ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਮਾਮਲਾ 1994 ਚ ਬੰਡਾਲਾ ਦੇ ਹੋਏ ਝੂਠੇ ਪੁਲਿਸ ਮੁਕਾਬਲੇ ਦਾ...
ਮਾਮਲਾ 1994 ਚ ਬੰਡਾਲਾ ਦੇ ਹੋਏ ਝੂਠੇ ਪੁਲਿਸ ਮੁਕਾਬਲੇ ਦਾ...
Page Visitors: 2599

ਮਾਮਲਾ 1994 ਚ ਬੰਡਾਲਾ ਦੇ ਹੋਏ ਝੂਠੇ ਪੁਲਿਸ ਮੁਕਾਬਲੇ ਦਾ...
ਆਈ. ਜੀ. ਉਮਰਾਨੰਗਲ ਖਿਲਾਫ ਸੀ. ਬੀ. ਆਈ. ਜਾਂਚ ਕਰੇ : ਕਰਨਲ ਸੰਧੂ
 ਚੰਡੀਗੜ੍ਹ, 26 ਸਤੰਬਰ (ਗਗਨਦੀਪ ਸਿੰਘ ਸੋਹਲ) : ਮਾਝਾ ਐਕਸ ਸਰਵਿਸਮੈਨ ਹਿਊਮਨ ਰਾਈਟਸ ਫਰੰਟ ਦੇ ਚੇਅਰਮੈਨ (ਰਿਟਾ.) ਕਰਨਲ ਜੀ. ਐਸ. ਸੰਧੂ ਨੇ ਅੱਜ ਪੰਜਾਬ ਦੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਤੇ ਗੰਭੀਰ ਦੋਸ਼ ਲਾਉਂਦਿਆਂ 1994 ਚ ਖਾਲਿਸਤਾਨੀ ਗੁਰਨਾਮ ਸਿੰਘ ਬੰਡਾਲਾ ਦੀ ਥਾਂ ਕਥਿਤ ਤੌਰ ਤੇ ਪਿੰਡ ਕਾਲਾ ਅਫਗਾਨਾ ਦੇ ਨੌਜਵਾਨ ਸੁਖਪਾਲ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਕਰਨ ਦੇ ਦੋਸ਼ ਲਾਉਂਦਿਆਂ ਇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।
ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਰਨਲ ਜੀ. ਐਸ. ਸੰਧੂ ਨੇ ਦੱਸਿਆ ਕਿ 1994 ਚ ਪੁਲਿਸ ਨੂੰ ਲੋੜੀਂਦੇ ਖਾਲਿਸਤਾਨੀ ਗੁਰਨਾਮ ਸਿੰਘ ਬੰਡਾਲਾ ਤੇ 25 ਲੱਖ ਦਾ ਇਨਾਮ ਸੀ। ਉਸ ਵੇਲੇ ਪਰਮਰਾਜ ਰੋਪੜ ਦੇ ਡੀ. ਐਸ. ਪੀ. ਸਨ ਤੇ ਉਨ੍ਹਾਂ ਮੋਟਾ ਇਨਾਮ ਪ੍ਰਾਪਤ ਕਰਨ ਲਈ ਉਸ ਵੇਲੇ ਪੁਲਿਸ ਵਲੋਂ ਚੁੱਕੇ ਗਏ ਸੁਖਪਾਲ ਸਿੰਘ ਨੂੰ ਹੀ ਕਥਿਤ ਤੌਰ ਤੇ ਝੂਠੇ ਪੁਲਿਸ ਮੁਕਾਬਲੇ ਚ ਮਾਰਕੇ ਗੁਰਨਾਮ ਸਿੰਘ ਬੰਡਾਲਾ ਵਜੋਂ ਪੇਸ਼ ਕੀਤਾ ਸੀ।
