ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਦਲਿਤਾਂ ਦੀ ਅਸਲ ਸਮੱਸਿਆ ਕੀ ਹੈ …?
ਦਲਿਤਾਂ ਦੀ ਅਸਲ ਸਮੱਸਿਆ ਕੀ ਹੈ …?
Page Visitors: 2628

                   ਦਲਿਤਾਂ ਦੀ ਅਸਲ ਸਮੱਸਿਆ ਕੀ ਹੈ …?

                 ਦਲਿਤਾਂ ਦੀ ਅਸਲ ਸਮੱਸਿਆ ਕੀ ਹੈ ? ਇਹ ਤਾਂ ਵਿਚਾਰੇ ਦਲਿਤਾਂ ਨੂੰ (ਜੋ ਅਸਲ ਵਿਚ ਦਲਿਤ ਹਨ) ਵੀ ਨਹੀਂ ਪਤਾ । ਕਿਉਂਕਿ ਦਲਿਤਾਂ ਦੇ ਮਸਲ੍ਹੇ ਬਾਰੇ ਡਾ. ਅੰਬੇਦਕਰ ਤੋਂ ਇਲਾਵਾ , ਹੋਰ ਕਿਸੇ ਨੇ ਗੰਭੀਰਤਾ ਨਾਲ ਵਿਚਾਰਿਆ ਵੀ ਨਹੀਂ ਹੋਣਾ। ਡਾ. ਅੰਬੇਦਕਰ ਨੇ ਦਲਿਤਾਂ ਬਾਰੇ ਜੋ ਖੋਜ ਕੀਤੀ , ਉਨ੍ਹਾਂ ਬਾਰੇ ਜੋ ਵਿਚਾਰਿਆ , ਉਨ੍ਹਾਂ ਦੇ ਵਿਕਾਸ ਬਾਰੇ ਜੋ ਵਿਉਂਤ-ਬੰਦੀ ਕੀਤੀ , ਉਸ ਨੂੰ ਬੜੇ ਵਿਸਤਾਰ ਵਿਚ ਲਿਖਿਆ ਵੀ ਹੈ , ਪਰ ਉਹ ਏਨਾ ਵਿਦਵਤਾ ਭਰਪੂਰ ਹੈ ਕਿ ਉਸ ਨੂੰ ਆਮ ਆਦਮੀ ਸਮਝਣ ਵਿਚ ਔਖਿਆਈ ਮਹਿਸੂਸ ਕਰਦਾ ਹੈ।    
ਫਿਰ ਜਿਨ੍ਹਾਂ ਦਲਿਤਾਂ ਦਾ ਸ਼ੋਸ਼ਣ ਕਰ-ਕਰ ਕੇ, ਉਨ੍ਹਾਂ ਨੂੰ ਰੋਟੀ ਦੇ ਚੱਕਰ ਵਿਚ ਹੀ ਉਲਝਾਈ ਰੱਖਿਆ ਗਿਆ ਹੋਵੇ , ਉਨ੍ਹਾਂ ਵਿਚਾਰਿਆਂ ਨੂੰ ਉਸ ਤੋਂ ਕੋਈ ਫਾਇਦਾ ਨਹੀਂ ਹੋਣ ਵਾਲਾ। ਕਾਸ਼ੀਰਾਮ ਨੇ ਵੀ ਉਨ੍ਹਾਂ ਨੂੰ ਜਾਗ੍ਰਿਤ ਕਰਨ ਦਾ ਉਪਰਾਲਾ ਕੀਤਾ ਸੀ, ਪਰ ਉਸ ਦੀ ਲਹਿਰ ਨਾਲ ਜੁੜ ਕੇ ਮਾਇਆਵਤੀ ਨੇ ਦਲਿਤਾਂ ਨੂੰ , ਮਾਤ੍ਰ ਇਕ ਵੋਟ-ਬੈਂਕ ਬਣਾ ਕੇ ਰੱਖ ਦਿੱਤਾ। ਜਿਸ ਨੂੰ ਅੱਜ ਦਲਿਤ ਸਮਝ ਚੁੱਕੇ ਹਨ, ਨਤੀਜੇ ਵਜੋਂ 2014 ਦੀਆਂ ਚੋਣਾਂ ਵੇਲੇ, ਦਲਿਤਾਂ ਨੇ ਮਾਇਆਵਤੀ ਨੂੰ ਬਿਲਕੁਲ ਨਕਾਰ ਦਿੱਤਾ ।
   ਹਰ ਦਲਿਤ ਲੀਡਰ ਨੇ , ਦਲਿਤਾ ਦੇ ਸਿਰ ਗਿਣਾ ਕੇ , ਉਨ੍ਹਾਂ ਨੂੰ ਵੇਚਿਆ ਹੀ ਹੈ । ਜਿਸ ਦੀ ਸ਼ੁਰੂਆਤ ਬਾਬੂ ਜਗਜੀਵਣ ਰਾਮ ਤੋਂ ਹੋਈ । (ਜੋ ਉਸ ਵੇਲੇ ਦੇ ਭਾਰਤ ਦੇ ਰਾਜਨੀਤਿਕਾਂ ਵਿਚੋਂ ਸਭ ਤੋਂ ਅਮੀਰ ਸੀ)  ਅੱਜ ਉਸ ਦਾ ਕੰਮ ਉਸ ਦੀ ਬੇਟੀ ਮੀਰਾ ਕੁਮਾਰ ਅੱਗੇ ਵਧਾ ਰਹੀ ਹੈ। ਕੁਲ ਮਿਲਾ ਕੇ , ਦਲਿਤਾਂ ਲਈ ਨਿਰਧਾਰਿਤ ਸਹੂਲਤਾਂ , ਉਨ੍ਹਾਂ ਨੂੰ ਮਿਲ ਰਹੀਆਂ ਹਨ , ਜੋ ਉਸ ਦੇ ਹੱਕਦਾਰ ਨਹੀਂ ਹਨ । ਇਵੇਂ ਦਲਿਤਾਂ ਦਾ ਜਿੰਨਾ ਸ਼ੋਸ਼ਣ ਬ੍ਰਾਹਮਣਾਂ ਨੇ ਕੀਤਾ ਹੈ, ਦਲਿਤ ਲੀਡਰਾਂ ਨੇ ਵੀ ਉਸ ਤੋਂ ਕੁਝ ਘੱਟ ਨਹੀਂ ਕੀਤਾ। ਇਹੀ ਵਜ੍ਹਾ ਹੈ ਕਿ ਅੱਜ ਮਾਇਆਵਤੀ ਦੀ ਬ੍ਰਾਹਮਣਾਂ ਨਾਲ ਗਾੜ੍ਹੀ ਛਣਦੀ ਹੈ, ਕਿਉਂਕਿ ਦੋਵਾਂ ਦਾਂ ਨਿਸ਼ਾਨਾ ਇਕੋ ਹੀ ਹੈ, ਦਲਿਤਾ ਦਾ ਸ਼ੋਸ਼ਣ ।
   ਪਿਛਲੇ ਦਿਨੀਂ ਅੰਬੇਦਕਰ ਜਯੰਤੀ ਦੀ ਇਕ ਵੀਡੀਉ ਵੇਖਣ ਦਾ ਮੌਕਾ ਮਿਲਿਆ , ਜਿਸ ਵਿਚ ਇਕ ਬੀਬੀ ਭਾਸ਼ਣ ਦੇ ਰਹੀ ਸੀ ।ਉਸ ਦਾ ਸਾਰਾ ਜ਼ੋਰ ਇਸ ਗੱਲ ਤੇ ਹੀ ਲੱਗਾ ਹੋਇਆ ਸੀ ਕਿ . ਜਿਹੜਾ ਰਾਹ (ਗੁਰੂ) ਨਾਨਕ (ਜੀ) ਨੇ ਦੱਸਿਆ ਸੀ , ਉਹ ਪਹਿਲਾਂ ਮਹਾਤਮਾ ਬੁੱਧ ਦੱਸ ਗਏ ਸਨ , ਯਾਨੀ ਗੁਰੂ ਨਾਨਕ ਨੇ ਮਹਾਤਮਾ ਬੁੱਧ ਵਲੋਂ ਦੱਸੇ ਰਸਤੇ ਨੂੰ ਹੀ ਅਪਨਾਇਆ ਸੀ । ਉਸ ਦੇ ਕਹਣ ਮੁਤਾਬਕ , ਗੁਰੂਗੋਬਿੰਦ ਸਿੰਘ ਜੀ ਨੇ ਕੋਈ ਖਾਸ ਕੰਮ ਨਹੀਂ ਕੀਤਾ ਸੀ , ਉਨ੍ਹਾਂ ਨੇ ਮਹਾਤਮਾ ਬੁੱਧ ਵਾਲੇ ਪਹਲੇ ਪੰਜ ਭਿਕਸ਼ੂਆਂ ਨੂੰ ਹੀ ਪੰਜ-ਪਿਆਰੇ ਬਣਾਇਆ ਸੀ । ਸ਼ਾਇਦ ਉਹ ਵੀ ਮੋਹਨਦਾਸ ਕਰਮਚੰਦ ਗਾਂਧੀ ਦੇ ਡਾ. ਅੰਬੇਦਕਰ ਨੂੰ ਕਹੇ ਲਫਜ਼ਾਂ (ਤੁਮ ਸੀਖ ਮਤ ਬਨੋ , ਔਰ ਜੋ ਚਾਹੇ ਬਨੋ) ਨੂੰ ਦਲਿਤਾਂ ਤੇ ਲਾਗੂ ਕਰਨ ਦੇ ਟੀਚੇ ਨਾਲ ਬੋਲ ਰਹੀ ਸੀ ।
  ਇਹ ਸਹੀ ਹੈ ਕਿ ਡਾ. ਅੰਬੇਦਕਰ ਨੂੰ ਕੁਝ ਮਜਬੂਰੀਆਂ ਕਾਰਨ , ਗਾਂਧੀ ਦੀ ਗੱਲ ਮੰਨਣੀ ਪਈ ਸੀ , ਜਿਸ ਵਿਚ ਸਭ ਤੋਂ ਵੱਡੀ , ਇਸ ਵਿਵਸਥਾ ਵਿਚ ਦਲਿਤਾਂ ਲਈ ਕੁਝ ਕਰ ਗੁਜ਼ਰਨ ਦੀ ਚਾਹ ਹੀ ਸੀ ।(ਜੋ ਉਸ ਦੀ ਸਭ ਤੋਂ ਵੱਡੀ ਗਲਤੀ ਸੀ) ਪਰ ਇਹ ਸਾਰਾ ਦੋਸ਼ ਉਸ ਇਕੱਲੇ ਤੇ ਹੀ ਨਹੀਂ ਲਾਇਆ ਜਾ ਸਕਦਾ , ਇਸ ਵਿਚ ਸਵਾਰਥੀ ਸਿੱਖ ਲੀਡਰ ਵੀ ਬਰਾਬਰ ਦੇ ਭਾਈਵਾਲ ਹਨ , ਜਿਨ੍ਹਾਂ ਦੀ ਸੋਚ ਇਹ ਸੀ ਕਿ , ਜੇ ਡਾ. ਅੰਬੇਦਕਰ ਅਤੇ ਸਾਰੇ ਦਲਿਤ ਸਿੱਖ ਬਣ ਗਏ ਤਾਂ ਸਾਨੁੰ ਕੌਣ ਪੁੱਛੇਗਾ ? ਦੂਸਰੇ ਪਾਸੇ ਡਾ. ਅੰਬੇਦਕਰ ਦੇ ਸਲਾਹਕਾਰਾਂ ਦੀ ਵੀ ਇਹ ਸੋਚ ਸੀ ਕਿ , ਜੇ ਦਲਿਤ ਸਿੱਖ ਬਣ ਗਏ ਤਾਂ , ਉਨ੍ਹਾਂ ਦੇ ਰਾਖਵੇਂ-ਕਰਨ ਦਾ ਤਾਂ ਆਧਾਰ ਹੀ ਖਤਮ ਹੋ ਜਾਵੇਗਾ ।
       ਗੁਰੂਸਾਹਿਬ ਦੇ ਸਿਧਾਂਤ ਦੀ ਗੱਲ ਅੱਗੇ ਚਲ ਕੇ ਕਰਦੇ ਹਾਂ । ਫਿਲਹਾਲ ਤਾਂ ਮੈਂ ਉਸ ਬੀਬੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ,
