ਆਜ਼ਾਦੀ ਸੰਗਰਾਮ ਦੇ ਸਿਪਾਹ-ਸਲਾਰ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾ” ਤੇ ਸ਼ਹੀਦ ਭਾਈ ਸੁਖਦੇਵ ਸਿੰਘ “ਸੁੱਖਾ” ਦੇ ਬਾਈਵੇਂ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ!
ਗੁਰਚਰਨ ਸਿੰਘ ਗੁਰਾਇਆ
ਖਾਤਰ ਪੰਥ ਦੀ ਮਰਨ ਦਾ ਚਾਅ ਸਾਨੂੰ, ਸਾਡੀ ਮੌਤ ਨਾਲ ਸਗਾਈ ਹੋਈ ਏ ॥
ਅਸਲ ਜਿੰਦਗੀ ਮੌਤ ਦੇ ਵਿਚ ਹੀ ਹੈ, ਇਹੋ ਗੱਲ ਅਸਾਂ ਦਿਲੀ ਵਸਾਈ ਹੋਈ ਏ ॥
ਮਹਾਨ ਸੂਰਬੀਰ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੁਰਾਤਨ ਸਿੱਖ ਇਤਿਹਾਸ ਦੀਆਂ ਲੀਹਾਂ ਤੇ ਚਲਦਿਆਂ , ਅਦੁੱਤੀ ਕਰਨਾਮੇ ਕਰਦਿਆਂ ਹੋਇਆ। ਸ੍ਰੀ ਦਰਬਾਰ ਸਾਹਿਬ ਉਪੱਰ ਹਮਲਾਵਾਰ ਭਾਰਤੀ ਫੌਜਾਂ ਦੀ ਕਮਾਂਡ ਕਰਨ ਵਾਲੇ ਜਨਰਲ ਵੈਦਿਆ ਨੂੰ ਖਾਲਸਾਈ ਰਵਾਇਤਾਂ ਮੁਤਾਬਕ ਸ਼ਜਾ ਦੇ ਕੇ ਜਿਥੇ ਖਾਲਸਾਈ ਇਤਿਹਾਸ ਨੂੰ ਰੋਸ਼ਨਾਇਆ ਹੈ। ਉੱਥੇ ਮੌਤ ਨਾਲ ਮੁਖੌਲਾ ਕਰਦਿਆ ਹੋਇਆ 9 ਅਕਤੂਬਰ 1992 ਨੂੰ ਹੱਸਦਿਆ ਹੱਸਦਿਆ ਫਾਂਸੀ ਦੇ ਤਖਤੇ ਤੇ ਝੂਟਦਿਆ ਹੋਇਆ ਸ਼ਹਾਦਤ ਪ੍ਰਾਪਤ ਕਰਕੇ, ਸਿੱਖ ਕੌਮ ਦੇ ਦਿਲਾਂ ਅੰਦਰ ਅਮਿੱਟ ਛਾਪ ਛੱਡ ਗਏ ਹਨ ।
ਜੋ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਅਸੀਂ ਪੜ੍ਹਦੇ ਜਾਂ ਸੁਣਦੇ ਹਾਂ ਕਿ ਜੋ ਸ਼ਹਾਦਤਾਂ ਦੀ ਪਿਰਤ ਸ਼ਹੀਦਾਂ ਦੇ ਸਿਰਤਾਜ ਨੇ ਅਕਾਲ ਪੁਰਖ ਦੇ ਭਾਣੇ ਵਿਚ ਰਹਿਦਿਆਂ ਹੋਇਆ ਅਕਿਹ ਤੇ ਅਸਿਹ ਤਸੀਹੇ ਝੱਲ ਕੇ ਪਾਈ ਉਸੇ ਨੂੰ ਅੱਗੇ ਨੌਵੇਂ ਗੁਰੂ ਜੀ ਨੇ ਦਿੱਲੀ ਚਾਂਦਨੀ ਚੌਂਕ, ਉਹਨਾਂ ਦੇ ਪੋਤਿਆਂ ਨੇ ਚਮਕੌਰ ਦੀ ਜੰਗ ਦੇ ਮੈਦਾਨ ਅੰਦਰ ਤੇ ਸਰਹੰਦ ਵਿੱਚ ਆਪਣੇ ਆਪ ਨੂੰ ਨੀਹਾਂ ਵਿਚ ਚਿਣਵਾਂਕੇ ਤੇ ਉਸਦੇ ਸਿੱਖਾਂ ਨੇ ਆਰਿਆਂ ਨਾਲ ਤਨ ਚਿਰਾਕੇ, ਉਬਲਦੀਆਂ ਦੇਗਾਂ ਵਿਚ ਉਬਲਕੇ, ਬੰਦ ਬੰਦ ਕਟਾਕੇ, ਚਰਖੜੀਆਂ ਤੇ ਚੜ ਕੇ, ਖੋਪਰ ਉਤਰਵਾਕੇ, ਜਮੂਰਾਂ ਨਾਲ ਮਾਸ ਤੜਵਾਕੇ ,ਬੱਚਿਆਂ ਦੇ ਟੋਟੇ ਟੋਟੇ ਕਰਵਾਕੇ ਝੋਲੀਆਂ ਵਿਚ ਪਵਾਕੇ , ਹੱਸ ਕੇ ਫਾਸੀਆਂ ਦੇ ਤਖਤੇ ਤੇ ਚੜ੍ਹਕੇ ਤੇ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦਿਆਂ ਹੋਇਆਂ ਜੋ ਸ਼ਹਾਦਤਾਂ ਦਾ ਇਤਿਹਾਸ ਸਿਰਜਿਆਂ।ਇਹਨਾਂ ਸੂਰਬੀਰ ਯੋਧਿਆਂ ਨੇ ਉਹਨਾਂ ਲੀਹਾਂ ਤੇ ਚਲਦਿਆਂ ਹੋਇਆ ਉਸੇ ਇਤਿਹਾਸ ਦੇ ਪੰਨਿਆਂ ਨੂੰ ਰੋਸ਼ਨਾਇਆ ਹੈ। ਇਸ ਦੁਨੀਆਂ ਵਿਚ ਰੋਜ਼ਾਨਾ ਲੱਖਾਂ ਜ਼ਿੰਦਗੀਆਂ ਨਿੱਤ ਜਨਮ ਲੈਦੀਆਂ ਤੇ ਕਾਲ ਵੱਸ ਹੁੰਦੀਆਂ ਪਰ ਉਹਨਾਂ ਦੇ ਨਾਮ ਪਤੇ ਦਿਨ ਯਾਦ ਰੱਖਣ ਦੀ ਕਿਸੇ ਨੂੰ ਲੋੜ ਜਾਂ ਵਿਹਲ ਨਹੀਂ ਹੈ ।
ਯਾਦ ਉਨਾ ਨੂੰ ਹੀ ਕੀਤਾ ਜਾਦਾ ਹੈ ਜੋ ਆਪਣੀ ਕੌਮ ਜਾਂ ਧਰਮ ਤੇ ਦੇਸ਼ ਵਾਸਤੇ ਅਦੁੱਤੀ ਕਾਰਨਾਮੇ ਕਰ ਗੁਜ਼ਰਦੇ ਹਨ ।ਗੁਰੂ ਗੋਬਿੰਦ ਸਿੰਘ ਜੀ ਦੇ ਵਰਸਾਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖਾਲਸਾਈ ਇਤਿਹਾਸ ਨੂੰ ਰੋਸ਼ਨ ਕੀਤਾ ਹੀ ਹੈ । ਪਰ ਨਾਲ ਹੀ ਉਹ ਅਜੋਕੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਗਰਾਮ ਦੇ ਮੁੱਖ ਕੇਦਰ ਬਿੰਦੂ ਹੋ ਨਿਬੜੇ ਹਨ । ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖਤ ਸਾਹਿਬ ਤੇ ਹਮਲਾਵਰ ਜਰਨਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿਚ ਗੁਆਚ ਗਿਆ ਹੈ। ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖਾਲਿਸਤਾਨੀ ਸੰਗਰਾਮ ਦੇ ਸਦੀਵੀ ਸਿੱਖ ਜਰਨੈਲ ਸਥਾਪਤ ਹੋ ਗਏ ਹਨ, ਜਿਨਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ ।
ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਇਨਕਲਾਬੀ ਯੋਧਿਆਂ ਨੇ ਘਰ ਘਾਟ ਉਜੜਵਾ ਕੇ ਤਸ਼ੱਦਦ ਦੀ ਇੰਤਹਾ ਨੂੰ ਝੱਲਦਿਆਂ, ਚੜ੍ਹਦੀਕਲਾ ਵਿਚ ਵਿਚਰਕੇ ਤੇ ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਬਾਦਸ਼ਾਹੀਆਂ ਨੂੰ ਕਾਇਮ ਕੀਤਾ ਅਤੇ ਵਕਤ ਪੈਣ ਤੇ ਜਦੋਂ ਬਾਦਸ਼ਾਹੀਆਂ ਤੇ ਗੁਰੂ ਦੇ ਨਾਂ ਦੀ ਗੱਲ ਆਈ ਤਾਂ ਖਾਲਸੇ ਨੇ ਗੁਰੂ ਦੇ ਨਾਂ ਤੇ ਮਰ ਮਿਟਣ ਨੂੰ ਤਰਜੀਹ ਦਿੰਦਿਆਂ ਆਪਣੀ ਵਫਾ ਗੁਰੂ ਨੂੰ ਸਮਰਪਤਿ ਕਰਕੇ ਦਰਸਾ ਦਿੱਤਾ ਕਿ ਆਪਣੇ ਅਦਰਸ਼ਾਂ ਤੋਂ ਟੁੱਟ ਕੇ ਜਿਊਣਾ ਉਸ ਲਈ ਮੌਤ ਹੈ । ਜਦੋਂ ਤੱਕ ਪਵਿੱਤਰ ਅਦਰਸ਼ਾ ਦਾ ਜਜ਼ਬਾ ਖਾਲਸੇ ਦੀ ਰੂਹ ਵਿਚ ਹੈ ਉਦੋ ਲੋਕ ਪਰਲੋਕ ਦੋਵਾਂ ਥਾਵਾਂ ਤੇ ਉਸ ਦੀ ਸ਼ਹਿਨਸ਼ਾਹੀ ਦੇ ਝੰਡੇ ਬੁਲੰਦ ਹਨ ।ਖਾਲਸੇ ਲਈ ਤਖਤ ਤੇ ਤਖਤਾ ਇਕੋ ਜਿਹੇ ਹਨ ।
ਸਿੱਖ ਜੁਝਾਰੂਆਂ ਨੇ ਜ਼ਾਲਮ ਹਾਕਮਾਂ ਨੂੰ ਸੋਧਿਆ ਹੀ ਨਹੀ ਸਗੋਂ ਖਾਲਸੇ ਨੂੰ ਅਜਿੱਤ ਕਹਿਣ ਦਾ ਸਿੱਕਾ ਵੀ ਮਨਵਾਇਆਂ ।ਆਦਰਸ਼ਾਂ ਨਾਲ ਸਰਸ਼ਾਰ ਤੇ ਨਿਸ਼ਚਿਤ ਸੇਧ ਵਿਚ ਵਿਚਰਦੇ ਆਜ਼ਦੀ ਦੇ ਪ੍ਰਵਾਨੇ ਹਥਿਆਰਬੰਦ ਜਦੋ ਜਹਿਦ ਨੂੰ ਇਕ ਸਮੇ ਇਸ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੰਦੇ ਹਨ । ਜਿੱਥੇ ਇਨਕਲਾਬੀਆਂ ਖਿਲਾਫ ਜ਼ਹਿਰੀਲੀ ਕਪਟੀ ਗੋਂਦਾ ਗੁੰਦਣ ਵਾਲੀਆਂ ਕਪਟੀ ਜ਼ਮੀਰਾਂ ਉਨ੍ਹਾਂ ਦੇ ਪੈਰ ਵਿਚ ਰੁਲਦੀਆਂ ਹਨ । ਅੱਜ ਸਿੱਖ ਕੌਮ ਦੇ ਲੀਡਰਾਂ ਵਿੱਚ ਕਪਟੀ ਜ਼ਮੀਰਾਂ ਦੀ ਬਹੁਤਾਤ ਹੋਣ ਕਰਕੇ ਉਨ੍ਹਾਂ ਦੇ ਪਵਿੱਤਰ ਕਾਰਜ ਨੂੰ ਗੰਧਲਾਉਣ ਦੀਆ ਕੋਸ਼ਿਸ਼ਾ ਹੋ ਰਿਹੀਆਂ ਹਨ । ਸਿੱਖ ਕੌਮ ਦੇ ਮੌਜੂਦਾ ਡੋਗਰਿਆ ਨੇ ਆਪਣੀ ਗੱਦਾਰੀ ਦੀ ਰੀਤੀ ਜਾਰੀ ਰੱਖਦਿਆ ਹੋਇਆ ਜਿੱਤ ਵੱਲ ਵਧ ਰਹੇ ਜੁਝਾਰੂ ਸਿੱਖ ਨੌਜਵਾਨਾਂ ਨਾਲ ਗਦਾਰੀ ਕਰਕੇ ਅੰਦਰਖਾਤੇ ਬ੍ਰਾਹਮਣਵਾਦੀ ਸੋਚ ਦਾ ਸਾਥ ਦੇ ਕੇ ਸੰਘਰਸ਼ ਨੂੰ ਲੀਹੋ ਲਾਹ ਕੇ ਮੁੜ ਉਥੇ ਖੜਾ ਕਰ ਦਿੱਤਾ ਜਿੱਥੋ ਤੁਰੇ ਸੀ । ਕਿਸੇ ਨੇ ਠੀਕ ਹੀ ਕਿਹਾ ਹੈ :
ਗਿਲਾ ਦੁਸ਼ਮਣਾਂ 'ਤੇ ਕੀ ਕਰੀਏ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਨੇ ।
ਇ੍ਹਨਾਂ ਸ਼ਬਦਾ ਵਿਚ ਕੋਈ ਅਤਿਕਥਨੀ ਨਹੀ ਕਿ ਪੰਥ ਦੇ ਗੱਦਾਰਾਂ ਨੇ ਸਾਡੀਆਂ ਸਿਰਦਾਰੀਆਂ ਵੇਚ ਦਿੱਤੀਆਂ ਤੇ ਦੁਸ਼ਮਣ ਦੀਆਂ ਸਾਜ਼ਿਸ਼ੀ ਨੀਤੀਆਂ ਤੇ ਹਾਰ ਨੇ ਸਿੱਖ ਕੌਮ ਨੂੰ ਘੋਰ ਨਿਰਾਸ਼ਾ ਦੇ ਆਲਮ ਵਿਚ ਡੋਬ ਦਿੱਤਾ ਸਿੱਖਾਂ ਦੇ ਲਹੂ ਅਤੇ ਅਥਾਹ ਕੁਰਬਾਨੀਆਂ ਨਾਲ ਸਿਰਜੇ ਸ਼ਰੋਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਨੂੰ ਅਖੌਤੀ ਅਕਾਲੀ ਦਲ ਦੇ ਗਦਾਰ ਲੀਡਰਾਂ ਨੇ ਸਿੱਖ ਨੌਜਵਾਨਾਂ ਦੇ ਕਾਤਲਾਂ ਨਾਲ ਯਾਰੀਆਂ ਪਾ ਕੇ ਕਲੰਕਤ ਹੀ ਨਹੀਂ ਕੀਤਾ ਸਗੋਂ ਮੁੱਖ ਮੰਤਰੀ ਬਾਦਲ ਨੂੰ ਪ੍ਰੈਸ ਵਾਲਿਆਂ ਨੇ ਸਵਾਲ ਪੁੱਛਿਆਂ ਕੀ ਤੁਸੀ ਭਾਈ ਜਿੰਦੇ ਤੇ ਭਾਈ ਸੁੱਖੇ ਨੂੰ ਸ਼ਹੀਦ ਮੰਨਦੇ ਹੋ ਤੋ ਜਵਾਬ ਸੀ ਕਿ ਇਹੋ ਅਜਿਹੇ ਫਜ਼ੂਲ ਜਿਹੇ ਸਵਾਲ ਨਾ ਪੁੱਛੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਨਮਾਨਤ ਇਹ ਮਹਾਨ ਸ਼ਹੀਦ ਇਨਾਂ ਲੀਡਰਾਂ ਨੂੰ ਫਜ਼ੂਲ ਲੱਗਣ ਲੱਗ ਪਏ ਤੇ ਪਰ ਅੱਜ ਕਈ ਸ਼ਹੀਦਾਂ ਦੇ ਪਰਿਵਾਰ ਤੇ ਸ਼ਹੀਦਾਂ ਦੇ ਵਾਰਸ ਕਹਾਉਣ ਵਾਲੀਆਂ ਸੰਸਥਵਾਂ ਦੇ ਮੁਖੀਆਂ ਦੀ ਜ਼ਮੀਰ ਇਸ ਨੂੰ ਆਪਣਾ ਲੀਡਰ ਮੰਨਣ ਦੀ ਕਿਵੇਂ ਇਜ਼ਾਜ਼ਤ ਦਿੰਦੀ ਹੈ ।
ਇਸੇ ਤਰ੍ਹਾਂ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਨਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ,ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਖਾਤਰ ਮਰ ਮਿਟਣ ਦੀਆਂ ਅਰਦਾਸਾ ਕਰਨ ਵਾਲੇ , ਬਾਦਲ ਦੇ ਚਰਨ ਸੇਵਕ ਬਣੇ ਅਖੌਤੀ ਫੈਡਰੇਸ਼ਨੀਆਂ ਦੀ ਮਰੀ ਜ਼ਮੀਰ ਵੱਲ ਦੇਖਕੇ, ਸਿੱਖ ਕੌਮ ਦੀ ਖਾਤਰ ਸ਼ਹੀਦ ਹੋ ਗਏ ਯੋਧਿਆਂ ਦੀਆਂ ਰੂਹਾਂ ਜਰੂਰ ਕਲਪ ਰਿਹੀਆਂ ਹੋਣਗੀਆਂ ।ਪਰ ਅੱਜ ਲੋੜ ਹੈ ਜੇ ਸਿੱਖ, ਸਿੱਖੀ ਦੀ ਸਪਿਰਟ ਨੂੰ ਅਮਲੀ ਰੂਪ ਵਿਚ ਗ੍ਰਹਿਣ ਕਰ ਲਵੇ ਤਾਂ ਭਾਰੀ ਮਸੀਬਤਾਂ ਦੀ ਹਾਲਤ ਵਿਚ ਵੀ ਇਰਾਦੇ ਦੀ ਅਡੋਲਤਾ, ਸਿਦਕ ਦਿਲੀ ਨਾਲ, ਬਿਨਾਂ ਝੁੱਕੇ, ਬਿਨਾਂ ਰੁੱਕੇ ਆਪਣੇ ਨਿਸ਼ਾਨੇ ਵੱਲ ਸਾਲਾ ਬੱਧੀ ਬਲ ਕਿ ਦਹਾਕਿਆਂ ਤੱਕ ਲੜ ਸਕਦਾ ਹੈ, ਤੇ ਅਣਦਿੱਸਦੀ ਪ੍ਰਾਪਤੀ ਦੀ ਖਾਤਰ ਵੀ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦਾ ਹੈ । ਪਰ ਅੱਜ ਸਿੱਖੀ ਦੇ ਸੁਨਿਹਰੀ ਆਦਰਸ਼ਾ ਦੇ ਕਮਜ਼ੋਰ ਪੈ ਜਾਣ ਕਰਕੇ ਖੁਦਪ੍ਰਸਤੀ ਬੇਦਿਲੀ, ਚੌਧਰ ਦੀ ਲਾਲਸਾ, ਪਰਿਵਾਰਪ੍ਰਸਤੀ ਅੱਗੇ ਆਤਮ ਸਮਰਪਣ ਕਰਨ ਦੀਆਂ ਰੁਚੀਆ ਕਾਰਣ ਅੱਜ ਦੇ ਬਹੁਤੇ ਅਖੌਤੀ ਸਿੱਖ ਆਗੂ ਸਸਤੇ ਭਾਅ ਵਿਕ ਗਏ ਜਾਂ ਵਿਕਣ ਵਾਸਤੇ ਤਿਆਰ ਹਨ ।
ਕਈ ਵਾਰ ਇਹੋ ਅਜਿਹੇ ਦੰਬੀ ਤੇ ਪੰਖਡੀ ਆਗੂਆਂ ਵੱਲ ਦੇਖ ਕੇ ਲੋਕ ਸਿੱਖ ਕੌਮ ਦੇ ਨਿਆਰੇਪਣ ਸਵੈਮਾਨ ਨਾਲ ਜੀਉਣ ਤੇ ਨਿਆਰੇ ਦੇਸ਼ ਦੀ ਜਾਣੇ ਜਾਂ ਅਣਜਾਣੇ ਵਿਰੋਧਤਾ ਹੀ ਕਰਨ ਲੱਗ ਜਾਦੇ ਹਨ।ਜਦ ਕਿ ਲੋੜ ਹੈ ਇਹੋ ਅਜਿਹੇ ਸੰਘਰਸ਼ ਨੂੰ ਬਦਨਾਮ ਕਰਨ ਵਾਲੇ ਭੇਖੀਆਂ ਦੀਆਂ ਪਹਿਚਾਣ ਕਰਨ ਤੇ ਇਹਨਾਂ ਨੂੰ ਨਿਕਾਰਨ ਦੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਕ, ਸੱਚ, ਨਿਆਂ ਤੇ ਸਰਬੱਤ ਦੇ ਭਲੇ ਵਾਲੇ ਦਰਸਾਏ ਮਾਰਗ ਤੇ ਚੱਲ ਕੇ ਸਿੱਖ ਕੌਮ ਦੇ ਪਵਿੱਤਰ ਕਾਰਜ ਵਾਸਤੇ ਲਸਾਨੀ ਕੁਰਬਾਨੀ ਕਰ ਗਏ ਭਾਈ ਜਿੰਦੇ ਤੇ ਭਾਈ ਸੁੱਖੇ ਵਰਗੇ ਮਹਾਨ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਲਸਾ ਪੰਥ ਨੂੰ ਸਮਰਪਿਤ ਹੋਈਏ ਉੱਥੇ ਹੀ ਸਿੱਖ ਸੰਘਰਸ਼ ਦੀ ਅਗਵਾਈ ਦਾ ਦਾਆਵਾ ਕਰਨ ਵਾਲੇ ਆਗੂਆਂ ਨੂੰ ਵੀ ਉਹਨਾਂ ਮਹਾਨ ਸ਼ਹੀਦਾਂ ਦੀ ਹਿੰਦੋਸਤਾਨ ਦੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਜੋ ਕਿ ਇੱਕ ਇਤਿਹਾਸਿਕ ਦਸਤਾਵੇਜ਼ ਹੈ ਉਸ ਨੂੰ ਧਿਆਨ ਨਾਲ ਪੜ੍ਹਕੇ ਤੇ ਆਪੇ ਦੀ ਸਵੈਪੜਚੋਲ ਜਰੂਰ ਕਰ ਲੈਣੀ ਚਾਹੀਦੀ ਹੈ ਨਹੀ ਤਾਂ ਸਿਆਣਿਆ ਦਾ ਕਥਨ ਹੈ ਕਿ ਪਵਿੱਤਰ ਸੋਚ ਤੇ ਸਮਰਪਿਤਤਾ ਤੋ ਬਿਨਾ ਕੌਮ ਦੀ ਅਜ਼ਾਦੀ ਲਈ ਮਾਰਿਆ ਨਾਹਰਾ ਜਾਂ ਸ਼ਹੀਦਾਂ ਦੀ ਮਨਾਈ ਯਾਦ ਇੱਕ ਦੰਭ ਤੇ ਪੰਖਡ ਬਣ ਕਿ ਰਹਿ ਜਾਦਾ ਹੈ। ਜੋ ਕਿ ਅੱਜ ਜ਼ਿਆਦਾ ਤੌਰਤੇ ਦੇਖਣ ਨੂੰ ਇਹ ਹੀ ਮਿਲ ਰਿਹਾ ਹੈ ।
ਕਿਸੇ ਨੇ ਸੱਚ ਹੀ ਕਿਹਾ ਹੈ ਗਿਆਨ ਤੋਂ ਬਿਨ੍ਹਾਂ ਸੱਚ ਨਹੀਂ ਸੱਚ ਤੋਂ ਬਿਨ੍ਹਾਂ ਅਣਖ ਨਹੀਂ ਤੇ ਅਣਖ ਤੋਂ ਬਿਨ੍ਹਾਂ ਸਰਬੱਤ ਦਾ ਭਲਾ ਨਹੀਂ ਸੋ ਆਉ ਗਿਆਨ ਸੱਚ ਤੇ ਅਣਖ ਵਾਲੇ ਸੂਰਬੀਰ ਯੋਧਿਆਂ ਦਾ ਸਾਥ ਦੇ ਕੇ ਸਰਬੱਤ ਦੇ ਭਲੇ ਵਾਲੇ ਹਲੀਮੀ ਰਾਜ ਦੀ ਪ੍ਰਾਪਤੀ ਵਾਸਤੇ ਆਪਣਾ ਬਣਦਾ ਯੋਗਦਾਨ ਪਾਈਏ ਇਹ ਹੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਾਧਜ਼ਲੀ ਹੋਵੇਗੀ।
ਇਤਹਾਸਕ ਝਰੋਖਾ
ਆਜ਼ਾਦੀ ਸੰਗਰਾਮ ਦੇ ਸਿਪਾਹ-ਸਲਾਰ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾ” ਤੇ ਸ਼ਹੀਦ ਭਾਈ ਸੁਖਦੇਵ ਸਿੰਘ “ਸੁੱਖਾ” ਦੇ ਬਾਈਵੇਂ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ!
Page Visitors: 2711