ਜਰਾ ਸੋਚੋ!
ਕੀ ਭਾਈ ਲਾਲੋ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਵਾਰਸ ਅਖਵਾਉਣ ਵਾਲਿਆਂ ਲਈ ਵਿਸ਼ਵਕਰਮਾਂ ਦੀ ਪੂਜਾ ਕਰਨੀ ਜਾਇਜ ਹੈ?
ਜਦੋ ਤੋਂ ਇਹ ਸ਼੍ਰਿਸ਼ਟੀ ਹੋਂਦ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਇਸ ਦੁਨੀਆਂ ਵਿੱਚ ਸੱਚ ਲਿਖਣ ਅਤੇ ਬੋਲਣ ਵਾਲੇ ਵਿਅਕਤੀ ਬਹੁਤ ਹੀ ਘੱਟ ਹੋਏੇ ਹਨ ਜਦੋਂ ਕਿ ਝੂਠ ਦੇ ਪਸਾਰੇ ’ਤੇ ਟੇਕ ਰੱਖਣ ਵਾਲੇ ਅੰਧਵਿਸ਼ਵਾਸ਼ੀ ਤੇ ਅਗਿਆਨੀ ਲੋਕਾਂ ਦੀ ਹਮੇਸ਼ਾਂ ਹੀ ਬਹੁਤਾਤ ਰਹੀ ਹੈ। ਇਹੋ ਕਾਰਣ ਹੈ ਕਿ ਸੱਚ ਦਾ ਪ੍ਰਚਾਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੂੰ ਭੂਤਨਾ ਤੇ ਬੇਤਾਲਾ ਤੱਕ ਕਿਹਾ ਗਿਆ, ਈਸਾ ਮਸੀਹ ਨੂੰ ਸੂਲੀ ’ਤੇ ਟੰਗਿਆ ਗਿਆ। ਧਾਰਮਿਕ ਅੰਧਵਿਸ਼ਵਾਸ਼ੀਆਂ ਦੇ ਇਸ ਵਿਸ਼ਵਾਸ਼ ਕਿ ਧਰਤੀ ਚਪਟੀ ਅਤੇ ਇੱਕ ਥਾਂ ਸਥਿਰ ਖੜ੍ਹੀ ਹੈ, ਜਿਸ ਦੇ ਦੁਆਲੇ ਸੂਰਜ ਘੁੰਮ ਰਿਹਾ ਹੈ; ਨੂੰ ਗਲਤ ਕਹਿਣ ਵਾਲੇ ਵਿਗਿਆਨੀ ਗੋਇਰਡਾਨੋ ਬਰੂਨੋ , ਜਿਸ ਨੇ ਕੋਪਰਨਕਿਸ ਦੀ ਖੋਜ ਦੀ ਹਮਾਇਤ ਕਰਦਿਆਂ ਇਹ ਐਲਾਨ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਬਲਕਿ ਗੋਲ ਹੈ; ਜੋ ਕਿ ਜਿੱਥੇ ਆਪਣੀ ਧੁਰੀ ਦੇ ਦੁਆਲੇ ਘੁੰਮ ਰਹੀ ਹੈ ਉਥੇ ਸੂਰਜ ਦੇ ਦੁਆਲੇ ਵੀ ਘੁੰਮ ਰਹੀ ਹੈ; ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ ਅਤੇ ਇਹੋ ਗੱਲ ਕਹਿਣ ਵਾਲੇ ਗਲੈਲੀਓ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਸੱਚ ਦੀ ਆਵਾਜ ਬੁਲੰਦ ਕਰਨ ਦੇ ਕਾਰਣ ਹੀ ਗੁਰੂ ਅਰਜੁਨ ਸਾਹਿਬ ਜੀ ਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਸ਼ਹੀਦੀਆਂ ਦਿੱਤੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਉਪ੍ਰੋਕਤ ਇਤਿਹਾਸਕ ਤੇ ਦਿਲ ਟੁੰਭਵੀਆਂ ਸੱਚੀਆਂ ਸਾਖੀਆਂ ਸੁਣਨ ਵਾਲੇ ਬੇਸ਼ੱਕ ਵਕਤੀ ਤੌਰ ’ਤੇ ਅਸ਼ ਅਸ਼ ਕਰ ਉਠਦੇ ਹਨ ਅਤੇ ਸੁਣਾਉਣ ਵਾਲੇ ਵੀ ਵਾਹ ਵਾਹ ਖੱਟ ਲੈਂਦੇ ਹਨ ਪਰ ਆਮ ਵਰਤਾਰੇ ’ਚ ਵੇਖਿਆ ਜਾ ਰਿਹਾ ਹੈ ਕਿ ਇਹ ਸਾਖੀਆਂ ਸੁਣਨ ਸੁਣਾਉਣ ਵਾਲਿਆਂ ਵਿਚੋਂ ਵੀ ਬਹੁਤਿਆਂ ਵੱਲੋਂ ਸੱਚ ਨੂੰ ਆਪਣੇ ਜੀਵਨ ਦਾ ਅਧਾਰ ਬਣਾਉਣ ਦੀ ਥਾਂ ਵੱਡੇ ਝੂਠਾਂ ਵਾਲੇ ਕਾਫਲੇ ਦਾ ਹੀ ਸਾਥ ਦਿੱਤਾ ਜਾ ਰਿਹਾ ਹੈ। ਜਨੂੰਨੀ ਸੋਚ ਵਾਲੇ ਸ਼ਰਾਰਤੀ ਅਨਸਰ ਦੋ ਫਿਰਕਿਆਂ ਵਿੱਚ ਪਾੜਾ ਪਾ ਕੇ ਆਪਣੀ ਸਿਆਸਤ ਤੇ ਨੇਤਾਗਿਰੀ ਚਮਕਾਉਣ ਲਈ ਸੱਚ ਬੋਲਣ ਤੇ ਲਿਖਣ ਵਾਲਿਆਂ ’ਤੇ ਧਾਰਾ 295ਏ ਅਧੀਨ ਪਰਚੇ ਦਰਜ ਕਰਵਾ ਕੇ ਉਨ੍ਹਾਂ ਦੀ ਅਵਾਜ਼ ਦਬਾਉਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਪਰ ਫਿਰ ਵੀ ਸੱਚ ਦਾ ਬੀਜ ਨਾਸ ਨਹੀਂ ਹੁੰਦਾ ਤੇ ਉਹ ਆਪਣੀ ਹੋਂਦ ਬਣਾਈ ਰੱਖਣ ਲਈ ਸੰਘਰਸ਼ੀਲ ਰਹਿੰਦਾ ਹੈ।
