ਖਾਲਸਾ ਰਾਜ ਲਈ “ਦੀਵਾਲੀ” ਦਾ ਉਹ ਨਾਮੁਰਾਦ ਦਿਹਾੜਾ
ਤੀਹ ਹਜਾਰੀ ਫੌਜ ਲੈ ਕੇ ਜਦੋਂ ਖਾਲਸਾ ਰਾਜ ਦੇ ਜਰਨੈਲ , ਜੱਸਾ ਸਿੰਘ ਆਲਹੂਵਾਲੀਆ ਨੇ ਦਿੱਲੀ ਤੇ ਕਬਜਾ ਕਰ ਕੇ ਕੇਸਰੀ ਨਿਸ਼ਾਨ, ਲਾਲ ਕਿਲੇ ਤੇ ਫਹਿਰਾ ਦਿਤਾ , ਤਾਂ ਪੂਰੇ ਹਿੰਦੁਸਤਾਨ ਤੇ ਖਾਲਸਾ ਰਾਜ ਸਥਾਪਿਤ ਹੋ ਗਿਆ। ਖਾਲਸਾ ਰਾਜ ਸਥਾਪਿਤ ਹੂੰਦਿਆ ਹੀ ਜੱਸਾ ਸਿੰਘ ਆਲਹੂਵਾਲੀਆਂ ਜੀ ਨੇ ਗੁਰਦੁਆਰਿਆ ਅਤੇ ਗੁਰੂ ਅਸਥਾਨਾਂ ਦੇ ਨਾਮ ਤੇ ਜਾਗੀਰਾ ਲਾਉਣੀਆਂ ਸ਼ੁਰੂ ਕਰ ਦਿਤੀਆਂ । ਖਾਲਸਾ ਰਾਜ ਨੂੰ ਮਜਬੂਤ ਕਰਨ ਲਈ ਹੋਰ ਨੀਤੀਆਂ ਬਨਾਉਣੀਆਂ ਹੱਲੀ ਸ਼ੁਰੂ ਹੀ ਕੀਤੀਆ ਸਨ ਕਿ , ਇਸ ਵਿਚ ਹੀ ਦੀਵਾਲੀ ਦਾ ਉਹ ਨਾਮੁਰਾਦ ਦਿਹਾੜਾ ਆ ਗਿਆ ਤੇ ਖਾਲਸਾ ਫੌਜਾਂ ਜਿਨ੍ਹਾਂ ਵਿਚ ਕਾਫੀ ਪੂਰਬੀਏ ਅਤੇ ਡੋਗਰੇ ਵੀ ਸਨ, ਦੀਵਾਲੀ ਮਨਾਉਣ ਲਈ ਘਰਾਂ ਨੂੰ ਜਾਂਣ ਲਈ ਉਤਾਵਲੇ ਹੋ ਗਏ । ਖਾਲਸਾ ਰਾਜ ਦੇ ਜਰਨੈਲ ਬਘੇਲ ਸਿੰਘ ਨੇ ਵੀ ਇਹ ਜਿਦ ਫੜ ਲਈ ਕੇ ਦੀਵਾਲੀ ਤਾਂ ਅੰਮ੍ਰਿਤਸਰ ਚਲ ਕੇ ਹੀ ਮਨਾਵਾਂਗੇ । ਦੀਵਾਲੀ ਦਾ ਸ਼ੌਂਕ ਤਾਂ ਪੰਜਾਬ ਦੇ ਸਿੱਖਾਂ ਵਿਚ ਇਨਾਂ ਹੂੰਦਾ ਸੀ ਕਿ ਇਹ ਕਹਾਵਤ ਬਣੀ ਹੋਈ ਸੀ " ਦਾਲ ਰੋਟੀ ਘਰ ਦੀ , ਦਿਵਾਲੀ ਅੰਬਰਸੱਰ ਦੀ।" ਖਾਲਸਾ ਰਾਜ ਦਾ ਉਹ ਮਹਾਨ ਜੱਥੇਦਾਰ ਜੱਸਾ ਸਿੰਘ ਵੀ , ਸਿੱਖ ਫੌਜਾਂ ਨੂੰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਸਮਝਾਂ ਨਾਂ ਸਕਿਆ।
ਖਾਲਸਾ ਫੌਜਾਂ ਨੇ ਜਹਾਂਗੀਰ ਦਾ ਤਖਤੇ ਤਾਉਸ ਪੁਟ ਕੇ ਹਾਥੀਆਂ ਤੇ ਲੱਦ ਲਿਆ ਅਤੇ ਉਸਨੂੰ ਅਪਣੇ ਨਾਲ ਅੰਮ੍ਰਿਤਸਰ ਲੈ ਕੇ ਆ ਗਏ , ਜੋ ਅੱਜ ਵੀ ਦਰਬਾਰ ਸਾਹਿਬ ਦੀਆਂ ਪਰਿਕ੍ਰਮਾ ਕੋਲ ਗੁਰੂ ਰਾਮ ਦਾਸ ਲੰਗਰ ਦੇ ਬਾਹਰ ਵਾਲੇ ਹਿੱਸੇ ਵਿਚ ਰਖਿਆ ਹੋਇਆ ਹੈ। ਅਤਿ ਉਤਸਾਹਿਤ ਖਾਲਸਾ ਫੌਜਾਂ ਜਹਾਂਗੀਰ ਦਾ ਤਖਤੇ ਤਾਉਸ ਤਾਂ ਪੱਟ ਕੇ ਅਪਣੇ ਨਾਲ ਅੰਮ੍ਰਿਤਸਰ ਲੈ ਆਈਆਂ , ਲੇਕਿਨ ਦਿੱਲੀ ਜਾ ਕੇ ਕਦੀ ਵੀ ਅਪਣਾਂ ਰਾਜ ਦੋਬਾਰਾ ਕਾਇਮ ਨਾਂ ਕਰ ਸਕੀਆਂ। ਇਹ ਦਿਵਾਲੀ ਹੀ ਉਹ ਦਿਹਾੜਾ ਹੈ ਜਿਸਦੀ ਵਜਿਹ ਨਾਲ ਖਾਲਸਾ ਰਾਜ ਸਿੱਖਾਂ ਦੇ ਹੱਥੋਂ ਜਾਂਦਾ ਰਿਹਾ । ਸ਼ਾਇਦ ਸ਼੍ਰੋਮਣੀ ਕਮੇਟੀ , ਖਾਲਸਾ ਰਾਜ ਖੁੱਸਣ ਦੀ ਖੁਸ਼ੀ ਵਿਚ ਹਰ ਵਰ੍ਹੇ, ਗੁਰੂ ਦੀ ਗੋਲਕ ਵਿਚੋਂ , ਕਰੋੜਾਂ ਰੁਪਏ ਆਤਸ਼ਬਾਜੀ ਦੇ ਰੂਪ ਵਿਚ ਸਾੜ ਦਿੰਦੀ ਹੈ।
ਜਦੋਂ ਇਨ੍ਹਾਂ ਨੂੰ ਪੁੱਛੋ ਕਿ ਤੁਸੀ ਦੀਵਾਲੀ ਕਿਉ ਮਨਾਂਉਦੇ ਹੋ ? ਤਾਂ ਕਹਿੰਦੇ ਹਨ, ਕਿ ਦੀਵਾਲੀ ਨਹੀਂ ਅਸੀ ਤਾਂ "ਬੰਦੀ ਛੋੜ ਦਿਵਸ" ਮਨਾਉਦੇ ਹਾਂ, ਜਦੋ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿਚੋਂ ਅਜਾਦ ਹੋ ਕੇ ਅੰਮ੍ਰਿਤਸਰ ਪੁੱਜੇ ਸੀ। ਪੰਥ ਦੇ ਵਿਦਵਾਨ ਅਤੇ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਲਿਖਦੇ ਹਨ ,ਕਿ ਛੇਵੇਂ ਪਾਤਸ਼ਾਹ ਦਿਵਾਲੀ ਵਾਲੇ ਦਿਨ ਨਹੀ , ਉਹ ਤਾਂ ਫਰਵਰੀ ਵਿਚ ਅੰਮ੍ਰਿਤਸਰ ਪੁੱਜੇ ਸੀ।
ਵੀਰੋ ਆਉ ਇਹ ਸੰਕਲਪ ਕਰੀਏ ! ਕਿ ਅਸੀ ਇਸ ਦਿਹਾੜੇ ਤੇ ਕੋਈ ਆਤਿਸ਼ਬਾਜੀ ਨਹੀ ਸਾੜਾਂ ਗੇ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਅੱਜ ਤੋਂ ਹੀ ਇਕ ਇਕ ਖੱਤ ਲਿਖਣੇ, ਸ਼ੁਰੂ ਕਰ ਦਿਆਂਗੇ, ਕਿ ਗੁਰੂ ਦੀ ਗੋਲਕ ਦਾ ਪੈਸਾ ਇਸ ਤਰ੍ਹਾਂ ਸਾੜ ਕੇ ਸਿੱਖੀ ਸਿਧਾਂਤਾਂ ਦਾ ਘਾਂਣ ਨਾਂ ਕੀਤਾ ਜਾਏ । ਕੀ ਤੁਸੀ ਇਸ ਮੁਹਿਮ ਵਿਚ ਸ਼ਾਮਿਲ ਹੋ ਕੇ, ਭੋਲੇ ਭਾਲੇ ਸਿੱਖਾਂ ਦੇ ਦਸਵੰਦ ਨੂੰ ਬਰਬਾਦ ਹੋਣ ਤੋਂ ਬਚਾਂਣ ਵਿਚ , ਇਹ ਖੱਤ ਲਿਖਣ ਦੀ ਮੁਹਿਮ ਵਿਚ ਅਪਣਾਂ ਯੋਗਦਾਨ ਪਾਉਗੇ ?
(ਦਾਸ ਦੇ ਇਕ ਲੇਖ ਵਿਚੋਂ ਕੁਝ ਅੰਸ਼)
ਇੰਦਰਜੀਤ ਸਿੰਘ, ਕਾਨਪੁਰ