ਕੀ ਖੁਸ਼ੀ ਮਨਾਉਣ ਲਈ ਦੀਵੇ ਬਾਲਣਾ ਸਿੱਖੀ ਸਿਧਾਂਤ ਹੈ ?
ਮੇਰੇ ਇਕ ਬੇਟੇ ਨੇ (ਮੈਂ ਆਪਣੇ ਸਤਸੰਗੀ ਪਰਿਵਾਰ ਦੇ ਬੱਚੇ-ਬੱਚੀਆਂ ਨੂੰ ਹਮੇਸ਼ਾ ਬੇਟਾ ਹੀ ਆਖਦਾ ਹਾਂ , ਅਤੇ ਇਹ ਬੇਟਾ , ਕੁਝ ਮਹੀਨੇ ਪਹਿਲਾਂ ਹੀ ਆਨੰਦ ਕਾਰਜ ਰਾਹੀਂ ਸਾਡੇ ਪਰਿਵਾਰ ਦਾ ਹਿਸਾ ਬਣਿਆ ਹੈ) ਮੈਨੂੰ ਫੋਨ ਕਰ ਕੇ ਆਖਿਆ ਅੰਕਲ ਜੀ “ਹੈਪੀ ਦਿਵਾਲੀ” । ਮੈਂ ਉਸ ਨੂੰ ਪੁੱਛ ਲਿਆ , ਉਹ ਕੀ ਹੁੰਦਾ ? ਤਾਂ ਉਸ ਨੇ ਮੈਨੂੰ ਸਫਾਈ ਦਿੰਦਿਆਂ ਕਿਹਾ , ਸੌਰੀ , ਦਿਵਾਲੀ ਤਾਂ ਹਿੰਦੂਆਂ ਦਾ ਤਿਉਹਾਰ ਹੁੰਦਾ ਹੈ , ਆਪਣਾ ਤਾਂ “ਬੰਦੀ ਛੋੜ ਦਿਵਸ” ਹੁੰਦਾ ਹੈ । ਮੇਰਾ ਉਸ ਨੂੰ ਜਵਾਬ ਸੀ , ਪੰਜਾਬ ਦੀ ਇਕ ਕਹਾਵਤ ਹੈ ,
ਸਦਾ ਦਿਵਾਲੀ ਸਾਧ ਦੀ ਅੱਠੇ ਪਹਰ ਬਸੰਤ ।
ਉਸ ਨੇ ਮੈਨੂੰ ਇਸ ਕਹਾਵਤ ਦਾ ਵਿਸਲੇਸ਼ਨ ਕਰਨ ਨੂੰ ਕਿਹਾ , ਜੋ ਵਿਸਲੇਸ਼ਨ ਮੈਂ ਉਸ ਨੂੰ ਸੁਣਾਇਆ , ਉਹ ਕੁਝ ਇਵੇਂ ਸੀ ।
ਸਾਧ ਕਹਿੰਦੇ ਹਨ ਸਾਧਨਾ ਕਰਨ ਵਾਲੇ ਨੂੰ , ਜੋ ਕਿਸੇ ਚੀਜ਼ ਦੀ ਪਰਾਪਤੀ ਲਈ ਯਤਨ-ਸ਼ੀਲ ਹੋਵੇ , ਉਹ ਸਾਧ ਹੁੰਦਾ ਹੈ ।, ਕਿਉਂਕਿ ਸਿੱਖ ਵੀ ਸਾਰੀ ਉਮਰ ਪ੍ਰਭੂ ਨਾਲ ਪਿਆਰ ਪਾਉਣ ਲਈ ਯਤਨ-ਸ਼ੀਲ ਰਹਿੰਦਾ ਹੈ , ਇਸ ਲਈ ਅਸੀਂ ਇਕ ਸਿੱਖ ਨੂੰ ਵੀ ਸਾਧ ਕਹਿ ਸਕਦੇ ਹਾਂ । ਇਸ ਕਹਵਤ ਅਨੁਸਾਰ ਸਿੱਖ ਦੀ ਤਾਂ ਹਰ ਸਮੇ ਦਿਵਾਲੀ ਹੁੰਦੀ ਹੈ । ਗੁਰੂ ਗ੍ਰੰਥ ਸਾਹਿਬ ਜੀ ਸਿੱਖ ਨੂੰ ਸੇਧ ਦਿੰਦੇ ਹਨ ,