ਭਾਰਤ ਵਿੱਚ ਪ੍ਰਚਲਤ ਸ਼ਨਾਤਨੀ ਧਰਮ ਦਾ ਅਧਾਰ ਹੀ ਹਾਸੋਹੀਣੀਆਂ ਕਲਪਿਤ ਕਹਾਣੀਆਂ ਤੇ ਕਲਪਿਤ ਦੇਵੀ ਦੇਵਤੇ ਹਨ। ਇਨ੍ਹਾਂ ਵਿਚੋਂ ਕਿਸੇ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨ ਲਿਆ ਤੇ ਕਿਸੇ ਨੇ ਵਿਸ਼ਵਕਰਮਾਂ ਨੂੰ। ਮਹਾਨ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਕ੍ਰਿਤ “ਗੁਰਸ਼ਬਦ ਰਤਨਾਕਰ ਮਹਾਨ ਕੋਸ਼” ਦੇ ਪੰਨਾ ਨੰ: 1095 ਉਪਰ ਕੀਤੇ ਇੰਦਰਾਜ ਅਨੁਸਾਰ ਉਨ੍ਹਾਂ ਨੇ ਵਿਸ਼ਵਕਰਮਾਂ ਦੇ ਅਰਥ ਇਸ ਤਰ੍ਹਾਂ ਕੀਤੇ ਹਨ: ਵਿਸ਼ਵ ਦੀ ਰਚਨਾ ਕਰਨ ਵਾਲਾ ਕਰਤਾਰ। ਰਿਗਵੇਦ ਵਿਚ ਦੋ ਮੰਤਰਾਂ ਵਿੱਚ ਵਰਨਣ ਹੈ ਕਿ ਇਸ ਦੇ ਹਰ ਪਾਸੇ ਮੂੰਹ, ਬਾਹਾਂ ਤੇ ਪੈਰ ਹਨ। ਸੰਸਾਰ ਰਚਨਾ ਲਈ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਔਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ।
ਮਹਾਂਭਾਰਤ ਅਤੇ ਪੁਰਾਣਾਂ ਵਿੱਚ ਵਿਸ਼ਵਕਰਮਾਂ ਨੂੰ ਦੇਵਤਿਆਂ ਦਾ ਚੀਫ ਇੰਜਨੀਅਰ ਦੱਸਿਆ ਹੈ ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਪ੍ਰੰਤੂ ਦੇਵਤਿਆਂ ਦੇ ਸ਼ਸਤ੍ਰ ਅਸਤ੍ਰਾਂ ਨੂੰ ਭੀ ਇਹੀ ਬਣਾਉਂਦਾ ਹੈ ਸਥਾਪਤਯ ਉਪਵੇਦ ਜਿਸ ਵਿੱਚ ਦਸਤਕਾਰੀ ਦੇ ਹੁੱਨਰ ਦੱਸੇ ਹਨ ਉਹ ਇਸੇ ਦਾ ਰਚਿਆ ਹੋਇਆ ਹੈ। ਮਹਾਂਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ:
“ਦੇਵਤਿਆਂ ਦਾ ਪਤਿ, ਗਹਿਣੇ ਘੜ੍ਹਨ ਵਾਲਾ ਵਧੀਆ ਕਾਰੀਗਰ ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ ਜਿਸ ਦੇ ਹੁੱਨਰ ’ਤੇ ਪ੍ਰਿਥਵੀ ਖੜ੍ਹੀ ਹੈ ਅਤੇ ਜਿਸ ਦੀ ਸਦੀਵ ਪੂਜਾ ਕੀਤਾ ਜਾਂਦੀ ਹੈ।
ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨਮਤੀ (ਯੋਗ-ਸਿੱਧਾ) ਦੇ ਪੇਟੋਂ ਹੋਇਆ। ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਸ਼ ਘਟ ਗਈ। ਸੂਰਯ ਦੇ ਛਿੱਲੜ ਤੋਂ ਵਿਸ਼੍ਵਕਰਮਾ ਨੇ ਵਿਸ਼ਨੂ ਦਾ ਚੱਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ। ਜਗੰਨਾਥ ਦਾ ਬੁੱਤ ਭੀ ਇਸੇ ਕਾਰੀਗਰ ਦੀ ਦਸਤਕਾਰੀ ਦਾ ਕਮਾਲ ਹੈ। ਹਿੰਦੂ ਧਰਮ ਦੇ ਗ੍ਰੰਥਾਂ ਅਨੁਸਾਰ ਵਿਸ਼ਵਕਰਮਾਂ ਦੀ ਪੂਜਾ ਦਾ ਦਿਨ ਭਾਦਉਂ ਦੀ ਸੰਕ੍ਰਾਂਤੀ ਭਾਵ ਸੰਗਰਾਂਦ ਹੈ।” ਵੱਡੀਆਂ ਫੈਕਟਰੀਆਂ ਅਤੇ ਪਲਾਂਟਾਂ ਵਿੱਚ ਭਾਦਉਂ ਦੀ ਸੰਕ੍ਰਾਂਤੀ ਭਾਵ ਸੰਗਰਾਂਦ (ਜੋ ਅਗਸਤ ਮਹੀਨੇ ਵਿੱਚ ਆਉਂਦੀ ਹੈ) ਨੂੰ ਵਿਸ਼ਵਕਰਮਾਂ ਦੀ ਪੂਜਾ ਕੀਤੀ ਜਾਂਦੀ ਹੈ। ਪਰ ਪ੍ਰਾਈਵੇਟ ਵਰਕਸ਼ਾਪਾਂ ਅਤੇ ਆਮ ਕਾਰੀਗਰ ਦੀਵਾਲੀ ਤੋਂ ਅਗਲੇ ਦਿਨ ਇਸ ਦਾ ਦਿਨ ਮਨਾਉਂਦੇ ਹਨ।
“ਹਿੰਦੂ ਮਿਥਿਹਾਸ ਕੋਸ਼” ਵਿਚ ਮਹਾਨ ਕੋਸ਼ ਵਾਲੀ ਉਪ੍ਰੋਕਤ ਵਾਰਤਾ ਦੇ ਨਾਲ ਇਹ ਵੀ ਦਰਜ ਹੈ: ਇਹ ਸਾਰਿਆਂ ਦਾ ਪਿਤਾ, ਜਨਮ ਦੇਣ ਵਾਲਾ, ਨਾਸ਼ ਕਰਨ ਵਾਲਾ, ਦੇਵਤਿਆਂ ਨੂੰ ਉਨ੍ਹਾਂ ਦੇ ਨਾਂ ਪ੍ਰਦਾਨ ਕਰਦਾ ਹੈ ਅਤੇ ਮਰਨਹਾਰਾਂ ਦੀ ਸਮਝ ਤੋਂ ਬਾਹਰ ਹੈ। ਰਿਗਵੇਦ ਦੀ ਇਕ ਰਿਚਾ ਅਨੁਸਾਰ, ਵਿਸ਼ਵਕਰਮਾ ਨੇ, ਜਿਹੜਾ ਭੁਵਨ ਦਾ ਪੁੱਤਰ ਸੀ, ਸਰਵ ਮੇਧ (ਆਮ ਕੁਰਬਾਨੀ) ਨਾਂ ਦੇ ਯੱਗ ਵਿਚ ਸਭ ਤੋਂ ਪਹਿਲਾਂ ਸਾਰੇ ਸੰਸਾਰ ਨੂੰ ਪੇਸ਼ ਕੀਤਾ ਅਤੇ ਅਖੀਰ ਆਪਣੀ ਕੁਰਬਾਨੀ ਦੇ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਇਸ ਨੇ ਹੀ ਦੇਵਤਿਆਂ ਦੇ ਅਕਾਸ਼ੀ ਰੱਥ ਬਣਾਏ ਸਨ।
