ਭਾਜਪਾ ਦੇ ਮੋਦੀ ਭੁਕਾਨੇ ਦੀ ਫੂਕ ਨਿਕਲਣੀ ਸ਼ੁਰੂ..
ਆਖਿਆ ਜਾਂਦਾ ਹੈ ਕਿ ਸੁਫਨੇ ਬਹੁਤਾ ਸਮਾਂ ਨਹੀਂ ਵੇਚੇ ਜਾ ਸਕਦੇ , ਹਵਾ ਨਾਲ ਭਰਿਆ ਗੁਬਾਰਾ ਇੱਕ ਸੀਮਾ ਤੋਂ ਉੱਤੇ ਉੱਡ ਨਹੀਂ ਸਕਦਾ। ਸਿਰਫ ਪ੍ਰਚਾਰ ਸਹਾਰੇ ਲੋਕਾਂ ਨੂੰ ਕੁਝ ਸਮੇਂ ਲਈ ਗੁੰਮਰਾਹ ਕੀਤਾ ਜਾ ਸਕਦਾ ਹੈ , ਪ੍ਰੰਤੂ ਸਦਾ ਲਈ ਅਕਲ ਦੇ ਅੰਨ੍ਹੇ ਨਹੀਂ ਬਣਾਇਆ ਜਾ ਸਕਦਾ । ਗੁਰਬਾਣੀ ਦੇ ਮਹਾਵਾਕ ਅਨੁਸਾਰ 'ਓੜਕ ਸਚਿ ਰਹੀ' , ਸਿਰਫ ਸੱਚ ਹੀ ਸਦੀਵੀ ਹੁੰਦਾ ਹੈ । ਝੂਠ ਦਾ ਮੂੰਹ ਤਾਂ ਕਾਲਾ ਹੋਣਾ ਹੀ ਹੁੰਦਾ ਹੈ । ਸਿਰਫ ਸਵਾ ਸੌ ਕੁ ਦਿਨ 'ਚ ਜਿਸ ਤਰਾਂ੍ਹ ਮੋਦੀ ਦਾ ਬੁਖਾਰ ਦੇਸ਼ ਦੇ ਲੋਕਾਂ ਸਿਰੋਂ ਉਤਰਦਾ ਦਿਖਾਈ ਦਿੱਤਾ ਹੈ, ਇਹ ਸਿਰਫ ਭਾਜਪਾ ਜਾਂ ਭਗਵਾਂ ਬ੍ਰਿਗੇਡ ਲਈ ਹੀ ਨਹੀਂ ਸਗੋਂ ਦੇਸ਼ ਦੀ ਹਰ ਉਸ ਸਿਆਸੀ ਪਾਰਟੀ ਲਈ ਜਿਹੜੀ ਸਿਰਫ ਲੋਕਾਂ ਨੂੰ ਸੁਫਨੇ ਵੇਚ ਕੇ ਸੱਤਾ 'ਤੇ ਕਾਬਜ਼ ਹੁੰਦੀਆਂ ਹਨ ਅਤੇ ਕਰਦੀਆਂ ਕੁਝ ਨਹੀਂ , ਉਨਾਂ੍ਹ ਲਈ ਵੱਡਾ ਸਬਕ ਹੈ । ਲੋਕ ਸਭਾ ਦੀਆਂ ਤਿੰਨ ਸੀਟਾਂ ਅਤੇ ਵੱਖ -ਵੱਖ ਸੂਬਿਆਂ ਦੀਆਂ 33 ਵਿਧਾਨ ਸਭਾ ਸੀਟਾਂ ਦੇ ਨਤੀਜਿਆਂ ਨੇ ਮੋਦੀ ਭੁਕਾਨੇ ਦੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਹੈ।
ਮੋਦੀ ਦੇਸ਼ ਦੇ ਮੀਡੀਏ ਤੇ ਸੱਨਅਤੀ ਸਰਮਾਏਦਾਰ ਘਰਾਣਿਆਂ ਦੀ ਗਿਣੀ ਮਿਥੀ ਸਾਜ਼ਿਸ਼ ਤੇ ਮਿਲੀ ਭੁਗਤ ਸਹਾਰੇ ਦੇਸ਼ ਦੀ ਸੱਤਾ 'ਤੇ ਸ਼ਾਨ ਨਾਲ ਕਾਬਜ਼ ਹੋਇਆ ਸੀ। ਪ੍ਰੰਤੂ ਕਿਉਂਕਿ ਮੋਦੀ ਦੀਆਂ ਦੋਵੇਂ ਬਾਹਾਂ ਇੱਕ ਬਾਂਹ ਭਗਵਾਂ ਬ੍ਰਿਗੇਡ ਨੇ ਅਤੇ ਦੂਜੀ ਵੱਡੇ ਅੰਤਰ ਰਾਸ਼ਟਰੀ ਸਨਅਤੀ ਘਰਾਣਿਆਂ ਨੇ ਮਰੋੜੀਆਂ ਹੋਈਆਂ ਹਨ। ਇਸ ਕਾਰਣ ਮੋਦੀ ਦੇਸ਼ ਦੀ ਜਨਤਾ, ਜਿਹੜੀ ਮੰਹਿਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਸ਼ਾਸਨ ਕਾਰਣ ਚੀਕਾਂ ਮਾਰ ਰਹੀ ਸੀ, ਉਸ ਨੂੰ ਕੋਈ ਰਾਹਤ ਨਹੀਂ ਦੇ ਸਕੇ। ਦੇਸ਼ ਦੇ ਲੋਕਾਂ ਨੂੰ 'ਚੰਗੇ ਦਿਨ' ਆਉਣ ਦਾ ਵਿਖਾਇਆ ਸੁਫ਼ਨਾ ਪੂਰੀ ਤਰ੍ਹਾਂ ਟੁੱਟ ਗਿਆ। ਮੋਦੀ ਦੇ ਆਪਣੇ ਸੂਬੇ ਗੁਜਰਾਤ 'ਚ ਕਾਂਗਰਸ ਦਾ ਤਿੰਨੇ ਸੀਟਾਂ ਜਿੱਤਣਾਂ, ਰਾਜਸਥਾਨ 'ਚ ਕਾਂਗਰਸ ਦਾ ਭਾਜਪਾ ਨੂੰ ਧੋਬੀ ਪਟਕਾ ਦੇਣ ਅਤੇ ਯੂ.ਪੀ. 'ਚ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਵੱਲੋਂ ਭਾਜਪਾ ਦੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਗਈ ਹੈ। ਜਿਹੜਾ ਮੀਡੀਆ ਕੱਲ੍ਹ ਤੱਕ ਮੋਦੀ ਦੀ 9 ਸੂਬਿਆਂ 'ਚ ਪੂਰੀ ਚੜ੍ਹਤ ਦੱਸ ਰਿਹਾ ਸੀ, ਅੱਜ ਦੇ ਨਤੀਜੇ ਉਸਦੀ ਭਰੋਸੇਯੋਗਤਾ ਦਾ ਪੂਰੀ ਤਰ੍ਹਾਂ ਜਲੂਸ ਕੱਢਦੇ ਹਨ। ਅਸੀਂ ਮੋਦੀ ਸਰਕਾਰ ਦੇ ਬਣਨ ਤੇ ਹੀ ਲਿਖਿਆ ਸੀ ਕਿ ਮੋਦੀ ਦਾ ਦੂਹਰਾ ਏਜੰਡਾ ਹੈ, ਉਹ ਜਿੱਥੇ ਦੇਸ਼ ਨੂੰ ਬਹੁਕੌਮੀ ਕੰਪਨੀਆਂ ਦੇ ਹੱਥਾਂ 'ਚ ਸੌਂਪਣਾ ਚਾਹੁੰਦਾ ਹੈ ਅਤੇ ਚੀਨ ਜਾਪਾਨ, ਅਮਰੀਕਾ, ਰੂਸ ਦੀ ਯਾਤਰਾ 'ਚ ਉਥੇ ਦੀਆਂ ਬਹੁਕੌਮੀ ਕੰਪਨੀਆਂ ਨਾਲ ਭਾਰਤ 'ਚ ਵੱਡਾ ਨਿਵੇਸ਼ ਕਰਨ ਦੇ ਸਮਝੌਤੇ ਜਿਹੜਾ ਟ੍ਰਿਨੀਅਲ ਡਾਲਰ ਦੱਸਿਆ ਜਾ ਰਿਹਾ ਹੈ, ਕੀਤੇ ਜਾਣੇ ਹਨ। ਉਹ ਹਿੰਦੂਵਾਦੀ ਤਬਕਾ ਜਿਹੜਾ ਮੋਦੀ ਦੇ ਆਉਣ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਸਬਕ ਸਿਖਾਉਣ ਲਈ ਕਾਹਲਾ ਸੀ, ਉਹ ਮੋਦੀ ਵੱਲੋਂ ਵੱਟੀ ਚੁੱਪ ਤੋਂ ਉਤੇਜਿਤ ਹੈ।