  ਕੀ ਉਸ ਨੂੰ ਨਹੀਂ ਪਤਾ ਕਿ ਭਾਰਤ ਵਿਚ ਦਲਿਤਾਂ ਦੀ ਗਿਣਤੀ  55/60 %  ਹੈ  ?  ਜੇ ਪਤਾ ਹੈ ਤਾਂ ਉਹ ਫਿਰ ਉਸ ਦਾ ਦਲਿਤਾਂ ਨੂੰ , ਮੁੜ-ਮੁੜ ਕੇ ਡਾ. ਅੰਬੇਦਕਰ ਦੀ ਮਾਰਫਤ , ਮਹਾਤਮਾ ਬੁੱਧ ਨਾਲ ਜੋੜਨ ਦਾ ਮਨਸ਼ਾ ਕੀ ਹੈ ? (ਜਦ ਕਿ ਅੱਜ ਬੋਧੀ , ਬਿਨਾ ਕਿਸੇ ਹੀਲ-ਹੁੱਜਤ ਦੇ ਹਿੰਦੂ ਬਣੇ ਬੈਠੇ ਹਨ) ਉਹ ਉਨ੍ਹਾਂ ਨੂੰ ਸਿੱਧਾ ਰਸਤਾ ਕਿਉਂ ਨਹੀਂ ਵਿਖਾ ਰਹੀ ਕਿ , ਜਿਸ ਕੋਲ 55/60 %  ਵੋਟਾਂ ਹੋਣਗੀਆਂ , ਭਾਰਤ ਤੇ ਉਸ ਦਾ ਹੀ (ਯਾਨੀ ਦਲਿਤਾਂ ਦਾ) ਰਾਜ ਹੋਵੇਗਾ । ਉਸ ਨੇ ਦਲਿਤਾਂ ਨੂੰ ਇਸ ਪਾਸੇ ਵੱਲ ਕਿਉਂ ਪ੍ਰੇਰਤ ਨਹੀਂ ਕੀਤਾ ?  
  ਮੈਂ ਨਿੱਜੀ ਤੌਰ ਤੇ ਜਾਣਦਾ ਹਾਂ ਕਿ ਸਿੱਖਾਂ ਵਾਙ , ਚੌਧਰ ਅਤੇ ਲਾਲਚ ਦੀ ਬਿਮਾਰੀ , ਦਲਿਤਾਂ ਦੇ ਛੋਟੇ ਤੋਂ ਛੋਟੇ ਲੀਡਰ ਨੂੰ ਵੀ ਬੁਰੀ ਤਰ੍ਹਾਂ ਚੰਬੜੀ ਪਈ ਹੈ । ਕਈ ਸਾਲ ਪਹਿਲਾਂ, ਏਥੇ ਸ਼ਹੀਦ ਊਧਮ ਸਿੰਘ ਨਗਰ ਵਿਖੇ, ਨਗਰ-ਪਾਲਿਕਾ ਦੀਆਂ ਚੋਣਾਂ ਵੇਲੇ , ਦਲਿਤਾਂ ਨੇ ਇਕ ਕਾਨਫਰੈਂਸ ਕੀਤੀ ਸੀ ,(ਜਿਸ ਵਿਚ ਮੈਨੂੰ ਵੀ ਸੱਦਿਆ ਸੀ) ਹਰ ਬੁਲਾਰਾ ਇਹ ਆਖਣੋਂ ਨਹੀਂ ਉੱਕ ਰਿਹਾ ਸੀ ਕਿ ਦਲਿਤਾਂ ਦੀਆਂ  55 % ਤੋਂ ਉੱਪਰ ਵੋਟਾਂ ਹਨ , ਨਾਲ ਹੀ ਇਹ ਵੀ ਕਹਿ ਰਿਹਾ ਸੀ ਕਿ ਸਾਨੂੰ ਸਾਡੀ ਆਬਾਦੀ ਦੇ ਹਿਸਾਬ , ਹੱਕ ਮਿਲਣੇ ਚਾਹੀਦੇ ਹਨ । ਜਦ ਮੇਰੀ ਵਾਰੀ ਆਈ ਤਾਂ , ਮੈਂ ਉਨ੍ਹਾਂ ਨੂੰ ਹੀ ਪੁੱਛ ਬੈਠਾ ਕਿ ਜਦ ਤੁਹਾਡੀ ਆਬਾਦੀ  55 % ਹੈ ਤਾਂ ਤੁਸੀਂ , ਹੱਕ ਕਿਸ ਕੋਲੋਂ ਮੰਗ ਰਹੇ ਹੋ  ? ਸਾਰੀਆਂ ਸੀਟਾਂ ਤੇ ਆਪਣੇ ਬੰਦੇ ਖੜੇ ਕਰੋ ਅਤੇ ਨਗਰ-ਪਾਲਿਕਾ ਦਾ ਪ੍ਰਬੰਧ ਆਪ ਸੰਭਾਲੋ , ਇਵੇਂ ਹੀ ਵਿਧਾਨ ਸਭਾ ਦੀਆਂ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਕਰੋ , ਤੁਹਾਨੂ ਕਿਸੇ ਕੋਲੋਂ ਹੱਕ ਮੰਗਣ ਦੀ ਲੋੜ ਨਹੀਂ ਪਵੇਗੀ , ਸਾਰਾ ਇੰਤਜ਼ਾਮ ਤੁਹਾਡੇ ਹੱਥ ਵਿਚ ਹੋਵੇਗਾ। ਪਰ ਉਨ੍ਹਾਂ ਵੀਰਾਂ ਦਾ ਦਿਮਾਗੀ ਵਿਕਾਸ ਇਸ ਪੱਧਰ ਦਾ ਨਹੀਂ ਸੀ , ਉਹ ਤਾਂ ਗਿਣਤੀ ਗਿਣਾ ਕੇ ,ਖੜੇ ਹੋਣ ਵਾਲੇ ਉਮੀਦਵਾਰਾਂ ਕੋਲੋਂ ਆਪਣੇ ਨਿੱਜ ਲਈ , ਕੁਝ ਆਰਥਿਕ ਲਾਭ ਦੇ ਚਾਹਵਾਨ ਸਨ । ਏਸੇ ਆਧਾਰ ਤੇ ਇਨ੍ਹਾਂ ਵਿਚ ਵੀ ਕਦੇ ਏਕਾ ਨਹੀਂ ਹੋ ਸਕਿਆ ।
  ਆਉ ਹੁਣ ਗੁਰੂ ਸਾਹਿਬ ਦੇ ਸਿਧਾਂਤ ਬਾਰੇ ਕੁਝ ਵਿਚਾਰ ਕਰਦੇ ਹਾਂ ।
 ਵੀਡੀਉ ਵਿਚ ਉਹ ਬੀਬੀ , ਮੁੜ-ਮੁੜ ਕੇ ਹਿੰਦੋਸਤਾਨ ਦੀ ਗੱਲ ਕਰਦੀ ਸੀ , ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਗੁਰੂ ਸਾਹਿਬ ਦਾ ਸਿਧਾਂਤ ਸਮੁੰਦਰ ਵਰਗਾ , ਸਾਰੀ ਦੁਨੀਆਂ ਤੇ ਲਾਗੂ ਹੋਣ ਵਾਲਾ ਹੈ , ਉਸ ਨੂੰ ਖੂਹ ਦਾ ਡੱਡੂ ਕੀ ਸਮਝ ਸਕਦਾ ਹੈ ? ਇਸ ਸਿਧਾਂਤ ਨੂੰ ਤਾਂ ਨਿਰਮਲਿਆਂ ਅਤੇ ਉਦਾਸੀਆਂ ਦੇ ਚੱਕਰ ਵਿਚ ਫਸੇ ਸਿੱਖ ਵੀ ਨਹੀਂ ਸਮਝ ਸਕੇ , ਦਲਿਤਾਂ ਵਿਚਾਰਿਆਂ ਨੇ ਤਾਂ ਕੀ ਸਮਝਣਾ ਸੀ ।
ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤਾਂ ਲਈ ਕੀ ਕਤਿਾ ?