ਰਾਮਾਇਣ ਵਿਚ ਲਿਖਿਆ ਹੈ ਕਿ ਇਸ ਨੇ ਹੀ ਰਾਕਸ਼ਾਂ ਲਈ ਲੰਕਾ ਸ਼ਹਿਰ ਬਣਾਇਆ ਸੀ ਅਤੇ ਨਲ ਬਾਨਰ ਦੀ, ਜਿਸ ਨੇ ਮਹਾਂਦੀਪ ਤੋਂ ਲੰਕਾ ਤਕ ਰਾਮ ਦਾ ਪੁਲ ਬਣਾਇਆ ਸੀ, ਉਤਪਤੀ ਕੀਤੀ ਸੀ। ਇਸ ਦੀ ਸਿਰਜਨਾ ਸ਼ਕਤੀ ਨੂੰ ਮੁੱਖ ਰਖਦਿਆਂ ਹੋਇਆਂ ਇਸ ਨੂੰ ਕਈ ਵਾਰੀ ਪ੍ਰਜਾਪਤੀ ਵੀ ਕਿਹਾ ਜਾਂਦਾ ਹੈ। ਇਸ ਨੂੰ ਹੋਰ ਨਾਵਾਂ ਨਾਲ ਵੀ ਸੱਦਿਆ ਜਾਂਦਾ ਹੈ, ਜਿਵੇਂ ਕਾਰੂ, ‘ਕਾਮਾ’; ਤਕਸ਼ਕ, ‘ਤਰਖਾਣ’, ਦੇਵਵਰਧਿਕ, ‘ਦੇਵਤਿਆਂ ਨੂੰ ਬਣਾਉਣ ਵਾਲਾ’; ਸੁਧਨਵਨ, ‘ਚੰਗਾ ਧਨੁਸ਼ ਰੱਖਣ ਵਾਲਾ’ ਵੀ ਕਿਹਾ ਜਾਦਾ ਹੈ। (ਪੰਨਾ 520)
ਸੰਸਾਰ ਦੇ ਭਲੇ ਲਈ ਵਿਸ਼ਵਕਰਮਾਂ ਨੇ ਪੰਜ ਪੁੱਤਰ ਪੈਦਾ ਕੀਤੇ । ਮਨੁ ਦੀ ਸੰਤਾਨ ਲੁਹਾਰ, ਮਯ ਦੀ ਔਲਾਦ ਤਰਖਾਣ, ਤਵਸ਼ਟਾ ਦੀ ਸੰਤਾਨ ਠਠਿਆਰ, ਸ਼ਿਲਪੀ ਦੀ ਸੰਤਾਨ ਕਢਿਯਾ ਜਾਂ ਸਲਾਟ, ਜਿਨ੍ਹਾਂ ਨੂੰ ਆਮ ਬੋਲਚਾਲ ਵਿਚ ਰਾਜ ਮਿਸਤਰੀ ਆਖਿਆ ਜਾਂਦਾ ਹੈ ਅਤੇ ਦੈਵਝ ਦੀ ਔਲਾਦ ਨੂੰ ਸੁਨਿਆਰ ਆਖਿਆ ਜਾਂਦਾ ਹੈ। ਇਕ ਹੋਰ ਮਿੱਥ ਅਨੁਸਾਰ ਭਗਵਾਨ ਰਾਮ ਚੰਦਰ ਜੀ ਦੇ ਜਰਨੈਲ ਨੱਲ ਅਤੇ ਨੀਲ ਜਿਨ੍ਹਾਂ ਨੇ ਸਮੁੰਦਰ ਉਪਰ ਪੱਥਰਾਂ ਦਾ ਪੁਲ ਬਣਾਇਆ ਸੀ, ਵੀ ਇਸੇ ਦੇਵਤੇ ਦੀ ਉਲਾਦ ਸਨ।
ਹਿੰਦੂ ਮਿਥਿਹਾਸ ਕੋਸ਼ ਵਿਚ ਦਰਜ ਹੈ ਕੇ ਮਨੂ ਵੈਵਸਵਤ, ਯਮ ਅਤੇ ਯਮੀ (ਯਮੁਨਾ ਨਦੀ) ਸੂਰਜ ਦੀ ਔਲਾਦ ਅਥਵਾ ਵਿਸ਼ਵਕਰਮਾ ਦੇ ਦੋਹਤੇ ਅਤੇ ਦੋਹਤੀ ਹਨ। ਜਿਹੜਾ ਪ੍ਰਾਣੀ ਜਮਨਾ ਵਿਚ ਇਸ਼ਨਾਨ ਕਰਦਾ ਹੈ ਉਸ ਨੂੰ ਜਮਾਂ ਦਾ ਕੋਈ ਡਰ ਨਹੀ ਰਹਿੰਦਾ ਕਿਉਂਕਿ ਜਮਨਾ ਯਮਰਾਜ ਦੀ ਭੈਣ ਹੈ। ਜਦੋਂ ਕਿ ਗੁਰਬਾਣੀ ਵਿੱਚ ਤੀਰਥਾਂ ਦੇ ਇਸ਼ਨਾਨ ਕਰਕੇ ਕੋਈ ਫਲ ਪ੍ਰਾਪਤ ਕਰਨ ਦੇ ਸਿਧਾਂਤ ਦਾ ਭਰਵਾਂ ਖੰਡਨ ਕਰਦਿਆਂ ਜਮੁਨਾ ਸਬੰਧੀ ਇਉਂ ਲਿਖਿਆ ਹੈ - ਗੰਗਾ, ਜਮੁਨਾ, ਬਿੰਦ੍ਰਾਬਨ, ਕੇਦਾਰ, ਕਾਂਸ਼ੀ, ਕਾਂਤੀ, ਦੁਆਰਕਾ ਪੁਰੀ, ਸਾਗਰ-ਗੰਗਾ, ਤ੍ਰਿਬੇਣੀ ਦਾ ਸੰਗਮ ਆਦਿਕ ਅਠਾਹਠ ਤੀਰਥ ਉਸ ਕਰਤਾਰ-ਪ੍ਰਭੂ ਦੀ ਆਪਣੀ ਹੀ ਗੋਦ ਵਿਚ ਟਿਕੇ ਹੋਏ ਹਨ :
‘ਗੰਗਾ ਜਮੁਨਾ ਕੇਲ ਕੇਦਾਰਾ ॥ ਕਾਸੀ ਕਾਂਤੀ ਪੁਰੀ ਦੁਆਰਾ ॥
ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥9॥’ (ਮਾਰੂ ਸੋਲਹੇ ਮ: 1, 1022)
‘ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥1॥’ (ਮਲਾਰ ਮ: 4, 1263)
ਭਾਵ ਹੇ ਭਾਈ! ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ। (ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ) ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ ॥1॥
ਦੇਵਤਿਆਂ ਦੇ ਇਸ ਦੇਸ਼ ਵਿਚ ਵਿਸ਼ਵਕਰਮਾ ਜਯੰਤੀ ਦਿਹਾੜੇ ਸਾਰੇ ਕਾਰੀਗਰ ਆਪਣਾ ਕੰਮਕਾਜ ਬੰਦ ਰਖਦੇ ਹਨ। ਮਜਦੂਰਾਂ ਨੂੰ ਉਸ ਦਿਨ ਦੀ ਛੁੱਟੀ ਹੁੰਦੀ ਹੈ। ਮਾਲਕਾਂ ਵਲੋਂ ਮਜਦੂਰਾਂ ਨੂੰ ਮਿਠਾਈ, ਕੱਪੜੇ ਅਤੇ ਭਾਂਡੇ ਆਦਿ ਵੀ ਵੰਡੇ ਜਾਂਦੇ ਹਨ। ਸਫਾਈ ਦਾ ਵਿਸ਼ੇਸ਼ ਉੱਦਮ ਕੀਤਾ ਜਾਂਦਾ ਹੈ ਜਿਸ ਨੂੰ ਸੰਦ-ਰਾਜ ਵੀ ਕਿਹਾ ਜਾਦਾ ਹੈ। ਵਿਸ਼ਵਕਰਮਾ ਮੰਦਰਾਂ ਵਿਚ ਵਿਸ਼ਵਕਰਮਾ ਜੀ ਦੀ ਮੂਰਤੀ ਦੇ ਇਸ਼ਨਾਨ ਉਪ੍ਰੰਤ ਹਵਨ ਯੱਗ ਵੀ ਕੀਤੇ ਜਾਂਦੇ ਹਨ ਅਤੇ ਸ਼ੋਭਾ ਯਾਤਰਾ ਵੀ ਕੱਢੀਆਂ ਜਾਂਦੀਆਂ ਹਨ। ਸਰਕਾਰਾਂ ਵੀ ਇਸ ਦਿਹਾੜੇ ’ਤੇ ਰਾਜ ਪੱਧਰੀ ਸਮਾਗਮ ਕਰਦੀਆਂ ਹਨ ਅਤੇ ਸਿਆਸਤਦਾਨਾਂ ਵਲੋਂ ਵੀ ਵੋਟਾਂ ਨੂੰ ਮੁੱਖ ਰੱਖ ਕੇ ਗ੍ਰਾਟਾਂ ਦੇਣ ਦੇ ਐਲਾਨ ਕੀਤੇ ਜਾਂਦੇ ਹਨ।
ਪਰ ਦੂਸਰੇ ਪਾਸੇ ਜਪਾਨ, ਅਮਰੀਕਾ, ਕਨੇਡਾ ਆਦਿਕ ਪੱਛਮੀ ਦੇਸ਼ਾਂ ਵਿੱਚ ਕੋਈ ਵਿਸ਼ਕਰਮਾ ਨੂੰ ਜਾਣਦਾ ਵੀ ਨਹੀਂ ਇਸ ਦੇ ਬਾਵਯੂਦ ਨਵੇਂ ਟਕਨੀਕ ਦੀ ਜੋ ਮਸ਼ੀਨਰੀ ਤੇ ਸੰਦ ਉਨ੍ਹਾਂ ਦੇਸ਼ਾਂ ਵਿੱਚ ਬਣਦੇ ਹਨ ਵਿਸ਼ਵਕਰਮਾਂ ਦਾ ਪੁਜਾਰੀ ਭਾਰਤ ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਢੁਕ ਸਕਦਾ।
ਵਿਸ਼ਵਕਰਮਾ ਜੀ ਦਾ ਜਨਮ ਦਿਨ ਮਨਾਉਣਾ ਉਨ੍ਹਾਂ ਨੂੰ ਤਾਂ ਮੁਬਾਰਕ ਹੈ ਜੋ ਇਸ ਦੇ ਸਿਧਾਂਤ ਨੂੰ ਮੰਨਦੇ ਹਨ। ਪਰ ਅੱਜ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਗੁਰਦੁਆਰਿਆਂ ਵਿਚ ਇਸ ਦੇਵਤੇ ਦੇ ਪੁਰਬ ਮਨਾਏ ਜਾਣੇ ਵੀ ਸ਼ੁਰੂ ਹੋ ਗਏ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲਿਆਂ ਵਲੋਂ ਵਿਸ਼ਵਕਰਮਾ ਜੀ ਦੇ ਜਨਮ ਦਿਨ ਗੁਰਦੁਆਰਿਆਂ ਵਿਚ ਮਨਾਉਣ ਦਾ ਕੀ ਸੰਬੰਧ? ਕਿਉਂਕਿ ਗੁਰੂ ਗ੍ਰੰਥ ਸਹਿਬ ਜੀ ਦੀ ਵੀਚਾਰਧਾਰਾ ਤਾਂ ਇਸ ਸਿਧਾਂਤ ਨੂੰ ਮੁੱਢੋਂ ਹੀ ਖਾਰਜ ਕਰਦੀ ਹੈ ਕਿ ਸ੍ਰਿਸ਼ਟੀ ਦੀ ਰਚਨਾ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਦੇਵੀ ਦੇਵਤਾ ਕਰ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਨੁਸਾਰ ਸਭਨਾਂ ਦਾ ਕਰਤਾ ਇੱਕ ਅਕਾਲ ਪੁਰਖ ਹੈ ਅਤੇ ਉਹ ਹੀ ਸਭ ਦੀ ਸੰਭਾਲ ਕਰਦਾ ਹੈ: ‘*ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥*’ (ਮਲਾਰ ਮ:3, 1258)
ਅਕਾਲ ਪੁਰਖ ਜੋ ਸਭਨਾ ਦਾ ਕਰਤਾ ਹੈ ਉਸ ਦਾ ਕੋਈ ਮਾਈ ਬਾਪ ਹੋ ਹੀ ਨਹੀਂ ਸਕਦਾ:
‘*ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥19॥70॥*’ (339)
ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਇੱਕ ਅਕਾਲ ਪੁਰਖ ਜੋ ਸਭ ਦਾ ਮੁੱਢ ਹੈ, ਜਿਸ ਦਾ ਕੋਈ ਮਾਂ ਬਾਪ ਨਹੀਂ ਹੈ, ਜੋ ਸਭ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਰਾਮ ਹੈ, ਜਿਸ ਦਾ ਕਦੀ ਵੀ ਨਾਸ਼ ਨਹੀਂ ਹੁੰਦਾ ਉਸ ਦੀ ਪੂਜਾ ਦਾ ਹੀ ਵਿਧਾਨ ਹੈ:
‘*ਪੂਜਹੁ ਰਾਮੁ ਏਕੁ ਹੀ ਦੇਵਾ ॥*’ (ਆਸਾ ਭਗਤ ਕਬੀਰ ਜੀ, 484)।
ਅਕਾਲ ਪੁਰਖ ਦੀ ਪੂਜਾ ਕੀ ਹੈ ਤੇ ਕਿਵੇਂ ਕੀਤੀ ਜਾਂਦੀ ਹੈ ਇਹ ਇੱਕ ਵੱਖਰੇ ਲੇਖ ਦਾ ਵਿਸ਼ਾ ਹੈ ਪਰ ਇੱਥੇ ਸਿਰਫ ਇੰਨਾ ਸਮਝ ਲੈਣਾ ਹੀ ਕਾਫੀ ਹੈ ਕਿ ਅਕਾਲ ਪੁਰਖ ਦੀ ਪੂਜਾ ਦੇ ਅਰਥ ਅਤੇ ਢੰਗ ਤਰੀਕਾ ਮੂਰਤੀ ਪੂਜਾ ਤੇ ਬੁੱਤ ਪੂਜਾ ਵਾਲਾ ਨਹੀਂ ਹੈ। ਸ਼ਨਾਤਨੀ ਧਰਮ ਅਨੁਸਾਰ ਕੀਤੀ ਜਾ ਰਹੀ ਪੂਜਾ ਦਾ ਗੁਰਬਾਣੀ ਵਿੱਚ ਭਰਵਾਂ ਖੰਡਨ ਕਰਦੇ ਹੋਏ ਦੇਵੀ ਦੇਵਤਿਆਂ ਨੂੰ ਮਾਇਆ ਮੋਹੇ ਦੱਸਿਆ ਗਿਆ ਹੈ ਜਿਨ੍ਹਾਂ ਦਾ ਮੂਲ ਹੀ ਮਾਇਆ ਦਾ ਵਿਹਾਰ ਹੈ:
‘*ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥2॥*’ (ਮਾਝ ਮ: 3,
ਮਾਇਆ ਮੋਹੇ ਦੇਵੀ ਸਭਿ ਦੇਵਾ ॥*’ (ਗਉੜੀ ਮ: 1, - ਪੰਨਾ 227)
‘*ਭਭਾ ਭਰਮੁ ਮਿਟਾਵਹੁ ਅਪਨਾ ॥ ਇਆ ਸੰਸਾਰੁ ਸਗਲ ਹੈ ਸੁਪਨਾ ॥
ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥
ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥*’(ਗਉੜੀ ਮ: 5, 258)
ਸਿੱਖ ਰਹਿਤ ਮਰਯਾਦਾ ਵਿਚ ਵੀ ਦਰਜ ਹੈ: ‘ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ’। ਪਰ ਇਸ ਦੇ ਬਾਵਯੂਦ ਇੱਕ ਅਕਾਲ ਪੁਰਖ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ, ਆਪਣੀ ਸਿਆਸੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖਣ ਵਾਲੇ ਅਤੇ ਹਮੇਸ਼ਾਂ ਅਕਾਲ ਤਖ਼ਤ ਨੂੰ ਸਰਬ ਉਚ ਮੰਨਣ ਅਤੇ ਉਸ ਤੋਂ ਅਗਵਾਈ ਲੈਣ ਦਾ ਡਰਾਮਾ ਕਰਨ ਵਾਲੇ ਸਿਆਸੀ ਆਗੂ ਗੁਰਦੁਆਰਿਆਂ ਵਿੱਚ ਕਲਪਿਤ ਵਿਸ਼ਵਕਰਮਾ ਦੇ ਦਿਨ ਮਨਾਉਣ ਨੂੰ ਵੱਡੇ ਪੱਧਰ ’ਤੇ ਵਡਾਵਾ ਦੇ ਰਹੇ ਹਨ। ਪਿਛਲੇ ਸਾਲ ਸਾਨੂੰ ਇਹ ਜਾਣ ਕੇ ਬੜਾ ਹੀ ਦੁੱਖ ਹੋਇਆ ਕਿ ਬਠਿੰਡੇ ਦੇ ਇੱਕ ਗੁਰਦੁਆਰੇ ਵਿੱਚ ਸਵਰਨਕਾਰ ਯੂਨੀਅਨ ਵੱਲੋਂ
ਵਿਸ਼ਵਕਰਮਾ ਦਾ ਦਿਨ ਮਨਾਇਆ ਗਿਆ। ਇਸ ਸਵਰਨਕਾਰ ਯੂਨੀਅਨ ਦੇ ਪ੍ਰਧਾਨ ਸਾਡੇ ਹੀ ਮਹਿਕਮੇ ’ਚੋਂ ਡਿਪਟੀ ਚੀਫ ਇੰਜਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਜਿਨ੍ਹਾਂ ਨੂੰ ਕਾਫੀ ਸਮਾ ਸਿੱਖ ਫੁਲਵਾੜੀ ਮਾਸਕ ਰਸਾਲਾ ਦਸਤੀ ਦਿੰਦੇ ਰਹਿਣ ਕਰਕੇ ਉਨ੍ਹਾਂ ਨਾਲ ਮਿਤਰਤਾ ਵਾਲੇ ਸਬੰਧ ਸਨ। ਇਸ ਲਈ ਬਾਅਦ ਵਿੱਚ ਉਨ੍ਹਾਂ ਦੇ ਘਰ ਵਿੱਚ ਜਾ ਕੇ ਉਨ੍ਹਾਂ ਨਾਲ ਵੀਚਾਰ ਕੀਤੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹੋ ਇਸ ਲਈ ਤੁਹਾਡਾ ਕਲਪਿਤ ਦੇਵਤੇ ਵਿਸ਼ਵਕਰਮਾਂ ਨਾਲ ਕੀ ਸਬੰਧ ਹ?
ਉਨ੍ਹਾਂ ਕਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ ਪਰ ਵਿਸ਼ਵਕਰਮਾਂ ਨੇ ਤਾਂ ਸਾਰੇ ਸੰਦ ਬਣਾਏ, ਸਾਰੀ ਮਸ਼ੀਨਰੀ ਬਣਾਈ ਉਸ ਦੇ ਦਿਨ ਤਾਂ ਸਾਰੀਆਂ ਸਰਕਾਰੀ ਤੇ ਗੈਰਸਰਕਾਰੀ ਫੈਕਟਰੀਆਂ ਵਿੱਚ ਵੀ ਮਨਾਏ ਜਾਂਦੇ ਹਨ। ਥਰਮਲ ਪਲਾਂਟ ਵਿੱਚ ਵੀ ਵੱਡੇ ਪੱਧਰ ’ਤੇ ਮਨਾਏ ਜਾਂਦੇ ਹਨ ਜਿਸ ਵਿੱਚ ਆਪਾਂ ਸਾਰੇ ਹੀ ਸ਼ਾਮਲ ਹੁੰਦੇ ਸੀ। ਫਿਰ ਉਸ ਦਾ ਦਿਨ ਗੁਰਦੁਆਰੇ ਵਿੱਚ ਮਨਾਏ ਜਾਣ ’ਚ ਕੀ ਹਰਜ ਹੈ? ਉਨ੍ਹਾਂ ਨੂੰ ਦੱਸਿਆ ਗਿਆ ਕਿ ਗੁਰਦੁਆਰੇ ਤੇ ਥਰਮਲ ਪਲਾਂਟ ਵਿੱਚ ਬਹੁਤ ਫਰਕ ਹੈ। ਥਰਮਲ ਪਲਾਂਟ ਵਿੱਚ ਵਿਸ਼ਵਕਰਮਾ ਦਾ ਦਿਨ ਮਨਾਉਣ ਵਾਲੇ ਬਹੁਤੇ ਹਿੰਦੂ ਤੇ ਖਾਸ ਕਰਕੇ ਦੱਖਣ ਭਾਰਤ ਨਾਲ ਸਬੰਧਤ ਸਨ; ਜਿਨ੍ਹਾਂ ਨੂੰ ਗੁਰਮਤਿ ਦਾ ਬਹੁਤਾ ਗਿਆਨ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਸਮਝਾਉਣਾ ਜਾਂ ਰੋਕਣਾ ਬਹੁਤ ਹੀ ਔਖਾ ਹੈ ਪਰ ਤੁਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਦਾਅਵਾ ਕਰਦੇ ਹੋ ਇਸ ਲਈ ਗੁਰਬਾਣੀ ਦੇ ਪ੍ਰਮਾਣ ਅਤੇ ਅਣਹੋਣੀਆਂ ਕਲਪਿਤ ਕਹਾਣੀਆਂ ਨੂੰ ਗੁਰਬਾਣੀ ਅਤੇ ਇੰਜਨੀਅਰਿੰਗ ਵਿਗਿਆਨ ਦੀ
ਕਸਵੱਟੀ ’ਤੇ ਪਰਖ ਕੇ ਤੁਹਾਨੂੰ ਸਮਝਾਉਣਾ ਬਹੁਤ ਸੌਖਾ ਹੈ।