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥2॥ (463) ਅਰਥਾਤ,
ਸਿੱਖ ਤਾਂ ਹਮੇਸ਼ਾ ਗੁਰ-ਗਿਆਨ ਦੀ ਉਸ ਰੌਸ਼ਨੀ ਨਾਲ ਜੁੜਨ ਦੇ ਯਤਨ ਵਿਚ ਹੁੰਦਾ ਹੈ , ਜਿਸ ਦੇ ਸਾਮ੍ਹਣੇ ਸੈਂਕੜੇ ਚੰਦਾਂ ਅਤੇ ਹਜ਼ਾਰਾਂ ਸੂਰਜਾਂ ਦੀ ਰੌਸ਼ਨੀ ਨਿਗੂਣੀ ਹੈ । ਫਿਰ ਅਜਿਹੇ ਸਿੱਖ ਦੀ ਪਹੁੰਚ ਭਾਵੇ ਗੁਰੂ ਦੇ ਗਿਆਨ ਤਕ ਅਜੇ ਬਹੁਤ ਘੱਟ ਹੋਈ ਹੋਵੇ , ਪਰ ਉਹ ਰੌਸ਼ਨੀ ਸੂਰਜ ਦੀ ਰੌਸ਼ਨੀ ਨਾਲੋਂ ਤਾਂ ਕਿਤੇ ਵੱਧ ਹੋਵੇਗੀ । ਐਸੀ ਹਾਲਤ ਵਿਚ ਸਿੱਖ ਦੀ ਤਾਂ ਹਰ ਸਮੇ ਦਿਵਾਲੀ ਹੁੰਦੀ ਹੈ , ਫਿਰ ਉਹ ਕੁਝ ਨਿਗੂਣੇ ਜਿਹੇ ਦੀਵੇ ਬਾਲ ਕੇ , ਕੀ ਖੁਸ਼ੀ ਮਨਾ ਸਕਦਾ ਹੈ ? ਉਹ ਦੀਵੇ ਭਾਵੇਂ ਉਹ ਦਿਵਾਲੀ ਦੀ ਖੁਸ਼ੀ ਮਨਾਉਣ ਲਈ ਬਾਲ ਰਿਹਾ ਹੋਵੇ ‘ਤੇ ਭਾਵੇਂ ਬੰਦੀਛੌੜ-ਦਿਵਸ ਦੀ ਖੁਸ਼ੀ ਮਨਾਉਣ ਲਈ ਬਾਲ ਰਿਹਾ ਹੋਵੇ ? ਉਸ ਨੂੰ ਖੁਸ਼ੀ ਮਨਾਉਣ ਲਈ ਦੀਵੇ ਬਾਲਣ ਦੀ ਲੋੜ ਨਹੀਂ ਹੁੰਦੀ , ਨਾ ਹੀ ਇਹ ਸਿੱਖੀ ਸਿਧਾਂਤ ਹੈ । ਜਦੋਂ ਬਸੰਤ ਦੀ ਰੁੱਤ ਹੁੰਦੀ ਹੈ , ਚਾਰੇ ਪਾਸੇ ਫੁੱਲ ਖਿੜੇ ਹੁੰਦੇ ਹਨ , ਕੁਦਰਤ ਆਪਣੇ ਭਰ-ਜੋਬਨ ਤੇ ਹੁੰਦੀ ਹੈ, ਉਸ ਨੂੰ ਵੇਖ ਕੇ ਬੰਦੇ ਦਾ ਮਨ ਵੀ ਖਿੜਾਉ ਵਿਚ ਆਉਂਦਾ ਹੈ । ਗੁਰੂ ਨਾਲ ਜੁੜੇ ਸਿੱਖ ਦਾ ਮਨ , ਹਮੇਸ਼ਾ ਖੇੜੇ ਵਿਚ ਰਹਿੰਦਾ ਹੈ , ਉਸ ਨੂੰ ਇਹ ਖੇੜਾ ਮਾਨਣ ਲਈ , ਬਸੰਤ ਦੀ ਉਡੀਕ ਨਹੀਂ ਕਰਨੀ ਪੈਂਦੀ । ਇਹੀ ਸਿੱਖੀ ਸਿਧਾਂਤ ਹੈ , ਇਹੀ ਪੰਜਾਬੀ ਕਹਾਵਤ ਹੈ ,
