ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!) (ਭਾਗ ਦੂਜਾ) (੨) ਮਨਮੁਖ ਕਉ ਆਵਤ ਜਾਵਤ ਦੁਖੁ ਮੁਹੈ ॥(227-28)
(ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!) (ਭਾਗ ਦੂਜਾ) (੨) ਮਨਮੁਖ ਕਉ ਆਵਤ ਜਾਵਤ ਦੁਖੁ ਮੁਹੈ ॥(227-28)
Page Visitors: 3031

                    (ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!)

                                    (ਭਾਗ ਦੂਜਾ) 

           (੨)      ਮਨਮੁਖ ਕਉ ਆਵਤ ਜਾਵਤ ਦੁਖੁ ਮੁਹੈ ॥(227-28) 

             ਬੋਲਹਿ ਸਾਚੁ ਮਿਥਿਆ ਨਹੀ ਰਾਈ ॥

             ਚਾਲਹਿ ਗੁਰਮੁਖਿ ਹੁਕਮਿ ਰਜਾਈ ॥

             ਰਹਹਿ ਅਤੀਤ ਸਚੇ ਸਰਣਾਈ ॥1॥

             ਸਚ ਘਰਿ ਬੈਸੈ ਕਾਲੁ ਨ ਜੋਹੈ ॥

             ਮਨਮੁਖ ਕਉ ਆਵਤ ਜਾਵਤ ਦੁਖੁ ਮੁਹੈ ॥1॥ਰਹਾਉ ॥

             ਅਪਿਉ ਪੀਅਉ ਅਕਥੁ ਕਥਿ ਰਹੀਐ ॥

             ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥

             ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥2॥

             ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥

             ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥

             ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥3॥

             ਸਤਿਗੁਰੁ ਦੇਖਿਆ ਦੀਖਿਆ ਲੀਨੀ ॥

             ਮਨੁ ਤਨੁ ਅਰਪਿਓ ਅੰਤਰਗਤਿ ਕੀਨੀ ॥

             ਗਤਿ ਮਿਤਿ ਪਾਈ ਆਤਮੁ ਚੀਨੀ ॥4॥

             ਭੋਜਨੁ ਨਾਮੁ ਨਿਰੰਜਨ ਸਾਰੁ ॥

             ਪਰਮ ਹੰਸੁ ਸਚੁ ਜੋਤਿ ਅਪਾਰ ॥

             ਜਹ ਦੇਖਉ ਤਹ ਏਕੰਕਾਰੁ ॥5॥

             ਰਹੈ ਨਿਰਾਲਮੁ ਏਕਾ ਸਚੁ ਕਰਣੀ ॥

             ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥

             ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥6॥

             ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥

             ਹਰਿ ਜਸਿ ਸੰਤ ਭਗਤ ਨਿਸਤਾਰਿਆ ॥

             ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥7॥

             ਸਾਚ ਮਹਲਿ ਗੁਰਿ ਅਲਖੁ ਲਖਾਇਆ ॥

             ਨਿਹਚਲ ਮਹਲੁ ਨਹੀ ਛਾਇਆ ਮਾਇਆ ॥

             ਸਾਚਿ ਸੰਤੋਖੇ ਭਰਮੁ ਚੁਕਾਇਆ ॥8॥

             ਜਿਨ ਕੈ ਮਨਿ ਵਸਿਆ ਸਚੁ ਸੋਈ ॥

             ਤਿਨ ਕੀ ਸੰਗਤਿ ਗੁਰਮੁਖਿ ਹੋਈ ॥

             ਨਾਨਕ ਸਾਚਿ ਨਾਮਿ ਮਲੁ ਖੋਈ ॥9॥15॥     (227-28)

              ਸਚ ਘਰਿ ਬੈਸੈ ਕਾਲੁ ਨ ਜੋਹੈ ॥
           ਮਨਮੁਖ ਕਉ ਆਵਤ ਜਾਵਤ ਦੁਖੁ ਮੁਹੈ ॥1॥ਰਹਾਉ ॥
      ਜਿਹੜਾ ਮਨੁੱਖ ਆਪਣੇ ਸੱਚੇ ਘਰ, ਆਪਣੇ ਅਸਲੀ ਘਰ, ਕਰਤਾਰ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ। ਪਰ ਮਨਮੁਖ ਨੂੰ, ਆਪਣੇ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਨੂੰ, ਮਾਇਆ ਮੋਹ ਦੇ ਕਾਰਨ, ਜਨਮ-ਮਰਨ ਦਾ ਦੁੱਖ, ਬਣਿਆ ਰਹਿੰਦਾ ਹੈ ।    

