ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
ਇਹ ਸਭ ਕੁਝ ਕਿਸ ਨੇ ਕਰਨਾ ਹੈ ?
ਇਹ ਸਭ ਕੁਝ ਕਿਸ ਨੇ ਕਰਨਾ ਹੈ ?
Page Visitors: 3075

                  ਇਹ ਸਭ ਕੁਝ ਕਿਸ ਨੇ ਕਰਨਾ ਹੈ ?
 ਪਰਮਾਤਮਾ ਵਲੋਂ ਬੰਦੇ ਲਈ ਮਿਥਿਆ ਇਹ ਕੰਮ , ਜਿਸ ਬਾਰੇ ਗੁਰੂ ਸਾਹਿਬ ਨੇ ‘ਜਪੁ’ ਬਾਣੀ ਵਿਚ ਇਹ ਸਵਾਲ ਵੀ ਉਠਾਇਆ ਹੈ , 

               “ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥”

 ਅਤੇ ਨਾਲ ਹੀ ਜਵਾਬ ਵੀ ਦਿੱਤਾ ਹੈ ,

               “ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥”  (1) 

                      ਕਿਸ ਨੇ ਪੂਰਾ ਕਰਨਾ ਹੈ ?
     ਇਸ ਬਾਰੇ ਜੋ ਅੱਜ ਤਕ ਪ੍ਰਚਲਤ ਹੈ , ਉਹ ਇਸ ਆਧਾਰ ਤੇ ਹੈ ,

               ਰਸਨਾ ਗੁਣ ਗੋਪਾਲ ਨਿਧਿ ਗਾਇਣ ॥
              ਸਾਂਤਿ ਸਹਜ- ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ
॥1॥ਰਹਾਉ॥  (713-14) 

