ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ (ਭਾਗ ਦੂਜਾ)
ਬਲਬੀਰ ਸਿੰਘ ਸੂਚ, ਐਡਵੋਕੇਟ,ਲੁਧਿਆਣਾ
ਪ੍ਰਤਾਪ ਸਿੰਘ ਉਤੇ ਹੋਈ ਲੋਹੇ ਦੀਆਂ ਸਿੱਖਾਂ ਦੀ ਵਾਛੜ ਨਾਲ ਉਸ ਨੂੰ ਹਮੇਸ਼ਾਂ ਵਾਸਤੇ ਅੱਖਾਂ ਦੀ ਨਿਰਮਲ ਰੌਸ਼ਨੀ ਤੋਂ ਹੱਥ ਧੋਣਾ ਪਿਆ। ਉਹ ਬਹੁਤ ਹੀ ਜਖਮੀ ਹਾਲਤ ਵਿੱਚ ਪਿਆ, ਹਮੇਸ਼ਾਂ ਵਾਸਤੇ ਅੰਨ੍ਹਾ ਹੋ ਚੁੱਕਾ ਹੈ। ਮੇਰਾ ਸਭ ਤੋਂ ਛੋਟਾ ਪੁੱਤਰ ਪ੍ਰੀਤਮ ਮੇਰੇ ਪਿੱਛੇ ਆ ਕੇ ਲੁਕ ਗਿਆ। ਬਦਮਾਸ਼ਾਂ ਨੇ ਮੇਰੇ ਪਹਿਨੇ ਹੋਏ ਕੱਪੜਿਆਂ ਨੂੰ ਖਿੱਚਣਾ ਤੇ ਪਾੜਨਾ ਸ਼ੁਰੂ ਕਰ ਦਿੱਤਾ। ਮੈਂ ਬੜੇ ਤਰਲੇ ਕੀਤੇ, ਵਾਸਤੇ ਪਾਏ, ਪਰ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਮੈਨੂੰ ਨੰਗਾ ਕਰ ਦਿੱਤਾ ਅਤੇ ਫੇਰ ਮੇਰੇ ਪੁੱਤਰ ਸਾਹਮਣੇ ਮੇਰੇ ਨਾਲ ਬਲਾਤਕਾਰ ਕੀਤਾ।
(ਘ) ਰੇਲਵੇ ਸਟੇਸ਼ਨ `ਤੇ ਰੇਲ ਗੱਡੀਆਂ ਵਿੱਚ ਬੜੇ ਭਿਆਨਕ ਤਰੀਕੇ ਨਾਲ ਕੀਤੀ ਕਤਲੇਆਮ। ਸ਼ੁੱਕਰਵਾਰ ਨੂੰ ਦਿੱਲੀ ਸਟੇਸ਼ਨ `ਤੇ ਆਉਣ ਵਾਲੀ ਹਰੇਕ ਗੱਡੀ ਲਾਸ਼ਾਂ ਨਾਲ ਭਰੀ ਆਉਂਦੀ। ਅਨੇਕਾਂ ਹੀ ਲਾਸ਼ਾਂ ਗੱਡੀ ਦੇ ਹਰੇਕ ਡੱਬੇ ਵਿੱਚ ਪਈਆਂ ਹੁੰਦੀਆਂ।
ਪੁਲਿਸ ਨੇ ਸਿੱਖਾਂ ਦੀ ਸੁਰੱਖਿਆ ਕਰਨ ਦੀ ਥਾਂ ਸਿੱਖਾਂ ਨੂੰ ਖੁਦ ਫੜ ਕੇ ਬੇਹਥਿਆਰੇ ਕਰਕੇ ਗੁੰਡਾ ਟੋਲਿਆਂ ਦੇ ਹਵਾਲੇ ਕੀਤਾ। ਸਰਕਾਰੀ ਮਸ਼ੀਨਰੀ ਨੇ ਗੁੰਡਾਗਰਦੀ ਨੂੰ ਉਤਸ਼ਾਹਿਤ ਕੀਤਾ। ਕੁਝ ਨਿਆਂਪਸੰਦ ਅਫਸਰਾਂ ਤੇ ਆਮ ਲੋਕਾਂ ਕਾਰਨ ਹਕੀਕਤ ਸਾਹਮਣੇ ਵੀ ਆਈ। ਨਿਜ਼ਾਮੂਦੀਨ ਪੁਲਿਸ ਸਟੇਸ਼ਨ ਦੇ ਇੱਕ ਅਫਸਰ ਨੇ ਦੱਸਿਆ ਕਿ“ਮੈਂ ਹਰੇਕ ਦਸ ਮਿੰਟ ਬਾਅਦ ਟੈਲੀਫੋਨ ਕਰਕੇ ਫੋਰਸਾਂ ਦੇ ਹੈਡਕੁਆਰਟਰ ਤੋਂ ਬੀ. ਐਸ. ਐਫ ਤੇ ਸੀ. ਆਰ. ਪੀ. ਐਫ. ਦੀ ਮਦਦ ਮੰਗ ਰਿਹਾ ਸੀ ਪਰ ਹਰੇਕ ਸਮੇਂ ਮੈਨੂੰ ਇਹ ਜਵਾਬ ਮਿਲਦਾ ਕਿ “ਅਜਿਹੀ ਕੋਈ ਗੱਲ ਨਹੀਂ। ਤੁਸੀਂ ਚੁੱਪ ਚਾਪ ਬੈਠੇ ਰਹੋ।”
ਸਰਕਾਰ ਦਾ ਹੱਥ ਸਿੱਖ ਕਤਲੇਆਮ ਕਰਵਾਉਣ ਵਿੱਚ ਪੁਲਿਸ ਦੇ ਜ਼ੁਬਾਨੀ ਇਹ ਤੱਥ ਦੱਸੇ ਗਏ ਹਨ:
(1) ਯਮੁਨਾਪੁਰੀ ਤੇ ਯਮੁਨਾ ਵਿਹਾਰ ਦੇ ਪੁਲਿਸ ਅਫਸਰ ਆਪਣੇ ਪਾਲੇ ਗੁੰਡਿਆਂ ਨੂੰ ਕਹਿ ਰਹੇ ਸਨ, “ਸਿੱਖੋਂ ਕੋੇ ਮਾਰਨੇ ਔਰ ਬਰਬਾਦ ਕਰਨੇ ਕੇ ਲੀਏ ਆਪ ਲੋਗੋਂ ਕੇ ਪਾਸ ਆਜ ਕੀ ਸ਼ਾਮ ਔਰ ਰਾਤ ਬਾਕੀ ਹੈ। ਇਸ ਲੀਏ ਤੁਮ ਅਪਨਾ ਕਾਮ ਖਤਮ ਕਰ ਸਕਤੇ ਹੋ।”
(2) ਖਜੌਰੀ ਪੁਲਿਸ ਸਟੇਸ਼ਨ ਦੇ ਪੁਲਿਸ ਅਫਸਰਾਂ ਦੁਆਰਾ ਤਿੰਨ ਨਵੰਬਰ ਦੀ ਸਵੇਰ ਨੂੰ ਆਪਣੇ ਰੱਖੇ ਬਦਮਾਸ਼ ਨੂੰ ਇਹ ਕਹਿੰਦੇ ਸੁਣਿਆ ਕਿ “ਆਪ ਲੋਗੋਂ ਕੋੇ ਪੂਰੇ ਤੀਨਦਿਨ ਦੀਏ ਥੇ ਸਿੱਖੋਂ ਕੋ ਖਤਮ ਕਰਨੇ ਕੇ ਲੀਏ, ਪਰ ਅਬੀ ਤਕ ਯਹ ਕਾਮ ਨਹੀਂ ਕਰ ਸਕੇ।”
ਦੋਸ਼ੀ ਕੌਣ ਹੈ? ਰਿਪੋਰਟ ਵਿੱਚ ਪ੍ਰਮੁੱਖ ਕੁਝ ਦੋਸ਼ੀਆਂ ਦੇ ਨਾਂ ਦਿੱਤੇ ਹੋਏ ਹਨ। ਕਾਤਲਾਂ ਨੂੰ ਲਿਆਉਣ ਤੇ ਉਤਸ਼ਾਹਿਤ ਕਰਨ ਵਾਲੇ ਐਚ. ਕੇ. ਐਲ. ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਆਦਿ ਬਰੀ ਕਰ ਦਿੱਤੇ ਗਏ ਹਨ। ਦੋਸ਼ੀ ਉਲਟਾ ਕਾਂਗਰਸ ਰਾਜ ਵਿੱਚ ਉੱਚੇੇ ਅਹੁਦਿਆਂ `ਤੇ ਬਿਰਾਜਮਾਨ ਹੋ ਕੇ ਬਲੈਕ ਕਮਾਂਡੋਆਂ ਦੀ ਸੁਰੱਖਿਆ ਹੇਠ ਦਨਦਨਾਉਂਦੇ ਫਿਰਦੇ ਰਹੇ। ਸਰਕਾਰੀ ਅੰਕੜਿਆਂ ਅਨੁਸਾਰ 2733 ਸਿੱਖਾਂ ਦੇ ਕਤਲ ਕੀਤੇ ਗਏ ਜਦੋਂ ਕਿ ਇਕੱਲੀ ਦਿੱਲੀ ਵਿੱਚ ਮਾਰੇ ਗਏ ਸਿੱਖਾਂ ਦੀ ਗਿਣਤੀ 4000 ਤੋਂ ਵੱਧ ਦੱਸੀ ਜਾ ਰਹੀ ਹੈ। ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ, ਸਜ਼ਾ ਤਾਂ ਕੀ ਹੋਣੀ ਸੀ। ਜਿਨ੍ਹਾਂ ਦੋ ਦੋਸ਼ੀਆਂ ਨੂੰ ਇੱਕ ਸਿੱਖ ਪਰਿਵਾਰ ਦੇ ਚਾਰ ਜੀਆਂ ਨੂੰ ਬੇਰਹਿਮੀ ਨਾਲ ਮਾਰਨ ਦੇ ਦੋਸ਼ ਵਿੱਚ ਸਜ਼ਾ ਹੋਈ, ਉਨ੍ਹਾਂ ਦੀ ਸਜ਼ਾ ਅਦਾਲਤ ਨੇ ਇਹ ਕਹਿ ਕੇ ਘਟਾ ਦਿੱਤੀ ਕਿ, “ਇਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਸਗੋਂਇਹ ਕਾਰਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੀ ਹੋਈ ਹੱਤਿਆ ਦੇ ਰੋਹ ਵਿੱਚ ਅੰਨ੍ਹੇ ਹੋ ਕੇ ਕੀਤਾ ਗਿਆ ਹੈ।” ਪਰ ਜਿਨ੍ਹਾਂ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਉਤੇਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੇ ਰੋਹ ਵਿੱਚ ਜਨਰਲ ਵੈਦਿਆ ਤੇ ਇੰਦਰਾ ਗਾਂਧੀ ਨੂੰ ਮਾਰਿਆ ਉਨ੍ਹਾਂ ਨੂੰ ਝਟਪਟ ਫਾਂਸੀ ਲਾ ਦਿੱਤਾ।
ਇਨ੍ਹਾਂ ਸਿੱਖਾਂ ਦੀ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਹਜ਼ਾਰਾਂ ਸਿੱਖਾਂ ਨੂੰ ਅਜੇ ਵੀ ਬਿਨਾਂ ਮੁਕੱਦਮਾ ਚਲਾਏ, ਮਾੜੀ ਹਾਲਤ ਵਿੱਚ ਜੇਲਾਂ ਵਿੱਚ ਬੰਦ ਰੱਖਿਆ ਹੋਇਆ ਹੈ।ਭਾਰਤ ਅੰਦਰ ਅਜਿਹਾ ਘੱਟ-ਗਿਣਤੀਆਂ ਦੀ ਬਲੀ ਦੇ ਕੇ, ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਸਿਆਸੀ ਮਨੋਰਥ ਦੀ ਪੂਰਤੀ ਲਈ ਕੀਤਾ ਜਾਂਦਾ ਹੈ। ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਨੇ ਲੋਕ ਸਭਾ ਵਿੱਚ ਕਰਿਸਚਨਾਂ `ਤੇ ਹੋਏ ਹਮਲਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਿਰੋਧੀ ਇਸ ਮਸਲੇ ਨੂੰ ਬੜਾ ਉਛਾਲ ਰਹੇ ਹਨ ਪਰ ਕੀ ਉਨ੍ਹਾਂ ਨੂੰ ਭੁੱਲ ਚੁੱਕਾ ਹੈ ਕਿ ਪਿਛਲੇ 50 ਸਾਲਾਂ ਵਿੱਚ ਭਾਰਤ ਅੰਦਰ ਜੋ ਸਿੱਖਾਂ ਨਾਲ ਅਨਰਥ ਹੋਇਆ? ਉਨ੍ਹਾਂ ਸੰਨ ਚੁਰਾਸੀ ਦੀ ਯਾਦ ਕਰਵਾਉਂਦਿਆਂ ਕਿਹਾ ਕਿ ਉਸ ਪਾਸ ਇਸ ਦਾ ਸਿੱਖਾਂ ਬਾਰੇ ਲੰਬਾ ਇਤਿਹਾਸ ਮੌਜੂਦ ਹੈ। ਇਸ `ਤੇ ਸ੍ਰੀ ਚੰਦਰ ਸ਼ੇਖਰ ਸਾਬਕਾ ਪ੍ਰਧਾਨ ਮੰਤਰੀ ਨੇ ਦੋ ਵਾਰ ਉਠ ਕੇ ਕਿਹਾ ਕਿ ਇਹ ਕਿੱਸਾ ਇਥੇ ਹੀ ਬੰਦ ਕਰ ਦਿਓ ਨਹੀਂ ਤਾਂ ਦੇਸ਼ ਦੀ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇਗੀ ਫਿਰ ਅੱਗੇ ਹੋਰ ਬਹਿਸ ਠੱਪ ਕਰ ਦਿੱਤੀ ਗਈ ਸੀ।
ਉਸ ਵੇਲੇ ਟੀ. ਵੀ. `ਤੇ ਆਏ ਪ੍ਰੋਗਰਾਮ `ਤੇ ਹੋਈ ਬਹਿਸ ਤੋਂ ਪਤਾ ਲੱਗ ਰਿਹਾ ਸੀ ਕਿ ਸਰਕਾਰ ਪਾਸ ਸਿਰਫ ਕੇ. ਪੀ. ਐਸ. ਗਿੱਲ ਵਰਗੇ ਹੀ ਸਲਾਹਕਾਰ ਹਨ। ਇਹ ਸਰਕਾਰ ਦੀ ਦਮਨਕਾਰੀ ਨੀਤੀ ਦੇ ਅੰਗ ਰਹੇ ਜਾਂ ਹਨ। ਅਜਿਹੇ ਸਲਾਹਕਾਰ ਖੁਦ ਹੀਰੋ ਅਖਵਾਉਣ ਦੇ ਚਾਹਵਾਨ ਹਨ। ਸਰਕਾਰ ਨੂੰ ਸਮੱਸਿਆਵਾਂ ਹੱਲ ਕਰਨ ਤੇ ਭਲੇ ਦੀ ਸਲਾਹ ਨਹੀਂ ਦੇ ਸਕਦੇ ਸਗੋਂ ਖਰਾਬੇ ਲਈ ਸੱਦਾ ਦਿੰਦੇ ਆ ਰਹੇ ਹਨ। ਅਸਲ ਵਿੱਚ ਸਰਕਾਰ ਡਰ ਤੇ ਸਹਿਮ ਪੈਦਾ ਕਰਨ ਦੇ ਇਰਾਦੇ ਨਾਲ ਇਨ੍ਹਾਂ ਨੂੰ ਖੁਦ ਹੀਰੋ ਬਣਾ ਕੇ ਪੇਸ਼ ਕਰਨ ਦੀ ਇਛੁੱਕ ਰਹਿੰਦੀ ਹੈ। ਇਸ ਨਾਲ ਸਰਕਾਰ ਦਾ ਦਹਿਸ਼ਤਗਰਦੀ ਵਾਲਾ ਚਿਹਰਾ ਹੀ ਨੰਗਾ ਹੁੰਦਾ ਹੈ, ਹੋਰ ਕੋਈ ਲਾਭ ਨਹੀਂ ਮਿਲਦਾ।
ਕੀ ਇਸ ਦਾ ਕੋਈ ਹੱਲ ਹੈ?