ਕਰਨਲ ਸੰਧੂ ਨੇ ਦੱਸਿਆ ਕਿ ਸੁਖਪਾਲ ਸਿੰਘ ਪਿੰਡ ਕਾਲਾ ਅਫਗਾਨਾ ਦਾ ਵਾਸੀ ਤੇ ਉਸ ਦੇ ਪਿਤਾ ਦਾ ਨਾਂਅ ਜਗੀਰ ਸਿੰਘ ਸੀ। 1994 ਤੋਂ ਬਾਦ ਉਨ੍ਹਾਂ ਦੇ ਪੁੱਤਰ ਦਾ ਕੋਈ ਥਹੁੰ ਪਤਾ ਨਹੀਂ ਲੱਗ ਰਿਹਾ ਸੀ ਕਿ ਅਚਾਨਕ 1998 ਚ ਬਟਾਲਾ ਦੇ ਤਤਕਾਲੀਨ ਐਸ ਐਸ ਪੀ ਲੋਕ ਨਾਥ ਆਂਗਰਾ ਨੇ ਬੰਡਾਲਾ ਨੂੰ ਜਿੰਦਾ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਸੁਖਪਾਲ ਦੇ ਮਾਪੇ ਉਸ ਨੂੰ ਫਿਰੋਜ਼ਪੁਰ ਜੇਲ੍ਹ ਚ ਜਾ ਕੇ ਮਿਲੇ ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਦਾ ਝੂਠਾ ਪੁਲਿਸ ਮੁਕਾਬਲਾ ਕਰ ਦਿਤਾ ਗਿਆ ਹੈ। ਕਰਨਲ ਸੰਧੂ ਨੇ ਇਸ ਬਾਬਤ ਤਤਕਾਲੀਨ ਅਖਬਾਰਾਂ ਦੀਆਂ ਕਟਿੰਗਾਂ ਪੇਸ਼ ਕਰਦਿਆਂ ਦੱਸਿਆ ਕਿ ਬੰਡਾਲਾ ਇਸ ਬਾਬਤ ਆਪਣੀ ਸਜ਼ਾ ਭੁਗਤ ਕੇ 2007 ਚ ਰਿਹਾਅ ਹੋ ਕੇ ਆਮ ਜ਼ਿੰਦਗੀ ਬਤੀਤ ਕਰ ਰਿਹਾ ਹੈ। ਕਰਨਲ ਸੰਧੂ ਨੇ ਕਿਹਾ ਕਿ ਮਾਮਲੇ ਦੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਚ ਇਕ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਸੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਸੁਖਪਾਲ ਦੇ ਪਰਿਵਾਰ ਵਲੋਂ ਹਾਈਕੋਰਟ ਚ ਉਮਰਾਨੰਗਲ ਖਿਲਾਫ ਇਕ ਰਿਟ ਪਾਈ ਹੋਈ ਹੈ ਪਰ ਹੁਣ ਉਮਰਾਨੰਗਲ ਵਲੋਂ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਜਿਸ ਕਾਰਨ ਪਰਿਵਾਰ ਆਪਣੀ 2 ਕਣਾਲ ਜ਼ਮੀਨ ਤੇ ਘਰ ਵੇਚਕੇ ਕਿਤੇ ਹੋਰ ਲੋੁਕ ਛਿਪ ਕੇ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਪੇਸ਼ੀ 4 ਨਵੰਬਰ ਦੀ ਹੈ ਜਿਸ ਦੌਰਾਨ ਹਾਈਕੋਰਟ ਤੋਂ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਜਾਵੇਗੀ।
ਇਸ ਸਬੰਧੀ ਬਾਬੂਸ਼ਾਹੀ ਦੇ ਇਸ ਪ੍ਰਤੀਨਿਧ ਵਲੋਂ ਸੰਪਰਕ ਕਰਨ ਤੇ ਉਮਰਾਨੰਗਲ ਨੇ ਕਿਹਾ ਕਿ ਇਹ ਮਾਮਲਾ ਹਾਈਕੋਰਟ ਚ ਹੈ। ਇਸ ਲਈ ਉਹ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.