        ਅਰਥ (ਜੋ ਪ੍ਰਚਲਤ ਹਨ)
           ਹੇ ਭਾਈ ! (ਸਾਰੇ ਸੁਖਾਂ ਦੇ) ਖਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ , ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ , ਆਤਮਕ ਅਡੋਲਤਾ ਪੈਦਾ ਹੁੰਦੀ ਹੈ , ਸੁਖ ਪੈਦਾ ਹੁੰਦਾ ਹੈ , ਸਾਰੇ ਦੁੱਖ ਦੂਰ ਹੋ ਜਾਂਦੇ ਹਨ ।1।ਰਹਾਉ।
  (ਨੋਟ:- ਮੈਂ ਇਹ ਸਾਫ ਕਰ ਦਿਆਂ ਕਿ ਮੈਨੂੰ ਆਪਣੀ ਔਕਾਤ ਬਾਰੇ ਕੋਈ ਭੁਲੇਖਾ ਨਹੀਂ ਹੈ , ਮੇਰੇ ਵਿਚ ਏਨੀ ਸਮਰਥਾ ਨਹੀਂ ਕਿ ਮੈਂ ਪ੍ਰੋ. ਸਾਹਿਬ ਸਿੰਘ ਜੀ ਦੇ ਕੀਤੇ ਕੰਮ ਤੇ ਕੋਈ ਟਿਪਣੀ ਕਰ ਸਕਾਂ , ਕਿਉਂਕਿ ਗੁਰਬਾਣੀ ਦੇ ਅਰਥ ਕਰਨ ਲਗਿਆਂ ਮੈਂ ਪ੍ਰੋ. ਸਾਹਿਬ ਸਿੰਘ ਜੀ ਵਲੋਂ ਖੋਜੀ ਵਿਆਕਰਣ ਤੋਂ ਹੀ ਸੇਧ ਲੈਂਦਾ ਹਾਂ , ਇਹ ਮੇਰੀ ਹੀ ਨਹੀਂ , ਗੁਰਬਾਣੀ ਨੂੰ ਸਮਝਣ ਵਾਲੇ ਹਰ ਜਗਿਅਸੂ ਦੀ ਮਜਬੂਰੀ ਹੈ । ਪਰ ਇਕ ਗੱਲ ਜ਼ਰੂਰ ਧਿਆਨ ਵਿਚ ਰੱਖਣ ਵਾਲੀ ਹੈ ਕਿ , ਪ੍ਰੋ. ਸਾਹਿਬ ਸਿੰਘ ਜੀ ਕੋਲ ਸਮਾ ਅਤੇ ਸਾਧਨ ਬਹੁਤ ਸੀਮਤ ਸਨ , ਫਿਰ ਵੀ ਉਹ ਆਪਣਾ ਕੰਮ ਬਹੁਤ ਹੱਦ ਤਕ ਪੂਰਾ ਕਰ ਗਏ । ਗੁਰਬਾਣੀ ਅਜਿਹਾ ਅਥਾਹ ਸਾਗਰ ਹੈ ਜਿਸ ਨੂੰ ਸਮਝਣ ਲਈ ਜਿੰਨਾ ਵੀ ਡੂੰਘਾਈ ਵਿਚ ਜਾਇਆ ਜਾਵੇ , ਉਸ ਵਿਚੋਂ ਕੁਝ ਨਾ ਕੁਝ ਹੋਰ ਨਵਾਂ ਜ਼ਰੂਰ ਮਿਲਦਾ ਹੈ । ਇਸ ਲਈ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਪ੍ਰੋ. ਸਾਹਿਬ ਸਿੰਘ ਜੀ ਵਲੋਂ ਸ਼ੁਰੂ ਕੀਤੇ ਕੰਮ ਨੂੰ ਉਨ੍ਹਾਂ ਵਲੋਂ ਦਿੱਤੀ ਸੇਧ ਦੀ ਰੌਸ਼ਨੀ ਵਿਚ , ਜ਼ਰੂਰ ਅਗਾਂਹ ਵਧਾਉਣਾ ਚਾਹੀਦਾ ਹੈ । ਏਸੇ ਗੱਲ ਨੂੰ ਮੁੱਖ ਰਖ ਕੇ ਮੈਂ ਜੋ ਵੀ ਖੋਜ ਕਰਦਾ ਹਾਂ ਉਹ ਪਾਠਕਾਂ ਅੱਗੇ ਹੋਰ ਵਿਚਾਰਨ ਲਈ ਰੱਖ ਦੇਂਦਾ ਹਾਂ । ਏਥੇ ਵੀ ਉਹੀ ਉਪਰਾਲਾ ਕੀਤਾ ਹੈ ।
   ਵੈਸੇ ਮੈਂ ਬਹੁਤ ਸਾਰੇ ਉਨ੍ਹਾਂ ਵਿਦਵਾਨਾਂ ਨੂੰ ਵੀ ਜਾਣਦਾ ਹਾਂ , ਜੋ ਖਾਲੀ ਆਪਣੀ ਵਿਦਵਤਾ ਦਰਸਾਉਣ ਲਈ , ਪ੍ਰੋ, ਸਾਹਿਬ ਸਿੰਘ ਜੀ ਤੇ ਬੇ-ਤੁਕੀਆਂ ਟਿਪਣੀਆਂ ਕਰਦੇ ਰਹਿੰਦੇ ਹਨ , ਮੈਂ ਉਨ੍ਹਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ , ਗੁਰਬਾਣੀ ਨੂੰ ਦੁਨੀਆ ਵਿਚ ਪਰਚਾਰਨ ਦੀ ਜ਼ਿਮੇਵਾਰੀ ਸਾਡੀ ਹੈ , ਇਸ ਲਈ ਸਾਨੂੰ ਗੁਰਬਾਣੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ , ਜੋ ਸਾਨੂੰ ਆਪ ਗੁਰਬਾਣੀ ਦੀ ਖੋਜ ਕੀਤਿਆਂ ਹੋਣੀ ਹੈ । ਜਿੱਥੇ ਕੋਈ ਨਵੀਂ ਚੀਜ਼ ਸਮਝ ਆਉਂਦੀ ਹੈ , ਉਸ ਨੂੰ ਬੜੇ ਠਰਮੇ ਨਾਲ ਪਾਠਕਾਂ ਅੱਗੇ ਰੱਖਣਾ ਚਾਹੀਦੀ ਹੈ । ਇਹੀ , ਕੁਝ ਸਿੱਖਣ ਦਾ ਢੰਗ ਹੈ , ਦੂਸਰਿਆਂ ਨੂੰ ਨੀਵਾਂ ਵਿਖਾਉਣ ਦੀ ਬਿਰਤੀ , ਹੋਰ ਸਿੱਖਣ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਹੈ । ਸੋ ਆਉ ਪਹਿਲਾਂ ਗੁਰਬਾਣੀ ਨੂੰ ਆਪ ਸਮਝੀਏ , ਫਿਰ ਹੀ ਦੂਸਰਿਆਂ ਨੂੰ ਸਮਝਾਉਣ ਬਾਰੇ ਸੋਚੀਏ ।)
   ਗੱਲ ਚਲ ਰਹੀ ਸੀ ਸ਼ਬਦ ਦੇ ਅਰਥਾਂ ਦੀ , ਗੁਰੂ ਗ੍ਰੰਥ ਸਾਹਿਬ ਜੀ ਵਿਚ ਸੈਂਕੜੇ ਵਾਰੀ, ਮਨ ਨੂੰ ਸੰਬੋਧਿਤ ਸੇਧ ਦਿੱਤੀ ਹੈ ,
  ਸਿਮਰਿ ਮਨਾ । ਜਪੁ ਮਨ ਮੇਰੇ । ਭਜ ਮਨ । ਮਨ ਨਾਮ ਜਪਿ । ਮਨ ਮਹਿ ਰਾਖਉ ਏਕ ਅਸਾਰੇ ॥ ਮਨ ਮਹਿ ਰਾਮ ਨਾਮਾ ਜਾਪਿ ॥ ਮਨ ਮਹਿ ਰਾਖੈ ਹਰਿ ਹਰਿ ਏਕੁ ॥ ਮੰਨੈ । ਮੰਨੇ । ਮੰਨਿਐ । ਮੰਨੀਐ ।  ਇਨ੍ਹਾਂ ਸੰਬੋਧਨਾਂ ਦਾ ਜ਼ਬਾਨ ਨਾਲ ਕੋਈ ਸਬੰਧ ਨਹੀਂ ਹੈ , ਇਨ੍ਹਾਂ ਦਾ ਸਿੱਧਾ ਸਬੰਧ “ ਮਨ ” ਦੇ ਨਾਲ ਹੈ ।
 ਰਸਨਾ ਨੂੰ ਅਸੀਂ , ਪਤਾ ਨਹੀਂ ਕਿਸ ਆਸ਼ੇ ਅਧੀਨ ਜ਼ਬਾਨ ਨਾਲ ਨਰੜ ਦਿੱਤਾ ਹੈ ? ਜਦ ਕਿ ਰਸਨਾ ਦਾ ਅਰਥ ਹੈ
“ ਰਸ ਲੈਣ ਵਾਲੀ ਇੰਦਰੀ ”  ਇਹ ਠੀਕ ਹੈ ਕਿ ਜ਼ਬਾਨ , ਖਾਣ-ਪੀਣ ਵਾਲੀਆਂ ਚੀਜ਼ਾ ਦਾ ਰਸ ਲੈਂਦੀ ਹੈ , ਪਰ ਬਾਕੀ ਰਸਾਂ ਬਾਰੇ ?  ਜਿਵੇਂ ਇਕ ਰਸ ਹੈ “ ਕੰਨ-ਰਸ ” , ਉਸ ਵਿਚ ਜ਼ਬਾਨ ਦਾ ਕੀ ਦਖਲ ਹੈ ? ਉਸ ਦੀ ਰਸਨਾ ਤਾਂ  “ ਕੰਨ ” ਹੈ ।  ਇਵੇਂ ਹੀ ਦੁਨੀਆ ਦੀ ਸੁੰਦਰਤਾ ਅਤੇ ਕਰੂਪਤਾ ਦਾ ਰਸ ਲੈਣ ਵਾਲੀ ਰਸਨਾ “ਅੱਖ” ਹੈ , ਜ਼ਬਾਨ ਨਹੀਂ । ਖੁਸ਼ਬੂ ਅਤੇ ਬਦਬੂ ਦਾ ਰਸ ਲੈਣ ਵਾਲੀ ਰਸਨਾ ਹੈ “ ਨੱਕ ” । ਸਪਰਸ਼ ਦਾ ਰਸ ਲੈਣ ਵਾਲੀ ਰਸਨਾ ਹੈ “ ਤਵੱਚਾ ” ।   ਇਵੇਂ ਹੀ ਆਤਮਕ ਰਸ ਲੈਣ ਵਾਲੀ ਰਸਨਾ ਦਾ ਨਾਮ ਹੈ “ ਮਨ ” , ਜ਼ਬਾਨ ਨਹੀਂ ।  ਖਾਲੀ ਜ਼ਬਾਨ ਨਾਲ ਸਿਮਰਿਆਂ ਮਨ ਨੂੰ ਕੋਈ ਫਰਕ ਨਹੀਂ ਪੈਂਦਾ , ਜਦ ਤਕ ਉਸ ਵਿਚ ਮਨ ਵੀ ਸ਼ਾਮਲ ਨਾ ਹੋਵੇ । ਦੂਸਰੇ ਪਾਸੇ ਮਨ ਨਾਲ ਸਿਮਰਨ ਵਿਚ ਜ਼ਬਾਨ ਦੇ ਸ਼ਾਮਲ ਹੋਣ ਦੀ ਕੋਈ ਲੋੜ ਨਹੀਂ ਪੈਂਦੀ । ਪਰ ਆਮ ਸਿੱਖ ਵੀ ਕੀ ਕਰ ਸਕਦਾ ਹੈ ? ਜਦ ਸਿੱਖ ਵਿਦਵਾਨਾਂ ਨੂੰ “ਰਸਨਾ” ਦੇ ਮਾਮਲੇ ਵਿਚ , ਜਬਾਨ ਤੋਂ ਅੱਗੇ ਕੁਝ ਸੁਝਦਾ ਹੀ ਨਹੀਂ । ਅਤੇ ਏਸੇ ਆਧਾਰ ਤੇ ਹੀ ਅੱਜ ਸਿਮਰਨ , ਸਿਰਫ ਜ਼ਬਾਨ ਨਾਲ ਹੀ ਜੁੜਿਆ ਹੋਇਆ ਹੈ , ਮਨ ਨੂੰ ਉਸ ਤੋਂ ਦੂਰ ਹੀ ਰੱਖਿਆ ਗਿਆ ਹੈ । 