 ਜੇ ਉਹ ਬੀਬੀ ਜ਼ਰਾ ਜਿੰਨੀ ਵੀ ਸੂਝਵਾਨ ਅਤੇ ਇਤਿਹਾਸ ਤੋਂ ਜਾਣੂ ਹੁੰਦੀ ਤਾਂ ਉਸ ਨੂੰ ਸਾਫ ਨਜ਼ਰ ਆ ਜਾਂਦਾ ਕਿ , ਜਦ ਪਹਾੜੀ , ਉੱਚ ਜਾਤੀ ਹਿੰਦੂ ਰਾਜਿਆਂ ਨਾਲ , ਗੁਰੂ ਗੋਬਿੰਦ ਸਿੰਘ ਜੀ ਦੀ, ਪਾਹੁਲ ਬਾਰੇ ਗੱਲ ਚਲ ਰਹੀ ਸੀ ਤਾਂ, ਹਿੰਦੂ ਰਾਜਿਆਂ ਨੇ ਕਿਹਾ ਸੀ ਕਿ , ਅਸੀਂ ਇਨ੍ਹਾਂ ਦਲਿਤਾਂ ਨਾਲ ਸਾਂਝਿਆਂ ਪਾਹੁਲ ਨਹੀਂ ਲੈ ਸਕਦੇ , ਤੁਸੀਂ ਸਾਨੂੰ ਅਲੱਗ ਪਾਹੁਲ ਦੇਵੋ। ਤਾਂ ਉਸ ਦੇ ਸਾਮ੍ਹਣੇ ਗੁਰੂ ਸਾਹਿਬ ਦਾ ਜਵਾਬ ਆਪਣੇ-ਆਪ ਆ ਖੜਾ ਹੁੰਦਾ ਕਿ , “ਮੈਂ ਕਿਸੇ ਨੂੰ ਅਲੱਗ ਪਾਹੁਲ਼ ਨਹੀਂ ਦੇ ਸਕਦਾ, ਮੈਂ ਪਾਹੁਲ ਵਿਚ ਵੰਢੀਆਂ ਨਹੀਂ ਪਾ ਸਕਦਾ, ਸਿੱਖੀ ਸਿਧਾਂਤ ਅਨੁਸਾਰ ਮੈਂ ਇਨ੍ਹਾਂ ਦੇ ਨਾਲ ਹਾਂ , ਤੁਸੀਂ ਵੀ ਆਉਣਾ ਚਾਹੋ ਤਾਂ ਆ ਸਕਦੇ ਹੋ, ਨਹੀਂ ਤਾਂ ਤੁਹਾਡੀ ਮਰਜ਼ੀ । ਇਵੇਂ ਦਲਿਤਾਂ ਕਾਰਨ ਹੀ ਗੁਰੂ ਸਾਹਿਬ ਨਾਲ ਪਹਾੜੀ ਰਾਜਿਆਂ ਦਾ ਮਨ-ਮੁਟਾਉ ਸ਼ੁਰੂ ਹੁੰਦਾ ਹੈ , ਜੋ ਅੱਗੇ ਚੱਲ ਕੇ ਲੜਾਈਆਂ ਦਾ ਕਾਰਨ ਬਣਿਆ । ਜਿਸ ਵਿਚ ਗੁਰੂ ਸਾਹਿਬ ਦਾ ਸਭ ਕੁਝ ਬਰਬਾਦ ਹੋਇਆ , ਮਾਤਾ ਜੀ ਦੀ ਸ਼ਹਾਦਤ , ਚਾਰੇ ਬੱਚਿਆਂ ਦੀ ਸ਼ਹਾਦਤ, ਹਜ਼ਾਰਾਂ ਸਿੱਖਾਂ ਦੀ ਸ਼ਹਾਦਤ, ਆਨੰਦਪੁਰ ਸਾਹਿਬ ਤੋਂ ਵਿਛੋੜਾ , ਮਹਿਲਾਂ ਤੋਂ ਵਿਛੋੜਾ, ਇਸ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਦਲਿਤਾਂ ਦੀ ਬਾਂਹ ਨਹੀਂ ਛੱਡੀ ।ਅਤੇ ਕਿਹਾ,

    ਇਨ ਪੁਤਰਨ(ਦਲਿਤਾਂ) ਕੇ ਸੀਸ ਪਰ ਵਾਰ ਦੀਏ ਸੁਤ ਚਾਰ ।
      ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ।  
ਕੀ ਉਸ ਬੀਬੀ ਨੂੰ ਇਤਿਹਾਸ ਵਿਚ ਕੋਈ ਹੋਰ ਅਜਿਹਾ ਦਿਸਦਾ ਹੈ , ਜਿਸ ਨੇ ਇਸ ਦਾ ਪਾਸਕੂ ਮਾਤ੍ਰ ਵੀ ਦਲਿਤਾਂ ਲਈ ਕੀਤਾ ਹੋਵੇ ?  ਅਤੇ ਇਹ ਸਾਰਾ ਕੁਝ ਗੁਰੂ ਨਾਨਕ ਜੀ ਦੇ ਇਸ ਫਲਸਫੇ ਮੁਤਾਬਕ ਹੀ ਹੋਇਆ ,

           ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
          ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
          ਜਿੱਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ
॥4॥3॥   (15)
  ਅਤੇ ਪਰਮਾਤਮਾ ਦੀ ਬਖਸ਼ਿਸ਼ ਦੀ ਨਦਰ ਤਦ ਤੱਕ ਸਿੱਖਾਂ ਤੇ ਰਹੀ ਜਦ ਤਕ ਸਿੱਖਾਂ ਨੇ ਨੀਵਿਆਂ ਦੀ ਸੰਭਾਲ ਕੀਤੀ , ਜਦ ਸਿੱਖਾਂ ਨੇ ਰਾਜੇ ਬਣ ਕੇ , ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋਂ ਰੱਦ ਕੀਤਾ ਜਗੀਰ-ਦਾਰੀ ਨਿਜ਼ਾਮ , ਫਿਰ ਲਾਗੂ ਕਰ ਕੇ ਨੀਵਿਆਂ ਨੂੰ ਫਿਰ ਸੀਰੀ ਬਣਾ ਦਿੱਤਾ ਤਾਂ, ਰੱਬ ਦੀ ਸਵੱਲੀ ਨਦਰ ਵੀ ਸਿੱਖਾਂ ਤੋਂ ਹਟ ਗਈ। ਜਿਸ ਦਾ ਫੱਲ ਅੱਜ ਤਕ ਸਿੱਖ ਭੁਗਤ ਰਹੇ ਹਨ । ਗੁਰੂ ਸਾਹਿਬ ਨੇ ਤਾਂ ਸੰਸਾਰ ਦੇ ਸਭ ਧਰਮਾਂ ਦੀਆਂ ਵੰਡੀਆਂ ਰੱਦ ਕਰ ਕੇ , ਦਲਿਤਾਂ ਨੂੰ ਫਿਰ ਇੰਸਾਨ, ਸਿੱਖ ਬਣਾ ਦਿੱਤਾ ਸੀ ।ਜਿਸ ਨਾਲ ਬ੍ਰਾਹਮਣ ਦੀ ਵਰਨ-ਵੰਡ (ਜਿਸ ਆਸਰੇ ਇਹ ਵਿਚਾਰੇ ਦਲਿਤ ਬਣੇ ਸਨ) ਆਪਣੇ ਆਪ ਰੱਦ ਹੋ ਗਈ ਸੀ । ਪਰ ਦੁੱਖ ਤਾਂ ਉਸ ਵੇਲੇ ਹੁੰਦਾ ਹੈ , ਜਦ ਬੀਬੀ ਵਰਗੇ ਲੀਡਰ , ਇਨ੍ਹਾਂ ਵਿਚਾਰਿਆਂ ਨੂੰ ਸਿੱਖੀ ਤੋਂ ਦੂਰ ਕਰ ਕੇ , ਹਿੰਦੂਆਂ ਨਾਲ ਜੋੜ ਕੇ ਫਿਰ ਦਲਿਤ ਬਣਾ ਦਿੰਦੇ ਹਨ ।
  ਬੀਬੀ ਵਿਚਾਰੀ ਤਾਂ ਮੁੜ ਮੁੜ ਕੇ ਹਿੰਦੋਸਤਾਨ ਦੀ ਗੱਲ ਕਰਦੀ ਸੀ , ਉਸ ਵਿਚਾਰੀ ਦੀ ਸਮਰਥਾ ਤੋਂ ਬਾਹਰੀ ਗੱਲ ਹੈ, ਗੁਰੂ ਨਾਨਕ ਦੇ ਫਲਸਫੇ ਨੂੰ ਸਮਝਣਾ, ਜਿਸ ਵਿਚ ਗੁਰੂ ਸਾਹਿਬ ਨੇ ਦੇਸ਼ਾਂ ਅਤੇ ਧਰਮਾਂ ਦੀਆਂ ਵੰਡੀਆਂ ਰੱਦ ਕਰ ਕੇ , ਸਿਰਫ ਭਾਰਤ ਦੇ ਹੀ ਨਹੀਂ ਸ੍ਰਿਸ਼ਟੀ ਦੇ ਸਾਰੇ ਮਜ਼ਲੂਮਾਂ ਦੇ ਵਿਕਾਸ ਦੀ ਗੱਲ ਕੀਤੀ ਹੈ। ਜੇ ਸਿੱਖਾਂ ਦੇ ਲੀਡਰ ਵੀ ਸਵਾਰਥੀ ਅਤੇ ਮਾਇਆ ਪ੍ਰਸਤ ਨਾ ਹੁੰਦੇ ਤਾਂ ਹੁਣ ਤਕ , ਪੂਰੀ ਦੁਨੀਆ ਦੇ ਮਜ਼ਲੂਮ ਲੋਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੁੰਦੀ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ, ਜ਼ਾਲਮ ਸਰਕਾਰਾਂ ਨੂੰ ਨੱਥ ਪਾ ਲਈ ਹੁੰਦੀ। ਬੀਬੀ ਵਰਗੇ ਲੀਡਰਾਂ ਨੂੰ ਸਮਝ ਆ ਗਿਆ ਹੁੰਦਾ ਕਿ , ਅਸਲੀ ਬੁਗਮ-ਪੁਰਾ ਕੀ ਚੀਜ਼ ਹੈ ?
  ਇਹ ਹੈ ਦਲਿਤਾਂ ਦੀ ਅਸਲ ਸਮੱਸਿਆ। ਜੇ ਗਹੁ ਨਾਲ ਵਿਚਾਰੀਏ ਤਾਂ ਸਾਫ ਦਿਸ ਆਉਂਦਾ ਹੈ ਕਿ ਦਲਿਤਾਂ ਅਤੇ ਸਿੱਖਾਂ ਦੀ ਸਮਸਿਆ ਅਲੱਗ-ਅਲੱਗ ਨਹੀਂ ਹੈ, ਦਲਿਤ ਵੀ ਚੰਗੇ ਲੀਡਰਾਂ ਬਾਝੋਂ ਰੁਲ ਰਹੇ ਹਨ , ਅਤੇ ਸਿੱਖ ਵੀ ਚੰਗੇ ਲੀਡਰਾਂ ਬਾਝੋਂ ਰੁਲ ਰਹੇ ਹਨ । ਦੋਵਾਂ ਦੀ ਸਮੱਸਿਆ ਦਾ ਹੱਲ ਇਕ ਦੂਜੇ ਨਾਲ ਨਫਰਤ , ਇਕ ਦੂਜੇ ਦਾ ਵਿਰੋਧ ਨਹੀਂ ਹੈ, ਬਲਕਿ ਦੋਵਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ।
  ਇਕ ਗੱਲ ਬੜੀ ਸਾਫ ਹੈ ਕਿ , ਦੁਨੀਆ ਦੇ ਸਾਰੇ ਮਜ਼ਲੂਮਾਂ-ਬੇਸਹਾਰਾ ਲੋਕਾਂ ਦੀ ਆਤਮ ਨਿਰਭਰਤਾ ਤੋਂ ਬਗੈਰ ਸਿੱਖੀ ਦਾ ਵਿਕਾਸ ਨਹੀਂ ਹੋ ਸਕਦਾ , ਅਤੇ ਸਿੱਖੀ ਦੇ ਵਿਕਾਸ ਤੋਂ ਬਗੈਰ , ਦੁਨੀਆ ਦੇ ਬੇਸਹਾਰਾ-ਮਜ਼ਲੂਮ ਲੋਕ, ਆਤਮ-ਨਿਰਭਰ ਨਹੀਂ ਹੋ ਸਕਦੇ । ਦੋਵੇਂ ਇਕ ਦੂਸਰੇ ਦੇ ਪੂਰਕ ਹਨ ।      

                                                   ਅਮਰ ਜੀਤ ਸਿੰਘ ਚੰਦੀ
                                                       7-10-2014 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.