(ਦੂਜਾ ਵਿਸ਼ਾ –ਮਨੁੱਖਾ ਜਨਮ ਸਵਾਰਨ ਅਤੇ ਵਿਗਾੜਨ ਵਿਚ ਮਨ ਦਾ ਰੋਲ ?)
(ਭਾਗ ਤੀਜਾ )
ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥ (1263)
(ੳ)
ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥
ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥1॥
ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥
ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥1॥ਰਹਾਉ॥
ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ ॥
ਹਰਿ ਜਨ ਕਉ ਮਿਲਿਆਂ ਸੁਖੁ ਪਾੲਐਿ ਸਭ ਦੁਰਮਤਿ ਮੈਲੁ ਹਰੈ ॥2॥
ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥
ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥3॥
ਜਿਨਿ ਇਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥
ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥4॥3॥ (1263)
ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥
ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥1॥ਰਹਾਉ॥
ਹੇ ਮਨ ਹਮੇਸ਼ਾ ਹਰੀ ਦਾ ਨਾਮ ਜਪਿਆ ਕਰ , ਉਸ ਦਾ ਹੀ ਧਿਆਨ ਧਰਿਆ ਕਰ , ਇਹ ਕਰਨ ਨਾਲ ਬੰਦਾ , ਮਾਇਆ ਦੀ ਘੁੱਮਣ-ਘੇਰੀ ਵਿਚੋਂ ਪਾਰ ਲੰਘ ਜਾਂਦਾ ਹੈ । ਜੋ ਮਨੁੱਖ ਕੰਨਾਂ ਨਾਲ ਗੁਰੂ ਦੇ ਬਚਨ ਸੁਣ ਕੇ, (ਸੁਣਿਆ ਤਾਂ ਹੀ ਜਾਂਦਾ ਹੈ ਜੇ ਕੰਨਾਂ ਨਾਲ ਮਨ ਵੀ ਸੁਚੇਤ ਹੋਵੇ) ਗੁਰੂ ਦਾ ਉੋਦੇਸ਼ ਸੁਣ ਕੇ, ਉਸ ਅਨੁਸਾਰ ਹੀ ਅਮਲ ਕਰੇ , ਰੱਬ ਵਿਚ ਧਿਆਨ ਜੋੜੇ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।
ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥
ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥1॥
ਹੇ ਭਾਈ ਜਿਸ ਬੰਦੇ ਤੇ ਗੁਰੂ ਕਿਰਪਾ ਕਰਦਾ ਹੈ, ਉਸ ਨੂੰ ਹੀ ਪਰਮਾਤਮਾ ਦੀ ਰਜ਼ਾ ਪਿਆਰੀ ਲਗਦੀ ਹੈ। ਜਿਹੜਾ ਬੰਦਾ ਹਰੀ ਦੇ ਗੁਣਾਂ ਦੀ ਵਿਚਾਰ ਕਰਦਾ ਰਹਿੰਦਾ ਹੈ, ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ , ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।
ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ ॥
ਹਰਿ ਜਨ ਕਉ ਮਿਲਿਆਂ ਸੁਖੁ ਪਾੲਐਿ ਸਭ ਦੁਰਮਤਿ ਮੈਲੁ ਹਰੈ ॥2॥