ਜਦੋਂ ਉਨ੍ਹਾਂ ਨੂੰ ਵਿਸ਼ਵਕਰਮਾ ਦੀ ਉਕਤ ਵਰਣਿਤ ਮਿਥਿਹਾਸਕ ਕਹਾਣੀ ਸੁਣਾ ਕੇ ਪੁੱਛਿਆ ਕਿ ਗੁਰਬਾਣੀ ਅਨੁਸਾਰ ਤਾਂ ਸ੍ਰਿਸ਼ਟੀ ਦੇ ਰਚਨਹਾਰ ਕਰਤੇ ਦਾ ਕੋਈ ਮਾਈ ਬਾਪ ਹੋ ਹੀ ਨਹੀਂ ਸਕਦਾ। ਪਰ ਰਮਾਯਣ ਅਨੁਸਾਰ ਤਾਂ ਇਸ ਵਿਸ਼ਵਕਰਮਾਂ ਦੇ ਮਾਤਾ ਪਿਤਾ ਵੀ ਸਨ। ਇਕ ਪਾਸੇ ਤਾਂ ਸੰਸਾਰ ਰਚਣ ਵਾਲਾ ਸਾਰਿਆਂ ਦਾ ਪਿਤਾ, ਜਨਮ ਦੇਣ ਵਾਲਾ, ਨਾਸ਼ ਕਰਨ ਵਾਲਾਂ ਵਿਸ਼ਵਕਰਮਾ ਹੈ ਜਿਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ ਅਤੇ ਦੂਜੇ ਪਾਸੇ ਸਦੀਵੀ ਸੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੁਰਮਾਨ ਹੈ:
‘*ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ॥*’ (283)।
ਕੀ ਸੂਰਜ ਕੋਈ ਮਨੁੱਖ ਹੈ ਜਿਸ ਨਾਲ ਵਿਸ਼ਵਕਰਮਾ ਦੀ ਪੁੱਤਰੀ ਸੰਜਨਾ ਦਾ ਵਿਆਹ ਹੋ ਸਕਦਾ ਹੈ?
ਤੁਸੀਂ ਇੱਕ ਸੀਨੀਅਰ ਇੰਜਨੀਅਰ ਹੋਣ ਦੇ ਨਾਤੇ ਇਹ ਸੋਚਣ ਦਾ ਯਤਨ ਕਰੋ ਕਿ ਸੂਰਜ; ਜਿਹੜਾ ਧਰਤੀ ਤੋਂ ਕਈ ਗੁਣਾਂ ਵੱਡਾ ਹੈ; ਉਸ ਨੂੰ ਜਿਸ ਖਰਾਦ ’ਤੇ ਚੜ੍ਹਾਇਆ ਗਿਆ ਹੋਵੇਗਾ ਉਹ ਖਰਾਦ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ ਤੇ ਉਸ ਖਰਾਦ ਨੂੰ ਟਿਕਾਉਣ ਲਈ ਕਿੱਢੀ ਕੁ ਵੱਡੀ ਧਰਤੀ ਚਾਹੀਦੀ ਹੋਵੇਗੀ? ਇਹ ਸੱਚ ਸੁਣ ਕਿ ਉਹ ਬੜੇ ਹੀ ਹੈਰਾਨ ਹੋਏ ਕਿ ਵਿਸ਼ਵਕਰਮਾਂ ਦਾ ਇਸ ਤਰ੍ਹਾਂ ਦਾ ਇਤਿਹਾਸ ਤਾਂ ਉਨ੍ਹਾਂ ਕਦੀ ਪੜ੍ਹਿਆ ਸੁਣਿਆ ਹੀ ਨਹੀਂ। ਉਨ੍ਹਾਂ ਨੂੰ ਵਿਸ਼ਵਕਰਮਾਂ ਸਬੰਧੀ
ਜਾਣਕਾਰੀ ਦੇਣ ਲਈ ਕੁਝ ਲੇਖ ਦੇ ਕੇ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਪੜ੍ਹ ਕੇ ਦੱਸਣਾ ਕਿ ਕੀ ਇਹ ਤੁਹਾਨੂੰ ਕਲਪਿਤ ਨਹੀਂ ਲਗਦੇ? ਜੇ ਹੈ ਤਾਂ ਕੀ ਅਸੀ ਸੱਚ ਦੇ ਦਰਬਾਰ ਵਿਚ ਅਜੇਹੇ ਮਨੋਕਲਪਿਤ ਦੇਵਤੇ ਦਾ ਪੁਰਬ ਮਨਾ ਕੇ ਕੋਈ ਭੁੱਲ ਤਾਂ ਨਹੀ ਕਰ ਰਹੇ?
ਇਸੇ ਤਰ੍ਹਾਂ ਭਾਈ ਲਾਲੋ ਜੀ ਅਤੇ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ’ਤੇ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹਨ ਜੋ ਕਹਾਉਂਦੇ ਤਾਂ ਆਪਣੇ ਆਪ ਨੂੰ ਗੁਰੂ ਦੇ ਪੱਕੇ ਸਿੱਖ ਹਨ ਪਰ ਵਿਸ਼ਵਕਰਮਾਂ ਦੇ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ। ਉਨ੍ਹਾਂ ਨੂੰ ਬੇਨਤੀ ਹੈ ਕਿ ਜਰਾ ਭਾਈ ਲਾਲੋ ਜੀ ਦਾ ਇਤਿਹਾਸ ਪੜ੍ਹ ਕੇ ਵੇਖਣ। ਭਾਈ ਮਰਦਾਨੇ ਤੋਂ ਬਾਅਦ ਉਹ ਗੁਰੂ ਨਾਨਕ ਸਾਹਿਬ ਜੀ ਦੇ ਇੱਕੋ ਇੱਕ ਸਿੱਖ ਸਨ ਜਿਨ੍ਹਾਂ ਦਾ ਨਾਮ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਹੈ।
ਇਹ ਹੋ ਹੀ ਨਹੀ ਸਕਦਾ ਕਿ ਭਾਈ ਲਾਲੋ ਜੀ ਵਿਸ਼ਵਕਰਮਾਂ ਵਰਗੇ ਕਲਪਿਤ ਦੇਵਤੇ ਦੇ ਪੁਜਾਰੀ ਵੀ ਹੋਣ ਤੇ ਗੁਰੂ ਨਾਨਕ ਸਾਹਿਬ ਦੇ ਅੰਨਿਨ ਸ਼੍ਰਧਾਲੂ ਵੀ ਹੋਣ ਜਿਨ੍ਹਾਂ ਦੇ ਘਰ, ਗੁਰੂ ਜੀ ਮਲਿਕ ਭਾਗੋ ਦੇ ਸ਼ਾਹੀ ਭੋਜ ਦੇ ਸੱਦੇ ਨੂੰ ਵੀ ਅਪ੍ਰਵਾਨ ਕਰਕੇ ਭੋਜਨ ਛਕਣ ਨੂੰ ਤਰਜੀਹ ਦਿੰਦੇ ਹੋਣ।
