ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
“ ਸਿੱਖ ਪੰਥ ” ਹੈ ! “ ਸਿੱਖ ਧਰਮ ” ਹੈ ! ਜਾਂ …..?
“ ਸਿੱਖ ਪੰਥ ” ਹੈ ! “ ਸਿੱਖ ਧਰਮ ” ਹੈ ! ਜਾਂ …..?
Page Visitors: 3976

                        “ ਸਿੱਖ ਪੰਥ ” ਹੈ ! “ ਸਿੱਖ ਧਰਮ ” ਹੈ !  ਜਾਂ …..?
      ਇਸ ਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਪੰਥ ਅਤੇ ਧਰਮ ਵਿਚਲਾ ਫਰਕ ਸਮਝਣ ਦੀ ਲੋੜ ਹੈ । ਇਨ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਸਮਝਣਦੇ ਰਾਹ ਵਿਚ ਸਭ ਤੋਂ ਵੱਡੀ ਅੜਚਣ ਉਹ ਵਿਦਵਾਨ ਹਨ , ਜੋ ਪੰਜਾਬੀ ਨਾਲੋਂ ਜ਼ਿਆਦਾ ਸੰਸਕ੍ਰਿਤ ਨੂੰ ਮਾਨਤਾ ਦਿੰਦੇ ਹਨ , ਇਸ ਆਧਾਰ ਤੇ ਆਪਣੇ-ਆਪ ਹੀ ਪੰਜਾਬੀ ਤੇ ਆਧਾਰਿਤ “ ਗੁਰੂ ਗ੍ਰੰਥ ਸਾਹਿਬ ” ਨਾਲੋਂ ਸੰਸਕ੍ਰਿਤ ਅਧਾਰਿਤ ਗ੍ਰੰਥਾਂ ਨੂੰ ਜ਼ਿਅਦਾ ਮਾਨਤਾ ਮਿਲ ਜਾਂਦੀ ਹੈ । ਇਵੇਂ ਉਨ੍ਹਾਂ ਵਿਦਵਾਨ ਵੀਰਾਂ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ , ਉਹ ਆਪਣੀ ਲਿਆਕਤ ਦਾ ਪ੍ਰਗਟਾਵਾ ਕਰਨ ਲਈ , ਠੇਠ ਪੰਜਾਬੀ ਅੱਖਰਾਂ ਦੀਆਂ ਜੜ੍ਹਾਂ ਵੀ ਸੰਸਕ੍ਰਿਤ ਵਿਚ ਲਭਦੇ ਫਿਰਨ ।
 ਏਥੇ ਵੀ ਲਫਜ਼ ਹੈ ਪੰਥ , ਠੇਠ ਪੰਜਾਬੀ ਲਫਜ਼ , ਜੋ ਹੋਰ ਕਿਸੇ ਭਾਸ਼ਾ ਵਿਚ ਨਹੀਂ ਹੈ । ਇਹ ਬਣਿਆ ਹੈ ਲਫਜ਼ ਪੰਧ ਤੋਂ ਜਿਸ ਦਾ ਅਰਥ ਹੈ , ਪੈਂਡਾ , ਰਸਤਾ । ਇਸ ਤੋਂ ਹੀ ਲਫਜ਼ ਬਣਿਆ ਹੈ  ਪਾਂਧੀ , ਰਸਤੇ ਤੇ ਚੱਲਣ ਵਾਲਾ ।
(ਇਹ ਰਸਤਾ ਕਿਹੜਾ ਹੈ ? ਆਪਾਂ ਅੱਗੇ ਚਲ ਕੇ ਵਿਚਾਰਦੇ ਹਾਂ)
   ਇਸ ਤੋਂ ਹੀ ਇਕ ਲਫਜ਼ ਘੜ ਲਿਆ ਗਿਆ ਹੈ  “ ਨਾਨਕ ਪੰਥੀ ” ਜੋ ਨਾ ਤਾਂ ਸਿਧਾਂਤਕ ਪੱਖੋਂ ਹੀ ਠੀਕ ਹੈ , ਨਾ ਵਿਆਕਰਣਿਕ ਪੱਖੋਂ ਹੀ ਠੀਕ ਹੈ । ਕਿਉਂਕਿ ਗੁਰੂ ਨਾਨਕ ਜੀ ਨੇ ਆਪਣਾ ਕੋਈ ਵੱਖਰਾ ਰਾਹ ਨਹੀਂ ਚਲਾਇਆ ਸੀ , ਜਿਸ ਤੇ ਚੱਲਣ ਵਾਲੇ ਨਾਨਕ ਪੰਥੀ ਬਣ ਗਏ । ਅਜਿਹੇ ਸਿਧਾਂਤ ਹੀਣ ਲਫਜ਼ਾਂ ਕਾਰਨ ਹੀ ਪੰਥ ਤੋਂ ਭਟਕ ਕੇ , ਸਿੱਖੀ ਧਰਮ ਵੱਲ ਵਧਦੀ ਗਈ , ਅਤੇ ਅੱਜ ਬੜੇ ਮਾਣ ਨਾਲ ਕਿਹਾ ਜਾਂਦਾ ਹੈ ਕਿ “ਸਿੱਖ ਧਰਮ” (ਗਿਣਤੀ ਦੇ ਆਧਾਰ ਤੇ) ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ ।
        ਅੱਜ ਦੇ ਧਰਮ ਕੀ ਹਨ ?