ਜਦ ਕਿ    
“ ਸਿਮਰਨ ” , “ ਸਮਰਣ ” ਤੋਂ ਬਣਿਆ ਹੈ , ਅਤੇ ਸਮਰਣ ਦਾ ਅਰਥ ਹੈ “ ਯਾਦ ” ।
   ਇਹ ਕੰਮ ਨਾ ਤਾਂ ਸਰੀਰ ਦਾ ਹੈ , ਕਿਉਂਕਿ ਸਰੀਰ ਇਕ ਮਾਧਿਅਮ ਮਾਤਰ ਹੈ । ਨਾ ਇਹ ਕੰਮ ਗਿਆਨ ਇੰਦਰੀਆਂ ਦਾ ਹੈ , ਉਨ੍ਹਾਂ ਦਾ ਕੰਮ ਸਿਰਫ ਦੁਨਿਆਵੀ ਗਿਆਨ , ਦਿਮਾਗ ਤਕ ਅਪੜਾਉਣਾ ਹੈ । ਨਾ ਇਹ ਕੰਮ ਕਰਮ ਇੰਦਰਿਆਂ ਦਾ ਹੈ , ਉਨ੍ਹਾਂ ਦਾ ਕੰਮ ਦਿਮਾਗ ਦੇ ਇਸ਼ਾਰੇ ਤੇ ਕੰਮ ਕਰਨਾ ਹੈ । ਨਾ ਇਹ ਕੰਮ ਦਿਮਾਗ ਦਾ ਹੈ , ਉਸ ਦਾ ਕਾਰਜ ਛੇਤਰ ਮਾਦੀ ਚੀਜ਼ਾਂ ਤਕ ਸੀਮਿਤ ਹੈ । ਫਿਰ ਇਹ ਕੰਮ ਜੀਵ ਲਈ ਕਿਸ ਨੇ ਕਰਨਾ ਹੈ ?
  ਯਕੀਨਨ ਇਹ ਸਾਰਾ ਕੰਮ ਮਨ ਦਾ ਹੈ , ਜੋ ਕਰਤਾਰ ਦੀ ਹੀ ਅੰਸ ਹੈ ।
              ਆਉ ਵੇਖੀਏ ਮਨ ਬਾਰੇ ਗੁਰਬਾਣੀ ਕੀ ਸੇਧ ਦਿੰਦੀ ਹੈ ?

