ਕੁਝ ਵਿਚਾਰ
ਦਿਲ ਤਾਂ ਇਹੀ ਕਰਦਾ ਸੀ ਕਿ ਸਾਰੇ ਵਿਸ਼ਿਆਂ ਸਬੰਧੀ, ਘੱਟੋ-ਘੱਟ ਪੰਜ-ਪੰਜ ਸ਼ਬਦ ਗੁਰਬਾਣੀ ਵਿਚੋਂ ਵਿਆਖਿਆ ਸਹਿਤ ਦਿੱਤੇ ਜਾਣ, ਪਰ ਕੁਝ ਵੀਰਾਂ ਦਾ ਸੁਝਾਅ ਆਇਆ ਕਿ, ਇਸ ਵਿਸਲੇਸ਼ਨ ਨੂੰ ਏਨਾ ਲੰਮਾ ਨਾ ਕਰੋ, ਸਿੱਖਾਂ ਨੂੰ ਬਹੁਤਾ ਪੜ੍ਹਨ ਦੀ ਆਦਤ ਨਹੀਂ ਹੈ, ਛੇਤੀ ਹੀ ਅੱਕ ਜਾਂਦੇ ਹਨ। ਇਸ ਸੁਝਾਅ ਨੂੰ ਧਿਆਨ ਵਿਚ ਰੱਖਦਿਆਂ, ਵਿਸ਼ਿਆਂ ਦੇ ਪੰਜਾਂ ਤੋਂ ਤਿੰਨ ਭਾਗ ਕਰ ਦਿੱਤੇ ਹਨ।
(ਪਾਠਕ ਵੀਰ/ਭੈਣ ਆਪਣੇ ਸੁਝਾਅ ਜ਼ਰੂਰ ਭੇਜਣ, ਤਾਂ ਜੋ ਬਹੁਤਿਆਂ ਦੀ ਰੁਚੀ ਮੁਤਾਬਕ ਹੀ ਵਿਸ਼ਾ ਵਿਚਾਰਿਆ ਜਾਵੇ)
ਮਨ ਨਾਲ ਸਬੰਧਿਤ, ਇਕ ਬਹੁਤ ਹੀ ਮਹੱਤਵ ਪੂਰਨ ਸ਼ਬਦ ਹੈ, ਜਿਸ ਵਿਚ ਗੁਰੂ ਸਾਹਿਬ ਨੇ ਮਨ ਦੀਆਂ ਬਹੁਤ ਸਾਰੀਆਂ ਹਾਲਤਾਂ ਬਾਰੇ ਵਿਚਾਰ ਦਿੱਤੇ ਹਨ, ਪਰ ਇਸ ਸ਼ਬਦ ਦੇ ਦਸ ਪਦੇ ਹਨ । ਫਿਲਹਾਲ ਸ਼ਬਦ ਲੰਮਾ ਹੋਣ ਕਾਰਨ ਛੱਡ ਦਿੱਤਾ ਹੈ, ਜੇ ਕੋਈ ਵੀਰ/ਭੈਣ ਚਾਹੇ ਤਾਂ ਉਹ ਵੀ ਪਾਇਆ ਜਾ ਸਕਦਾ ਹੈ । ਨਹੀਂ ਤਾਂ ਅਗਲੇ ਸਾਰੇ ਵਿਸ਼ੇ ਤਿੰਨ-ਤਿੰਨ ਭਾਗਾਂ ਦੇ ਹੀ ਹੋਣਗੇ ।
ਮਨ ਦੇ ਵਿਸ਼ੇ ਵਿਚ ਆਪਾਂ ਵੇਖਿਆ ਹੈ ਕਿ, ਸੰਸਾਰ ਦੀ ਇਸ ਖੇਡ ਦਾ ਅਸਲ ਖਿਡਾਰੀ ਮਨ ਹੀ ਹੈ, ਸਰੀਰ ਉਸ ਖੇਡ ਦਾ ਸਾਧਨ ਮਾਤ੍ਰ ਹੀ ਹੈ, ਇਹ ਸੰਸਾਰ ਮਨ ਦੀ ਇਸ ਖੇਡ ਦੀ ਕਰਮ-ਭੂਮੀ ਹੈ । ਇਸ ਸੰਸਾਰ ਵਿਚ ਮਨ ਨੂੰ ਪ੍ਰਭਾਵਤ ਕਰਨ ਵਾਲੀਆਂ ਦੋ ਸ਼ਕਤੀਆਂ ਹਨ (ਹਾਲਾਂਕਿ ਇਹ ਸੰਸਾਰ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ, ਪਰਮਾਤਮਾ ਵਿਚੋਂ ਹੀ ਪੈਦਾ ਹੋਈਆਂ ਹਨ, ਇਵੇਂ ਮਾਇਆ ਵੀ ਕਰਤਾਰ ਨੇ ਆਪ ਹੀ ਪੈਦਾ ਕੀਤੀ ਹੈ,। ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਨੂੰ ਦੂਜਾ ਵੀ ਕਿਹਾ ਗਇਆ ਹੈ।
ਮਾਇਆ, ਜਿਸ ਵਿਚ ਏਨੀ ਖਿੱਚ , ਏਨੀ ਕਸ਼ਿਸ਼ ਹੈ ਕਿ , ਮਨ ਬਦੋ-ਬਦੀ ਉਸ ਵੱਲ ਖਿੱਚਿਆ ਜਾਂਦਾ ਹੈ ।
ਦੁਨਿਆਵੀ ਖੇਡ ਇਹੀ ਹੈ ਕਿ ਮਨ ਨੇ (ਜੋ ਕਰਤਾਰ ਦੀ ਆਪਣੀ ਹੀ ਅੰਸ਼ ਹੈ) ਮਾਇਆ ਤੋਂ ਬਚ ਕੇ , ਆਪਣੇ ਮੂਲ ਵਾਹਿਗੁਰੂ ਨਾਲ ਇਕ-ਮਿਕ ਹੋਣਾ ਹੈ ।
ਮਨ ਨੂੰ ਭਰਮਾਉਣ ਲਈ ਜੇ ਇਕ ਪਾਸੇ ਮਾਇਆ ਦੀ ਚਕਾ-ਚੌਂਧ ਹੈ , ਤਾਂ ਦੂਜੇ ਪਾਸੇ ਮਨ ਨੂੰ ਸਮਝਾਉਣ ਲਈ ਸ਼ਬਦ ਗੁਰੂ ਵੀ ਹੈ , ਜਿਸ ਨੂੰ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਆਪਣਾ ਗੁਰੂ ਮੰਨਦੇ ਹਨ, ਵੈਸੇ ਗੁਰੂ ਗਰੰਥ ਸਾਹਿਬ ਜੀ ਵਿਚ ਕੁਝ ਵੀ ਅਜਿਹਾ ਨਹੀਂ ਹੈ , ਜੋ ਖਾਲੀ ਸਿੱਖਾਂ ਲਈ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਸਿਖਿਆ, ਸੰਸਾਰ ਦੇ ਹਰ ਮਨੁੱਖ ਲਈ ਇਕ-ਸਮਾਨ ਲਾਹੇ-ਵੰਦ ਹੈ ।