 ਧਰਮ ਉਨ੍ਹਾਂ ਬੰਦਿਆਂ ਦੀ ਵਲਗਣ ਹੈ , ਜਿਸ ਵਿਚ ਕਿਸੇ ਖਾਸ ਬੰਦੇ (ਰਹਬਰ) ਵਲੋਂ ਘੜੇ ਹੋਏ ਨਿਯਮ-ਕਾਨੂਨ ਲਾਗੂ ਹੁੰਦੇ ਹੋਣ । ਧਰਮ ਦੇ ਲਈ ਜ਼ਰੂਰੀ ਹੈ , ਇਕ ਕਾਨੂਨੀ ਪੁਸਤਕ ਦਾ ਹੋਣਾ । (ਜਿਸ ਦੇ ਕਾਨੂਨਾਂ ਤੇ , ਉਸ ਧਰਮ ਨਾਲ ਸਬੰਧਤ ਕੋਈ ਵੀ ਵਿਅਕਤੀ , ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ)  ਉਸ ਧਰਮ ਦਾ ਇਕ ਕੇਂਦਰੀ ਅਸਥਾਨ ਹੋਣਾ ਵੀ ਜ਼ਰੂਰੀ ਹੈ , ਜੋ ਆਮ ਕਰਕੇ , ਉਸ ਰਹਬਰ ਦੇ ਜਨਮ  ਨਾਲ ਸਬੰਧਤ ਹੁੰਦਾ ਹੈ । ਹਰ ਧਰਮ ਨੂੰ ਰਹਬਰ ਵਲੋਂ ਬਣਾਏ ਕਾਨੂਨਾਂ ਅਨੁਸਾਰ ਹੀ ਚਲਣਾ ਪੈਂਦਾ ਹੈ , ਭਾਵੇਂ ਉਹ ਗਲਤ ਹੋਣ ਜਾਂ ਠੀਕ । ਅਮੂਮਨ ਇਹ ਕਾਨੂਨ , ਵਹਿਮਾਂ-ਭਰਮਾਂ ਤੇ ਹੀ ਆਧਾਰਿਤ ਹੁੰਦੇ ਹਨ ।
      ਸਾਰੈ ਧਰਮਾਂ ਦੀਆਂ ਧਰਮ-ਪੁਸਤਕਾਂ , ਰਹਬਰ ਦੀ ਜ਼ਿੰਦਗੀ ਮਗਰੋਂ , ਉਨ੍ਹਾਂ ਦੇ ਚੇਲਿਆਂ ਵਲੋਂ ਹੀ ਲਿਖੀਆਂ ਹੁੰਦੀਆਂ ਹਨ । ਜਿਸ ਵਿਚ ਪ੍ਰਭੂ ਨੂੰ ਦਰਕਿਨਾਰ ਕਰ ਕੇ , ਪੂਰੀ ਵਡਿਆਈ ਰਹਬਰ ਨੂੰ ਹੀ ਦਿੱਤੀ ਹੁੰਦੀ ਹੈ , ਰਹਬਰ ਦੇ ਹੀ ਗੁਣ ਗਾਏ ਹੁੰਦੇ ਹਨ । ਕਿਤੇ-ਕਿਤੇ ਉਸ ਧਰਮ ਦੇ ਲੋਕਾਂ ਨੂੰ ਸਵਰਗ ਵਿਚ ਅਪੜਾਉਣ ਲਈ , ਰਹਬਰ ਨੂੰ ਪਰਮਾਤਮਾ ਅੱਗੇ ਸਿਫਾਰਸ਼ ਕਰਦੇ ਵੀ ਵਿਖਾਇਆ ਹੁੰਦਾ ਹੈ । ਰਹਬਰ ਵਲੋਂ ਆਪਣੇ ਚੇਲਿਆਂ ਨੂੰ , ਕਰਤਾਰ ਬਾਰੇ ਕੋਈ ਸਪੱਸ਼ਟ ਸੇਧ ਨਹੀਂ ਦਿੱਤੀ ਹੁੰਦੀ । (ਕਿਉਂਕਿ ਉਹ ਆਪ ਵੀ ਉਸ ਬਾਰੇ ਅਣਜਾਣ ਹੁੰਦਾ ਹੈ) ਫਿਰ ਵੀ ਉਸ ਧਰਮ ਵਾਲਿਆਂ ਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਉਹ ਰੱਬ ਦੇ ਠਿਕਾਣੇ ਬਾਰੇ ਭਲੀ-ਭਾਂਤ ਜਾਣੂ ਹੈ , ਅਤੇ ਲੋੜ ਪੈਣ ਤੇ ਉਹ ਪ੍ਰਭੂ ਅੱਗੇ ਸਿਫਾਰਸ਼ ਕਰ ਕੇ ਸਾਨੂੰ ਜੰਨਤ ਜਾਂ ਹੈਵਨ ਵਿਚ ਭੇਜ ਦੇਵੇਗਾ , ਜੋ ਕਿ ਹਰ ਧਰਮ ਦੀ ਆਖਰੀ ਮੰਜ਼ਿਲ ਹੈ ।
   ਦੁਨੀਆ ਵਿਚਲੇ ਸਾਰੇ ਧਰਮਾਂ ਦੇ ਆਪੋ-ਆਪਣੇ ਵੱਖਰੇ-ਵੱਖਰੇ ਨਿਯਮ ਹਨ , ਜੋ ਕਿ ਇਕ ਦੂਸਰੇ ਦੇ ਨਿਯਮਾਂ ਦੀ ਕਾਟ ਕਰਦੇ , ਆਮ ਹੀ ਵੇਖੇ ਜਾ ਸਕਦੇ ਹਨ । ਅਜਿਹੇ ਧਰਮ ਹੀ ਇੰਸਾਨੀਅਤ ਵਿਚ ਵੰਡੀਆਂ ਪਾਉਣ , ਇਕ ਦੂਸਰੇ ਦੇ ਵਿਰੁੱਧ ਨਫਰਤ ਪੈਦਾ ਕਰਨ , ਦੂਸਰੇ ਧਰਮ ਦੇ ਲੋਕਾਂ ਦੀ ਹੱਤਿਆ ਕਰਨ , ਉਨ੍ਹਾਂ ਦੀ ਜਾਇਦਾਦ ਲੁੱਟਣ , ਉਨ੍ਹਾਂ ਦੀਆਂ ਜਨਾਨੀਆਂ ਨਾਲ ਬਲਾਤਕਾਰ ਕਰਨ ਨੂੰ ਸਵਾਬ ਪਰਚਾਰਦੇ ਹਨ ।
ਇਨ੍ਹਾਂ ਧਰਮਾਂ ਦੇ ਰਹਬਰਾਂ ਵਲੋਂ ਮਿਥੇ ਧਰਮ ਦੇ ਕੰਮਾਂ ਬਾਰੇ ਗੁਰਬਾਣੀ ਇਵੇਂ ਸੇਧ ਦਿੰਦੀ ਹੈ ,
                         ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥   (551)
     ਧਰਮ ਦੇ ਇਨ੍ਹਾਂ ਕਰਮਾਂ ਦਾ ਸਬੰਧ ਪਾਪ ਅਤੇ ਪੁੰਨ ਨਾਲ ਹੈ , ਇਸ ਲਈ ਇਹ ਆਤਮਾ ਲਈ ਵਾਧੂ ਦੇ ਬੰਧਨ ਹਨ ।
                                                        ਅਤੇ ,
                 ਨਾਮ ਬਿਨਾ ਸਭੁ ਝੂਠੁ ਪਰਾਨੀ ॥
                 ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ
॥1॥ਰਹਾਉ॥     
                 ਤੀਰਥ ਨਾਇ ਨ ਉਤਰਸਿ ਮੈਲੁ ॥
                 ਕਰਮ ਧਰਮ ਸਭਿ ਹੳਮੈ ਫੈਲੁ
॥1॥
                 ਲੋਕ ਪਚਾਰੈ ਗਤਿ ਨਹੀ ਹੋਇ ॥
                  ਨਾਮ ਬਿਹੂਣੇ ਚਲਸਹਿ ਰੋਇ
॥2॥  (890)  ॥ਰਹਾਉ॥          
                ਹੇ ਪ੍ਰਾਣੀ , ਕਰਤਾਰ ਦੇ ਨਾਮ ਤੋਂ ਬਿਨਾ , ਇਹ ਸਾਰਾ ਅਡੰਬਰ ਝੂਠਾ ਹੈ , ਨਾਸ਼ਵੰਤ ਹੈ । ਜਿਹੜੇ ਬੰਦੇ ਪਰਮਾਤਮਾ ਦੀ ਭਗਤੀ ਤੋਂ ਬਗੈਰ ਹੋਰ ਅਡੰਬਰਾਂ ਵਿਚ ਰੁਝੇ ਰਹਿੰਦੇ ਹਨ , ਉਹ ਸਾਰੇ ਮਾਇਆ ਹੱਥੋਂ ਠੱਗੇ ਜਾਂਦੇ  ਹਨ । ॥1॥