                 ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
                ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ
॥32॥   (342)
  ਕਬੀਰ ਜੀ ਆਖਦੇ ਹਨ ਕਿ , ਬੰਦੇ ਨੂੰ ਆਪਣੀ ਜ਼ਿੰਦਗੀ ਵਿਚ , ਕੇਵਲ ਮਨ ਨਾਲ ਹੀ ਕੰਮ ਹੈ , ਕਿਉਂਕਿ ਮਨ ਨੂੰ ਸਮਝਾਉਣ ਨਾਲ ਹੀ , ਉਸ ਕਾਰਜ ਵਿਚ ਸਫਲਤਾ ਮਿਲਦੀ ਹੈ , ਜਿਸ ਕਾਰਜ ਲਈ ਬੰਦਾ ਸੰਸਾਰ ਵਿਚ ਆਇਆ ਹੈ । ਬੰਦੇ ਨੂੰ ਮਨ ਵਰਗੀ ਹੋਰ ਕੋਈ ਚੀਜ਼ ਨਹੀਂ ਮਿਲੀ , ਕਿਉਂਕਿ ਮਨ ਨੂੰ ਸਮਝਾਉਣ ਦਾ ਸਾਧਨ ਵੀ ਮਨ ਹੀ ਹੈ ।

                 ਇਹੁ ਮਨ ਸਕਤੀ ਇਹੁ ਮਨੁ ਸੀਉ ॥
                 ਇਹੁ ਮਨੁ ਪੰਚ ਤਤ ਕੋ ਜੀਉ ॥
                 ਇਹੁ ਮਨੁ ਲੇ ਜਉ ਉਨਮਨਿ ਰਹੈ ॥
                 ਤਉ ਤੀਨਿ ਲੋਕ ਕੀ ਬਾਤੈ ਕਹੈ
॥33॥      (342)
  ਮਨ ਜਦੋਂ ਮਾਇਆ ਦੇ ਪ੍ਰਭਾਵ ਹੇਠ ਆਉਂਦਾ ਹੈ , ਉਸ ਵੇਲੇ ਇਹ ਮਨ ਆਪ ਵੀ ਮਾਇਆ ਹੀ ਬਣ ਜਾਂਦਾ ਹੈ । ਇਸ ਦਾ ਮਕਸਦ , ਮਾਇਆ ਜੋੜਨਾ ਹੀ ਹੋ ਜਾਂਦਾ ਹੇ । ਜਦੋਂ ਮਨ ਪ੍ਰਭੂ ਦੇ ਪ੍ਰਭਾਵ ਹੇਠ ਆਉਂਦਾ ਹੈ , ਉਸ ਵੇਲੇ ਇਹ ਆਪ ਵੀ ਆਨੰਦ ਰੂਪ ਹਰੀ ਬਣ ਜਾਂਦਾ ਹੈ ।  ਜਦ ਮਨ ਸਰੀਰ ਦਾ ਪ੍ਰਭਾਵ ਕਬੂਲ ਕਰਦਾ ਹੈ , ਤਦ ਇਹ ਇਵੇਂ ਵਿਚਰਦਾ ਹੈ , ਜਿਵੇਂ ਇਹ ਆਪ ਵੀ ਪੰਜਾਂ ਤੱਤਾਂ ਤੋਂ ਹੀ ਬਣਿਆ ਹੋਵੇ ਅਤੇ ਇਸ ਦਾ ਮਕਸਦ ਸਿਰਫ ਸਰੀਰ ਦੀ ਪਾਲਣਾ ਕਰਨਾ ਹੋਵੇ ।
   ਪਰ ਜਦੋਂ ਮਨ (ਸ਼ਬਦ) ਗੁਰੂ ਦੇ ਪ੍ਰਭਾਵ ਅਧੀਨ , ਮਨ ਨੂੰ ਸਮਝਾਅ ਲੈਂਦਾ ਹੈ , ਤਾਂ ਉਹ ਪੂਰਨ ਖਿੜਾਉ ਵਿਚ ਟਿਕ ਕੇ , ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀ ਹੀ ਚਰਚਾ ਕਰਦਾ ਹੈ । ਇਸ ਦਾ ਸੁਭਾਉ , ਪਾਣੀ ਵਰਗਾ ਹੈ , ਜਿਸ ਨਾਲ ਵੀ ਜੁੜਦਾ ਹੈ ਉਸ ਵਰਗਾ ਹੀ ਹੋ ਜਾਂਦਾ ਹੈ ।

              ਆਉ ਗੁਰਬਾਣੀ ਵਿਚੋਂ , ਮਨ ਬਾਰੇ ਕੁਝ ਹੋਰ ਜਾਣੀਏ ।

                                          ਅਮਰ ਜੀਤ ਸਿੰਘ ਚੰਦੀ  
                                             20-9-2014

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.