(ਵਿਸ਼ਾ-ਚੌਥਾ, ਲੇਖਾ-ਜੋਖਾ)
(ਭਾਗ ਦੂਜਾ)
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ (953)
ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥
ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥
ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥
ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥
ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥
ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥
ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥1॥
ਗੁਰੂ ਸਾਹਿਬ ਸਵਾਲ ਖੜਾ ਕਰਦੇ ਹਨ ਕਿ , ਮੂਰਖ ਦੇ ਲੱਛਣ , ਮੂਰਖ ਦੀਆਂ ਨਿਸ਼ਾਨੀਆਂ ਕੀ ਹਨ ? ਅਤੇ ਮੂਰਖ ਕਰਦਾ ਕੀ ਹੈ ? ਫਿਰ ਆਪ ਹੀ ਸਮਝਾਉਂਦੇ ਹਨ ਕਿ , ਜੋ ਬੰਦਾ ਮਾਇਆ-ਮੋਹ ਦਾ ਠੱਗਿਆ ਹੋਇਆ ਹੋਵੇ , ਪਰ ਆਪਣੇ-ਆਪ ਨੂੰ ਅੱਤ ਸਿਆਣਾ ਸਮਝਦਾ ਹੋਇਆ , ਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਇਆ ਹੋਵੇ , ਉਸ ਨੂੰ ਮੂਰਖ ਆਖੀਦਾ ਹੈ । ਮੂਰਖ ਕਰਦਾ ਕੀ ਹੈ ? ਜਿਹੜਾ ਆਪ ਮੂਰਖ ਹੋਵੇ ਉਹ ਬੰਦਾ ਹੀ ਕਿਸੇ ਦੂਸਰੇ ਮੂਰਖ ਦੀਆਂ ਗੱਲਾਂ ਸੁਣਦਾ ਹੈ , ਉਸ ਦੇ ਦੱਸੇ ਰਾਹ ਤੇ ਚਲਦਾ ਹੈ ।
(ਇਹ ਗੱਲਾਂ ਅੱਜ ਦੇ ਸਾਰੇ ਡੇਰੇਦਾਰਾਂ ਅਤੇ ਗੁਰਦਵਾਰਾ ਪ੍ਰਬੰਧਕਾਂ ਤੇ ਲਾਗੂ ਹੁੰਦੀਆਂ ਹਨ)
ਮਾਇਆ ਦੀ ਖੁਮਾਰੀ ਅਤੇ ਹੰਕਾਰ ਵਿਚ ਕੀਤੇ ਸਾਰੇ ਕੰਮਾਂ ਆਸਰੇ ਹਮੇਸ਼ਾ ਦੁੱਖ ਹੀ ਖਟੀਦੇ ਹਨ ਅਤੇ , ਉਨ੍ਹਾਂ ਕਾਰਨ ਹਮੇਸ਼ਾ ਦੁਖੀ ਹੀ ਰਹੀਦਾ ਹੈ । ਮਾਇਆ ਨੂੰ ਹੱਦੋਂ-ਵੱਧ ਪਿਆਰ ਕਰਨ ਵਾਲਾ , ਉਸ ਤੋਂ ਬਚਾਉ ਦਾ ਕੀ ਉੱਦਮ ਕਰ ਸਕਦਾ ਹੈ ? (ਕੋਈ ਨਹੀਂ) ਉਹ ਤਾਂ ਹਮੇਸ਼ਾ ਮਾਇਆ ਰੂਪੀ ਖੂਹ ਵਿਚ ਹੀ ਡੁੱਬਾ ਰਹਿੰਦਾ ਹੈ ।