               ਮਾਇਆ ਦੇ ਮੋਹ ਦੀ ਇਹ ਮੈਲ , ਤੀਰਥਾਂ ਤੇ ਇਸ਼ਨਾਨ ਕਰਨ ਨਾਲ ਨਹੀਂ ਉਤਰੇਗੀ । ਇਹ ਸਾਰੇ ਧਾਰਮਿਕ ਕਰਮ , ਹਉਮੈ ਦਾ ਹੀ ਪਸਾਰਾ ਹਨ । ਆਪਣੇ ਧਾਰਮਿਕ ਹੋਣ ਬਾਰੇ ਲੋਕਾਂ ਦੀ ਤਸੱਲੀ ਕਰਾਉਣ ਨਾਲ , ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ । ਪਰਮਾਤਮਾ ਦੇ ਨਾਮ ਤੋਂ ਸੱਖਣੇ , ਸਾਰੇ ਜੀਵ ਏਥੋਂ ਰੋ-ਰੋ ਕੇ ਹੀ ਜਾਣਗੇ । ॥2॥                    ਅਤੇ ,
                 ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
                 ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ
॥1॥ 
                 ਸੰਤਹੁ ਸਾਗਰੁ ਪਾਰਿ ਉਤਰੀਐ ॥
                 ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ
॥1॥ਰਹਾਉ॥
                 ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰਜਿੈ ॥
                 ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ
॥2॥
                 ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍‍ ਪੜਿਆ ਮੁਕਤਿ ਨ ਹੋਈ ॥
                 ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ
॥3॥
                 ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥
                 ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ
॥4॥3॥ (747)
                      
                  ਸੰਤਹੁ ਸਾਗਰੁ ਪਾਰਿ ਉਤਰੀਐ ॥
                 ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ
॥1॥ਰਹਾਉ॥
        ਹੇ ਸੰਤ ਜਨੋ , ਹੇ ਸਤਸੰਗੀਉ , ਸੰਸਾਰ-ਸਮੁੰਦਰ ਤੋਂ ਤਾਂ ਹੀ ਪਾਰ ਲੰਘ ਸਕੀਦਾ ਹੈ , ਜੇ ਕੋਈ ਮਨੁੱਖ ਸਤਸੰਗੀਆਂ ਦੇ ਉਪਦੇਸ਼ ਨੂੰ ਮੰਨ ਕੇ , ਸ਼ਬਦ ਗੁਰੂ ਦੀ ਸਰਨ ਲੈ ਲਵੇ , ਫਿਰ ਉਹ ਗੁਰੂ ਦੀ ਕਿਰਪਾ ਸਦਕਾ ਪਾਰ ਲੰਘ ਜਾਂਦਾ ਹੈ ।    
                       ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
                       ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ
॥1॥
           ਹੇ ਭਾਈ ਇਹ ਜੋ ਅਲੱਗ-ਅਲੱਗ ਧਰਮਾਂ ਵਲੋਂ ਮੰਨੇ ਹੋਏ ਧਰਮ ਦੇ ਕੰਮ ਦਿਸਦੇ ਹਨ , ਇਹ ਸਭ ਪਖੰਡ ਤੋਂ ਵੱਧ ਕੁਝ ਵੀ ਨਹੀਂ ਹਨ । ਇਨ੍ਹਾਂ ਨੂੰ ਕਰਨ ਵਾਲਿਆਂ ਦੀ ਸਾਰੀ ਕਮਾਈ ਤਾਂ , ਜਮ ਰੁਪੀ ਮਸੂਲੀਆਂ (ਚੂੰਗੀ ਵਾਲਿਆਂ) ਜੋਗੀ ਵੀ ਨਹੀਂ ਹੁੰਦੀ , ਫਿਰ ਉਨ੍ਹਾਂ ਨੇ ਆਪਣੇ ਮਿਥੇ ਅਸਥਾਨ ਤੇ ਕੀ ਲੈ ਕੇ ਜਾਣਾ ਹੋਇਆ ?   ਇਸ ਲਈ ਹੇ ਭਾਈ , ਕਾਮਨਾ-ਰਹਤ ਹੋ ਕੇ , ਰੱਬ ਦੀ ਕੀਰਤੀ , ਵਡਿਆਈ ਕਰਿਆ ਕਰੋ , ਜਿਸ ਨੂੰ ਛਿਨ ਭਰ ਯਾਦ ਕਰਨ ਨਾਲ ਹੀ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ।
                       ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰਜਿੈ ॥
                     ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ
॥2॥
              ਹੇ ਭਾਈ , ਕ੍ਰੋੜਾਂ ਤੀਰਥਾਂ ਤੇ ਇਸ਼ਨਾਨ ਕੀਤਿਆਂ , ਮਨ ਦੀ ਮੈਲ ਉਤਰਨ ਦੀ ਥਾਂ , ਵਿਕਾਰਾਂ ਦੀ ਹੋਰ ਮੈਲ ਲਗ ਜਾਂਦੀ ਹੈ । ਪਰ ਜਿਹੜਾ ਮਨੁੱਖ ਸਤਸੰਗਤ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ , ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ।  
