ਤੂੰ ਉਸ ਦਾ ਸਿਮਰਨ ਨਹੀਂ ਕਰੇਂਗਾ , ਤਾਂ ਫਿਰ ਕਦੋਂ ਕਰੇਂਗਾ ? ਜਦ ਤੇਰਾ ਅੰਤ ਸਮਾ ਆ ਗਿਆ , ਫਿਰ ਤਾਂ ਤੇਰੇ ਕੋਲੋਂ ਸਿਮਰਨ ਨਹੀਂ ਹੋਣਾ । ਤੂੰ ਆਪਣੇ ਮਨੁੱਖਾ ਜਨਮ ਨੂੰ ਸਵਾਰਨ ਲਈ ਜੋ ਕੁਝ ਵੀ ਕਰਨਾ ਚਾਹੁੰਦਾ ਹੈਂ , ਉਹ ਹੁਣੇ , ਏਸੇ ਉਮਰ (ਜਵਾਨੀ) ਵਿਚ ਹੀ ਕਰ ਲੈ । ਇਹ ਸਮਾ ਬੀਤ ਜਾਣ ਮਗਰੋਂ , ਤੇਰੇ ਪੱਲੇ ਪਛਤਾਵੇ ਤੋਂ ਛੁੱਟ ਕੁਝ ਨਹੀਂ ਰਹਿ ਜਾਣਾ , ਅਤੇ ਤੂੰ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਨਹੀਂ ਹੋ ਸਕਣਾ ।
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੱੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥4॥
ਜਿਸ ਨੂੰ ਪ੍ਰਭੂ ਆਪ ਹੀ ਆਪਣੀ ਸੇਵਾ ਨਾਲ , ਆਪਣੀ ਰਜ਼ਾ ਵਿਚ ਚੱਲਣ ਨਾਲ ਜੋੜਦਾ ਹੈ , ਉਹੀ ਉਸ ਦਾ ਸੇਵਕ ਬਣਦਾ ਹੈ , ਉਸ ਦੇ ਹੁਕਮ ਵਿਚ ਚਲਦਾ ਹੈ , ਉਸ ਨੂੰ ਹੀ ਕਰਤਾਰ ਮਿਲਦਾ ਹੈ । ਗੁਰ ਨੂੰ ਮਿਲ ਕੇ , ਸ਼ਬਦ ਦੀ ਵਿਚਾਰ ਆਸਰੇ , ਉਸ ਦੇ ਮਨ ਦੇ ਕਪਾਟ ਖੁਲ੍ਹ ਜਾਂਦੇ ਹਨ , ਅਤੇ ਉਹ ਬੰਦਾ , ਮੁੜ ਕੇ ਜਨਮ-ਮਰਨ ਦੇ ਗੇੜ ਵਿਚ ਨਹੀਂ ਆਉਂਦਾ ।
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥1॥9॥ (1159)
ਕਬੀਰ ਆਖਦਾ ਹੈ , ਹੇ ਭਾਈ ਮੈਂ ਤੈਨੂੰ ਬਹੁਤ ਤਰੀਕਿਆਂ ਨਾਲ ਪੁਕਾਰ-ਪੁਕਾਰ ਕੇ ਦੱਸ ਰਿਹਾ ਹਾਂ , ਤੂੰ ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ , ਇਹ ਮਨੁੱਖਾ ਜਨਮ ਹੀ ਤੇਰੇ ਲਈ , ਕਰਤਾਰ ਨੂੰ ਮਿਲਣ ਦਾ ਮੌਕਾ ਹੈ , ਇਹੀ ਤੇਰੀ ਵਾਰੀ ਹੈ । ਇਹ ਹੁਣ ਤੇਰੀ ਮਰਜ਼ੀ ਹੈ ਕਿ ਤੂੰ ਮਨੁੱਖਾ ਜ਼ਿੰਦਗੀ ਦੀ ਇਸ ਬਾਜ਼ੀ ਨੂੰ ਜਿੱਤ ਕੇ ਜਾਣਾ ਹੈ ਜਾਂ ਹਾਰ ਕੇ ਜਾਣਾ ਹੈ ?
ਅਮਰ ਜੀਤ ਸਿੰਘ ਚੰਦੀ
13-9-2014
ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) (ਭਾਗ ਚੋਥਾ ) ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ (1352)
Page Visitors: 3091