ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸੱਚ ਕਦੋਂ ਆਵੇਗਾ ਸਾਮ੍ਹਣੇ…?
''ਸਿੱਖ ਕੌਮ ਇਤਿਹਾਸ ਸਿਰਜ ਤਾਂ ਲੈਂਦੀ ਹੈ, ਪ੍ਰੰਤੂ ਉਸਨੂੰ ਸੰਭਾਲਦੀ ਨਹੀਂ'' ਇਹ ਕੌੜਾ ਸੱਚ ਅਕਸਰ ਅਸੀਂ ਸਮੇਂ-ਸਮੇਂ ਦੁਹਰਾਉਂਦੇ ਰਹਿੰਦੇ ਹਾਂ, ਪ੍ਰੰਤੂ ਅਸੀਂ ਇਸ ਗਲਤੀ ਨੂੰ ਸੁਧਾਰਨ ਲਈ ਕੀ ਕਰ ਸਕਦੇ ਹਾਂ? ਇਸ ਬਾਰੇ ਕਦੇ ਵੀ ਆਤਮ-ਚਿੰਤਨ ਨਹੀਂ ਕਰਦੇ। ਸਾਡੀ ਕੌਮ ਦਾ ਇਤਿਹਾਸ, ਬਿਗਾਨਿਆ ਨੇ ਜਾਂ ਕੌਮ ਦੇ ਦੁਸ਼ਮਣਾਂ ਨੇ ਤਾਂ ਸਾਂਭਣਾ ਨਹੀਂ, ਉਨ੍ਹਾਂ ਨੇ ਤਾਂ ਵਿਗਾੜਨਾ ਹੀ ਵਿਗਾੜਨਾ ਹੈ, ਆਪਣੇ ਇਤਿਹਾਸ ਨੂੰ ਸਾਂਭਣ ਦੀ, ਉਸਨੂੰ ਮਿਲਾਵਟ ਜਾਂ ਮੁਲੰਮੇ ਤੋਂ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਸਿੱਖ ਧਰਮ ਦੁਨੀਆਂ ਦਾ ਸਭ ਤੋਂ ਨਵੀਨ ਅਤੇ ਇਨਕਲਾਬੀ ਧਰਮ ਹੈ, ਜਿਸ ਦਾ ਇਤਿਹਾਸ ਹਾਲੇਂ ਸਾਢੇ ਪੰਜ ਕੁ ਸਦੀਆ ਦਾ ਹੀ ਹੈ, ਪ੍ਰੰਤੂ ਐਨੇ ਥੋੜ੍ਹੇ ਸਮੇਂ 'ਚ ਜਿੰਨੀ ਮਿਲਾਵਟ, ਭੰਬਲਭੂਸਾ ਤੇ ਤਰੋੜ-ਮਰੋੜ ਸਿੱਖ ਧਰਮ ਤੇ ਇਸਦੇ ਇਤਿਹਾਸ ਨਾਲ ਹੋਈ ਹੈ, ਉਹ ਕਿਸੇ ਹੋਰ ਧਰਮ ਨਾਲ ਨਹੀਂ ਹੋਈ। ਇਸਦਾ ਅਰਥ ਇਹ ਹੈ ਕਿ ਅਸੀਂ ਆਪਣੇ ਧਰਮ ਤੇ ਇਤਿਹਾਸ ਨੂੰ ਸੰਭਾਲਣ 'ਚ ਅੱਜ ਤੱਕ ਅਵੇਸਲੇ ਹਾਂ। ਸ਼ੁਰੂਆਤੀ ਸਮੇਂ 'ਚ ਕੌਮ ਨੂੰ ਜੰਗਾਂ-ਯੁੱਧਾਂ 'ਚੋਂ ਲੰਘਣਾ ਪਿਆ, ਲੰਬਾ ਸਮਾਂ ਕੌਮ ਦਾ ਘਰ ਘੋੜਿਆ ਦੀ ਕਾਠੀਆਂ ਰਹੀਆਂ, ਜਿਸ ਕਾਰਣ ਕੌਮ ਦੁਸ਼ਮਣ, ਸ਼ੈਤਾਨ, ਤਾਕਤਾਂ ਨੂੰ ਕੌਮ ਦੇ ਸ਼ਾਨਾਮੱਤੇ ਇਤਿਹਾਸ 'ਚ ਮਿਲਾਵਟ ਕਰਨ ਅਤੇ ਮੁਲੰਮਾ ਚੜ੍ਹਾਉਣ ਦਾ ਮੌਕਾ, ਉਹ ਵੀ ਲੰਬਾ ਸਮਾ ਮਿਲਿਆ, ਜਿਸਦਾ ਉਨ੍ਹਾਂ ਭਰਪੂਰ ਲਾਹਾ ਲਿਆ। ਪ੍ਰੰਤੂ ਅੱਜ ਜਦੋਂ ਅਸੀਂ 21ਵੀਂ ਸਦੀ ਦੇ ਦੂਜੇ ਦਹਾਕੇ 'ਚੋਂ ਲੰਘ ਰਹੇ ਹਾਂ, ਕੌਮ ਪਾਸ ਬੁੱਧਜੀਵੀਆਂ ਤੇ ਸੰਚਾਰ ਸਾਧਨਾਂ ਦੀ ਵੀ ਘਾਟ ਨਹੀਂ, ਉਸ ਸਮੇਂ ਵੀ ਜੇ ਅਸੀਂ ਸਿਰਫ਼ ਇਹੋ ਆਖ਼ ਕੇ ਹੀ ਸਾਰਦੇ ਰਹੇ ਕਿ, ''ਸਿੱਖ ਕੌਮ ਇਤਿਹਾਸ ਸਿਰਜ ਸਕਦੀ ਹੈ, ਪ੍ਰੰਤੂ ਸੰਭਾਲ ਨਹੀਂ ਸਕਦੀ'', ਫਿਰ ਆਖ਼ਰ ਦੋਸ਼ੀ ਕੌਣ ਮੰਨਿਆ ਜਾਵੇਗਾ? ''ਦੁਸ਼ਮਣ ਬਾਤ ਕਰੇ ਅਨਹੋਣੀ'', ਦੁਸ਼ਮਣ ਤਾਕਤਾਂ ਨੇ ਸਿੱਖੀ ਦੀ ਨਿਆਰੀ, ਨਿਰਾਲੀ ਤੇ ਮਾਨਵਤਾਵਾਦੀ ਸੋਚ ਤੇ ਦਿੱਖ ਨੂੰ ਖੋਰਾ ਲਾਉਣ ਲਈ ਹਰ ਹੱਥਕੰਡਾ ਅਪਨਾਉਣਾ ਹੁੰਦਾ ਹੈ, ਜਿਹੜਾ ਉਨ੍ਹਾਂ ਨੇ ਅੱਜ ਤੱਕ ਬਾਖ਼ੂਬੀ ਅਪਨਾਇਆ ਵੀ ਹੈ, ਪ੍ਰੰਤੂ ਉਸਦਾ ਮੂੰਹ ਤੋੜਵਾ ਜਵਾਬ ਦੇਣਾ ਸਾਡਾ ਫਰਜ਼ ਹੈ, ਜਿਸਦੀ ਪੂਰਤੀ ਅਸੀਂ ਹਾਲੇਂ ਤੱਕ ਤਾਂ ਨਹੀਂ ਕੀਤੀ।
ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਹੈ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਪੰਥ ਦਾ ਉਹ ਮਹਾਨ ਜਰਨੈਲ, ਯੋਧਾ, ਸ਼ਹੀਦ ਅਤੇ ਬਾਦਸ਼ਾਹ ਹੈ। ਜਿਸਨੇ ਇਕ ਹੀ ਝਟਕੇ ਵਿਚ ਪਲੋ-ਪਲੀ ਹਨੇਰੀ ਵਾਂਗੂੰ ਪ੍ਰਗਟ ਹੋ ਕੇ, ਜ਼ੁਲਮ ਦੇ ਰਾਜ ਦਾ ਸਰਵਨਾਸ਼ ਕਰਕੇ ਅਜ਼ਾਦ ਖਾਲਸਾ ਰਾਜ ਦੀ ਸਥਾਪਨਾ ਕਰਕੇ, ''ਨਿਸਚੈ ਕਰ ਆਪਣੀ ਜੀਤ ਕਰੋ'' ਅਨੁਸਾਰ ਅਧਿਕਾਰ ਸਾਹਿਤ ਜਿੱਤਾਂ ਪ੍ਰਾਪਤ ਕਰਨ ਦਾ ਅਤਿ ਆਤਮ ਵਿਸ਼ਵਾਸ, ਸਿੱਖ ਸੱਭਿਅਤ ਦੇ ਵਿਧਾਨ ਪ੍ਰਤੀ ਜਾਗਰੂਕਤਾ, ''ਦੁਸ਼ਟ ਦੋਖੀਅਨ ਪਕਰ ਪਛਾਰੋ'' ਦੇ ਗੁਰੂ ਨਿਸ਼ਾਨੇ ਪ੍ਰਤੀ ਵਚਨਬੱਧਤਾ, ਰਾਜਸੀ ਲਾਲਸਾਵਾਂ ਤੋਂ ਪੂਰਨ ਨਿਰਲੇਪਣ, ਮਹਾਂਬਲੀ ਸੁਭਾਅ ਅਤੇ ਗਰੀਬ ਦਾ ਸਭ ਤੋਂ ਵੱਡਾ ਹਮਦਰਦ ਹੋਣ ਦੇ ਗੁਣ ਕੇਵਲ ਤੇ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਖ਼ਸੀਅਤ 'ਚੋਂ ਹੀ ਲੱਭਦੇ ਹਨ। ਅਜਿਹੇ ਮਹਾਨ ਜਰਨੈਲ, ਜਿਸ ਤੋਂ ਹਿੰਦੁਸਤਾਨ 'ਚ 8 ਸਦੀਆਂ ਤੋਂ ਜੰਮੀ ਮੁਗ਼ਲ ਸਲਤਨਤ ਕੰਬਦੀ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਕੇਵਲ ਜਿੱਤਾਂ ਨੂੰ ਹੀ ਨਹੀਂ ਸਗੋਂ ਮੌਤ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਕੇ ਸੂਰਬੀਰਾਂ ਲਈ ਸੂਰਬੀਰਤਾ ਦੇ ਨਵੇਂ ਨਿਸ਼ਾਨੇ ਨਿਰਧਾਰਤ ਕੀਤੇ, ਇਸ ਮਹਾਨ ਜਰਨੈਲ ਸਬੰਧੀ ਜੇ ਵਿਰੋਧੀ ਸੁਰਾਂ ਅਤੇ ਉਸਨੂੰ ਬਦਨਾਮ ਕਰਨ ਵਾਲੇ ਅਨੇਕਾਂ ਦੋਸ਼ ਸਿੱਖ ਇਤਿਹਾਸ 'ਚ ਲੱਭਦੇ ਹੋਣ ਅਤੇ ਕੌਮ ਨੇ ਹਾਲੇਂ ਤੱਕ ਇਨ੍ਹਾਂ ਗੁੰਮਰਾਹਕੁੰਨ ਤੱਥਾਂ ਨੂੰ ਬਾ-ਦਲੀਲ ਖਾਰਜ ਨਾ ਕੀਤਾ ਹੋਵੇ ਤਾਂ ਇਹ ਸਾਡੀ ਉਸ ਮਹਾਨ ਯੋਧੇ ਨਾਲ ਗਦਾਰੀ ਹੀ ਆਖ਼ੀ ਜਾਵੇਗੀ। ਜਿਸ ਮਹਾਨ ਆਤਮਾ ਦੀ ਪਰਖ ਖ਼ੁਦ ਦਸਮੇਸ਼ ਪਿਤਾ ਨੇ ਕੀਤੀ ਹੋਵੇ ਅਤੇ ਦੋ ਹਜ਼ਾਰ ਮੀਲ ਦਾ ਪੈਂਡਾ ਕਰਕੇ, ਖ਼ੁਦ ਇੱਕ ਕਰਮਕਾਂਡੀ ਬੈਰਾਗੀ ਨੂੰ 'ਬਹਾਦਰ' ਦਾ ਥਾਪੜਾ ਦੇ ਕੇ, ਸਿੱਖੀ ਦੇ ਮਹਾਨ ਬੂਟੇ ਦੀ ਪ੍ਰਫੁੱਲਤਾ ਲਈ, ਹੁਕਮਨਾਮੇ ਤੇ ਪੰਜ ਤੀਰਾਂ ਦੀ ਬਖ਼ਸ਼ਿਸਾਂ ਨਾਲ ਤੋਰਿਆ ਹੋਵੇ, ਉਸ ਵਿਅਕਤੀ ਦੇ ਚਰਿੱਤਰ 'ਚ ਗਿਰਾਵਟ ਆਉਣੀ ਮੁਮਕਿਨ ਨਹੀਂ ਹੈ।