            ਬੋਲਹਿ ਸਾਚੁ ਮਿਥਿਆ ਨਹੀ ਰਾਈ ॥
            ਚਾਲਹਿ ਗੁਰਮੁਖਿ ਹੁਕਮਿ ਰਜਾਈ ॥
            ਰਹਹਿ ਅਤੀਤ ਸਚੇ ਸਰਣਾਈ ॥1॥
  ਗੁਰਮੁਖ ਬੰਦੇ, ਗੁਰੂ ਦੀ ਸਿਖਿਆ ੳਨੁਸਾਰ ਚੱਲਣ ਵਾਲੇ ਬੰਦੇ. ਰਜ਼ਾ ਦੇ ਮਾਲਕ, ਅਕਾਲਪੁਰਖ ਦੇ ਹੁਕਮ ਵਿਚ ਚਲਦੇ ਹਨ, ਉਹ ਸੱਚੇ ਮਾਲਕ , ਸਦਾ ਕਾਇਮ ਰਹਣ ਵਾਲੇ ਵਾਹਿਗੁਰੂ ਦੀ ਸਰਨ ਵਿਚ ਰਹਿ ਕੇ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ । ਇਵੇਂ ਉਹ ਰਾਈ ਜਿੰਨਾ ਵੀ ਝੂਠ ਨਹੀਂ ਬੋਲਦੇ , ਸਦਾ ਸੱਚ ਤੇ ਆਧਾਰਿਤ ਬਚਨ ਹੀ ਬੋਲਦੇ ਹਨ ।

             ਅਪਿਉ ਪੀਅਉ ਅਕਥੁ ਕਥਿ ਰਹੀਐ ॥
             ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥
              ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥2॥
   ਕੋਈ ਵੀ ਬੰਦਾ , ਆਤਮਕ ਜੀਵਨ ਦੇਣ ਵਾਲਾ ਰੱਸ ਪੀ ਕੇ ਵੇਖੇ , ਪ੍ਰਭੂ ਦੀ ਰਜ਼ਾ ਵਿਚ ਚੱਲ ਕੇ ਵੇਖੇ , ਅਕੱਥ ਪਰਮਾਤਮਾ (ਜਿਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ) ਦੀ ਸਿਫਤ-ਸਾਲਾਹ ਕਰਦਿਆਂ , ਆਪਣੇ ਨਿੱਜ ਘਰ (ਜਿਸ ਘਰ ਵਿਚੋਂ ਅਸੀਂ ਆਏ ਹਾਂ) ਨੂੰ ਪਛਾਣ ਕੇ , ਸਹਜ ਅਵਸਥਾ ਪਰਾਪਤ ਕਰ ਲਈਦੀ ਹੈ ।ਹਰੀ ਦੀ ਰਜ਼ਾ ਵਿਚ ਮਸਤ ਹੋ ਕੇ , ਸੁਖ ਮਾਣੀਦਾ ਹੈ ।

              ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥
              ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥
              ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥3॥
       ਗੁਰੂ ਦੀ ਮੱਤ ਅਨੁਸਾਰ ਢਲੀ ਜੀਵਨ-ਜੁਗਤ ਹਮੇਸ਼ਾ ਅਡੋਲ ਰਹਿੰਦੀ ਹੈ , ਮਾਇਆ ਉਸ ਨੂੰ ਥਿੜਕਾ ਨਹੀਂ ਸਕਦੀ । ਗੁਰੂ ਦੀ ਮੱਤ ਅਨੁਸਾਰ ਚੱਲਣ ਵਾਲਾ ਬੰਦਾ , ਸਹਜਿ ਵਿਚ ਟਿਕ ਕੇ , ਹਰੀ ਦੀ ਸਿਫਤ ਸਾਲਾਹ ਕਰਦਾ ਹੈ । ਉਹ ਬੰਦਾ ਤੱਤ ਨੂੰ ਵਰੋਲ ਕੇ , ਹਰੀ ਦੀ ਖੋਜ ਕਰ ਕੇ , ਆਪਣੇ ਅੰਦਰੋਂ ਹੀ ਆਤਮਕ ਜੀਵਨ ਦੇਣ ਵਾਲਾ ਰਸ ਪੀਂਦਾ ਹੈ , ਵਾਹਿਗੁਰੂ ਦੀ ਨੇੜਤਾ ਦਾ ਆਨੰਦ ਮਾਣਦਾ ਹੈ ।