ਇਵੇਂ ਮਨ ਦੋ ਹਾਲਤਾਂ ਵਿਚ ਵਿਚਰਦਾ ਹੈ , ਇਕ , ਮਾਇਆ ਦੀ ਚਕਾ-ਚੌਂਧ ਤੋਂ ਪ੍ਰਭਾਵਤ ਹੋ, ਆਪਹੁਦਰਾ ਹੋਇਆ, ਮਨਮੁੱਖ ਵਜੋਂ ਮਾਇਆ ਦੇ ਚਸਕਿਆਂ ਵਿਚ ਗਲਤਾਨ ਰਹਿ ਕੇ ਇਸ ਮਨੁੱਖਾ ਜੀਵਨ (ਜੋ ਇਸ ਖੇਡ ਦਾ ਆਖਰੀ ਪੜਾਅ ਵੀ ਹੋ ਸਕਦਾ ਹੈ, ਜੇ ਮਨ ਸੰਸਾਰ ਵਿਚ ਬੰਦੇ ਦੀਆਂ ਅੱਤ ਲੋੜੀਂਦੀਆਂ ਸ਼ਕਤੀਆਂ,(ਕਾਮ-ਕ੍ਰੋਧ-ਲੋਭ-ਮੋਹ-ਹੰਕਾਰ) ਸੰਜਮ ਨਾਲ , ਲੋੜ ਅਨੁਸਾਰ ਵਰਤੇ, ਪਰ ਜਦੋਂ ਬੰਦਾ ਚਸਕਿਆਂ ਵਿਚ ਫੱਸ ਕੇ, ਇਨ੍ਹਾਂ ਸ਼ਕਤੀਆਂ ਦਾ ਦੁਰ-ਉਪਯੋਗ ਕਰਦਾ ਹੈ , ਤਾਂ ਉਹ ਇਸ ਮਨੁੱਖਾ ਜੀਵਨ ਵਿਚ ਪ੍ਰਭੂ ਨਾਲ ਇਕ-ਮਿਕ ਨਹੀਂ ਹੋ ਪਾਉਂਦਾ , ਅਤੇ ਜੀਵਨ ਦੀ ਇਹ ਬਾਜ਼ੀ ਹਾਰ ਕੇ ਜਾਂਦਾ ਹੈ ।
ਗੁਰਬਾਣੀ ਅਨੁਸਾਰ ਕੁਝ ਮਨ ਅਜਿਹੇ ਵੀ ਹਨ (“ਹੈਨਿ ਵਿਰਲੇ ਨਾਹੀ ਘਣੇ” ਅਤੇ “ ਕੋਟਨ ਮੈ ਨਾਨਕ ਕੋਊ”) ਜੋ ਮਾਇਆ ਦੇ ਪ੍ਰਭਾਵ ਵਿਚ ਨਾ ਫਸਦਿਆਂ, ਸ਼ਬਦ ਗੁਰੂ ਨਾਲ ਜੁੜ ਕੇ, ਉਸ ਦੀ ਸਿਖਿਆ ਅਨੁਸਾਰ ਕਰਤਾਰ ਨਾਲ ਪਿਆਰ-ਸਾਂਝ ਪਾ ਕੇ , ਉਸ ਨਾਲ ਇਕ-ਮਿਕ ਹੋਣ ਦਾ ਉਪ੍ਰਾਲਾ ਕਰਦੇ ਹਨ । ਗੁਰਬਾਣੀ ਵਿਚ ਅਜਿਹੀ ਕੋਈ ਸੇਧ ਨਹੀਂ ਦਿੱਤੀ ਗਈ ਕਿ ਫਲਾਨੇ-ਫਲਾਨੇ ਕਰਮ-ਕਾਂਡ ਕਰਨ ਨਾਲ , ਅਮਕਾ ਫੱਲ ਮਿਲੇਗਾ । ਬੱਸ ਇਹੀ ਸਮਝਾਇਆ ਗਿਆ ਹੈ ਕਿ , ਆਪਹੁਦਰਾ ਹੋ ਕੇ ਚੱਲਣ ਨਾਲ, ਮਨਮੁੱਖ ਹੋ ਕੇ ਵਾਹਿਗੁਰੂ ਤੋਂ ਦੂਰ ਹੋਈਦਾ ਹੈ, ਮਨ ਅਤੇ ਪ੍ਰਭੂ ਦੇ ਵਿਚਾਲੇ , ਮਾਇਆ ਦਾ ਪਰਦਾ ਹੋਰ ਮਜ਼ਬੂਤ ਹੁੰਦਾ ਜਾਂਦਾ ਹੈ । ਅਤੇ ਗੁਰੂ ਦੀ ਸਿਖਿਆ ਅਨੁਸਾਰ ਗੁਰਮੁੱਖ ਹੋ ਕੇ ਚੱਲਣ ਨਾਲ, ਮਨ, ਪ੍ਰਭੂ ਦੇ ਹੋਰ ਨੇੜੇ ਹੁੰਦਾ ਹੈ , ਦੋਵਾਂ ਵਿਚਾਲੇ ਮਾਇਆ ਦਾ ਪਰਦਾ ਕਮਜ਼ੋਰ ਹੁੰਦਾ ਜਾਂਦਾ ਹੈ ।