                    ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍‍ ਪੜਿਆ ਮੁਕਤਿ ਨ ਹੋਈ ॥
                     ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ
॥3॥
               ਹੇ ਭਾਈ , ਵੇਦ , ਸਿਮ੍ਰਿਤੀਆਂ  , ਸ਼ਾਸਤਰ  (ਹਿੰਦੂਆਂ ਦੀਆਂ ਧਾਰਮਿਕ ਪੁਸਤਕਾਂ)  ਅਤੇ ਕਤੇਬ (ਮੁਸਲਮਾਨਾਂ ਦੀਆਂ ਧਾਰਮਿਕ ਕਿਤਾਬਾਂ)  ਨੂੰ ਪੜ੍ਹਨ ਨਾਲ , ਮਾਇਆ-ਮੋਹ ਤੋਂ ਛੁਟਕਾਰਾ ਨਹੀਂ ਹੁੰਦਾ , ਕਿਉਂਕਿ ਇਹ ਤਾਂ ਆਪ ਹੀ ਮਾਇਆ-ਮੋਹ ਦਾ ਪਸਾਰਾ ਹਨ । ਪਰ ਜਿਹੜਾ ਮਨੁੱਖ ਗੁਰਮੁੱਖ ਹੋ ਕੇ , ਗੁਰੂ ਦੀ ਸਰਨ ਵਿਚ ਪੈ ਕੇ , ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ , ਉਹ ਚੰਗੀ ਸੋਭਾ ਵਾਲਾ ਹੋ ਜਾਂਦਾ ਹੈ ।
                    ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥
                    ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ
॥4॥3॥ (747)
              ਹੇ ਭਾਈ , ਦੁਨੀਆਂ ਦੇ ਸਾਰੇ ਲੋਕਾਂ (ਖਤ੍ਰੀ , ਬ੍ਰਾਹਮਣ , ਸ਼ੂਦਰ ਅਤੇ ਵੈਸ਼)  ਲਈ ਇਹ ਸਾਂਝਾ ਉਪਦੇਸ਼ ਹੈ ਕਿ , ਜਿਹੜਾ ਮਨੁੱਖ ਗੁਰਮੁਖਿ ਹੋ ਕੇ , ਗੁਰੂ ਦੇ ਦੱਸੇ ਅਨੁਸਾਰ ਕਰਤਾਰ ਦਾ ਨਾਮ ਜਪਦਾ ਹੈ , ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ।
              ਹੇ ਨਾਨਕ , ਉਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ , ਪਰਮਾਤਮਾ ਹਰ ਸਰੀਰ ਦੇ ਅੰਦਰ ਵਸਦਾ ਹੈ ।
           (ਇਸ ਹਿਸਾਬ ਨਾਲ , ਦੂਸਰੇ ਧਰਮ ਦੇ ਮਨੁੱਖਾਂ ਨਾਲ ਨਫਰਤ ਕਰਨ ਵਾਲੇ ਟੋਲੇ ਨੂੰ ਕੀ ਧਰਮ ਮੰਨਿਆ ਜਾ ਸਕਦਾ ਹੈ , ਜਿਨ੍ਹਾਂ ਵਿਚੋਂ ਸਿੱਖ ਪਰਚਾਰਕ ਬੜੇ ਮਾਣ ਨਾਲ , ਸਿੱਖੀ ਨੂੰ ਪੰਜਵਾਂ ਵੱਡਾ ਧਰਮ ਪਰਚਾਰਦੇ ਹਨ ?)  
   ਹੁਣ ਸਵਾਲ ਪੈਦਾ ਹੁੰਦਾ ਹੈ ਕਿ , ਕੀ ਗੁਰੂ ਨਾਨਕ ਜੀ ਨੇ ਵੀ , ਕੋਈ ਅਜਿਹਾ ਹੀ ਹੋਰ ਧਰਮ ਚਲਾਇਆ ਸੀ ? ਜੇ ਗੁਰੂ ਗ੍ਰੰਥ ਸਾਹਿਬ ਜੀ ਵੀ , ਗੁਰੂ ਸਾਹਿਬਾਂ ਤੋਂ ਮਗਰੋਂ ਲਿਖਿਆ ਗਿਆ ਹੁੰਦਾ , ਤਾਂ ਉਨ੍ਹਾਂ ਵਿਚ ਵੀ ਇਹ ਸਾਰੀਆਂ ਘਾਟਾਂ ਹੋਣ ਦੀ ਸੰਭਾਵਨਾ ਹੋ ਸਕਦੀ ਸੀ , ਪਰ ਇਸ ਨੂੰ ਤਾਂ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ , ਆਪ ਲਿਖਵਾਇਆ ਸੀ , ਇਸ ਲਈ ਇਹ ਇਨ੍ਹਾਂ ਸਾਰੀਆਂ ਖਾਮੀਆਂ ਤੋਂ ਪਾਕ ਹਨ ।ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਵੀ ਗੁਰੂ ਸਾਹਿਬ ਦੀ ਸਿਫਾਰਸ਼ ਦਾ ਲਾਰਾ ਨਹੀਂ ਲਾਇਆ ਹੋਇਆ , ਕਿਸੇ ਸਵਰਗ ਦਾ ਲਾਲਚ ਜਾਂ ਕਿਸੇ ਨਰਕ ਦਾ ਡਰਾਵਾ ਨਹੀਂ ਦਿੱਤਾ ਗਿਆ । ਕਿਸੇ ਦੂਸਰੇ ਧਰਮ ਨਾਲ ਨਫਰਤ ਦੀ ਗੱਲ ਨਹੀਂ ਕੀਤੀ ਗਈ , ਬਲਕਿ ਸ੍ਰਿਸ਼ਟੀ ਦੇ ਸਾਰੇ ਲੋਕਾਂ ਨੂੰ ,
      ਏਕੁ ਪਿਤਾ ਏਕਸ ਹੇ ਹਮ ਬਾਰਿਕ……॥   (611)
  ਕਹਿ ਕੇ ਨਿਵਾਜਿਆ ਹੋਇਆ ਹੈ ।                     ਅਤੇ,
      ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
      ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
॥1॥    (1349)
    ਆਖ ਕੇ ਸਭ ਦੀ ਬਰਾਬਰਤਾ ਦਾ ਹੋਕਾ ਦਿੱਤਾ ਹੈ । ਇਹ ਹੀ ਨਹੀਂ ਸਿੱਖਾਂ ਤੇ ਇਹ ਫਰਜ਼ ਵੀ ਲਾਗੂ ਕੀਤਾ ਹੈ ਕਿ , ਦੁਨੀਆ ਦੇ ਕਿਸੇ ਧਰਮ ਦਾ , ਕੋਈ ਵੀ ਬੰਦਾ ਹੋਵੇ , ਲੋੜ ਪੈਣ ਤੇ ਆਪਣੀ ਜਾਨ ਦੇ ਕੇ ਵੀ ਉਸ ਦੀ ਰੱਖਿਆ ਕਰਨੀ ਹੈ । ਇਸਤ੍ਰੀਆਂ ਬਾਰੇ ਤਾਂ ਇਸ ਸਬੰਧ ਵਿਚ ਖਾਸ ਤਾਕੀਦ ਕੀਤੀ ਹੈ ।  ਕੀ , ਕਿਹਾ ਜਾਂਦਾ ਸਿੱਖ ਧਰਮ ਵੀ ਦੂਸਰੇ ਧਰਮਾਂ ਦੀ ਕਤਾਰ ਵਿਚ ਖੜਾ ਕੀਤਾ ਜਾ ਸਕਦਾ ਹੈ ?
