(ਦੂਜਾ ਵਿਸ਼ਾ –ਮਨੁੱਖਾ ਜਨਮ ਸਵਾਰਨ ਅਤੇ ਵਿਗਾੜਨ ਵਿਚ ਮਨ ਦਾ ਰੋਲ ?)
(ਭਾਗ ਦੂਜਾ )
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ (੬੬੯-੭੦)
(ੳ)
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥1॥
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ਰਹਾਉ॥
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥2॥6॥12॥ (669-70)
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ਰਹਾਉ॥
ਹੇ ਮਨ , ਸਦਾ ਥਿਰ , ਸਦਾ ਕਾਇਮ ਰਹਣ ਵਾਲੇ ਪ੍ਰਭੂ ਦਾ ਨਾਮ ਹਮੇਸ਼ਾ ਜਪਿਆ ਕਰ , ਯਾਦ ਰੱਖਿਆ ਕਰ । ਹੇ ਭਾਈ ਮਾਇਆ ਤੋਂ ਨਿਰਲੇਪ , ਸਰਬ ਵਿਆਪਕ ਵਾਹਿਗੁਰੂ ਦਾ ਹਮੇਸ਼ਾ ਧਿਆਨ ਧਰਨਾ ਚਾਹੀਦਾ ਹੈ , ਇਵੇਂ ਲੋਕ ਅਤੇ ਪਰਲੋਕ ਵਿਚ ਇੱਜ਼ਤ ਮਿਲਦੀ ਹੈ ।
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥1॥
ਹੇ ਮੇਰੀ ਜਿੰਦੇ , ਜਿਹੜਾ ਰੱਬ ਸਾਰੀਆਂ ਇਛਿਆਵਾਂ ਪੂਰੀਆਂ ਕਰਨ ਵਾਲਾ ਹੈ , ਸਾਰੇ ਸੁੱਖ ਦੇਣ ਵਾਲਾ ਹੈ , ਹਿੰਦੂਆਂ ਵਿਚ ਮੰਨੀ ਜਾਂਦੀ , ਕਾਮ-ਧੇਨ ਗਊ , ਜਿਸ ਬਾਰੇ ਮਾਨਤਾ ਹੈ ਕਿ ਉਹ ਸਾਰੀਆਂ ਇਛਿਆਵਾਂ ਪੂਰੀਆਂ ਕਰਦੀ ਹੈ , ਉਹ ਗਊ ਵੀ ਅਕਾਲ-ਪੁਰਖ ਦੇ ਅਧੀਨ ਹੈ । ਅਜਿਹੇ ਕਰਤਾਰ ਦਾ ਹਮੇਸ਼ਾ ਧਿਆਨ ਧਰਨਾ ਚਾਹੀਦਾ ਹੈ ।
ਹੇ ਮੇਰੇ ਮਨ , ਉਸ ਦਾ ਸਿਮਰਨ ਕਰਨ ਨਾਲ , ਤੂੰ ਸਾਰੇ ਸੁਖ ਹਾਸਲ ਕਰ ਲਵੇਂਗਾ ।
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥2॥6॥12॥
ਹੇ ਭਾਈ ਜਿਸ ਹਿਰਦੇ ਵਿਚ ਪਰਮਾਤਮਾ ਨੂੰ ਯਾਦ ਰੱਖਿਆ ਜਾਂਦਾ ਹੈ , ਉਸ ਵਿਚੋਂ ਝਗੜੇ-ਝਾਂਜੇ ਖਤਮ ਹੋ ਜਾਂਦੇ ਹਨ । ਇਹ ਹਰੀ ਦੀ ਭਗਤੀ ਉਸ ਦਾ ਸਿਮਰਨ , ਵੱਡੇ ਭਾਗਾਂ ਨਾਲ ਹੀ ਸੰਭਵ ਹੈ ।
ਹੇ ਭਾਈ , ਦਾਸ ਨਾਨਕ ਨੂੰ ਗੁਰੂ ਨੇ ਇਹ ਸੋਝੀ ਬਖਸ਼ੀ ਹੈ ਕਿ , ਪ੍ਰਭੂ ਦਾ ਨਾਮ ਜਪ ਕੇ , ਉਸ ਦੇ ਹੁਕਮ ਪਾਲਣਾ ਕਰ ਕੇ , ਭਵਜਲ ਤੋਂ , ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ।
……………………………………………………….
(ਅ)
ਜਪਿ ਮਨ ਸਿਰੀ ਰਾਮੁ ॥ ਰਾਮ ਰਮਤ ਰਾਮੁ ॥ਸਤਿ ਸਤਿ ਰਾਮੁ ॥
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥1॥ਰਹਾਉ॥
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥1॥
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥2॥6॥13॥ (1202)
ਜਪਿ ਮਨ ਸਿਰੀ ਰਾਮੁ ॥ ਰਾਮ ਰਮਤ ਰਾਮੁ ॥ਸਤਿ ਸਤਿ ਰਾਮੁ ॥
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥1॥ਰਹਾਉ॥
ਹੇ ਭਾਈ ਸ੍ਰੀ ਰਾਮ ਦਾ ਨਾਮ ਜਪਿਆ ਕਰ , ਉਸ ਰਾਮ ਦਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ , ਜੋ ਸਰਬ ਵਿਆਪਕ ਹੈ , ਹਰ ਥਾਂ ਮੌਜੂਦ ਹੈ । ਜੋ ਰਮਿ ਹਮੇਸ਼ਾ-ਹਮੇਸ਼ਾ ਕਾਇਮ ਰਹਣ ਵਾਲਾ ਹੈ ।
ਹੇ ਭਈ ਸਦਾ ਕਾਇਮ ਰਹਣ ਵਾਲੇ ਰਾਮ ਦੇ ਗੁਣ ਉਚਾਰਿਆ ਕਰ । ਉਹ ਸਭ ਥਾਂ ਮੌਜੂਦ ਹੈ ਅਤੇ ਸਭ ਕੁਝ ਜਾਨਣ ਵਾਲਾ ਹੈ ।
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥1॥
ਹੇ ਭਾਈ ਉਹ ਰਾਮ , ਸਭ ਥਾਈਂ , ਸੰਸਾਰ ਦੇ ਕਣ-ਕਣ ਵਿਚ , ਹਰਿ ਸਰੀਰ ਵਿਚ ਆਪ ਹੀ ਆਪ ਹੈ । ਸਭ ਕੁਝ ਕਰਨ ਵਾਲਾ ਉਹ ਰਾਮ ਆਪ ਹੀ ਆਪ ਹੈ , ਹੋਰ ਕੋਈ ਦੇਵੀ-ਦੇਵਤਾ , ਅਵਤਾਰ , ਪੀਰ-ਪੈਗੰਬਰ ਇਸ ਸਮਰਥਾ ਵਾਲਾ ਨਹੀਂ । ਸਾਰੀ ਸ੍ਰਿਸ਼ਟੀ ਵਿਚ ਉਹ ਆਪ ਹੀ ਆਪ ਹੈ , ਸਭ ਉਸ ਦਾ ਹੀ ਆਕਾਰ , ਉਸ ਦਾ ਹੀ ਸਰੂਪ ਹਨ , ਕਿਉਂਕਿ ਸਾਰੀ ਸ੍ਰਿਸ਼ਟੀ ਉਸ ਵਿਚੋਂ ਹੀ ਪੈਦਾ ਹੋਈ ਹੈ ਅਤੇ ਆਖਿਰ ਉਸ ਵਿਚ ਹੀ ਸਮਾ ਜਾਣੀ ਹੈ ।
ਹੇ ਭਾਈ , ਉਹੀ ਮਨੁੱਖ , ਰਾਮ ਦੇ ਨਾਮ ਦੀ ਲਿਵ ਨਾਲ ਜੁੜਦਾ ਹੈ , ਜਿਸ ਤੇ ਮੇਰਾ ਪਿਆਰਾ ਰਾਮ , ਸਾਰੀ ਸ੍ਰਿਸ਼ਟੀ ਦਾ ਰਾਜਾ ਰਾਮ , ਆਪ ਬਖਸ਼ਿਸ਼ ਕਰਦਾ ਹੈ ।
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥2॥6॥13॥
ਹੇ ਸੰਤ ਜਨੋ , ਸਤਸੰਗੀਉ ਉਸ ਰਾਮ ਦੇ ਹੁਕਮ ਦੀ ਵਡਿਆਈ ਵੇਖੋ , ਜਿਹੜਾ ਵਿਕਾਰਾਂ ਦੀ ਅੱਗ ਵਿਚ ਸੜਦੇ-ਬਲਦੇ ਇਸ ਸੰਸਾਰ ਵਿਚ , ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ ਹੈ ।
ਹੇ ਨਾਨਕ ਆਖ , ਹੇ ਭਾਈ , ਮੇਰੇ ਪਿਆਰੇ , ਇਸ ਸੰਸਾਰ ਦੇ ਰਾਜੇ ਰਾਮ ਨੇ ਜਿਸ ਦਾ ਵੀ ਪੱਖ ਪੂਰਿਆ , ਜਿਸ ਦੀ ਵੀ ਰਕਸ਼ਾ ਕੀਤੀ , ਉਸ ਦੇ ਸਾਰੇ ਦੁਸ਼ਮਣ (ਵਿਕਾਰ) ਅਤੇ ਦੁਖ ਦੂਰ ਹੋ ਗਏ ।
(ਨੋਟ:- ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਮਨ ਨੂੰ ਸਮਝਾਉਂਦਿਆਂ , ਕਣ-ਕਣ ਵਿਚ ਰਮੇ ਰਾਮ ਦਾ ਵਿਸਲੇਸ਼ਨ , ਇਵੇਂ ਕੀਤਾ ਹੈ , ਜਿਵੇਂ ਕੋਈ ਬਾਪ ਆਪਣੇ ਅਬੋਧ ਬਾਲਕ ਨੂੰ , ਦੁਨਿਆਵੀ ਗੱਲਾਂ ਸਮਝਾਉਂਦਾ ਹੈ । ਮੁੜ-ਮੁੜ ਕੇ ਸਮਝਾਇਆ ਹੈ ਕਿ ਉਹ ਇਸ ਸਾਰੇ ਸੰਸਾਰ ਦਾ ਰਾਜਾ ਹੈ । ਉਹ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ । ਉਹੀ ਸਭ ਕੁਝ ਕਰਨ ਦੇ ਸਮਰੱਥ ਹੈ । ਪਰ ਫਿਰ ਵੀ ਸਿੱਖ ਰਮਤ-ਰਾਮ ਅਤੇ ਦਸ਼ਰਥ-ਪੁਤਰ ਰਾਮ ਵਿਚ ਫਰਕ ਸਮਝਣ ਤੋਂ ਵੀ ਅਸਮਰੱਥ ਹਨ । ਕਿਉਂ ?)
ਅਮਰ ਜੀਤ ਸਿੰਘ ਚੰਦੀ
27-9-2014