ਜਿਹੜਾ ਬੰਦਾ ਗੁਰਮੁਖ ਹੁੰਦਾ ਹੈ , ਉਹ ਗੁਰੂ ਦੀ ਸਿਖਿਆ ਤੇ ਵਿਚਾਰ ਕਰਦਾ ਹੋਇਆ , ਮਾਇਆ-ਮੋਹ ਤੋਂ ਦੂਰ ਹੀ ਰਹਿੰਦਾ ਹੈ । ਉਸ ਦਾ ਹਰੀ ਦੇ ਨਾਮ ਆਸਰੇ ਉਧਾਰ ਹੋ ਜਾਂਦਾ ਹੈ , ਉਸ ਦੇ ਸਤਸੰਗੀ ਵੀ , ਉਸ ਦਾ ਅਨੁਸਰਨ ਕਰਦੇ , ਪ੍ਰਭੂ ਦਾ ਨਾਮ ਜਪ ਕੇ , ਡੁਬਣੋਂ ਬਚ ਜਾਂਦੇ ਹਨ ।
ਹੇ ਨਾਨਕ , ਪ੍ਰਭੂ ਨੂੰ ਜੋ ਕੁਝ ਭਾਉਂਦਾ ਹੈ , ਉਹ ਉਹੀ ਕੁਝ ਕਰਦਾ ਹੈ । ਕਰਤਾਰ ਜੋ ਕੁਝ ਵੀ (ਦੁਖ ਜਾਂ ਸੁਖ) ਬੰਦੇ ਨੂੰ ਦਿੰਦਾ ਹੈ , ਉਹੀ ਕੁਝ ਜੀਵ (ਆਪਣੇ ਕੀਤੇ ਅਨੁਸਾਰ) ਸਹਾਰਦਾ ਹੈ ।
ਮ: 1॥ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥2॥ (953)
ਨਾਨਕ ਆਖਦਾ ਹੈ , ਹੇ ਮਨ ਤੂੰ ਸੱਚੀ ਸਿਖਿਆ ਸੁਣ । ਤੇਰੇ ਕੀਤੇ ਕਰਮਾਂ ਦੀ ਵਹੀ (ਲਿਖਤ) ਅਨੁਸਾਰ , ਰੱਬ ਤੇਰੇ ਕੋਲੋਂ ਹਿਸਾਬ ਮੰਗੇਗਾ, ਹਿਸਾਬ ਲਵੇਗਾ । ਜਿਨ੍ਹਾਂ-ਜਿਨ੍ਹਾਂ ਵੱਲ ਲੇਖਾ ਬਾਕੀ ਹੁੰਦਾ ਹੈ , ਜੋ ਆਪਣੇ ਮਨੁੱਖਾ ਜੀਵਨ ਵਿਚ , ਆਪਣਾ ਲੇਖਾ ਪੂਰਾ ਨਹੀਂ ਕਰ ਸਕੇ , ਉਨ੍ਹਾਂ ਦੀ ਪੇਸ਼ੀ ਹੋਵੇਗੀ । ਲੇਖਾ ਲੈਣ ਵਾਲਾ ਅਤੇ ਬਾਕੀ ਵਾਲਿਆਂ ਨੂੰ ਸਜ਼ਾ ਦੇਣ ਵਾਲਾ ਫਰਿਸ਼ਤਾ (ਰੱਬ) (ਜਿਸ ਨੂੰ ਮੁਸਲਮਾਨ , ਅਲਾਹ ਤੋਂ ਵੱਖਰੀ ਹਸਤੀ , ਅਜ਼ਰਾਈਲ ਕਰ ਕੇ ਮੰਨਦੇ ਹਨ) ਵੀ ਉਸ ਥਾਂ ਹੀ ਹੋਵੇਗਾ । ਉਸ ਔਖ ਦੀ ਘੜੀ ਵਿਚ , ਔਖੇ ਵੇਲੇ , ਜਿੰਦ ਨੂੰ ਕੁਝ ਨਹੀਂ ਸੁੱਝਦਾ , ਕਿ ਮੈਂ ਹੁਣ ਕਿੱਧਰ ਜਾਵਾਂ ?
ਹੇ ਨਾਨਕ ਉਸ ਸਮੇ , ਅੰਤ ਵੇਲੇ ਮਾਇਆ-ਮੋਹ ਦਾ ਵਪਾਰ ਕਰਨ ਵਾਲੇ ਹਾਰ ਜਾਂਦੇ ਹਨ ਅਤੇ ਸੱਚ ਦਾ ਵਪਾਰ , ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨ ਵਾਲੇ ਦੀ ਰਹ ਆਉਂਦੀ ਹੈ ।
ਅਮਰ ਜੀਤ ਸਿੰਘ ਚੰਦੀ
21-10-2014