(ਇਵੇਂ ਅਸੀਂ ਵੇਖਦੇ ਹਾਂ ਕਿ ਗੁਰੂ ਸਾਹਿਬ ਨੇ ਦੂਸਰੇ ਦਰਮਾਂ ਵਾਙ ਕੋਈ ਨਵਾਂ ਧਰਮ ਨਹੀਂ ਚਲਾਇਆ ਸੀ , ਬਲਕਿ ਅਕਾਲ-ਪੁਰਖ ਵਲੋਂ , ਸਾਰੀ ਦੁਨੀਆ ਦੇ ਲੋਕਾਂ ਲਈ ਮਿਥੇ ਅਸੂਲਾਂ ਤੇ ਅਧਾਰਿਤ , ਇੰਸਾਨੀਅਤ ਦੇ ਧਰਮ ਦਾ ਹੀ ਪਰਚਾਰ ਕੀਤਾ ਹੈ । ਜੋ ਕਿ ਅਸੂਲਨ ਸਾਰੀ ਮਨੁੱਖਤਾ ਦਾ ਇਕੋ-ਇਕ ਧਰਮ ਹੈ ।)
   ਇਸ ਸਬੰਧੀ ਗੁਰੂ ਗ੍ਰੰਥ ਵਿਚਲੀਆਂ ਕੁਝ ਉਧਾਰਣਾ ਇਵੇਂ ਹਨ , ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਧਰਮ ਨੂੰ “ ਸਾਚ ਧਰਮ ”
ਵੀ ਆਖਿਆ ਹੈ ,
      ਸਾਚ ਧਰਮ ਕੀ ਕਰਿ ਦੀਨੀ ਵਾਰਿ ॥ ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥2॥ (430)
  ਮੇਰੇ ਮਨ ਨੂੰ ਪਾਪਾਂ ਤੋਂ ਬਚਾ ਕੇ ਰੱਖਣ ਲਈ , ਮੇਰੇ ਦੁਆਲੇ ਗੁਰੂ ਦੇ ਗਿਆਨ ਦੀ ਵਿਚਾਰ ਦੇ ਬੜੇ ਮਜ਼ਬੂਤ ਫਰ੍ਹਿਆ ਨਾਲ , ਤਖਤਿਆਂ ਨਾਲ , ਸੱਚੇ ਧਰਮ ਦੀ , ਹਮੇਸ਼ਾ ਕਾਇਮ ਰਹਣ ਵਾਲੇ ਧਰਮ ਦੀ ਵਾੜ ਕਰ ਦਿੱਤੀ । 
      ਗੁਰੂ ਗ੍ਰੰਥ ਸਾਹਿਬ ਜੀ ਵਿਚ , ਇਸ ਨੂੰ “ ਨਾਮ ਧਰਮ ” ਵੀ ਆਖਿਆ ਹੈ ,
      ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
      ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ
॥9॥   (1387)
  ਹੇ ਦਾਸ ਨਾਨਕ ਆਖ , ਅਗਿਆਨਤਾ ਦੇ ਘੋਰ ਹਨੇਰੇ ਵਿਚ , ਗੁਰ-ਗਿਆਨ ਦਾ ਦੀਵਾ ਜਗ ਪਿਆ ਹੈ , ਗਿਆਨ ਦੀ ਰੌਸ਼ਨੀ ਹੋ ਗਈ ਹੈ । ਸੰਸਾਰ ਦੇ ਸਾਰੇ ਲੋਕ ਨਾਮ-ਧਰਮ , ਪ੍ਰਭੂ ਦੇ ਹੁਕਮ ਤੇ ਆਧਾਰਿਤ ਧਰਮ ਆਸਰੇ , ਇਸ ਭਵ-ਸਾਗਰ ਤੋਂ ਪਾਰ ਲੰਘ ਰਹੇ ਹਨ । ਹਰੀ ਦੇ ਸੰਸਾਰ ਵਿਚਲੇ ਸਾਰੇ ਭਵਨਾਂ ਵਿਚ , ਕਰਾਤਰ ਦੇ ਭਗਤਾਂ ਦੇ ਮਨਾਂ ਵਿਚ ਗੁਰੁ , ਪਾਰਬ੍ਰਹਮ , ਵਾਹਿਗੁਰੂ , ਪ੍ਰਤੱਖ ਤੌਰ ਤੇ ਪ੍ਰਗਟ ਹੋ ਗਿਆ ਹੈ ।
    ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਲਈ  “ ਪੰਥੁ ਧਰਮ ” ਵੀ ਲਿਖਿਆ ਹੈ ,
       ਲਹਣੈ ਪੰਥੁ ਧਰਮ ਕਾ ਕੀਆ ॥    (1401)
   ਲਹਣੇ ਨੇ , ਗੁਰੂ ਅੰਗਦ ਸਾਹਿਬ ਜੀ ਨੇ , ਧਰਮ ਦੇ ਇਕੋ-ਇਕ ਰਾਹ ਦਾ ਆਸਰਾ ਲਿਆ ।
          ਵੈਸੇ ਇਸ ਲਈ  “ ਗੁਰਮਤਿ-ਗਾਡੀਰਾਹ ”  ਅਤੇ   “ ਖਾਲਸਾ-ਪੰਥ ”  ਲਫਜ਼ ਵੀ ਵਰਤੇ ਗਏ ਹਨ । ਇਸ ਨੂੰ ਸਮਝਣ ਲਈ  “ ਗੁਰਮਤਿ ”  ਅਤੇ   “ ਖਾਲਸਾ ” ਬਾਰੇ ਵਿਚਾਰ ਕਰਨੀ ਜ਼ਰੂਰੀ ਹੈ ।
        ਗੁਰਮਤਿ ਕੀ ਹੈ ?   ਗੁਰੂ ਦੀ ਮੱਤ , ਗੁਰੂ ਦੀ ਸਿਖਿਆ  ।
   ਇਹ ਸਿਖਿਆ ਗੁਰੂ ਸਾਹਿਬ ਨੇ ਆਪਣੇ ਆਤਮਕ ਅਨੁਭਵ ਦੇ ਆਧਾਰ ਤੇ , ਆਮ ਬੰਦੇ ਨੂੰ ਪਰਮਾਤਮਾ ਨਾਲ ਜੁੜਨ ਲਈ ਦਿੱਤੀ ਹੈ , ਜਿਸ ਨੂੰ ਇਨ੍ਹਾਂ ਲਫਜ਼ਾਂ ਵਿਚ ਸਮਝਾਇਆ ਹੈ ,
          ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੇ ਜੁਗਤਿ ॥
          ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ
॥2॥    (522)
      ਹੇ ਨਾਨਕ ! ਜੇ ਸਤਿਗੁਰ , ਸ਼ਬਦ ਗੁਰੂ ਮਿਲ ਜਾਵੇ ਤਾਂ , ਜੀਉਣ ਦੀ ਸਹੀ ਜਾਚ ਆ ਜਾਂਦੀ ਹੈ , ਅਤੇ ਹੱਸਦਿਆਂ-ਖੇਡਦਿਆਂ , ਖਾਂਦਿਆਂ-ਪਹਿਨਦਿਆਂ , ਮਾਇਆ ਵਿਚ ਵਰਤਦਿਆਂ ਹੀ ਸਾਰੇ ਵਿਸ਼ੇ ਵਿਕਾਰਾਂ ਤੋਂ ਬਚੇ ਰਹੀਦਾ ਹੈ ।           ਅਤੇ ,
          ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
          ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ
॥1॥   (522)
      ਹੇ ਨਾਨਕ , ਪ੍ਰਭੂ ਦੀ ਭਗਤੀ ਦਾ ਉੱਦਮ ਕਰਦਿਆਂ , ਆਤਮਕ ਜੀਵਨ ਮਿਲਦਾ ਹੈ , ਪਰਮਾਤਮਾ ਦੀ ਰਜ਼ਾ ਵਿਚ ਖੁਸ਼ ਰਹਣ ਨਾਲ , ਸੁਖ ਮਾਣੀਦਾ ਹੈ । ਪ੍ਰਭੂ ਨੂੰ ਹਮੇਸ਼ਾ ਯਾਦ ਰੱਖਿਆਂ , ਉਸ ਨੂੰ ਮਿਲ ਪਈਦਾ ਹੈ ਅਤੇ ਜ਼ਿੰਦਗੀ ਦੀ ਬਾਜ਼ੀ ਹਾਰਨ ਦੀ ਚਿੰਤਾ ਮੁਕ ਜਾਂਦੀ ਹੈ । (ਇਸ ਵਿਚ ਅੱਜ ਦੇ ਧਰਮਾਂ ਵਾਲਾ ਕੋਈ ਕਰਮ-ਕਾਂਡ , ਕੋਈ ਪਾਖੰਡ-ਕਰਮ ਨਹੀਂ ਦੱਸਿਆ) 
        ਇਹ ਰਾਹ ਹੈ , ਗੁਰਮਤਿ ਦੀ ਸਿਖਿਆ ਤੇ ਚੱਲਣ ਦਾ । ਇਸ ਲਈ ਇਸ ਨੂੰ ਗੁਰਮਤਿ-ਗਾਡੀਰਾਹ ਵੀ ਕਿਹਾ ਜਾਂਦਾ ਹੈ ।
          ਖਾਲਸਾ ਕੀ ਹੈ ?
     ਖਾਲਸਾ ਬਾਰੇ ਗੁਰਬਾਣੀ ਫੁਰਮਾਨ ਹੈ ,
           ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥
            ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ
॥4॥3॥      (654)
      ਸਾਰੇ ਜੱਗ ਉੱਤੇ ਕਾਲ ਦਾ ਸਹਮ ਪਿਆ ਹੋਇਆ ਹੈ , ਜੋ ਗਿਆਨੀ , ਗਿਆਨਵਾਨ ਹੋ ਕੇ ਵੀ ਵਹਿਮਾਂ-ਭਰਮਾਂ ਵਿਚ ਫਸੇ ਹੋਏ ਹਨ , ਉਹ ਵੀ ਓਸੇ ਲੇਖੇ ਵਿਚ ਲਿਖੇ ਹੋਏ ਹਨ ।         ਹੇ ਕਬੀਰ ਆਖ ! ਪ੍ਰਭੂ ਦੇ ਜਿਨ੍ਹਾਂ ਦਾਸਾਂ ਨੇ , ਭਗਤਾਂ ਨੇ , ਪ੍ਰੇਮਾ-ਭਗਤੀ ਦੀ ਜਾਚ ਸਿੱਖ ਲਈ , ਉਹ ਖਾਲਸੇ , ਕਰਤਾਰ ਦੇ ਆਪਣੇ ਬਣ ਗਏ ਹਨ , ਮੌਤ ਦੇ ਡਰ ਤੋਂ ਦੂਰ ਹੋ ਗਏ ਹਨ ।
     ਗੁਰਮਤਿ ਦਾ ਵੀ ਇਹੀ ਟੀਚਾ ਹੈ , ਦੋਵਾਂ ਦੀ ਮੰਜ਼ਿਲ ਇਕੋ ਹੈ ।
    ਪਰ ਸਿੱਖ ਬਣਨਾ ਟੀਚਾ ਨਹੀਂ ਹੈ । ਸਿੱਖ ਦਾ ਮਤਲਬ ਹੈ ਸਿੱਖਣ ਵਾਲਾ , ਬੰਦਾ ਉਸ ਦਿਨ ਹੀ ਸਿੱਖ ਬਣ ਜਾਂਦਾ ਹੈ , ਜਿਸ ਦਿਨ ਉਹ ਗੁਰੂ ਦੇ ਲੜ ਲਗਦਾ ਹੈ , ਫਿਰ ਉਹ ਸਾਰੀ ਉਮਰ ਸਿਖਦਾ ਰਹਿੰਦਾ ਹੈ ।
     ਇਸ ਲਿਹਾਜ਼ ਇਸ ਪੰਥ ਨੂੰ ਵੀ ‘ਸਿੱਖ ਪੰਥ’ ਨਹੀਂ ਕਿਹਾ ਜਾ ਸਕਦਾ , ਇਸ ਨੂੰ ‘ਗੁਰਮਤਿ-ਗਾਡੀਰਾਹ’  ਜਾਂ  ‘ਖਾਲਸਾ ਪੰਥ’ ਹੀ ਕਿਹਾ ਜਾਵੇਗਾ ।
       ‘ਗੁਰਮਤਿ-ਗਾਡੀਰਾਹ’ ਜਾਂ ‘ਖਾਲਸਾ ਪੰਥ’ , ਸਿੱਖ ਧਰਮ ਕਿਵੇਂ ਬਣ ਗਿਆ ? 