ਡਾ. ਐਸ. ਰਾਧਾ ਕ੍ਰਿਸ਼ਨਨ (ਭਾਰਤ ਦੇ ਸਾਬਕਾ ਰਾਸ਼ਟਰਪਤੀ) ਨੇ ਠੀਕ ਲਿਖਿਆ ਹੈ ਕਿ “ਗੁਰੂ ਨਾਨਕ ਜੀ ਨੇ ਮੂਰਤੀ ਪੂਜਾ ਨੂੰ ਫਿਟਕਾਰਿਆ ਹੈ। ਰੱਬ ਇੱਕ ਹੈ ਅਤੇ ਇਹ ਨਿਆਂਪੂਰਨ, ਪਿਆਰ ਕਰਨ ਵਾਲਾ ਤੇ ਨੇਕ ਹੈ। ਉਹ ਨਿਰਾਕਾਰ ਤੇ ਨਿਰਗੁਣ ਹੁੰਦਿਆਂ ਹੋਇਆਂ ਵੀ ਸ੍ਰਿਸ਼ਟੀ ਦਾ ਸਾਜਣਹਾਰ ਹੈ ਅਤੇ ਪਿਆਰ ਤੇ ਨੇਕੀ ਦੀ ਪੂਜਾ ਚਾਹੁੰਦਾ ਹੈ। ਇਹ ਵਿਸ਼ਵਾਸ ਸਿੱਖ ਧਰਮ ਵਿੱਚ ਪ੍ਰਮੁੱਖ ਹੈ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਭੇਜੇ ਗਏ ਆਪਣੇ ਲੰਮੇ ਪੱਤਰ (ਜ਼ਫ਼ਰਨਾਮਾ) ਵਿੱਚ ਹਿੰਦੂ ਪਹਾੜੀ ਰਾਜਿਆਂ ਦੇ ਧਰਮ ਅਤੇ ਆਪਣੇ ਮਜ਼੍ਹਬ ਦੇ ਫਰਕ ਨੂੰ ਇਨ੍ਹਾਂ ਲਫਜ਼ਾਂ ਦੁਆਰਾ ਜ਼ਹਿਰ ਕੀਤਾ ਹੈ:
ਕਿ ਓ ਬੁਤ ਪਰਸਤੰਦੁ, ਮਨ ਬੁਤ-ਸ਼ਿਕਸਤ॥ (ਜ਼ਫ਼ਰਨਾਮਾ-95)
ਅਰਥ: ਹੇ ਬਾਦਸ਼ਾਹ! ਤੇਰੇ ਸਾਥੀ ਪਹਾੜੀ ਰਾਜੇ ਬੁੱਤਾਂ ਦੀ ਪੂਜਾ ਕਰਨ ਵਾਲੇ ਹਨ, ਜਦ ਕਿ ਮੈਂ ਬੁੱਤਾਂ ਦੇ ਤੋੜਨ ਵਾਲਾ ਹਾਂ।
ਉਪਰੋਕਤ ਤੋਂ ਸਪੱਸ਼ਟ ਹੈ ਕਿ ਹਿੰਦੂ ਧਰਮ ਦਾ ਸਿੱਖ ਧਰਮ ਨਾਲ ਕੋਈ ਮੇਲ ਨਹੀਂ ਹੈ। ਰਾਮਾਨੰਦ ਵੀ ਮੂਰਤੀ ਪੂਜਾ ਦੇ ਵਿਰੁੱਧ ਸਨ। ‘ਜੇ ਰੱਬ ਇੱਕ ਪੱਥਰ ਹੈ ਤਾਂ ਮੈਂ ਇੱਕ ਪਹਾੜ ਦੀ ਹੀ ਪੂਜਾ ਕਰ ਲਵਾਂਗਾ।’ ਹਿੰਦੂ ਦੇ ਅਨੇਕ ਰੱਬ ਹਨ, ਰੱਬ ਉਨ੍ਹਾਂ ਲਈ ਪੱਥਰ ਹੈ। ਸਿੱਖ ਧਰਮ ਗਿਆਨ ਦਾ ਸੋਮਾ ਹੈ ਭਾਵੇਂ ਭਾਰਤ ਅੰਦਰ ਹੁਣ ਤੱਕ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਣ ਲਈ ਅਨਪੜ੍ਹ ਰੱਖਿਆ ਜਾ ਰਿਹਾ ਹੈ। ਪਰ ਜਿਉਂ ਜਿਉਂ ਲੋਕਾਂ ਵਿੱਚ ਗਿਆਨ ਦਾ ਵਾਧਾ ਹੋਵੇਗਾ, ਲੋਕ ਪੱਥਰ ਪੂਜਣ ਤੋਂ ਹਟ ਜਾਣਗੇ, ਅੰਧ ਵਿਸ਼ਵਾਸਾਂ ਤੋਂ ਛੁਟਕਾਰਾ ਪਾ ਲੈਣਗੇ।
ਭਾਰਤ ਦੀ ਬਹੁ-ਗਿਣਤੀ ਸਰਕਾਰ ਨੂੰ ਪਤਾ ਹੈ ਕਿ ਜਿੰਨਾ ਸਿੱਖਾਂ ਨੂੰ ਮਾਰਾਂਗੇ ਉਨਾ ਹੀ ਹਿੰਦੂਆਂ ਅੰਦਰ ਉਨ੍ਹਾਂ ਦਾ ਵੋਟ ਬੈਂਕ ਵੱਧਦਾ ਹੈ। ਇਸ ਲਈ ਸਿੱਖਾਂ ਨੂੰ ਕੁੱਟਣ ਲਈ ਹਮੇਸ਼ਾਂ ਕੋਈ ਬਹਾਨੇਬਾਜ਼ੀ ਘੜਨੀ ਹਿੰਦੂ ਆਗੂਆਂ ਦੀ ਧਾਰਮਿਕ ਤੇ ਸਿਆਸੀ ਮਜ਼ਬੂਰੀ ਹੈ। ਭਾਰਤ ਅੰਦਰ ਘੱਟ-ਗਿਣਤੀਆਂ `ਤੇ ਹੋ ਰਹੇ ਜ਼ੁਲਮਾਂ ਵਿੱਚ ਵਾਧੇ ਦਾ ਕਾਰਨ ਵੀ ਇਹੀ ਹੈ।
ਹਿੰਦੂ ਬਹੁ-ਗਿਣਤੀ ਨੂੰ ਅੰਦਰ ਖੁਸ਼ ਕਰਨ ਲਈ ਇੰਦਰਾ ਗਾਂਧੀ ਨੇ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਤੇ ਹੋਰ ਗੁਰਦੁਆਰਿਆਂ ਤੇ ਹਮਲਾ ਕਰਨ ਲਈ ਮਿਤੀ 03 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ਸੀ। ਉਸ ਦਿਨ ਲੱਖਾਂ ਦਰਸ਼ਨ ਕਰਨ ਆਏ ਸਿੱਖ ਸ਼ਰਧਾਲੂਆਂ ਨੂੰ ਮਾਰ ਮੁਕਾ ਕੇ ਸਿੱਖਾਂ ਨੂੰ ਨਾ ਭੁੱਲਣ ਵਾਲਾ ਸਬਕ ਸਿਖਾਉਣ ਦੀ ਵਿਉਂਤ ਬਣਾਈ ਸੀ ਤੇ ਫੌਜੀ ਹਮਲੇ ਲਈ 2 ਜੂਨ ਤੱਕ ਫੌਜ ਬੁਲਾਉਣ ਦਾ ਕੰਮ ਮੁਕੰਮਲ ਕਰ ਲਿਆ ਸੀ। ਇਹ ਹਮਲਾ ਕਰਨ `ਤੇ ਮੇਜਰ ਜਨਰਲ ਜੌਨਵਾਲ ਜਿਸ ਪਾਸ 15 ਡਵੀਜ਼ਨ ਸੀ, ਨੇ ਜਵਾਬ ਦੇ ਦਿੱਤਾ ਤਾਂ ਜਨਰਲ ਬਰਾੜ ਨੂੰ ਆਪਣੀ ਫੌਜ ਲਾਉਣ ਵਿੱਚ ਦੋ ਦਿਨ ਲੱਗ ਗਏ, ਜਿਸ ਨੇਵਹਿਸ਼ੀਆਨਾ ਹਮਲਾ ਕੀਤਾ ਪਰ ਫਿਰ ਵੀ ਇਤਿਹਾਸ ਦਾ ਸਭ ਤੋਂ ਵੱਡਾ ਹੱਤਿਆ ਕਾਂਡ ਹੋਣ ਤੋਂ ਬਚ ਗਿਆ। ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਇਸ ਸਬੰਧੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਲਿਖੇ ਪੱਤਰ ਨੰਬਰ ਡੀ. ਓ. ਐਨ. ਸੀ. ਆਈ. ਐਸ. ਐਫ./ਜੀ. ਐਚ. ਬੀ./ਐਸ. ਐਸ. ਐਮ./84 ਮਿਤੀ 2 ਜੁਲਾਈ 1984 ਵਿੱਚ ਜ਼ਿਕਰ ਕੀਤਾ ਹੋਇਆ ਹੈ।
ਹਮਲੇ ਸਮੇਂ ਹਾਲ ਬਾਜ਼ਾਰ ਵਿੱਚ ਸੜਕ `ਤੇ ਸਫੈਦੀ ਨਾਲ ਫਿਰਕੂ ਹਿੰਦੂਆਂ ਨੇ ਫੌਜ ਦਾ ਸਵਾਗਤ ਕਰਨ ਲਈ ਮੋਟੇ ਅੱਖਰਾਂ ਵਿੱਚ “ਭਾਰਤੀ ਫੌਜ ਨੂੰ ਜੀ ਆਇਆਂ” ਲਿਖਿਆ ਸੀ। ਜਨੂੰਨੀ ਹਿੰਦੂ ਬੜੀਆਂ ਖੁਸ਼ੀਆਂ ਮਨਾ ਰਹੇ ਸਨ। ਫੌਜੀਆਂ ਨੂੰ ਲੱਡੂ, ਪੂਰੀਆਂ, ਕੜਾਹ ਆਦਿ ਵੰਡ ਰਹੇ ਸਨ। ਫੌਜੀਆਂ ਨੂੰ ਮੁਬਾਰਕਾਂ ਦੇ ਰਹੇ ਸਨ। ਦੇਖੋ ਡਾਇਰੀ ਦੇਪੰਨੇ ਸਫਾ 41-42 ਪਰ ਫਿਰ ਵੀ ਸੱਚਾਈ `ਤੇ ਕਾਫੀ ਪਰਦਾ ਪਾਇਆ ਜਾਪਦਾ ਹੈ।
(ਚਲਦਾ)