ਸਿੱਖੋ! ਗੁਰੂ ਦੀ ਗੋਲਕ ਤੇ ਆਪਣੀ ਕਿਰਤ ਨੂੰ ਆਤਿਸ਼ਬਾਜ਼ੀ ਦੀ ਅੱਗ ਵਿੱਚ ਨਾ ਸੜਨ ਦਿਉ !
ਕੀ ਕਹਾਂ? ਕਿ ਗੁਰੂ ਸਾਹਿਬ ਜੀ ਨੇ ਜੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਸਿਧਾਂਤ ਸਿੱਖ ਕੌਮ ਨੂੰ ਦਿੱਤਾ ਸੀ, ਉਸਦੀ ਸਿੱਖਾਂ ਨੂੰ, ਗੁਰਦੁਆਰਾ ਪ੍ਰਬੰਧਕਾਂ ਨੂੰ ਜਾਂ ਕਮੇਟੀਆਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਈ ਜਾਂ ਫਿਰ ਉਹ ਸਮਝਣਾ ਨਹੀਂ ਚਾਹੁੰਦੇ ਤੇ ਜਾਂ ਫਿਰ ਉਹ ਇਸ ਸਿਧਾਂਤ ਨੂੰ ਬਦਲ ਕੇ ਸਾਡਾ ਮੂੰਹ ਗੁਰੂ ਦੀ ਗੋਲਕ ਕਰਨਾ ਚਾਹੁੰਦੇ ਹਨ । ਕਿਉਂਕਿ ਹਾਲਤ ਕੁੱਝ ਇਸ ਤਰ੍ਹਾਂ ਦੀ ਬਣੀ ਹੋਈ ਦਿੱਸ ਰਹੀ ਹੈ । ਅੱਜ ਗੁਰਦੁਆਰਾ ਸਾਹਿਬਾਨਾਂ ਵਿੱਚ ਪਈਆਂ ਗੋਲਕਾਂ ਸ਼ਾਇਦ ਹੀ ਕਿਸੇ ਗਰੀਬ/ਲੋੜਵੰਦ ਦੇ ਘਰ ਦੀ ਰੋਟੀ ਪੂਰੀ ਕਰਦੀਆਂ ਹੋਣ, ਕਿਸੇ ਲੋੜਵੰਦ ਦੀ ਪੜ੍ਹਾਈ ਦੀ ਪੂਰਤੀ ਕਰਦੀਆਂ ਹੋਣ ਜਾਂ ਕਿਸੇ ਗਰੀਬ ਦੀ ਵਿਆਹੁਣਯੋਗ ਲੜਕੀ ਦੀ ਮੱਦਦ ਕਰਦੀਆਂ ਹੋਣ । ਹਾਂ ਇਹ ਤਾਂ ਸੁਣਿਆਂ ਕਿ ਫਲਾਣੀ ਸੰਸਥਾ ਨੇ ਜਾਂ ਫਲ਼ਾਣੇ ਬਾਬਿਆਂ ਨੇ ਇੰਨੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾ ਦਿੱਤੇ ਪਰ ਇਹ ਨਹੀਂ ਸੁਣਿਆ ਕਿ ਗੁਰੂ ਦੀ ਗੋਲਕ ਵਿੱਚ ਅੱਜ ਫਲਾਣੇ ਗਰੀਬ/ਲੋੜਵੰਦ ਦੀ ਮੱਦਦ ਕੀਤੀ ਗਈ । ਜਾਂ ਕਿਤੇ ਇੱਦਾਂ ਤਾਂ ਨਹੀਂ ਹੋ ਰਿਹਾ ਕਿ ਨਾਮ ਆਪਣਾ ਚਮਕਾਇਆ ਜਾ ਰਿਹਾ ਹੋਵੇ ਤੇ ਵਰਤੋਂ ਗੁਰੂ ਦੀ ਗੋਲਕ ਦੀ ਕੀਤੀ ਜਾ ਰਹੀ ਹੋਵੇ । ਖੈਰ! ਇਸ ਮੁੱਦੇ ਤੇ ਵੀ ਸੁਚੇਤ ਹੋਣਾ ਚਾਹੀਦਾ ਸਾਨੂੰ ।
ਕਿਉਂਕਿ ਗੁਰੂ ਦੀ ਗੋਲਕ ਜਿਸ ਕਾਰਜ ਲਈ ਕਾਇਮ ਕੀਤੀ ਗਈ ਸੀ ਉਹ ਕਿਸੇ ਪਾਸੇ ਵੀ ਪੂਰਾ ਨਹੀਂ ਹੋ ਰਿਹਾ । ਹਾਂ! ਗੁਰੂ ਘਰ ਦੀਆਂ ਬਿਲਡਿੰਗਾਂ ਨੂੰ ਬੇਸ਼ੱਕ ਸੋਨੇ ਵਿੱਚ ਮੜ੍ਹ ਦਿੱਤਾ ਗਿਆ ਹੈ, ਭਾਵੇਂ ਵੱਡੇ ਤੋਂ ਵੱਡੇ ਕੀਰਤਨ ਦਰਬਾਰ, ਗੁਰਮਤਿ ਸਮਾਗਮਾਂ ਤੇ ਕਰੋੜਾਂ ਰੁਪਿਆ ਲਗਾ ਕੇ ਅਤੇ ਲੱਖਾਂ ਹੋਰ ਵੱਖਰੇ ਰੂਪ ਵਿੱਚ ਪੈਸਾ ਲਗਾ ਕੇ ਲਾਈਵ ਟੈਲੀਕਾਸਟਾਂ ਨਾਲ ਆਪਣੀ ਹਊਮੈ ਨੂੰ ਵੀ ਰੱਜ ਕੇ ਪੱਠੇ ਪਾ ਲਏ ਹਨ, ਸ਼ਤਾਬਦੀਆਂ ਮਨਾ ਲਈਆਂ, ਨਗਰ ਕੀਰਤਨ ਕੱਢ ਲਏ, ਕਈਆਂ ਨੇ ਤਾਂ ਗੁਰਬਾਣੀ ਨੂੰ ਹੀ ਆਧਾਰ ਬਣਾ ਕੇ ਜਿੱਥੇ ਵੱਖ-ਵੱਖ ਇਨਾਮੀ ਸਕੀਮਾਂ ਕੱਢੀਆਂ ਗਈਆਂ ਉੱਥੇ ਆਪਣੀ ਵੀ ਵਾਹ-ਵਾਹੀ ਕਰਵਾ ਲਈ ਤੇ ਸਿੱਖ ਕੌਮ ਦੀ ਪਨੀਰੀ ਨੂੰ ਸਿੱਖ ਇਤਿਹਾਸ ਦੇ ਨਾਮ ਉੱਤੇ ਕੱਚਾ ਪਿੱਲਾ ਇਤਿਹਾਸ ਯਾਦ ਕਰਵਾ ਕਿ ਉਹਨਾਂ ਦੇ ਲੱਕੀ ਕੂਪਨ ਵੀ ਕੱਢ ਦਿੱਤੇ, ਸ੍ਰੋਮਣੀ ਕਮੇਟੀ ਦੀ ਤਾਂ ਗੱਲ ਹੀ ਕਰੀਏ ?
ਖੈਰ! ਆਉਂਦੇ ਦਿਨਾਂ ਨੂੰ ਭਾਰਤ ਦਾ ਮੁੱਖ ਤਿਉਹਾਰ ਦਿਵਾਲੀ ਮਨਾਇਆ ਜਾ ਰਿਹਾ ਹੈ । ਜਿਸਦਾ ਸਬੰਧ ਸਿੱਖਾਂ ਨਾਲ ਵੀ ਜੋੜ ਦਿੱਤਾ ਗਿਆ ਹੈ ਜਦਕਿ ਉੱਚ ਕੋਟੀ ਦੇ ਸਿੱਖ ਵਿਦਵਾਨਾਂ ਦੀ ਖੋਜ ਅਨੁਸਾਰ ਕੁੱਝ ਹੋਰ ਹੀ ਵੀਚਾਰ ਹੈ, ਕਿ “ਹਿੰਦੂ ਤਿਉਹਾਰ ਦਿਵਾਲੀ ਨੂੰ ਦਰਬਾਰ ਸਾਹਿਬ ਵਿੱਚ ਮਨਾਉਣ, ਭੀੜਾਂ ਇਕੱਤਰ ਕਰਨ ਤੇ ਇਸ ਤਰ੍ਹਾਂ ਮਾਇਆ ਇਕੱਠੀ ਕਰਨ ਲਈ ਮਹੰਤਾਂ ਨੇ ਇਹ ਝੂਠ ਫੈਲਾ ਦਿੱਤਾ ਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਪੁੱਜੇ ਸਨ, ਪਰ ‘ਭੱਟ ਵਹੀਆਂ’ ਅਨੁਸਾਰ ਗੁਰੂ ਜੀ ਫਰਵਰੀ ਮਹੀਨੇ ਵਾਪਸ ਪੁੱਜੇ ਸਨ (28 ਫਰਵਰੀ,1621) ਜਦਕਿ ਦਿਵਾਲੀ ਅਕਤੂਬਰ/ਨਵੰਬਰ ਵਿੱਚ ਆਉਂਦੀ ਹੈ ।” (ਹਵਾਲਾ ਮਾਸਕ ਸਪੋਕਸਮੈਨ ਨਵੰ. 2002)
ਜੇਕਰ ਮੰਨ ਵੀ ਲਿਆ ਜਾਵੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਕਰਨੀ ਖੁਸ਼ੀ ਦਾ ਇਜ਼ਹਾਰ ਕਰਨਾ ਕੋਈ ਬੁਰੀ ਗੱਲ ਨਹੀਂ । ਸਿੱਖਾਂ ਵੱਲੋਂ ਵੀ ਇਸ ਤਿਉਹਾਰ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਜੋੜ ਕੇ ਮਨਾਉਣਾ ਬੁਰਾ ਨਹੀਂ, ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਿਉਹਾਰ ਦੇ ਨਾਮ ਤੇ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ (ਪਟਾਕਿਆਂ) ਨੂੰ ਅੱਗ ਲਗਾ ਕੇ ਹੋਰ ਕਿਹੜੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਨੇ ਸਿੱਖ ? ਗੁਰੂ ਦੀ ਗੋਲਕ ਵਿੱਚ ਗੁਰਦੁਆਰਾ ਕਮੇਟੀਆਂ ਲੱਖਾਂ ਰੁਪਿਆਂ ਦੀ ਅਤਿਸ਼ਬਾਜ਼ੀ ਨੂੰ ਅੱਗ ਲਗਾ ਕੇ ਕੁੱਝ ਪੱਲ ਦਾ ਨਜ਼ਾਰਾ ਵੇਖ ਕੇ ਸੌਂ ਜਾਂਦੀਆਂ ਹਨ ਪਰ ਕਦੇ ਇਹ ਕਿਉਂ ਨਹੀਂ ਸੋਚਿਆ ਕਿ ਅੱਜ ਵੀ ਕਈ ਗਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਫੀਸ ਨਾ ਦੇਣ ਕਰਕੇ ਸਕੂਲ ਤੋਂ ਕੱਢ ਦਿੱਤਾ ਜਾਂਦਾ ਹੈ, ਅੱਜ ਵੀ ਕਈ ਸਾਬਤ ਸੂਰਤ ਗਰੀਬ ਸਿੱਖਾਂ ਦੇ ਘਰ ਵਿੱਚ ਦੋ ਵਕਤ ਦੀ ਰੋਟੀ ਨਹੀਂ ਪੱਕਦੀ । ਅੱਜ ਵੀ ਭਾਰਤ ਵਿਚ ਪਤਾ ਨਹੀਂ ਕਿੰਨੇ ਬੱਚੇ ਭੁੱਖੇ ਸੌਂ ਰਹੇ ਹਨ ? ਸੰਸਾਰ ਦੇ ਨਕਸ਼ੇ ਤੇ ਇੱਕ ਸਿੱਖ ਕੌਮ ਹੀ ਹੈ ਜੋ ਸਰਬੱਤ ਦਾ ਭਲਾ ਮੰਗਦੀ ਹੈ ਪਰ ਅੱਜ ਆਪਣਾ ਭਲਾ ਵੀ ਨਹੀਂ ਕਰਨਾ ਚਾਹੁੰਦੀ । ਗੁਰੂ ਕੇ ਪਿਆਰੇ ਖਾਲਸਾ ਜੀਉ ! ਅਰਜ਼ ਹੈ ਇੱਕ ਵਾਰ ਇਸ ਦਿਵਾਲੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦਿਆਂ ਇਹ ਫੋਕਟ ਕਰਮਕਾਂਡ ਬੰਦ ਕਰਕੇ ਆਪਣੇ ਦਸਵੰਧ ਦੀ ਸੁਯੋਗ ਵਰਤੋਂ ਦੇ ਨਾਲ ਗੁਰੂ ਦੀ ਗੋਲਕ ਦੀ ਸੁਯੋਗ ਵਰਤੋਂ ਕਰਕੇ ਕਿਸੇ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਦੇਈਏ । ਇੱਕ ਸਿੱਖ ਪਰਿਵਾਰ ਵਿੱਚ ਗੁੰਜੈਸ਼ ਨਹੀਂ ਤਾਂ ਦੋ ਤਿੰਨ ਪਰਿਵਾਰ ਰਲ ਮਿਲ ਕੇ ਕਿਸੇ ਗਰੀਬ ਦੇ ਬੱਚੇ ਦੀ ਵਿੱਦਿਆ ਦਾ ਪ੍ਰਬੰਧ ਕਰ ਦੇਈਏ ਤਾਂ ਹੀ ਇਹ ਤਿਉਹਾਰ ਅਤੇ ਗੁਰਪੁਰਬ ਮਨਾਏ ਸਫਲ ਹੋ ਸਕਦੇ ਨੇ। ਉਮੀਦ ਕਰਦਾ ਹਾਂ ਕਿ ਇਸ ਵਾਰ ਗੁਰੂ ਦੇ ਸਿੱਖ ਇਸ ਬਾਰੇ ਜ਼ਰੂਰ ਸੋਚਣਗੇ । ਤੇ ਆਪਣੀ ਕਿਰਤ ਦੀ ਕਮਾਈ ਸਮੇਤ ਗੁਰੂ ਦੀ ਗੋਲਕ ਨੂੰ ਅਤਿਸ਼ਬਾਜ਼ੀ ਦੀ ਅੱਗ ਵਿੱਚ ਨਹੀਂ ਸੜਨ ਦੇਣਗੇ ।
ਗੁਰੂ ਭਲੀ ਕਰੇ ।
-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ,
ਅੰਮ੍ਰਿਤਸਰ ।
ਮੋ. 98150-24920