ਹੇ ਭਾਈ ਜਿਸ ਸੇਵਕ ‘ਤੇ ਪ੍ਰਭੂ ਮਿਹਰ ਕਰਦਾ ਹੈ, ਮੈਂ ਉਸ ਦਾ ਮੁੱਲ ਖਰੀਦਿਆ ਗੁਲਾਮ ਹਾਂ। ਹਰੀ ਦੇ ਜਨਾਂ ਨੂੰ ਮਿਲਿਆਂ, ਸਤਸੰਗੀਆਂ ਦੀ ਸੰਗਤ ਕੀਤਿਆਂ, ਆਤਮਕ ਆਨੰਦਮਿਲਦਾ ਹੈ ਅਤੇ ਖੋਟੀ ਮੱਤ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ।
ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥
ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥3॥
ਹੇ ਭਾਈ ਹਰੀ ਦੇ ਜਨ ਨੂੰ , ਕਰਤਾਰ ਦੇ ਸੇਵਕ ਨੂੰ, ਕਰਤਾਰ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ , ਉਹ ਹਰੀ ਦੇ ਗੁਣਾਂ ਦੀ ਵਿਚਾਰ ਕਰ ਕੇ ਹੀ ਤ੍ਰਿਪਤ ਹੁੰਦਾ ਹੈ। ਹਰੀ ਦਾ ਸੇਵਕ ਪਾਣੀ ਵਿਚਲੀ ਮੱਛੀ ਵਾਙ ਹੈ, ਜਿਵੇਂ ਮੱਛੀ, ਪਾਣੀ ਤੋਂ ਵਿਛੜ ਕੇ ਮਰ ਜਾਂਦੀ ਹੈ ਉਹ ਹੀ ਹਾਲਤ ਪ੍ਰਭੂ ਦੇ ਸੇਵਕ ਦੀ ਪ੍ਰਭੂ ਨਾਲੋਂ ਵਿਛੜ ਕੇ ਹੁੰਦੀ ਹੈ, ਉਹ ਆਤਮਕ ਮੌਤ ਮਰ ਜਾਂਦਾ ਹੈ।
ਜਿਨਿ ਇਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥
ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥4॥3॥ (1263)
ਹੇ ਭਾਈ ਜਿਸ ਨੇ ਐਸੀ ਪ੍ਰੀਤ ਕੀਤੀ ਹੈ, ਓਹੀ ਇਸ ਬਾਰੇ ਜਾਣਦਾ ਹੈ, ਜਾਂ ਫਿਰ ਉਹ ਜਾਣਦਾ ਹੈ, ਜਿਸ ਨੇ ਉਸ ਦੇ ਮਨ ਵਿਚ ਇਹ ਪ੍ਰੀਤ ਪੈਦਾ ਕੀਤੀ ਹੈ ।
ਦਾਸ ਨਾਨਕ, ਕਰਤਾਰ ਨੂੰ ਵੇਖ ਕੇ ਆਨੰਦ ਮਾਣਦਾ ਹੈ, ਉਸ ਦੀ ਸਾਰੀ ਸਰੀਰਕ ਭੁੱਖ ਮਿਟ ਜਾਂਦੀ ਹੈ ।
(ਸਰੀਰ ਦੀ ਭੁੱਖ ਦੂਰ ਹੋਣ ਦਾ ਇਹ ਮਤਲਬ ਨਹੀਂ ਕਿ ਉਹ ਪੌਣ-ਅਹਾਰੀ ਹੋ ਜਾਂਦਾ ਹੈ, ਜਾਂ ਉਸ ਦੇ ਸਰੀਰ ਦੀਆਂ ਲੋੜਾਂ ਖਤਮ ਹੋ ਜਾਂਦੀਆਂ ਹਨ, ਬਲਕਿ ਇਹ ਹੈ ਕਿ ਤ੍ਰਿਸ਼ਨਾਵਾਂ ਸ਼ਾਂਤ ਹੋ ਜਾਂਦੀਆਂ ਹਨ)
……………………………………………………………………………………….
ਮਤ ਕੋਈ ਮਨ ਮਿਲਤਾ ਬਿਲਮਾਵੈ ॥ (342)
(ਅ)
ਮਮਾ ਮੂਲ ਗਹਿਆ ਮਨੁ ਮਾਨੈ ॥ ਮਰਮੀ ਹੋਇ ਸੁ ਮਨ ਕਉ ਜਾਨੈ ॥
ਮਤ ਕੋਈ ਮਨ ਮਿਲਤਾ ਬਿਲਮਾਵੈ ॥ ਮਗਨ ਭਇਆ ਤੇ ਸੋ ਸਚੁ ਪਾਵੈ ॥31॥ (342)
ਜਗਤ ਦੇ ਮੂਲ, ਅਕਾਲ-ਪੁਰਖ ਨੂੰ ਮਨ ਵਿਚ ਵਸਾਇਆਂ ਹੀ, ਮਨ ਭਟਕਣੋਂ ਹਟ ਕੇ, ਅੰਦਰ ਹੀ ਟਿਕ ਜਾਂਦਾ ਹੈ। ਜੋ ਜੀਵ ਇਸ ਭੇਦ ਨੂੰ ਸਮਝ ਲੈਂਦਾ ਹੈ, ਉਹ ਮਨ ਨੂੰ ਵੀ ਸਮਝ ਲੈਂਦਾ ਹੈ ।
ਮਤਾਂ ਕੋਈ ਮਨ ਨੂੰ ਪ੍ਰਭੂ ਚਰਨਾਂ ਵਿਚ ਜੋੜਨ ਲੱਗਿਆਂ ਢਿੱਲ ਕਰੇ (ਐਸੀ ਢਿੱਲ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ) ਮਨ ਹਰੀ ਨਾਲ ਜੁੜ ਕੇ ਹੀ, ਉਸ ਵਿਚ ਮਗਨ ਹੋ ਕੇ ਹੀ, ਸਦਾ-ਥਿਰ ਕਰਤਾਰ ਨਾਲ ਇਕ-ਮਿਕ ਹੁੰਦਾ ਹੈ ।
ਅਮਰ ਜੀਤ ਸਿੰਘ ਚੰਦੀ
1-10-2014