   ਗੁਰਬਾਣੀ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਗੁਰੂ ਸਾਹਿਬ ਨੇ , ਧਰਮਾਂ ਦੀਆਂ , ਦੇਸਾਂ ਦੀਆਂ , ਵਰਣਾਂ ਦੀਆਂ ਅਤੇ ਲਿੰਗ ਅਧਾਰਤ ਵੰਡੀਆਂ ਦੀਆਂ ਹੱਦਾਂ ਨੂੰ ਰੱਦ ਕੀਤਾ ਹੈ । ਉਹ ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਨੂੰ ਇਕ ਸਮਾਨ ਸਮਝਦੇ ਹਨ । ਫਿਰ ਉਹ ਇਕ ਹੋਰ ਨਵਾਂ ਧਰਮ ਖੜਾ ਕਰ ਕੇ , ਇੰਸਾਨੀਅਤ ਵਿਚਲੀਆਂ ਵੰਡੀਆਂ ਨੂੰ ਹੋਰ ਵਧਾਉਣ ਦਾ ਕਾਰਨ ਕਿਵੇਂ ਬਣ ਸਕਦੇ ਹਨ ?
  ਗੁਰੂ ਸਾਹਿਬ ਤਾਂ ਸੰਸਾਰ ਦੀਆਂ ਸਾਰੀਆਂ ਵੰਡੀਆਂ ਖਤਮ ਕਰਨ ਆਏ ਸਨ , ਅਤੇ ਧਰਮ ਦੇ ਨਾਂ ਤੇ ਇੰਸਾਨੀਅਤ ਵਿਚ ਵੰਡੀਆਂ ਪਾ ਕੇ ਨਾ ਸਿਰਫ  , ਨਫਰਤ ਹੀ ਪੈਦਾ ਕੀਤੀ ਗਈ ਹੈ , ਬਲਕਿ ਦੁਨੀਆ ਵਿਚ ਸਭ ਤੋਂ ਵੱਧ ਖੂਨ-ਖਰਾਬਾ , ਲੁੱਟ-ਖੋਹ , ਬੀਬੀਆਂ ਅਤੇ ਬੱਚਿਆਂ ਨਾਲ ਵਧੀਕੀਆਂ , ਧਰਮ ਦੇ ਨਾਂ ਤੇ ਹੀ ਹੋਈਆਂ ਹਨ ।  ਅਜਿਹੀ ਹਾਲਤ ਵਿਚ ਇਹ ਵਿਚਾਰ , ਕਿ ਸਾਰੇ ਧਰਮ ਚੰਗੇ ਹਨ , ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ , ਕਿਥੋਂ ਤਕ ਗੁਰਮਤਿ ਅਨੁਸਾਰੀ ਹਨ ?  ਗੁਰਮਤਿ ਦਾ ਫਲਸਫਾ ਤਾਂ ਸੰਸਾਰ ਦੇ ਸਾਰੇ ਮਨੁੱਖਾਂ ਨੂੰ ਇਕ-ਸਮਾਨ ਸਮਝਣ ਦਾ ਹੈ , ਕਿਉਂਕਿ ਉਹ ਸਾਰੇ ਇਕ ਪਿਤਾ ‘ਪਰਮਾਤਮਾ’ ਦੀ ਸੰਤਾਨ ਹਨ । ਉਸ ਵਿਚ ਕਿਤੇ ਵੀ ਬੰਦਿਆਂ ਵਲੋਂ ਇੰਸਾਨੀਅਤ ਵਿਚ ਪਾਈਆਂ ਵੰਡੀਆਂ (ਧਰਮਾਂ) ਦੀ ਪ੍ਰੋੜ੍ਹਤਾ ਨਹੀਂ ਕੀਤੀ ਗਈ ।
              ਗੁਰਮਤਿ ਵਿਚ ਤਾਂ ਧਰਮ ਬਾਰੇ ਬੜੀ ਸਪੱਸ਼ਟ ਸੇਧ ਦਿੱਤੀ ਹੋਈ ਹੈ ,
            ਸਰਬ ਧਰਮ ਮਹਿ ਸ੍ਰੇਸਟ ਧਰਮ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
            ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥
           ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥
           ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
           ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ
॥8॥3॥    (266)
  ਸਾਰੇ ਧਰਮਾਂ ਵਿਚੋਂ ਸ੍ਰੇਸ਼ਟ ਧਰਮ ਇਹ ਹੈ ਕਿ , ਹਰੀ ਦਾ ਨਾਮ ਜਪ ਅਤੇ ਨਿਰਮਲ (ਭਲੇ) ਕੰਮ ਕਰ ।
  ਸਾਰੀਆਂ ਧਾਰਮਿਕ ਰਸਮਾਂ ਨਾਲੋਂ ਇਹ ਕੰਮ ਚੰਗਾ ਹੈ ਕਿ , ਸਤਸੰਗਿ ਵਿਚ ਜੁੜ ਕੇ ਭੈੜੀ ਮੱਤ ਦੀ ਮੈਲ ਦੂਰ ਕਰ ।
  ਸਾਰੇ ਉੱਦਮਾਂ ਨਾਲੋਂ ਇਹ ਉੱਦਮ ਚੰਗਾ ਹੈ ਕਿ , ਸਦਾ ਪ੍ਰਭੂ ਦਾ ਨਾਮ ਜਪਿਆ ਕਰ ।
  ਸਾਰੀਆਂ ਬਾਣੀਆਂ ਨਾਲੋਂ ਆਤਮਕ ਜੀਵਨ ਦੇਣ ਵਾਲੀ ਇਹ ਬਾਣੀ ਹੈ ਕਿ , ਹਰੀ ਦਾ ਜੱਸ ਸੁਣਿਆ ਕਰ ਅਤੇ ਆਪ ਜੱਸ ਕਰਿਆ ਕਰ ।
  ਹੇ ਨਾਨਕ , ਜਿਸ ਹਿਰਦੇ ਵਿਚ ਹਰੀ ਦਾ ਨਾਮ ਵਸਦਾ ਹੈ , ਉਹ ਸਾਰੀਆਂ ਥਾਵਾਂ ਨਾਲੋਂ ਪਵਿਤ੍ਰ ਥਾਂ ਹੈ ।
   
     ਇਸ ਵਿਚ ਇਕ ਧਾਰਮਿਕ ਬੰਦੇ ਦੇ ਸਾਰੇ ਕਾਰ-ਵਿਹਾਰ ਦੱਸੇ ਹਨ ,   ਕਿਤੇ ਵੀ ਨਹੀੰ ਲਿਖਿਆ ਕਿ ਸਿਖਾਂ ਨੂੰ ਸਿਖ ਧਰਮ ਦੇ ਕਮ ਕਰਨੇ ਚਾਹੀਦੇ ਹਨ ।                  ਅਤੇ     