ਮੋਦੀ ਦਾ ਦੋਹਰਾ ਏਜੰਡਾ ਦੇਸ਼ ਦੀ ਤਬਾਹੀ ਦਾ ਸਮਾਨ ਹੈ। ਜਿਸਦੀ ਸਮਝ ਹੁਣ ਆਮ ਲੋਕਾਂ ਨੂੰ ਆਉਣ ਲੱਗ ਪਈ ਹੈ। ਇਸ ਲਈ ਜਿਸ ਝੂਠ ਨੂੰ 100 ਵਾਰੀ ਬੋਲ ਕੇ ਸੱਚ ਬਣਾ ਦਿੱਤਾ ਗਿਆ ਸੀ, ਉਸ ਝੂਠ ਦਾ ਮੁਲੰਮ ਹੁਣ ਲਹਿਣਾ ਸ਼ੁਰੂ ਹੋ ਗਿਆ। ਆਉਂਦੇ ਮਹੀਨੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਅਤੇ ਇੰਨ੍ਹਾਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਜਿਹੜੀ ਭਾਜਪਾ ਕੱਲ੍ਹ ਤੱਕ ਹਵਾ 'ਚ ਉੱਡ ਰਹੀ ਸੀ, ਉਹ ਇੰਨ੍ਹਾਂ ਨਤੀਜਿਆਂ ਨਾਲ ਜ਼ਮੀਨ 'ਤੇ ਆ ਡਿੱਗੀ ਹੈ। ਆਪਣੇ ਸਹਿਯੋਗੀਆਂ ਨੂੰ ਟਿੱਚ ਜਾਣਨ ਦੀ ਨੀਤੀ 'ਤੇ ਵੀ ਹੁਣ ਉਹ ਮੁੜ ਵਿਚਾਰ ਜ਼ਰੂਰ ਕਰੇਗੀ। ਅਸੀਂ ਜਿਵੇਂ ਪਹਿਲਾਂ ਵੀ ਲਿਖਿਆ ਹੈ ਕਿ ਚੰਗੇ ਦਿਨਾਂ ਦੀ ਗ਼ਲਤ ਫਹਿਮੀ 'ਚ ਦੇਸ਼ ਦੇ ਆਮ ਲੋਕ ਜਿਹੜਾ ਫੈਸਲਾ 4 ਮਹੀਨੇ ਪਹਿਲਾਂ ਕਰ ਬੈਠੇ ਸਨ, ਹੁਣ ਉਸ 'ਚ ਸੁਧਾਰ ਕਰਨ ਲੱਗੇ ਹੋਏ ਹਨ ਅਤੇ ਵੋਟਰਾਂ ਵੱਲੋਂ ਇੰਨ੍ਹਾਂ 3 ਲੋਕ ਸਭਾ ਤੇ 33 ਵਿਧਾਨ ਸਭਾ ਸੀਟਾਂ ਤੇ ਜਿਹੜੀ ਮਾਤ ਭਾਜਪਾ ਨੂੰ ਦਿੱਤੀ ਗਈ ਹੈ, ਉਸ ਤੋਂ ਇਹ ਕਿਹੜਾ ਸਬਕ ਲੈਂਦੀ ਹੈ? ਉਸ ਤੇ ਦੇਸ਼ ਦਾ ਭਵਿੱਖ ਖੜ੍ਹਾ ਹੈ। ਕੀ ਭਾਜਪਾ ਹੁਣ ਵਿਕਾਸ ਦੀ ਥਾਂ ਭਗਵੇਂ ਏਜੰਡੇ ਤੇ ਤੇਜ਼ੀ ਨਾਲ ਅੱਗੇ ਵਧੇਗੀ ਜਾਂ ਦੇਸ਼ ਨੂੰ ਪੂਰੀ ਤਰ੍ਹਾਂ ਬਹੁਕੌਮੀ ਕੰਪਨੀਆਂ ਦੇ ਹੱਥਾਂ 'ਚ ਦੇਣ ਲਈ ਕਾਹਲੀ ਹੋਵੇਗੀ, ਇਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਫ਼ ਕਰ ਦੇਣਗੇ।
-ਜਸਪਾਲ ਸਿੰਘ ਹੇਰਾਂ