ਇਸੇ ਤਰ੍ਹਾਂ ਸ. ਜੱਸਾ ਸਿੰਘ ਜੀ ਦਾ ਜਨਮ ਕਿਸੇ ਬੁੱਤ ਪੂਜਕ ਦੇ ਘਰ ਨਹੀਂ ਬਲਕਿ ਇਕ ਸਿੱਖ ਘਰਾਣੇ ਵਿੱਚ ਹੋਇਆ ਸੀ; ਜਿਨ੍ਹਾਂ ਦੀ ਮਾਤਾ ਜੀ ਨੇ ਉਸ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਸੀ ਨਾ ਕਿ ਕਿਸੀ ਮਿਥਿਹਾਸਕ ਕਥਾਵਾਂ ਨਾਲ। ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ ਨਾ ਕਿ ਕਿਸੀ ਤੰਤਰਾਂ ਮੰਤਰਾਂ ਨਾਲ। ਇਸੇ ਕਾਰਣ ਸਰਬੱਤ ਖਾਲਸਾ ਦੇ ਸਾਹਮਣੇ ਰਾਮਗੜ੍ਹ ਕਿੱਲੇ ਦਾ ਨੀਂਹ ਪਥੱਰ ਰੱਖਣ ਲੱਗਿਆਂ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਸੀ ਨਾ ਕਿ ਵਿਸ਼ਵਕਰਮਾ ਦੀ ਅਰਦਾਸ ਕੀਤੀ। ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦਾ ਸਾਰਾ ਜੀਵਨ ਗੁਰਬਾਣੀ ਦੇ ਓਟ ਆਸਰੇ ਬਤੀਤ ਹੋਇਆ ਨਾ ਕਿ ਵਿਸ਼ਵਕਰਮਾ ਦੀ ਪੂਜਾ ਕਰਕੇ। ਹੁਣ ਖਾਲਸਾ ਜੀ ਜਵਾਬ ਤੁਸੀਂ ਦੇਣਾ ਹੈ, ਕੀ ਜੱਸਾ ਸਿੰਘ ਰਾਮਗੜ੍ਹੀਏ ਦਾ ਗੁਰੂ ਵਿਸ਼ਵਕਰਮਾ ਸੀ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ। ਇਸ ਕਰਕੇ ਵਿਸ਼ਵਕਰਮਾਂ ਦੇ ਦਿਨ ਮਨਾਉਣ ਵਾਲਿਆਂ ਨੂੰ ਸਨਿਮਰ ਬੇਨਤੀ ਕਿ ਜੇ ਉਨ੍ਹਾਂ ਨੂੰ ਕਲਪਿਤ ਵਿਸ਼ਵਕਰਮਾ ਦੀ ਪੂਜਾ ਕੀਤੇ ਬਿਨਾਂ ਨਹੀ ਸਰਦਾ ਤਾਂ
ਉਹ ਜੀ ਸਦਕਾ ਕਰਨ ਪਰ ਆਪਣੇ ਅਤੇ ਆਪਣੀਆਂ ਸੰਸਥਾਵਾਂ ਨਾਲ ਭਾਈ ਲਾਲੋ ਜੀ ਅਤੇ ਰਾਮਗੜ੍ਹੀਆ ਮਿਸਲ ਦੇ ਨਾਮ ਨਾਲ ਨਾ ਜੋੜਨ ਜੀ। ਪਰ ਜਿਹੜੇ ਪੜ੍ਹੇ ਲਿਖੇ ਡਿਪਟੀ ਚੀਫ ਇੰਜਨੀਅਰ ਵਾਂਗ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਕੇ ਸ਼੍ਰਧਾਲੂ ਵੀ ਮੰਨਦੇ ਹਨ ਤੇ ਗੁਰਦੁਆਰਿਆਂ ਵਿੱਚ ਕਲਪਿਤ ਵਿਸ਼ਵਕਰਮਾਂ ਦੇ ਦਿਨ ਵੀ ਮਨਾਉਂਦੇ ਹਨ, ਆਪਣੇ ਆਪ ਨੂੰ ਭਾਈ ਲਾਲੋ ਜੀ ਅਤੇ ਸ: ਜੱਸਾ ਸਿੰਘ ਰਾਮਗੜ੍ਹੀਏ ਦੇ ਵਾਰਸ ਵੀ ਅਖਵਾਉਂਦੇ ਹਨ ਪਰ ਵਿਸ਼ਵਕਰਮਾਂ ਦੀਆਂ ਮੂਰਤੀਆਂ ਵੀ ਪੂਜਦੇ ਹਨ। ਸਿੱਖ ਉਦਯੋਗਪਤੀ ਆਪਣੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਨਿਨ ਸ਼੍ਰਧਾਲੂ ਹੋਣ ਦਾ ਵਿਖਾਵਾ ਕਰਨ ਲਈ ਆਪਣੀ ਫੈਕਟਰੀ ਵਿੱਚ ਸ਼ਾਨਦਾਰ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਸ ਨੂੰ ਗੁਰਦੁਆਰੇ ਦਾ ਰੂਪ ਵੀ ਦਿੰਦੇ ਹਨ; ਜਿਸ ਅੱਗੇ ਆਪਣਾ ਨਿੱਤ ਦਾ ਕੰਮ ਸ਼ੁਰੂ ਕਰਨ ਤੋਂ ਪੁਹਿਲਾਂ ਮੱਥਾ ਟੇਕਦੇ ਅਤੇ ਮੁੱਖ ਵਾਕ ਲੈਂਦੇ ਹਨ ਪਰ ਫੈਕਟਰੀ ਵਿੱਚ ਵਿਸ਼ਵਕਰਮਾਂ ਦਾ ਦਿਨ ਵੀ ਧੂਮਧਾਮ ਨਾਲ ਮਨਾਉਂਦੇ ਹਨ, ਆਪਣੇ ਦਫਤਰ ਵਿੱਚ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸ਼ਵੀਰਾਂ ਨਾਲ ਵਿਸ਼ਵਕਰਮਾ ਦੀ ਵੱਡੀ ਫੋਟੋ ਲਾ ਕੇ ਉਸ ਨੂੰ
ਹਾਰ ਪਹਿਨਾਉਂਦੇ ਹਨ। ਐਸੇ ਸਿੱਖਾਂ ਨੂੰ ਵੇਖ ਕੇ ਹੀ ਭਾਈ ਗੁਰਦੇਵ ਸਿੰਘ ਸੱਧੇਵਾਲੀਏ ਨੇ ਵਿਅੰਗ ਕਰਦੇ ਹੋਏ ਲਿਖਿਆ ਹੈ: “ਕਹਿੰਦੇ ਨੇ ਜਦ ਸ਼ਿਵ ਜੀ ਨੇ ਗਣੇਸ਼ ਦਾ ਸਿਰ ਵੱਡ ਦਿੱਤਾ ਤਾਂ ਪਾਰਬਤੀ ਦੀ ਹਾਲ-ਦੁਹਾਈ ’ਤੇ ਉਸ ਨੇ ਹਾਥੀ ਦਾ ਸਿਰ ਲਿਆ ਕੇ ਉਸ ਦੇ ਧੜ ਉਪਰ ਗੱਡ ਕੇ ਉਸ ਨੂੰ ਅਜੀਬ ਜਿਹਾ ਕਾਰਟੂਨ ਬਣਾ ਕੇ ਰੱਖ ਦਿੱਤਾ। ਚਲੋ ਇਹ ਤਾਂ ਪਾਰਬਤੀ ਜੀ ਦੀ ਸਿਰਦਰਦੀ ਸੀ। ਪਰ ਸ਼ਿਵ ਜੀ ਪੰਡੀਏ ਮੁਕਾਬਲੇ ਕੁਝ ਵੀ ਨਹੀਂ ਸਨ ਕਿਉਂਕਿ ਸ਼ਿਵ ਜੀ ਨੇ ਤਾਂ ਖਾਲੀ ਧੜ ਉਪਰ ਹਾਥੀ ਦਾ ਸਿਰ ਲਾਇਆ, ਪਰ ਪੰਡੀਏ ਨੇ ਬਿਨਾ ਪਹਿਲਾ ਸਿਰ ਵੱਡਿਆਂ ਹੀ ਸਿਰ ਉਪਰ ਅਪਣਾ ਸਿਰ ਜੜ ਦਿੱਤਾ। ਤੁਸੀਂ ਦੇਖੋ ਨਾ ਸਿੱਖ, ਗੁਰੂ ਨਾਨਕ ਦਾ ਸਿਰ ਵੀ ਚੁੱਕੀ ਫਿਰਦਾ ਤੇ ਪੰਡੀਏ ਦਾ ਵੀ?