           ਭਏ ਦਿਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥
           ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ
॥2॥   (902)
    ਹੇ ਭਾਈ , ਸੰਤ-ਜਨ-ਸਤਸੰਗੀ ਜਦੋਂ ਕਿਸੇ ਸਤਸੰਗਤ ਵਿਚ ਆਉਣ ਵਾਲੇ ਬੰਦੇ ਤੇ ਦਿਆਲ ਹੁੰਦੇ ਹਨ , ਤਾਂ ਉਸ ਤੇ ਕ੍ਰਿਪਾ ਕਰ ਕੇ ਉਸ ਨੂੰ ਇਹ ਸਮਝਾਉਂਦੇ ਹਨ ਕਿ . ਜੋ ਬੰਦਾ ਪਰਮਾਤਮਾ ਦੀ ਸਿਫਤ ਸਾਲਾਹ ਨਾਲ ਜੁੜ ਗਿਆ , ਸਮਝੋ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ । 
   ਪਰ ਨਿਰਮਲਿਆਂ ਅਤੇ ਉਦਾਸੀਆਂ ਵਿਚੋਂ ਬਣੇ ਸਿੱਖ ਪਰਚਾਰਕ , ਗੁਰਮਤਿ ਦੇ ਇਸ ਮਹਾਨ ਫਲਸਫੇ ਨੂੰ ਸਮਝਣ ਵਿਚ ਅਸਮਰੱਥ ਰਹੇ (ਨਹੀਂ ਤਾਂ ਉਹ ਵੀ ਨਿਰਮਲਿਆਂ ਅਤੇ ਉਦਾਸੀਆਂ ਵਾਲਾ ਭੇਖ ਉਤਾਰ ਕੈ ਸਿੱਖ ਬਣ ਗੲੇ ਹੁੰਦੇ) ਅਤੇ ਹਿੰਦੂ ਧਰਮ ਤੋਂ ਪ੍ਰਭਾਵਤ , ਧਰਮ ਦੀ ਅਸਲੀ ਪ੍ਰਿਭਾਸ਼ਾ ਨੂੰ ਨਾ ਸਮਝਦੇ ਹੋਏ , ਸਿੱਖੀ ਨੂੰ ਵੀ ਇਕ ਧਰਮ ਹੀ ਪਰਚਾਰਦੇ ਰਹੇ ,  ਉਸ ਦੀ ਪ੍ਰੋੜ੍ਹਤਾ ਲਈ ਗੁਰਬਾਣੀ ਅਰਥਾਂ ਨੂੰ ਵੀ ਵਿਗਾੜਦੇ ਰਹੇ ।
     ਸਿੱਖਾਂ ਨਾਲੋਂ ਤਾਂ ਉਹ ਵਿਦੇਸ਼ੀ ਗੁਰਮਤਿ ਨੂੰ ਸਮਝਣ ਵਿਚ ਸਫਲ ਰਹੇ , ਜਿਨ੍ਹਾਂ ਨੇ ਬੜੇ ਸਾਫ ਸ਼ਬਦਾਂ ਵਿਚ ਲਿਖਿਆ ਕਿ ,
         “ ਗੁਰਮਤਿ ਦਾ ਧਰਮ ਹੀ ਸਾਰੀ ਸ੍ਰਿਸ਼ਟੀ ਦਾ ਵਾਹਦ ਧਰਮ ਹੈ
   ਗੁਰੂ ਗ੍ਰੰਥ ਸਾਹਿਬ ਜੀ ਵਿਚ ਬੜੇ ਹੀ ਲਾਫ ਲਫਜ਼ਾਂ ਵਿਚ ਲਿਖਿਆ ਹੈ ਕਿ , ਜਿਸ ਧਰਮ ਦਾ ਪਰਚਾਰ , ਗੁਰੂ ਸਾਹਿਬ ਜੀ ਨੇ ਕੀਤਾ ਹੈ ਉਹ ਪਰਮਾਤਮਾ ਦਾ ਆਪਣਾ ਚਲਾਇਆ ਹੋਇਆ ਹੀ ਹੈ , ਆਉ ਵੇਖੀਏ ,
          ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥
          ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ
॥   (1404)
    ਇਹ ਧਰਮ ਦਾ ਇਕੋ-ਇਕ ਰਾਹ , ਧਰਤੀ ਦੇ ਆਸਰੇ , ਕਰਤਾ-ਪੁਰਖ ਨੇ ਆਪ ਚਲਾਇਆ ਹੈ । ਜਿਨ੍ਹਾਂ ਬੰਦਿਆਂ ਨੇ ਸਤ-ਸੰਗਤ ਵਿਚ ਜੁੜ ਕੇ ਇਸ ਵਿਚ ਸੁਰਤ ਜੋੜੀ ਹੈ , ਉਹ ਸੁਰੰਗ , ਚੰਗੇ ਰੰਗ ਵਿਚ ਰੰਗ ਹੋ ਕੇ , ਚਿੱਤ ਜੋੜ ਕੇ , ਕਰਤਾਰ ਦਾ ਜੱਸ ਗਾਉਂਦੇ ਹਨ । ਇਵੇਂ ਉਨ੍ਹਾਂ ਦਾ ਮਨ ਭਟਕਣਾ ਤੋਂ ਰਹਿਤ ਹੋ ਜਾਂਦਾ ਹੈ ।
    ਇਨ੍ਹਾਂ ਤਥਾਂ ਦੇ ਅਧਾਰ ਤੇ ਅਸੀਂ ਕਹ ਸਕਦੇ ਹਾਂ ਕਿ ਸਿਖੀ ਦੂਸਰੇ ਧਰਮਾਂ ਵਰਗਾ ਕੋਈ  ਧਰਮ ਨਹੀਂ । ਬਲਕਿ ਗੁਰਮਤ ਵਲੋਂ ਪ੍ਰਚਾਰਿਆ ਜਾਂਦਾ ਧਰਮ ਹੀ ਸਾਰੀ ਦੁਨੀਆ ਦਾ ਇਕੋ-ਇਕ ਧਰਮ ਹੈ । ਬਾਕੀ ਸਾਰੇ ਧਰਮ , ਧਰਮ ਦੇ ਨਾਮ ਤੇ ਅਧਰਮ ਹਨ । 
      ਗੁਰਮਤਿ ਨੇ ਆਪਣਾ ਕੋਈ ਵੱਖਰਾ ਧਰਮ ਨਹੀਂ ਮਿਥਿਆ , ਬਲਕਿ ਪ੍ਰਭੂ-ਪਰਮਾਤਮਾ ਵਲੋਂ , ਬੰਦੇ ਲਈ ਮਿਥੇ ਧਰਮ ਦੇ ਕੰਮ ਹੀ ਪਰਚਾਰੇ ਹਨ ।
                                           ਅਮਰ ਜੀਤ ਸਿੰਘ ਚੰਦੀ
                                                  29-9-2014   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.