# - = “ਹੁਕਮ” = - #
(1)
(ਇਹ ਲੇਖ ਭਗਤ ਸਿੰਘ ਹੀਰਾ ਦੀ ਕਿਤਾਬ ‘ਗੁਰਮੱਤ ਵਿਚਾਰਧਾਰਾ’ ਵਿੱਚੋਂ ਉਤਾਰਾ ਕੀਤਾ ਗਿਆ ਹੈ)
ਹੁਕਮ ਅਰਬੀ ਦਾ ਸ਼ਬਦ ਹੈ।ਕੁਰਾਨ ਵਿੱਚ ਇਸ ਦੀ ਵਰਤੋਂ ਸਿਧਾਂਤਕ ਤੌਰ ਤੇ ਵੀ ਕੀਤੀ ਗਈ ਹੈ।ਪਰ ਗੁਰਮਤਿ ਵਿੱਚ ਹੁਕਮ ਆਪਣੇ ਵਿਸ਼ੇਸ਼ ਭਾਵ ਰੱਖਦਾ ਹੈ।
‘ਨਾਮ’ ਦੇ ਸੰਕਲਪ ਬਾਰੇ ਲੇਖ ਵਿੱਚ ਵਿਚਾਰ ਕੀਤੀ ਗਈ ਸੀ ਕਿ ਹਉਮੈ ਦੀ ਕੰਧ ਤੋੜਨ ਲਈ ਹੁਕਮ ਮੰਨਣਾ ਹੀ ਮੁਖ ਸਾਧਨ ਹੈ।ਸੋ ਹੁਣ ਇਹ ਜਾਨਣਾ ਜਰੂਰੀ ਹੈ ਕਿ ‘ਹੁਕਮ’ ਕੀ ਹੈ।
ਗੁਰਮਤਿ ਅਨੁਸਾਰ ਹੁਕਮ ਉਸ ਸਰਬ-ਵਿਆਪੀ ਤੋਂ ਆਪਾ ਨਿਛਾਵਰ ਕਰਨ ਦਾ ਨਾਮ ਹੈ।ਆਪਣਾ ਤਨ, ਮਨ, ਧਨ ਸੌਂਪਣਾ, ਹੁਕਮ ਮੰਨਣਾ ਤੇ ਖਸਮ ਤੋਂ ਵਾਰੀ ਘੋਲੀ ਜਾਣਾ ਹੀ ਸਿੱਖੀ ਮਾਰਗ ਹੈ।ਤਨ ਅਤੇ ਧਨ, ‘ਮਨ’ ਪਿੱਛੇ ਚੱਲਦੇ ਹਨ।ਜੇ ਮਨ ਦਿੱਤਾ ਜਾ ਸਕੇ ਤਾਂ ਧਨ ਸੌਂਪਣਾ ਕਠਿਨ ਨਹੀਂ।ਔਖ ਮਨ ਸੌਂਪਣ ਵਿੱਚ ਹੀ ਹੈ।ਮਨ ਸੰਕਲਪਾਂ ਵਿਕਲਪਾਂ ਦਾ ਇੱਕ ਪੁਲੰਦਾ ਹੈ।ਸਾਰੇ ਫੁਰਨੇ ਮਨ ਨੂੰ ਹੀ ਫੁਰਦੇ ਹਨ।ਜੇ ਸੁਪਨਾ ਮਾਤ੍ਰ ਹੀ ਸਾਈਂ ਨੂੰ ਅਰਪਣ ਕਰ ਦੇਈਏ ਤਾਂ ਮਨ ਆਪ ਮੁਹਾਰਾ ਭੇਂਟ ਹੋ ਜਾਂਦਾ ਹੈ।ਇਹ ਫੁਰਨਾ ਸੌਂਪਣਾ ਹੀ ਭਾਣਾ ਮੰਨਣਾ ਹੈ।ਇਸੇ ਨੂੰ ਹੁਕਮ ਬੁੱਝਣਾ ਕਹਿੰਦੇ ਹਨ।ਹੁਕਮ ਬੁੱਝਣਾ ਹਉਮੈ ਨਿਵਾਰਨਾ ਵੀ ਹੈ ਤੇ ਮਾਲਕ ਨਾਲ ਅਭੇਦ ਹੋਣਾ ਵੀ।
ਹੁਕਮ ਅਕਾਲ ਪੁਰਖ ਦੀ ਅਕਾਲ ਕਲਾ ਹੈ।ਇਸ ਦਾ ਆਦਿ ਅਤੇ ਅੰਤ ਅਕਾਲ-ਮੰਡਲ ਵਿੱਚ ਹੀ ਹੈ।ਇਹ ਅਗੰਮੀਂ ਸੱਤਾ ਹੈ।ਇਸ ਵਿੱਚ ਕਾਲ ਵਾਲੀ ਅਗੇਤਰ-ਪਿਛੇਤਰ ਨਹੀਂ।ਸਗੋਂ ਸਦਾ ਹੁਣ ਦੀ ਕਾਰ ਹੈ।
ਇਹ ਹੁਕਮ ਅਕਾਲ ਮੰਡਲ ਵਿੱਚੋਂ ਹੇਠਾਂ ਲਿਖੇ ਤਿੰਨ ਭਿੰਨ-ਭਿੰਨ ਰੂਪਾਂ ਵਿੱਚ ਉਤਰਦਾ ਹੈ-
1- ਅਚੇਤ 2- ਸੁਚੇਤ 3 ਅਚਨਚੇਤ
ਅਚੇਤ ਹੁਕਮ ਦੀ ਪਾਲਣਾ ਸੁਤੇ-ਸਿੱਧ ਹੀ ਹੁੰਦੀ ਰਹਿੰਦੀ ਹੈ।ਇਸ ਦੀ ਪਾਲਣਾ ਵਿੱਚ ਮਨੁੱਖੀ ਇੱਛਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਜਿਵੇਂ ਮਸ਼ੀਨ ਦੇ ਪੁਰਜੇ ਆਪ ਮੁਹਾਰੇ ਚੱਲਦੇ ਰਹਿੰਦੇ ਹਨ, ਤਿਵੇਂ ਹੀ ਅਚੇਤ ਹੁਕਮ ਦੀ ਪਾਲਣਾ ਵੀ ਸੁਤੇ-ਸਿੱਧ ਹੀ ਹੁੰਦੀ ਰਹਿੰਦੀ ਹੈ।ਦਿਲ ਦਾ ਧੜਕਣਾ, ਅੱਖਾਂ ਦਾ ਝਪਕਣਾ, ਸੁਆਸਾਂ ਦਾ ਚੱਲਣਾ ਆਦਿ ਹਰਕਤਾਂ ਅਚੇਤ ਹੁਕਮ ਦੇ ਅਧੀਨ ਹੀ ਹੋ ਰਹੀਆਂ ਹਨ।
ਸੁਚੇਤ ਮਨ ਵਿੱਚ ਅਕਲ ਦਾ ਰਲਾ ਹੈ।ਇਹ ਪਛੂ ਬਿਰਤੀ ਤੋਂ ਉੱਠਕੇ ਬੁੱਧੀ ਦੇ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ।ਇਹ ਅਨੁਮਾਨਾਂ ਦਾ ਮੰਡਲ ਹੈ।ਜਿਸ ਵਿੱਚ ਸਮਝ ਅਤੇ ਸੋਝੀ ਹੈ।ਪਿੱਛੋਂ ਨੂੰ ਵੇਖ ਅੱਗੋਂ ਦੇ ਕਿਆਫੇ ਹਨ ਅਤੇ ਹੁਣ ਨੂੰ ਵਿਚਾਰ ਕੇ ਅੱਗੋਂ ਦੇ ਅਨੁਮਾਨ ਲਗ ਸਕਦੇ ਹਨ।ਪਰ ਇਸ ਦੀ ਉਡਾਰੀ ਸੀਮਿਤ ਹੈ।ਇੱਕ ਖਾਸ ਸੀਮਾਂ ਤੋਂ ਪਰੇ ਸੁਚੇਤਤਾ ਖਤਮ ਹੋ ਜਾਂਦੀ ਹੈ।
ਅਚਨਚੇਤ ਹੁਕਮ ਸੁਚੇਤਤਾ ਦੇ ਮੁੱਕਣ ਤੋਂ ਅਰੰਭ ਹੁੰਦਾ ਹੈ।ਇਹ ਅਕਾਲ ਮੰਜ਼ਲ ਤੋਂ ਉੱਤਰ ਕੇ ਹੇਠਾਂ ਵੱਲ ਆਉਂਦਾ ਹੈ।ਇਸ ਲਈ ਨੀਵੀਂ ਵਸਦੀ ਸੁਚੇਤਤਾ (ਅਕਲ) ਇਸ ਨੂੰ ਸਮਝਣ ਦੇ ਅਸਮਰਥ ਹੈ।ਹੁਕਮ ਦਾ ਆਦਿ ਅਕਾਲ ਹੈ ਤੇ ਸੁਚੇਤ-ਪੁਣਾ ਕਾਲ-ਬੱਧ ਹੈ।ਇਸ ਲਈ ਇਹ ਅਚਨਚੇਤ ਹੁਕਮ ਦੀ ਕਿਉਂ ਤੱਕ ਨਹੀਂ ਅੱਪੜ ਸਕਦਾ।
‘ਅਚਨਚੇਤ’ ਦਾ ਭਾਵ ਇੱਤਫਾਕ ਨਹੀਂ, ਕਿਉਂਕਿ ਸੰਸਾਰ ਦੀ ਹਰ ਕਾਰ ਨਿਯਮ-ਬੱਧ ਹੈ।ਅਤੇ ਇੱਤਫਾਕ ਨੂੰ ਕਰਤਾਰੀ ਕਾਨੂੰਨ ਵਿੱਚ ਕੋਈ ਥਾਂ ਨਹੀਂ।
ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਚੇਤ ਹੁਕਮ ਦੀ ਅਸੀਂ ਪ੍ਰਵਾਹ ਹੀ ਨਹੀਂ ਕਰਦੇ।ਸੁਚੇਤ ਹੁਕਮ ਦੀ ਪਾਲਣਾ ਸੰਭਲ ਕੇ ਕਰਦੇ ਹਾਂ।ਅਤੇ ਅਚਨਚੇਤ ਗੱਲ ਵਾਪਰਨ ਤੇ ਅਸੀਂ ਅਭੜਵਾਹੇ ਚੌਂਕ ਉੱਠਦੇ ਹਾਂ।ਪਰ ਹੁਕਮੀਂ ਬੰਦੇ ਅਕਾਲ ਮੰਡਲ ਵਿੱਚ ਵਸਦੇ ਹਨ ਤੇ ਸਭ ਕੁਝ ਕਰਨਹਾਰ ਦੀ ਖੇਡ ਸਮਝ ਕੇ ਭਾਣੇ ਵਿੱਚ ਗਲਤਾਨ ਰਹਿੰਦੇ ਹਨ।ਉਨ੍ਹਾਂ ਲਈ –
“ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੇ ਏਕੀ ਨੇਤੈ॥
ਬੁਰਾ ਨਾਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥
ਸੋਗੁ ਨਾਹੀ ਸਦਾ ਹਰਖੁ ਹੀ ਹੈ ਰੇ ਛੋਡਿ ਨਾਹੀ ਕਿਛ ਲੇਤੈ॥
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ॥” (ਪੰਨਾ-1302)
ਮਨੁੱਖੀ ਆਤਮਾ ਜਾਂ ਜੀਵ ਆਤਮਾ ਹਉਮੈ ਸਹਿਤ ਚੇਤਨਤਾ ਤੇ ਸੱਤਾ ਦਾ ਹੀ ਨਾਂ ਹੈ।ਚੇਤਨਤਾ ਤੇ ਸੱਤਾ ਦੇ ਮਾਰਗ ਵਿੱਚ ਹੁਕਮ ਨਾਲ ਇਕ ਬੁਲਬੁਲਾ ਉਪਜਿਆ ਹੈ, ਜਿਸ ਦੇ ਇਰਦ-ਗਿਰਦ ਹਉਮੈ ਦਾ ਵਲੇਵਾਂ ਹੈ।ਇਸ ਹਉਮੈ ਦੇ ਵਲੇਵੇਂ ਨੇ ਹੀ ਸ਼ਖਸੀਅਤ ਦੀ ਸੀਮਾਂ ਕਾਇਮ ਕਰਕੇ ਮਨੁੱਖ ਨੂੰ ਪਰੀ ਪੂਰਨ ਜੋਤ ਤੋਂ ਨਿਖੇੜ ਦਿੱਤਾ ਹੈ।ਇਹ ਹਉਮੈ ਹੁਕਮ ਤੋਂ ਉਪਜੀ ਹੈ ਤੇ ਹੁਕਮ ਬੁੱਝਣ ਨਾਲ ਹੀ ਮਿਟ ਵੀ ਜਾਂਦੀ ਹੈ।
“ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ॥” (ਪੰਨਾ-1)
ਹੁਕਮ ਦੀ ਸੋਝੀ ਪੈਣ ਤੋਂ ਹਉਮੈ ਬਿਨਸ ਜਾਂਦੀ ਹੈ।ਤੇ ਮਨ ਦਾ ਆਦਿ ਬੈਰਾਗੀ ਸੁਭਾਵ ਜਾਗ ਪੈਂਦਾ ਹੈ।ਅਤੇ ਉਹ ਅਸਲ ਨੂੰ ਪਛਾਣ ਅਭੇਦਤਾ ਪ੍ਰਾਪਤ ਕਰ ਲੈਂਦਾ ਹੈ-
“ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ॥ਦੁਬਿਧਾ ਮਾਹਿ ਬ੍ਰਹਮ ਬੀਚਾਰੇ॥
ਇਸੁ ਮਨ ਕਉ ਕੋਇ ਖੋਜਹੁ ਭਾਈ॥ਮਨ ਖੋਜਤ ਨਾਮੁ ਨਉਨਿਧਿ ਪਾਈ॥ਰਹਾਉ॥
ਮੂਲੁ ਮੋਹ ਕਰਿ ਕਰਤੇ ਜਗਤੁ ਉਪਾਇਆ॥ਮਮਤਾ ਲਾਇ ਭਰਮਿ ਭੋੁਲਾਇਆ॥
ਇਸੁ ਮਨ ਕੇ ਸਭ ਪਿੰਡ ਪਰਾਨਾ॥ਮਨ ਕੈ ਵਿਚਾਰਿ ਹੁਕਮਿ ਬੂਝਿ ਸਮਾਣਾ॥
ਕਰਮ ਹੋਵੈ ਗੁਰ ਕਿਰਪਾ ਕਰੈ॥ਇਹ ਮਨੁ ਵਸੈ ਅਤੀਤੁ ਅਨਰਾਗੀ॥
ਕਹਤ ਨਾਨਕੁ ਜੋ ਜਾਣੈ ਭੇਉ॥ਆਦਿ ਪੁਰਖ ਨਿਰੰਜਨ ਦੇਉ॥” (ਪੰਨਾ-1128-1129)
ਮਨ ਸੁਭਾਵ ਕਰਕੇ ਤਾਂ ਬੈਰਾਗੀ ਹੈ, ਪਰ ਹਉਮੈ ਸਹਿਤ ਮਨ ਦੁਬਿਧਾ ਵਿੱਚ ਪੈ ਕੇ ਆਪਣਾ ਅਸਲਾ ਗਵਾ ਲੈਂਦਾ ਹੈ:
“ਮਨ ਬੈਰਾਗੀ ਹਉਮੈ ਤਿਆਗੀ॥ਘਟਿ ਘਟਿ ਮਨਸਾ ਦੁਬਿਧਾ ਲਾਗੀ॥” (ਪੰਨਾ-415)
ਸਤਿਗੁਰੂ ਇਸਨੂੰ ਵੈਰਾਗੀ ਕਹਿ ਕੇ ਸੰਬੋਧਨ ਕਰਦੇ ਹਨ।ਕਹਿੰਦੇ ਹਨ ਇਹ ਬੈਰਾਗੀ ਬਿਨਸਨ-ਹਾਰ ਨਹੀਂ ਕੇਵਲ ਹੁਕਮ ਦਾ ਬੱਧਾ ਕਾਰ ਕਮਾਂਦਾ ਹੈ:
“ਓਹੁ ਬੈਰਾਗੀ ਮਰੇ ਨ ਜਾਇ॥ਹੁਕਮੇ ਬਾਧਾ ਕਾਰ ਕਮਾਇ॥” (ਪੰਨਾ-390)
ਸਰੀਰ ਧਾਰਨ ਤੋਂ ਪਹਿਲਾਂ ਵੀ ਇਹ ਬੈਰਾਗੀ ਹੀ ਸੀ।ਸਿੱਧ, ਗੁਰੂ ਜੀ ਤੋਂ ਪੁੱਛਦੇ ਹਨ:
“ਜਾ ਇਹ ਹਿਰਦਾ ਦੇਹ ਨ ਹੋਤੀ ਤਉ ਮਨ ਕੈ ਠੈ ਰਹਤਾ॥” (ਪੰਨਾ-945)
ਗੁਰੂ ਜੀ ਉੱਤਰ ਦਿੰਦੇ ਹਨ:
“ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ॥” (ਪੰਨਾ-945)
ਸੋ ਮਨ ਸੁਬਾੳੇੁ ਦਾ ਬੈਰਾਗੀ ਹੈ।ਜਦ ਤੱਕ ਇਹ ਹਉਮੈ ਗ੍ਰਸਿਆ ਹੈ, ਓਦੋਂ ਤੱਕ ਇਹ ਦੁਬਿਧਾ ਵਿੱਚ ਦੁਖਿਤ ਰਹੇਗਾ।ਅਭੇਦਤਾ ਲਈ ਪ੍ਰੇਮ ਹੀ ਇਕ ਮਾਰਗ ਹੈ, ਜੋ ਆਪਾ ਨਿਛਾਵਰ ਕਰਨ ਮਗਰੋਂ ਹੀ ਹਾਸਲ ਹੋ ਸਕਦਾ ਹੈ :
“ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ਸਿਰੁ ਦੀਜੈ ਕਾਣਿ ਨ ਕੀਜੈ॥” (ਪੰਨਾ-1412)
ਕਬੀਰ ਜੀ ਵੀ ਇਸਨੂੰ ਪਹਿਲਾਂ (ਆਦਿ ਤੋਂ) ਨਿਰਮਲ ਹੀ ਆਖਦੇ ਹਨ।ਕਹਿੰਦੇ ਹਨ, ਪਹਿਲਾਂ ਇਹ ਨਿਰਮਲ ਸੀ, ਪਿੱਛੋਂ ਇਹ ਮਾਇਆ ਦੇ ਅਸਰ ਹੇਠ ਆਇਆ ਹੈ:
“ਪਹਿਲਾ ਪੂਤੁ ਪਿਛੈਰੀ ਮਾਈ॥” (ਪੰਨਾ-481)
ਸ੍ਰੀ ਦਸਮੇਸ਼ ਜੀ ਕਹਿੰਦੇ ਹਨ, ਪ੍ਰਭੂ ਪਾਣ ਦਾ ਸਾਧਨ ਜੇਕਰ ਕੋਈ ਹੈ ਤਾਂ ਉਹ ਕੇਵਲ ਪਰੇਮ ਹੀ ਹੈ:
“ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”
ਹੁਣ ਇਹ ਤਾਂ ਸਿੱਧ ਹੋਇਆ ਜੋ ਮਨ ਦਾ ਆਦੀ ਸੁਭਾਉ ਵੈਰਾਗੀ ਹੈ।ਜਦ ਤੱਕ ਹਉਮੈ ਹੈ, ਓਦੋਂ ਤੱਕ ਵੈਰਾਗ ਜਾਗ ਹੀ ਨਹੀਂ ਸਕਦਾ।ਵੈਰਾਗ ਅਥਵਾ ਪ੍ਰੇਮ ਬਿਨਾਂ ਪ੍ਰਭੂ ਦਾ ਪਾਣਾ ਅਸੰਭਵ ਹੈ।
ਗੁਰੂ ਨਾਨਕ ਜੀ ਕਹਿੰਦੇ ਹਨ, ਪ੍ਰੇਮ ਨੂੰ ਸਮਝਣਾ ਹਰ ਇਸਤ੍ਰੀ ਦੇ ਵੱਸ ਦੀ ਗੱਲ ਨਹੀਂ, ਕੇਵਲ ਕੋਈ ਸੁਹਾਗਣ ਇਸਤ੍ਰੀ ਹੀ ਪ੍ਰੇਮ ਦੀ ਸਾਰ ਜਾਣਦੀ ਹੈ।ਇਸ ਲਈ ਪ੍ਰੀਤ-ਰੀਤ ਸਿੱਖਣ ਦਾ ਵਸੀਲਾ ਕਿਸੇ ਸੁਹਾਗਣ ਨੂੰ ਬਣਾਓ:
“ਜਾਇ ਪੁਛਹੁ ਸੁਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ॥
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤ ਹੁਕਮੁ ਚੁਕਾਈਐ॥
ਜਾ ਕੈ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤੁ ਲਾਈਐ॥” (ਪੰਨਾ-722)
“ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ॥
ਮੈ ਉਪਰਿ ਨਦਰਿ ਕਰੀ ਪਿਰੁ ਸਾਚੈ ਮੈ ਛਡਿਅੜਾ ਮੇਰਾ ਤੇਰਾ॥
ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤ ਮਾਰਗਿ ਭੈਣੇ ਮਿਲਿਐ॥
ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤੀ ਜੋਤਿ ਰਲੀਐ॥” (ਪੰਨਾ-561)
ਵਾਸਤਵ ਵਿੱਚ ਪੁਰਖ ਤਾਂ ਇਕੋ ਹੀ ਹੈ, ਬਾਕੀ ਤਾਂ ਸਾਰੀਆਂ ਜਗਿਆਸੂ ਇਸਤ੍ਰੀਆਂ ਹਨ:
“ਇਸੁ ਜਗ ਮਹਿ ਪੁਰਖ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥” (ਪੰਨਾ-591)
ਇਸ ਲਈ ਸੁਹਾਗਣ ਉਹੀ ਹੈ, ਜਿਸ ਨੇ ਪਰਮੇਸ਼ਰ ਪਤੀ ਨੂੰ ਕਾਬੂ ਕਰ ਲਿਆ ਹੈ।ਅਸਾਂ ਉਸ ਸੁਹਾਗਣ ਨੂੰ ਭਾਲਣਾ ਹੈ, ਤੇ ਉਸ ਦੀ ਸ਼ਰਨ ਪੈ ਉਸ ਤੋਂ ਹੁਕਮ ਮੰਨਣ ਤੇ ਪ੍ਰੇਮ ਦੀ ਖੇਡ ਖੇਡਣੀ ਸਿੱਖਣੀ ਹੈ:
“ਸਰਨਿ ਸੁਹਾਗਨਿ ਚਰਨ ਸੀਸੁ ਧਰਿ ਲਾਲਨ ਮੋਹਿ ਮਿਲਾਵਹੁ॥ਕਬ ਘਰਿ ਆਵੈ ਰੀ॥” (ਪੰਨਾ-830)
ਹੁਕਮ ਮੰਨਣਾ ਤੇ ਪਰਵਾਨ ਹੋਣਾ ਇਹ ਪ੍ਰੇਮ ਮਾਰਗ ਦਾ ਸਿਰਮੋਰ ਅਸੂਲ ਹੈ।ਮਾਲਕ ਦੇ ਹੁਕਮ ਸਾਹਮਣੇ ਫੁਰਨੇ ਮਾਤਰ ਆਈ ਕਿੰਤੂ ਵੀ ਹਉਮੈ ਦੀ ਕਰੜੀ ਕੰਧ ਬਣ ਖਲੋਂਦੀ ਹੈ।ਇਹ ਫੁਰਨਾ ਮਾਤਰ ਹਉਮੈ ਹੀ ਨਿਕਟ ਵਸਦੇ ਪਤੀ ਤੋਂ ਦੂਰ ਲੈ ਜਾਂਦੀ ਹੈ ਤੇ ਦੁਖੀ ਕਰਦੀ ਹੈ:
“ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ॥
ਭਾਂਭੀਰੀ ਕੇ ਪਾਤ ਪਾਰਦੋ ਬਿਨੁ ਪੇਖੇ ਦੂਰਾਇਓ॥” (ਪੰਨਾ-624)
ਇਸ ਤੋਂ ਗੱਲ ਸਪੱਸ਼ਟ ਹੋ ਜਾਂਦੀ ਹੈ ਜੋ ਹਉਮੈ ਦੀ ਸੂਖਮ ਜਿਹੀ ਲਕੀਰ ਵੀ ਮਨੁੱਖ ਨੂੰ ਗੁਮਰਾਹ ਕਰ ਦਿੰਦੀ ਹੈ ਤੇ ਉਹ ਕਦਮਾਂ ਦਾ ਭੁਲਿਆ ਕੋਹਾਂ ਤੇ ਜਾ ਪੈਂਦਾ ਹੈ।ਇਸੇ ਲਈ ਸਤਿਗੁਰੂ ਸਾਨੂੰ ਸਗਵਾਂ ਹਉਮੈ ਮਿਟਾਵਣ ਦਾ ਉਪਦੇਸ਼ ਦਿੰਦੇ ਹਨ:
“ਸੁਣਹੁ ਸਹੇਲੀ ਮਿਲਨ ਬਾਤ ਕਹਉ॥ਸਗਰੋ ਅਹੰ ਮਿਟਾਵਉ ਤਉ ਘਰ ਲਾਲਨੁ ਪਾਵਹੁ॥
ਤਬ ਰਸ ਮੰਗਲ ਗੁਨ ਗਾਵਹੁ॥ਆਨੰਦ ਰੂਪ ਧਿਆਵਹੁ॥ਨਾਨਕ ਦੁਆਰੈ ਆਇਓ॥ਤਉ ਮੈ ਲਾਲਨ ਪਾਇਓ ਰੀ॥” (ਪੰਨਾ-830)
ਅਸਲ ਗੱਲ ਤਾਂ ਨਿਕੀ ਜਿਹੀ ਹਉਂ ਆਉਣ ਦੀ ਹੈ, ਜਿਹੜੀ ਮਿਹਰ ਵਿੱਚ ਰੁਕਾਵਟ ਪਾ ਦਿੰਦੀ ਹੈ।ਸੋ ਮਿਹਰ ਅਤੇ ਹੁਕਮ ਦਾ ਸਗਵਾਂ ਮੇਲ ਹੈ।ਅਬਿਨਾਸੀ ਵਰ ਪਾਉਣ ਲਈ ਲੋੜ ਹੈ:(ੳ) ਸਾਈਂ ਦੇ ਨਿਰਮਲ ਭਉ ਦੀ ਤੇ ਇਸ ਡਰ ਦੇ ਅਧੀਨ ਲੋੜ ਹੈ ਪਾਪ ਤਜਣ ਦੀ:
“ਬਾਣੀ ਬ੍ਰਹਮਾ ਵੈਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥” (ਪੰਨਾ-773)
(ਅ) ਪ੍ਰੇਮ; ਜਿਸ ਕਰਕੇ ਪਾਪਾਂ ਤੇ ਦੁਨਿਆਵੀ ਡਰ ਤੋਂ ਨਿਜਾਤ ਪਾ, ਹਉਮੈ ਦੂਰ ਕਰਨੀ ਹੈ।ਇਹ ਅਵਸਥਾ ਸਤਿਗੁਰ ਪੁਰਖ ਦੇ ਮੇਲ ਲਈ ਤਿਆਰੀ ਦੀ ਅਵਸਥਾ ਹੈ।ਅਸਲੇ ਨੂੰ ਅਸਲੇ ਦੇ ਮਿਲਣ ਦੀ ਤਾਂਘ ਵੈਰਾਗ ਹੈ।
(ੲ) ਵੈਰਾਗ; ਮਨ ਦਾ ਅਸਲ ਸੁਭਾਉ ਹਉਮੈ ਦੇ ਦੂਰ ਹੋਣ ਤੇ ਉਤੇਜਨਾ ਪ੍ਰਾਪਤ ਕਰ ਲੈਂਦਾ ਹੈ ਤੇ ਆਪਣੇ ਅਸਲੇ ਵਿੱਚ ਅਭੇਦਤਾ ਦੀ ਅਵਸਥਾ ਉਪਜ ਪੈਂਦੀ ਹੈ।
(ਸ) ਸਹਜ ਆਨੰਦ; ਇਹ ਅਵਸਥਾ ਅਸਲੇ ਦੀ ਅਸਲੇ ਨਾਲ ਅਭੇਦਤਾ ਤੇ ਅਵਿਨਾਸ਼ੀ ਵਰ ਪਾਣ ਦੀ ਹੈ।
ਪਹਿਲੀ ਅਵਸਥਾ ਸੀ ਗੁਰ-ਉਪਦੇਸ਼ ਦੁਆਰਾ ਧਰਮ ਦ੍ਰਿੜ ਕਰਨ ਦੀ।
ਦੂਜੀ ਸੀ; “ਨਿਰਭਉ ਭੈ ਮਨੁ ਹੋਇ ਹਉਮੈ ਮੈਲ ਗਵਾਇਆ ਬਲਰਾਮ ਜੀਉ॥” (ਪੰਨਾ-774)
ਤੀਜੀ ਸੀ; “ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ॥
ਜਨੁ ਨਾਨਕੁ ਬੋਲੈ ਤੀਜੀ ਲਾਵੈ ਹਰਿ ਉਪਜੈ ਮਨਿ ਵੈਰਾਗ ਜੀਉ॥” (ਪੰਨਾ-774)
ਤੇ ਅੰਤ ਵਿੱਚ; “ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ॥” (ਪੰਨਾ-774)
ਤੇ ਫੇਰ- ‘ਪਾਇਆ ਪ੍ਰਭੁ ਅਬਿਨਾਸੀ’ ਦੀ ਅਵਸਥਾ।
ਗੱਲ ਤਾਂ ਹੈ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਤੇ ਬਾਣੀ ਹੈ ਖਸਮ ਦੀ, ਧੁਰ ਤੋਂ ਆਈ, ਸਭ ਹੁਕਮਾਓ।ਫੇਰ ਸਾਰੀ ਗੱਲ ਤਾਂ ਹੋਈ ਹੁਕਮ ਮੰਨਣ ਦੀ।
ਹੁਕਮ ਮੰਨਿਆ, ਕੂੜ ਦੀ ਕੰਧ ਹਉਮੈ ਟੁਟੀ।ਹੁਣ ਸਵਾਲ ਪੈਦਾ ਹੁੰਦਾ ਹੈ- ਨਾਮ ਜਪਿਆਂ ਹਉਮੈ ਟੁੱਟਦੀ ਹੈ ਤੇ ਹੁਕਮ ਮੰਨਣ ਨਾਲ ਵੀ ਹਉਮੈ ਟੁੱਟਦੀ ਹੈ।ਤਾਂ ਫੇਰ ਹੁਕਮ ਮੰਨੀਏ ਕਿ ਨਾਮ ਜਪੀਏ?
ਵਾਸਤਨ ਵਿੱਚ ਨਾਮ ਦਾ ਦੂਜਾ ਰੂਪ ਹੀ ਪ੍ਰੇਮ ਹੈ।ਪਰੇਮ ਦੁਨੀਆਂ ਤੇ ਸਭ ਤੋਂ ਵਡੀ ਚੀਜ ਹੈ, ਪਰ ਪਰੇਮ ਹਉ ਵਿੱਚ ਰੱਤੀ ਦੁਨੀਆਂ ਤੋਂ ਉਚੇਰੇ ਉੱਠਕੇ ਪ੍ਰਾਪਤ ਹੁੰਦਾ ਹੈ।ਪਰੇਮ ਆਪਣੀ ਇਛਾ ਨੂੰ ਆਪਣੇ ਪ੍ਰੇਮੀ ਦੇ ਅਨੁਸਾਰੀ ਕਰਨ ਦਾ ਨਾਂ ਹੈ।ਦੂਜੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਆਪਣਾ ਫੁਰਨਾ ਮਾਤਰ ਵੀ ਪ੍ਰੇਮੀ ਨੂੰ ਸੌਂਪਣ ਦਾ ਨਾਮ ਹੀ ਪ੍ਰੇਮ ਹੈ।ਸੋ ਫੁਰਨਾ ਸੌਂਪਣ ਦਾ ਨਾਮ ਹੀ ਹੁਕਮੀ ਬੰਦਾ ਬਣਨਾ ਹੈ।ਸਤਿਗੁਰੂ ਫੁਰਮਾਉਂਦੇ ਹਨ ਇਨਸਾਨ ਜਦ ਤੱਕ ਆਪਣੀ ਹਉ (ਆਪਣੇ ਫੁਰਨੇ) ਨੂੰ ਤਿਆਗ, ਰੱਬੀ ਹੁਕਮ ਨੂੰ ਨਹੀਂ ਬੁੱਝਦਾ, ਤਦ ਤੱਕ ਉਹਨੂੰ ਦੁਖ ਹੀ ਸਹਿਣੇ ਪੈਂਦੇ ਹਨ।ਅਸਲ ਸੁਖ ਤਾਂ ਹੁਕਮ ਨੂੰ ਬੁਝਕੇ ਹੁਕਮੀ ਬੰਦਾ ਬਣਨਾ ਹੈ।ਸੱਚੇ ਗੁਰੂ ਦਾ ਮੇਲ ਹੁਕਮ ਦਾ ਸਹੀ ਗਿਆਨ ਬਖਸ਼ਦਾ ਹੈ ਤੇ ਪ੍ਰੇਮੀ ਸਹਿਜ ਅਨੰਦ ਦੀ ਅਵਸਥਾ ਪਰਾਪਤ ਕਰ, ਸਰਬ ਮੈ ਪੇਖੈ ਪਾਰਬ੍ਰਹਮ ਦੀ ਸੱਚੀ ਮਸਾਲ ਬਣ ਜਾਂਦਾ ਹੈ:
“ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ॥
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ॥ਨਾ ਕੋ ਦੁਸਮਨੁ ਦੇਖੀਆ ਨਹੀ ਕੋ ਮੰਦਾ॥
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ॥” (ਪੰਨਾ-400)
ਸੋ ਨਾਮ ਹੈ ਪ੍ਰੇਮ ਅਤੇ ਪ੍ਰੇਮ ਹੈ ਹੁਕਮ ਰਜਾਈ ਚੱਲਣਾ।ਜਾਂ ਇਵੇਂ ਕਹਿ ਲਵੋ ਕਿ ਨਾਮ, ਪ੍ਰੇਮ ਜਾਂ ਹੁਕਮ, ਜੋ ਗੁਰੂ ਉਪਦੇਸ਼ (ਸ਼ਬਦ) ਰਾਹੀਂ ਪ੍ਰਾਪਤ ਹੁੰਦੇ ਹਨ, ਇੱਕੋ ਵਸਤ ਦੇ ਅੱਡਰੇ ਅੱਡਰੇ ਰੂਪ ਭਾਸਦੇ ਹਨ, ਪਰ ਵਾਸਤਵ ਵਿੱਚ ਇੱਕ ਦੇ ਹੀ ਦੋ ਰੂਪ ਹਨ।ਸਤਿਗੁਰੂ ਨਾਨਕ ਜੀ ਵੀ ਇਹੀ ਉਪਦੇਸ਼ ਕਰਦੇ ਹਨ:
“ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ॥
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੇਆਲੰ॥” (ਪੰਨਾ-1275)
ਉਪਰੋਕਤ ਮਹਾਂਵਾਕ ਵਿੱਚ ਹੁਕਮ, ਨਾਮ ਤੇ ਸ਼ਬਦ ਦਾ ਇਕੋ ਰੂਪ ਦਰਸਾਇਆ ਗਿਆ ਹੈ।ਇਸ ਤੋਂ ਪਹਿਲਾਂ ਨਾਮ ਬਾਰੇ ਵਿਚਾਰ ਕੀਤੀ ਜਾ ਚੁੱਕੀ ਹੈ।ਹੁਣ ਤੱਕ ਦੀ ਵਿਚਾਰ ਤੋਂ ਹੇਠ ਲਿਖੇ ਸਿੱਟੇ ਨਿਕਲਦੇ ਹਨ:
1- ਮਨ ਦਾ ਅਸਲੀ ਸੁਭਾ ਵੈਰਾਗੀ ਹੈ।
2- ਵੈਰਾਗ ਹਉਮੈ ਰਹਿਤ ਅਵਸਥਾ ਦਾ ਨਾਮ ਹੈ।
3- ਹਉਮੈ ਰਹਿਤ ਅਵਸਥਾ ਵਿੱਚ ਹੀ ਨਾਮ ਦਾ ਪ੍ਰਗਾਸ ਹੁੰਦਾ ਹੈ।ਸੋ ਵੈਰਾਗ ਤੇ ਨਾਮ ਨਿਵਾਸ ਦੀ ਅਵਸਥਾ ਵਿੱਚ ਕਿਸੇ ਕਿਸਮ ਦਾ ਭੇਦ ਨਹੀਂ।ਸਵਾਸ ਸਵਾਸ ਸਿਮਰਨ ਜਾਂ ਸਦੀਵੀ ਯਾਦ ਪ੍ਰੇਮ ਦੀ ਤੀਬਰਤਾ ਹੋਣ ਤੇ ਹੀ ਉਪਜਦੀ ਹੈ।ਏਸ ਲਈ ਪਰੇਮ, ਮਾਰਗ ਹੈ ਨਾਮ ਪ੍ਰਗਾਸਣ ਦਾ ਅਤੇ ਪ੍ਰਭੂ ਨੂੰ ਪਾਉਣ ਦਾ।
4- ਸਹੀ ਪਰੇਮ ਆਪਾ-ਨਿਵਾਰਨਾ ਅਤੇ ਹੁਕਮ ਵਿੱਚ ਚੱਲਣਾ ਹੈ।
5- ਹੁਕਮ, ਨਾਮ ਤੇ ਸ਼ਬਦ ਇੱਕ ਨਾਮੀ ਦੇ ਹੀ ਵੱਖੋ ਵੱਖ ਰੂਪ ਹਨ, ਜੋ ਅਸਲ ਵਿੱਚ ਇਕੋ ਹੀ ਹਨ।
ਜਸਬੀਰ ਸਿੰਘ ਵਿਰਦੀ
19-10-2014