ਇਸ ਹਾਲਤ ਵਿਚ ਦੂਸਰੇ ਧਰਮਾਂ ਵਾਙ , ਰਹਬਰ ਦੀ ਸਿਫਾਰਸ਼ , ਸੰਤਾਂ-ਮਹਾਂਪੁਰਖਾਂ , ਬ੍ਰਹਮਗਿਆਨੀਆਂ , ਪੁਜਾਰੀਆਂ ਦੇ ਕੀਤੇ ਕਰਮ-ਕਾਂਡ , ਜਾਂ ਗਿਣਤੀਆਂ-ਮਿਣਤੀਆਂ ਦੇ ਕੀਤੇ, ਜਾਂ ਪੈਸੇ ਦੇ ਕਰਵਾਏ (ਅਖੰਡ ਜਾਂ ਸੰਪਟ) ਪਾਠ ਵੀ ਕਿਸੇ ਕੰਮ ਨਹੀਂ ਆਉਂਦੇ । ਇਸ ਅਵਸਥਾ ਵਿਚ ਜੇ ਕੋਈ ਚੀਜ਼ ਕੰਮ ਆਉਂਦੀ ਹੈ ਤਾਂ ਉਹ ਹੈ, ਅਕਾਲ-ਪੁਰਖ ਦਾ ਆਪਣਾ ਕਰਮ , ਉਸ ਦੀ ਆਪਣੀ ਰਹਮਤ ਜਾਂ ਉਸ ਦੀ ਆਪਣੀ ਬਖਸ਼ਿਸ਼ , ਜੋ ਬੰਦੇ ਨੂੰ ਰੱਬ ਨਾਲ ਇਕ-ਮਿਕ ਕਰ ਦਿੰਦੀ ਹੈ ।
ਇਵੇਂ ਅਸੀਂ ਵੇਖਦੇ ਹਾਂ ਕਿ ਮਨ ਦੋ ਹਾਲਤਾਂ ਵਿਚ ਵਿਚਰਦਾ ਬੰਦੇ ਦੀ ਜ਼ਿੰਦਗੀ ਤੇ ਪ੍ਰਭਾਵ ਪਾਉਂਦਾ ਹੈ ।
ਪਹਿਲੀ ਹਾਲਤ ਵਿਚ ਮਨਮੁੱਖ ਹੋ ਕੇ , ਪ੍ਰਭੂ ਤੋਂ ਦੂਰ ਹੋ ਕੇ, ਜ਼ਿੰਦਗੀ ਦੀ ਬਾਜ਼ੀ ਹਾਰਨ ਦਾ ਕਾਰਨ ਬਣਦਾ ਹੈ ।
ਦੂਸਰੀ ਹਾਲਤ ਵਿਚ ਗੁਰਮੁੱਖ ਬਣ ਕੇ, ਕਰਾਤਰ ਦੇ ਨੇੜੇ ਹੋ ਕੇ, ਜ਼ਿੰਦਗੀ ਦੀ ਬਾਜ਼ੀ ਜਿੱਤਣ ਦਾ ਵਸੀਲਾ ਬਣਦਾ ਹੈ ।
ਅਗਲੇ ਭਾਗ ਵਿਚ, ਗੁਰਬਾਣੀ ਵਿਚ ਦਿੱਤੀ , ਦੋਵਾਂ ਹਾਲਤਾਂ (ਗੁਰਮੁੱਖ ਅਤੇ ਮਨਮੁੱਖ) ਬਾਰੇ ਸੇਧ ਤੋਂ ਕੁਝ ਹੋਰ ਸਮਝਣ ਦਾ ਯਤਨ ਕਰਾਂਗੇ ।
ਅਮਰ ਜੀਤ ਸਿੰਘ ਚੰਦੀ
5-9-2014