            ਸਤਿਗੁਰੁ ਦੇਖਿਆ ਦੀਖਿਆ ਲੀਨੀ ॥
            ਮਨੁ ਤਨੁ ਅਰਪਿਓ ਅੰਤਰਗਤਿ ਕੀਨੀ ॥
            ਗਤਿ ਮਿਤਿ ਪਾਈ ਆਤਮੁ ਚੀਨੀ ॥4॥
      ਜਿਸ ਬੰਦੇ ਨੇ ਸ਼ਬਦ ਗੁਰੂ ਨੂੰ ਮਨ ਅਤੇ ਤਨ ਅਰਪ ਕੇ , ਉਸ ਤੋਂ ਸਿਖਿਆ ਲਈ , ਅਤੇ ਉਸ ਤੋਂ ਲਈ ਸਿਆਿ ਨੂੰ ਆਪਣੇ ਹਿਰਦੇ ਵਿਚ ਟਿਕਾਇਆ । ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ , ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਕ ਅਵਸਥਾ ਵਾਲਾ ਹੈ ।  

              ਭੋਜਨੁ ਨਾਮੁ ਨਿਰੰਜਨ ਸਾਰੁ ॥
              ਪਰਮ ਹੰਸੁ ਸਚੁ ਜੋਤਿ ਅਪਾਰ ॥
              ਜਹ ਦੇਖਉ ਤਹ ਏਕੰਕਾਰੁ ॥5॥
       ਜਿਹੜਾ ਬੰਦਾ ਕਰਤਾਰ ਦੇ ਨਾਮ ਦਾ ਸ੍ਰੇਸ਼ਟ ਭੋਜਨ ਕਰਦਾ ਹੈ , ਉਸ ਦੇ ਹੁਕਮ ਵਿਚ ਚੱਲਣ ਨੂੰ ਆਪਣੀ ਆਤਮਿਕ ਖੁਰਾਕ ਬਣਾਉਂਦਾ ਹੈ , ਉਸ ਗੁਰਮੁਖ ਰੂਪੀ ਪਰਮ-ਹੰਸ ਨੂੰ ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਦੀ ਅਪਾਰ ਜੋਤੀ ਬਾਰੇ ਗਿਆਨ ਹੋ ਜਾਂਦਾ ਹੈ । ਫਿਰ ਉਹ ਜਿਸ ਪਾਸੇ ਵੀ ਵੇਖਦਾ ਹੈ , ਉਸ ਨੂੰ ਹਰ ਪਾਸੇ , ਹਰ ਥਾਂ , ਹਰ ਜੀਵ ਵਿਚ ਕਰਤਾਰ ਦੀ ਉਹ ਜੋਤੀ ਹੀ ਵਿਖਾਈ ਦਿੰਦੀ ਹੈ ।

              ਰਹੈ ਨਿਰਾਲਮੁ ਏਕਾ ਸਚੁ ਕਰਣੀ ॥
              ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥
              ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥6॥
     ਅਜਿਹਾ ਮਨੁੱਖ ਮਾਇਆ ਤੋਂ ਨਿਰਲੇਪ ਰਹਿੰਦਾ ਹੈ , ਉਸ ਦਾ ਨਿੱਤ ਦਾ ਕਰਮ , ਪ੍ਰਭੂ ਦਾ ਸਿਮਰਨ ਹੀ ਬਣ ਜਾਂਦਾ ਹੈ । ਮਨ ਦੇ ਸਮਝਾਉਣ ਨਾਲ , ਉਸ ਦਾ ਮਨ ਸਮਝ ਗਿਆ ਅਤੇ ਉਹ ਹੰਕਾਰ ਵਿਚ ਭਟਕਣੋ ਹਟ ਗਿਆ , ਅਤੇ ਗੁਰੂ ਦੇ ਚਰਨਾਂ ਵਿਚ ਟਿਕੇ ਰਹਿ ਕੇ, ਗੁਰੂ ਦੀ ਦੱਸੀ ਕਾਰ ਕਰ ਕੇ ਉਹ ਸਭ ਤੋਂ ਸ੍ਰੇਸ਼ਟ ਪਦਵੀ ਤੇ ਪਹੁੰਚ ਜਾਂਦਾ ਹੈ ।

              ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥
              ਹਰਿ ਜਸਿ ਸੰਤ ਭਗਤ ਨਿਸਤਾਰਿਆ ॥
              ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥7॥  
       ਗੁਰੂ ਨੇ ਇਸ ਢੰਗ ਨਾਲ ਕਿਸ-ਕਿਸ ਨੂੰ ਨਹੀਂ ਤਾਰਿਆ ? ਅਰਥਾਤ ਸਭ ਨੂੰ ਤਾਰਿਆ ਹੈ । ਹਰੀ ਦੇ ਜੱਸ ਨੇ ਸੰਤਾਂ ਅਤੇ ਭਗਤਾਂ ਨੂੰ ਭਵਜਲ ਤੋਂ ਪਾਰ ਲੰਘਾ ਦਿੱਤਾ ਹੈ । ਇਸ ਕਰ ਕੇ ਹੁਣ ਮੈਂ ਵੀ ਪ੍ਰਭੂ ਦਾ ਜੱਸ ਹੀ ਕਰਦਾ ਹਾਂ , ਕਰਤਾਰ ਤੋਂ ਇਲਾਵਾ ਹੋਰ ਕਿਸੇ ਦੀ ਭਾਲ ਨਹੀਂ ਕਰਦਾ ।     

              ਸਾਚ ਮਹਲਿ ਗੁਰਿ ਅਲਖੁ ਲਖਾਇਆ ॥
              ਨਿਹਚਲ ਮਹਲੁ ਨਹੀ ਛਾਇਆ ਮਾਇਆ ॥
              ਸਾਚਿ ਸੰਤੋਖੇ ਭਰਮੁ ਚੁਕਾਇਆ ॥8॥
      ਹਮੇਸ਼ਾ ਕਾਇਮ ਰਹਣ ਵਾਲੇ ਵਾਹਿਗੁਰੂ ਦੇ ਮਹਲ ਵਿਚ ਅਪੜਾ ਕੇ (ਇਹ ਮਹਲ ਕੋਈ ਇੱਟਾਂ-ਗਾਰੇ , ਚੂਨੇ-ਸੀਮਿੰਟ ਦਾ ਨਹੀਂ , ਬਲਕਿ ਬੰਦੇ ਦਾ ਆਪਣਾ ਮਨ ਹੈ) ਗੁਰੂ ਨੇ , ਨਾ ਸਮਝ ਆਉਣ ਵਾਲੇ ਪਰਮਾਤਮਾ ਬਾਰੇ ਵੀ ਸੋਝੀ ਦੇ ਦਿੱਤੀ ਕਿ, ਇਹ ਟਿਕਾਣਾ ਕੋਈ ਭਰਮ-ਭੁਲੇਖਾ ਨਹੀਂ ਬਲਕਿ ਇਹ ਮਨ ਦਾ ਸਦੀਵੀ ਟਿਕਾਣਾ ਹੈ , ਜਿਸ ਤੇ ਮਾਇਆ ਦਾ ਕੋਈ ਅਸਰ ਨਹੀਂ ਪੈਂਦਾ । ਜਿਹੜੇ ਬੰਦੇ ਸਦੀਵੀ ਸੱਚ , ਰੱਬ ਨਾਲ ਜੁੜ ਕੇ , ਮਾਇਆ ਵਲੋਂ ਨਿਰਲੇਪ ਹੋ ਜਾਂਦੇ ਹਨ , ਉਨ੍ਹਾਂ ਦੀ ਭਟਕਣਾ ਮੁੱਕ ਜਾਂਦੀ ਹੈ ।

               ਜਿਨ ਕੈ ਮਨਿ ਵਸਿਆ ਸਚੁ ਸੋਈ ॥
               ਤਿਨ ਕੀ ਸੰਗਤਿ ਗੁਰਮੁਖਿ ਹੋਈ ॥
               ਨਾਨਕ ਸਾਚਿ ਨਾਮਿ ਮਲੁ ਖੋਈ ॥9॥15॥     (227-28)
     ਉਹ ਸੱਚਾ ਪ੍ਰਭੂ . ਜਿਨ੍ਹਾਂ ਦੇ ਮਨ ਵਿਚ ਵੱਸ ਜਾਂਦਾ ਹੈ , ਉਨ੍ਹਾਂ ਦੀ ਸੰਗਤ ਵਿਚ ਰਹਣ ਵਾਲੇ ਸਾਰੇ ਬੰਦੇ ਗੁਰਮੁਖਿ ਹੋ ਜਾਂਦੇ ਹਨ । ਹੇ ਨਾਨਕ , ਉਹ ਗੁਰਮੁਖਿ ਬੰਦਾ , ਗੁਰੂ ਨਾਲ ਜੁੜ ਕੇ ਨਾਮ ਆਸਰੇ , ਆਪਣੇ ਮਨ ਦੀ ਮੈਲ ਸਾਫ ਕਰ ਲੈਂਦਾ ਹੈ ।

                                        ਅਮਰ ਜੀਤ ਸਿੰਘ ਚੰਦੀ
                                              11-10-2014      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.