(ਵਿਸ਼ਾ ਚੌਥਾ, ਲੇਖਾ-ਜੋਖਾ)
(ਭਾਗ ਪਹਿਲਾ)
ਲੇਖਾ ਲਿਖੀਐ ਮਨ ਕੈ ਭਾਇ ॥..2॥ (1237)
ਇਵੇਂ ਆਪਾਂ ਵੇਖਿਆ ਹੈ ਕਿ ਮਨ ਨੂੰ ਗੁਰਮੁਖਿ ਅਤੇ ਮਨਮੁਖਿ ਹੋਣ ਦੇ ਅਲੱਗ-ਅਲੱਗ ਫਲ ਮਿਲਦੇ ਹਨ, ਜਿਸ ਦਾ ਭਾਵ ਹੈ ਕਿ ਮਨੁੱਖ ਜੋ ਵੀ ਚੰਗੇ ਕੰਮ ਕਰਦਾ ਹੈ, ਉਸ ਨੂੰ ਉਸ ਦਾ ਚੰਗਾ ਫਲ ਮਿਲਦਾ ਹੈ।ਦੂਸਰੇ ਪਾਸੇ ਜਦ ਉਹ ਮਾੜੇ ਕੰਮ ਕਰਦਾ ਹੈ, ਤਾਂ ਉਸ ਨੂੰ ਉਸ ਦਾ ਲੇਖਾ-ਜੋਖਾ ਦੇਣਾ ਪੈਂਦਾ ਹੈ। ਆਉ ਗੁਰਬਾਣੀ ਵਿਚੋਂ ਇਸ ਬਾਰੇ, ਕੁਝ ਹੋਰ ਸੇਧ ਲੈਂਦੇ ਹਾਂ ।
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥1॥
ਨ ਭੀਜੈ ਰਾਗੀ ਨਾਦੀ ਬੇਦਿ ॥
ਨ ਭੀਜੈ ਸੁਰਤੀ ਗਿਆਨੀ ਜੋਗਿ ॥
ਨ ਭੀਜੈ ਸੋਗੀ ਕੀਤੈ ਰੋਜਿ ॥
ਨ ਭੀਜੈ ਰੂਪਂੀ ਮਾਲਂੀ ਰੰਗਿ ॥
ਨ ਭੀਜੈ ਤੀਰਥਿ ਭਵੀਐ ਨੰਗਿ ॥
ਨ ਭੀਜੈ ਦਾਤਂੀ ਕੀਤੈ ਪੁੰਨਿ ॥
ਨ ਭੀਜੈ ਬਾਹਰਿ ਬੈਠਿਆ ਸੁੰਨਿ ॥
ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥
ਨ ਭੀਜੈ ਕੇਤੇ ਹੋਵਹਿ ਧੂੜਿ ॥
ਲੇਖਾ ਲਿਖੀਐ ਮਨ ਕੈ ਭਾਇ ॥
ਨਾਨਕ ਭੀਜੈ ਸਾਚੈ ਨਾਇ ॥2॥ (1237)
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥1॥
ਇਉਂ ਸਮਝੋ ਕਿ ਬੰਦੇ ਦਾ ਮਨ ਇਕ ਕੋਠਾ ਹੈ, (ਜਿਸ ਵਿਚ ਕਰਤਾਰ ਦਾ ਵਾਸਾ ਹੋਣਾ ਹੈ) ਸਰੀਰ ਜੋ ਹੈ ਉਹ ਉਸ ਕੋਠੇ ਦੀ ਛੱਤ ਹੈ। (ਛੱਤ ਪਾਉਣ ਲਈ ਕੰਧਾਂ ਦਾ ਹੋਣਾ ਜ਼ਰੂਰੀ ਹੈ, ਵਲਗਣ ਬਗੈਰ , ਕੰਧਾਂ ਤੋਂ ਬਗੈਰ ਛੱਤ ਨਹੀਂ ਪੈ ਸਕਦੀ) ਇਵੇਂ ਸਰੀਰ , ਵਲਗਣ ਸਮੇਤ ਛੱਤ ਹੈ। ਇਸ ਕੋਠੇ ਨੂੰ ਮਾਇਆ ਰੂਪੀ ਜੰਦਰਾ ਵੱਜਾ ਹੋਇਆ ਹੈ । ਸਰੀਰ ਦੀ ਹਰ ਲੋੜ, ਮਾਇਆ ਨਾਲ ਪੂਰੀ ਹੋਣੀ ਹੈ, ਮਾਇਆ ਦੇ ਪ੍ਰਭਾਵ ਅਧੀਨ ਚਲਦਾ ਸਰੀਰ, ਮਨ ਲਈ ਮਾਇਆ ਦਾ ਜਿੰਦਰਾ ਹੈ, ਜਿਸ ਨੂੰ ਖੋਲ੍ਹਣ ਲਈ , ਸਰੀਰ ਦੇ ਇੰਦਰਿਆਂ ਨੂੰ, ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ, ਗੁਰੂ ਦਾ ਗਿਆਨ ਹੀ ਕੁੰਜੀ ਹੈ, ਸਾਧਨ ਹੈ, ਜਿਸ ਨਾਲ ਮਨ, ਕਰਮ-ਇੰਦਰਿਆਂ ਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰ ਸਕਦਾ ਹੈ।
ਹੇ ਨਾਨਕ, ਸ਼ਬਦ ਗੁਰੂ ਦੇ ਗਿਆਨ ਤੋਂ ਬਿਨਾ, ਮਾਇਆ ਵਾਲਾ ਇਹ ਜਿੰਦਰਾ, ਨਹੀਂ ਖੁਲ੍ਹ ਸਕਦਾ । ਸ਼ਬਦ ਦੀ ਵਿਚਾਰ ਤੋਂ ਬਗੈਰ, ਮਨ ਕੋਠੇ ਦੇ ਕਿਵਾੜ ਖੋਲ੍ਹਣ ਲਈ ਹੋਰ ਕੋਈ ਕੁੰਜੀ ਨਹੀਂ ਹੈ।ਮਨ ਨੂੰ ਮਾਇਆ-ਮੋਹ ਤੋਂ ਮੁਕਤ ਕਰਨ ਲਈ, ਗੁਰੂ ਗਿਆਨ ਤੋਂ ਬਗੈਰ, ਹੋਰ ਕੋਈ ਸਾਧਨ ਨਹੀਂ ਹੈ। (ਇਹ ਜਿੰਦਰਾ ਖੁਲ੍ਹੇ ਬਗੈਰ ਮਨ ਕੋਠੇ ਵਿਚ ਕਰਤਾਰ ਦਾ ਵਾਸਾ ਨਹੀਂ ਹੋ ਸਕਦਾ)
ਨ ਭੀਜੈ ਰਾਗੀ ਨਾਦੀ ਬੇਦਿ ॥
ਨ ਭੀਜੈ ਸੁਰਤੀ ਗਿਆਨੀ ਜੋਗਿ ॥
ਨ ਭੀਜੈ ਸੋਗੀ ਕੀਤੈ ਰੋਜਿ ॥
ਨ ਭੀਜੈ ਰੂਪਂੀ ਮਾਲਂੀ ਰੰਗਿ ॥
ਨ ਭੀਜੈ ਤੀਰਥਿ ਭਵੀਐ ਨੰਗਿ ॥
ਨ ਭੀਜੈ ਦਾਤਂੀ ਕੀਤੈ ਪੁੰਨਿ ॥
ਨ ਭੀਜੈ ਬਾਹਰਿ ਬੈਠਿਆ ਸੁੰਨਿ ॥
ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥
ਨ ਭੀਜੈ ਕੇਤੇ ਹੋਵਹਿ ਧੂੜਿ ॥
ਲੇਖਾ ਲਿਖੀਐ ਮਨ ਕੈ ਭਾਇ ॥
ਨਾਨਕ ਭੀਜੈ ਸਾਚੈ ਨਾਇ ॥2॥ (1237)
ਅਕਾਲ-ਪੁਰਖ ਨਾ ਤਾਂ ਧਰਮ ਪੁਸਤਕਾਂ (ਗ੍ਰੰਥ) ਪੜ੍ਹਨ ਨਾਲ ਹੀ ਪਤੀਜਦਾ ਹੈ, ਖੁਸ਼ ਹੁੰਦਾ ਹੈ। ਨਾ ਹੀ ਗ੍ਰੰਥਾਂ ਵਿਚਲੀ ਬਾਣੀ ਨੂੰ ਰਾਗ ਰੂਪ ਵਿਚ ਗਾਉਣ ਨਾਲ ਹੀ ਖੁਸ਼ ਹੁੰਦਾ ਹੈ, ਨਾ ਹੀ ਇਸ ਬਾਣੀ ਨਾਲ ਨਾਦ, ਸਾਜ਼ ਆਦਿ ਵਜਾਉਣ ਨਾਲ ਖੁਸ਼ ਹੁੰਦਾ ਹੈ। ਨਾ ਹੀ ਇਸ ਬਾਣੀ ਨੂੰ ਦ੍ਰਿੱੜ ਕਰਨ ਲਈ ਸਮਾਧੀਆਂ ਲਾਉਣ ਨਾਲ ਹੀ ਖੁਸ਼ ਹੁੰਦਾ ਹੈ, ਨਾ ਹੀ ਇਸ ਬਾਣੀ ਆਸਰੇ ਗਿਆਨ-ਗੋਸ਼ਟੀਆਂ ਕਰਨ ਨਾਲ ਖੁਸ਼ ਹੁੰਦਾ ਹੈ । ਨਾ ਹੀ ਜੋਗ-ਮੱਤ ਵਾਲਿਆਂ ਵਲੋਂ ਭਗਵਾਨ ਨੂੰ ਖੁਸ਼ ਕਰਨ ਲਈ ਮਿਥੇ ਹੋਏ , ਜੋਗ-ਸਾਧਨ ਆਦਿ ਕਰਨ ਨਾਲ ਪਤੀਜਦਾ , ਖੁਸ਼ ਹੁੰਦਾ ਹੈ ।