ਕਈ ਪੁਰਾਤਨ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਆਪਣੇ-ਆਪ ਨੂੰ ਗੁਰੂ ਅਖਵਾਉਣ, ਵਿਆਹ ਕਰਵਾਉਣ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਦੀ ਥਾਂ ਫ਼ਤਿਹ ਦਰਸ਼ਨ ਦਾ ਜੈਕਾਰਾ ਅਪਨਾਉਣ ਅਤੇ ਮਾਤਾ ਸੁੰਦਰੀ ਵਿਰੁੱਧ ਬਗਾਵਤ ਕਰਨ ਦੇ ਦੋਸ਼ਾਂ ਤੋਂ ਇਲਾਵਾ ਉਸ ਦੇ ਅੰਮ੍ਰਿਤਧਾਰੀ ਹੋਣ ਤੇ ਵੀ ਸ਼ੰਕੇ ਖੜ੍ਹੇ ਕਰ ਦਿੱਤੇ ਹਨ, ਜਿਸ ਸਦਕਾ ਅੱਜ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁੜ ਤੋਂ ਬੈਰਾਗੀ, ਬਣਾਉਣ ਦੇ ਯਤਨ ਸ਼ੁਰੂ ਹੋ ਗਏ ਹਨ। ਸਾਨੂੰ ਇਸ ਅਟੱਲ ਸਚਾਈ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਜਦੋਂ ਸਥਾਪਿਤ ਨਿਜ਼ਾਮ ਕਿਸੇ ਲਹਿਰ ਨੂੰ ਆਪਣੇ ਲਈ ਖ਼ਤਰਾ ਮਹਿਸੂਸ ਕਰਦਾ ਹੈ ਤਾਂ ਉਹ ਉਸਦੇ ਦਮਨ ਦੇ ਨਾਲ-ਨਾਲ ਉਸਨੂੰ ਬਦਨਾਮ ਕਰਨਾ ਵੀ ਸ਼ੁਰੂ ਕਰ ਦਿੰਦਾ ਹੈ। ਸਮੇਂ ਦੀ ਹਕੂਮਤ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਨਾਲ ਉੱਠੀ ਸਿੱਖ ਲਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਆਪਣੇ ਕਦਮ 'ਚ ਝੁਕਾ ਕੇ ਖ਼ਤਮ ਕਰਨਾ ਚਾਹੁੰਦੀ ਸੀ, ਪ੍ਰੰਤੂ ਹੋਇਆ ਇਸਦੇ ਉਲਟ, ਬਾਬਾ ਜੀ ਦੀ ਅਦੁੱਤੀ, ਲਾਸਾਨੀ ਤੇ ਬੇਖੌਫ਼ ਸ਼ਹਾਦਤ ਨੇ ਸਿੱਖ ਲਹਿਰ 'ਚ ਮੌਤ ਨੂੰ ਗਲਵੱਕੜੀ ਪਾਉਣ ਵਾਲੇ ਪਰਵਾਨਿਆਂ ਦੀ ਲੰਬੀ ਕਤਾਰ ਖੜ੍ਹੀ ਕਰ ਦਿੱਤੀ। ਜਿਸ ਕਾਰਣ ਹਾਕਮ ਧਿਰਾਂ ਨੇ ਬਾਬਾ ਜੀ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ ਨੂੰ ਵਰਤਣ ਦਾ ਜਿਹੜਾ ਫੈਸਲਾ ਲਿਆ ਸੀ, ਉਸ ਫੈਸਲੇ ਦੇ ਮਾੜੇ ਪ੍ਰਭਾਵਾਂ ਨੂੰ ਅਸੀਂ ਅੱਜ ਤੱਕ ਦੂਰ ਨਹੀਂ ਕਰ ਸਕੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖੀ ਦੇ ਦੱਬੇ-ਕੁਚਲੇ ਲੋਕਾਂ ਦੀ ਧਿਰ ਬਣਨ ਦੇ ਸਿਧਾਂਤ ਦੀ ਜਿਸ ਤਰ੍ਹਾਂ ਪੂਰਤੀ ਕੀਤੀ, ਉਹ ਕਦਮ ਸਿੱਖੀ ਦੀ ਇਨਕਲਾਬੀ ਸੋਚ ਦਾ ਸਿਖ਼ਰ ਹੋ ਨਿਬੜਿਆ ਸੀ, ਜਿਸਦੇ ਪ੍ਰਭਾਵ ਥੱਲੇ ਪੂਰੇ ਵਿਸ਼ਵ ਦਾ ਸੱਚਾ-ਸੁੱਚਾ ਕਿਰਤੀ ਹਰ ਹੀਲੇ ਆਉਣਾ ਹੀ ਸੀ। ਸਿੱਖ ਲਹਿਰ ਦੀ ਵਿਸ਼ਵ ਵਿਆਪਕਤਾ ਨੂੰ ਰੋਕਣ ਲਈ ਸਿੱਖ ਇਤਿਹਾਸ 'ਚ ਮਿਲਾਵਟ, ਮੁਲੰਮਾ ਤੇ ਭੰਬਲਭੂਸਾ ਪਾਉਣਾ ਸ਼ੁਰੂ ਕੀਤਾ ਗਿਆ ਅਤੇ ਕੌਮ ਨੂੰ ਪਿਛਲਖੋਰੀ ਤੌਰ ਕੇ ਮੁੜ ਤੋਂ ਆਡੰਬਰਵਾਦ ਤੇ ਪਾਖੰਡਵਾਦ ਦੀ ਦਲਦਲ 'ਚ ਲਿਆ ਸੁੱਟਿਆ ਗਿਆ। ਅੱਜ ਦੇ ਦਿਨ ਅਸੀਂ ਕੌਮ ਨੂੰ ਇਹ 'ਹਲੂਣਾ' ਜ਼ਰੂਰ ਦਿਆਂਗੇ ਕਿ ਆਓ! ਜੁਬਾਨੀ ਚਿੰਤਾ ਕਰਨੀ ਛੱਡ ਕੇ ਪ੍ਰਾਪਤੀ ਦੇ ਰਾਹ ਤੁਰੀਏ ਅਤੇ ਜਿਹੜੀਆਂ ਗ਼ਲਤੀਆਂ ਸੁਧਾਰੀਆਂ ਜਾ ਸਕਦੀਆਂ ਹਨ, ਘੱਟੋ-ਘੱਟ ਪਹਿਲਾ ਉਨ੍ਹਾਂ ਨੂੰ ਤਾਂ ਸੁਧਾਰੀਏ ਅਤੇ ਫਿਰ ਮੰਜ਼ਿਲ ਪ੍ਰਾਪਤੀ ਵੱਲ ਤੁਰੀਏ।
ਜਸਪਾਲ ਸਿੰਘ ਹੇਰਾਂ