ਜਾਨੀ ਗੁਰੂ ਦੀ ਬਾਣੀ ਅਗੇ ਵੀ ਮੱਥਾ ਟੇਕਦਾ ਹੈ ਤੇ ਪੰਡੀਏ ਦੇ ਸਿਰਜੇ ਵਿਸ਼ਵਕਰਮਾਂ ਦੀ ਮੂਰਤੀ ਅੱਗੇ ਵੀ!”
ਬਹੁਤ ਸਾਰੇ ਰਾਮਗੜ੍ਹੀਆ ਨਾਮ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਪਿੱਛੇ ਜਿਹੇ ਇੱਕ ਛੋਟੇ ਜਿਹੇ ਗੁਰਦੁਆਰੇ ਵਿੱਚ ਕੀਤਾ ਗਿਆ ਹੈ ਜਦੋਂ ਅੱਗੇ ਉਸਾਰੇ ਗਏ ਸੁੰਦਰ ਹਾਲ ਵਿੱਚ ਵਿਸ਼ਵਕਰਮਾਂ ਦੀ ਵੱਡ ਅਕਾਰੀ ਮੂਰਤੀ ਲਾ ਦਿੱਤੀ ਹੈ। ਜਦੋਂ ਕਦੀ ਰੌਲ਼ਾ ਪੈਣ ਲੱਗਾ ਕਿ ਗੁਰਦੁਆਰੇ ਵਿੱਚ ਮੂਰਤੀ ਨਹੀਂ ਹੋਣੀ ਚਾਹੀਦੀ ਉਸ ਸਮੇਂ ਕਹਿ ਦਿੱਤਾ ਜਾਵੇਗਾ ਕਿ ਵਿਸ਼ਵਕਰਮਾ ਜੀ ਸਾਡੇ ਮੁੱਢ ਕਦੀਮਾਂ ਦੇ ਗੁਰੂ ਹਨ ਇਸ ਲਈ ਅਸੀਂ ਇਨ੍ਹਾਂ ਦੀ ਮੂਰਤੀ ਨਹੀਂ ਚੁੱਕ ਸਕਦੇ। ਤੁਹਾਨੂੰ ਨਹੀਂ ਮਨਜੂਰ ਤਾਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਚੁੱਕ ਕੇ ਲੈ ਜਾਵੋ। ਭਾਵ ਲੱਸੀ ਲੈਣ ਆਈ ਘਰ ਵਾਲੀ ਬਣ ਬੈਠੇਗੀ।
ਇਹ ਸਾਰਾ ਅਡੰਬਰ ਸਿਆਸੀ ਲੀਡਰਾਂ ਵਲੋਂ ਵੋਟਾਂ ਖ਼ਾਤਰ, ਗ੍ਰੰਥੀਆਂ ਅਤੇ ਰਾਗੀਆਂ-ਢਾਡੀਆਂ ਵਲੋਂ ਨੋਟਾਂ ਖ਼ਾਤਰ, ਪ੍ਰਬੰਧਕਾਂ ਵਲੋਂ ਗੋਲਕ ਦਾ ਢਿੱਡ ਭਰਨ ਲਈ ਅਤੇ ਸੰਗਤ ਵਲੋਂ ਅੰਨ੍ਹੀ ਸ਼ਰਧਾ ਵੱਸ ਕੀਤਾ ਜਾਂਦਾ ਹੈ:
‘*ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥7॥*’(240)
ਅੰਤ ਵਿਚ, ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਦੇ ਮਿਸ਼ਨ ਨੂੰ ਪੁੱਠਾ ਗੇੜਾ ਦੇਣ ਵਾਲਿਆਂ ਨੂੰ, ਅੰਨ੍ਹੀ ਸ਼ਰਧਾ ਵੱਸ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਾਇਆ ਤੇ ਦੁਨਿਆਵੀ ਵਸਤਾਂ ਭੇਟ ਕਰਕੇ ਸਿਰਫ ਰਸਮੀ ਤੌਰ ’ਤੇ ਮੱਥਾ ਟੇਕਣ ਦੀ ਬਜਾਏ ਗੁਰਬਾਣੀ ਵਿਚ ਲਿਖੇ ਸਦੀਵੀ ਸੱਚ ਨੂੰ ਪੜ੍ਹਨ ਅਤੇ ਸਮਝਣ ਦੀ ਬਿਬੇਕ ਬੁੱਧੀ ਦੀ ਬਖ਼ਸ਼ਿਸ਼ ਕਰਨ ਜੀ।
ਇਹ ਲੇਖ ਇਸ ਲਈ ਲਿਖਿਆ ਗਿਆ ਹੈ ਤਾ ਕਿ ਭਾਈ ਲਾਲੋ ਜੀ ਅਤੇ ਰਾਮਗੜ੍ਹੀਆ ਦੇ ਨਾਵਾਂ ਵਾਲੀਆਂ ਸੰਸਥਾਵਾਂ ਵਿਸ਼ਵਕਰਮਾ ਦੇ ਦਿਨ ਮਨਾਉਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਇਹ ਸੋਚ ਲੈਣ ਕਿ ਉਨ੍ਹਾਂ ਨੇ ਆਪਣੇ ਦਿਮਾਗ ਨਾਲ ਸੋਚ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ ਜਾਂ ਪੰਡੀਏ ਦੀ ਸੋਚ ਅਧੀਨ ਕਲਪਿਤ ਵਿਸ਼ਵਕਰਮਾ ਦੇ ਸੇਵਕ ਬਣਨਾ ਹੈ।
ਕਿਰਪਾਲ ਸਿੰਘ ਬਠਿੰਡਾ
ਜਰਾ ਸੋਚੋ! ਕੀ ਭਾਈ ਲਾਲੋ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਵਾਰਸ ਅਖਵਾਉਣ ਵਾਲਿਆਂ ਲਈ ਵਿਸ਼ਵਕਰਮਾਂ ਦੀ ਪੂਜਾ ਕਰਨੀ ਜਾਇਜ ਹੈ?
Page Visitors: 2614