ਨਾ ਤਾਂ ਵਾਹਿਗੁਰੂ ਹਰ ਵੇਲੇ ਸੋਗ ਵਿਚ ਡੁੱਬੇ ਰਹਣ ਨਾਲ ਹੀ ਖੁਸ਼ ਹੁੰਦਾ ਹੈ ਅਤੇ ਨਾ ਹੀ ਹਮੇਸ਼ਾ ਰੂਪ-ਰੰਗ-ਤਮਾਸ਼ਿਆਂ ਅਤੇ ਮਾਇਆ ਵਿਚ ਹੀ ਰੁੱਝੇ ਰਹਣ ਨਾਲ ਖੁਸ਼ ਹੁੰਦਾ ਹੈ । ਨਾ ਤਾਂ ਉਸ ਨੂੰ ਤੀਰਥ-ਇਸ਼ਨਾਨਾਂ ਨਾਲ ਖੁਸ਼ ਕੀਤਾ ਜਾ ਸਕਦਾ ਹੈ, ਨਾ ਹੀ ਉਹ ਨੰਗੇ ਰਹਣ , ਭਰਮਣ ਕਰਨ ਆਦਿ ਕਰਮ-ਕਾਂਡਾਂ ਨਾਲ ਹੀ ਖੁਸ਼ ਹੁੰਦਾ ਹੈ । ਉਹ ਵਸਤਾਂ ਆਦਿ ਦੇ ਦਾਨ-ਪੁੰਨ ਕਰਨ ਦਾ ਭੁਲੇਖਾ ਪਾਲਣ ਵਾਲੇ ਤੇ ਵੀ ਖੁਸ਼ ਨਹੀਂ ਹੁੰਦਾ । ਨਾ ਹੀ ਉਹ ਬੀਆ-ਬਾਨਾਂ ਵਿਚ ਸਮਾਧੀਆਂ ਲਾਉਣ ਨਾਲ ਖੁਸ਼ ਹੁੰਦਾ ਹੈ ।
ਨਾ ਉਹ ਅਕਾਲ-ਪੁਰਖ , ਜੰਗਾਂ-ਜੁਧਾਂ ਵਿਚ ਸੂਰਮਿਆਂ ਵਾਙ , ਆਪਣੀ ਲਾਲਸਾ ਅਧੀਨ ਭਿੜ-ਮਰਨ ਨਾਲ ਹੀ ਖੁਸ਼ ਹੁੰਦਾ ਹੈ, ਅਤੇ ਨਾ ਹੀ ਉਹ , ਆਪਣੇ-ਆਪ ਨੂੰ ਹਾਥੀ ਵਾਙ, ਹਮੇਸ਼ਾ ਸਵਾਹ-ਮਿੱਟੀ ਵਿਚ ਲਬੇੜੀ ਰੱਖਣ ਨਾਲ ਪਤੀਜਦਾ ਹੈ ।
ਜੇ ਇਨ੍ਹਾਂ ਸਾਰੇ ਕੰਮਾਂ ਨਾਲ , ਜੋ ਧਰਮੀ ਅਖਵਾਉਣ ਵਾਲੇ ਬੰਦੇ ਅਕਸਰ ਹੀ ਕਰਦੇ ਰਹਿੰਦੇ ਹਨ , ਪ੍ਰਭੂ ਖੁਸ਼ ਨਹੀਂ ਹੁੰਦਾ , ਤਾਂ ਫਿਰ ਉਹ ਕਿਵੇਂ ਪਤੀਜਦਾ ਹੈ ? ਗੁਰੂ ਸਾਹਿਬ ਕਹਿੰਦੇ ਹਨ ,
ਹੇ ਨਾਨਕ, ਕਰਤਾਰ ਤਾਂ ਹੀ ਪਤੀਜਦਾ , ਖੁਸ਼ ਹੁੰਦਾ ਹੈ, ਜੇ ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਦੇ ਨਾਮ ਨਾਲ ਜੁੜੀਏ , ਉਸ ਦੀ ਰਜ਼ਾ ਵਿਚ , ਉਸ ਦੇ ਹੁਕਮ ਵਿਚ ਚਲੀਏ। ਕਿਉਂਕਿ ਜੀਵਾਂ ਦੇ ਚੰਗੇ-ਮੰਦੇ ਹੋਣ ਦੀ ਪਰਖ , ਮਨ ਦੀ ਭਾਵਨਾ ਦੇ ਆਧਾਰ ਤੇ ਕੀਤੀ ਜਾਂਦੀ ਹੈ , ਅਤੇ ਮਨ ਦੀਆਂ ਭਾਵਨਾਵਾਂ ਨੂੰ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਨਹੀਂ ਜਾਣ ਸਕਦਾ । ਫਿਰ ਉਸ ਅਨੁਸਾਰ ਹੀ ਲੇਖਾ ਲਿਖਿਆ ਜਾਂਦਾ ਹੈ ।
ਅਮਰ ਜੀਤ ਸਿੰਘ ਚੰਦੀ
18-10-2014