ਸਦਾ ਦਿਵਾਲੀ ਸਾਧ ਦੀ ਅੱਠੇ ਪਹਰ ਬਸੰਤ ।
ਸਾਡੇ ਕੋਲ ਏਨਾ ਕੁਝ ਹੁੰਦੇ ਹੋਏ ਵੀ ਅਸੀਂ ਮਾਮੂਲੀ ਖੁਸ਼ੀ ਲਈ , ਕਦੀ ਦਿਵਾਲੀ ਦਾ ਆਸਰਾ ਲੈਂਦੇ ਹਾਂ , ਕਦੀ ਹੋਲੀ ਦਾ , ਕਦੀ ਲੋੜ੍ਹੀ ਦਾ ਅਤੇ ਕਦੀ ਰੱਖੜੀ ਦਾ ਆਸਰਾ ਲੈਂਦੇ ਹਾਂ , ਕਿਉਂ ? ਅਤੇ ਦਿਵਾਲੀ ਤੇ ਤਾਂ ਦਰਬਾਰ ਸਾਹਿਬ ਵਿਚੋਂ ਹੀ ਰਾਗੀ ਘੰਟਿਆਂ ਬੱਧੀ ਸੰਘ ਪਾੜਦੇ ਹਨ , “ ਦੀਵਾਲੀ ਕੀ ਰਾਤ ਦੀਵੇ ਬਾਲੀਅਨ ” ਕਿਉਂ ? ਸਾਫ ਮਤਲਬ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੋਂ ਦੂਰ ਹੋ ਚੁੱਕੇ ਹਾਂ , ਜੋ ਕਿ ਵਿਅਕਤੀ-ਗਤ ਤੌਰ ਤੇ ਸਾਡੇ ਲਈ ਬਹੁਤ ਘਾਟੇਵੰਦ ਹੈ । ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂ ਅਕਾਲ-ਪੁਰਖ ਨੂੰ ਤਾਂ ਉਸ ਨਾਲ ਕੋਈ ਫਰਕ ਨਹੀਂ ਪੈਣਾ ।
ਵੈਸੇ ਰਾਗੀਆਂ-ਢਾਡੀਆਂ ਅਤੇ ਪਰਚਾਰਕਾਂ ਨੇ ਇਕ ਹੋਰ ਮਿੱਥ ਘੜ ਲਈ ਹੋਈ ਹੈ ਕਿ , ਜਦ ਵੱਡੇ ਘੱਲੂਕਾਰੇ ਵੇਲੇ ਅਬਦਾਲੀ ਨੇ ਸਿੱਖਾਂ ਨੂੰ ਸਮੇਤ ਵਹੀਰ ਦੇ ਘੇਰ ਲਿਆ ਤਾਂ , ਸਿੱਖਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ “ ਹੇ ਨਾਥ ਆਪਣੇ ਪੰਥ ਦੀ ਰੱਖਿਆ ਕਰੋ , ਜੇ ਪੰਥ ਨਾ ਰਿਹਾ ਤਾਂ , ਗ੍ਰੰਥ ਨੂੰ ਕੌਣ ਮੰਨੇਗਾ ?” ਯਾਨੀ ਜੇ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਅਖਵਾਉਣਾ ਹੈ ਤਾਂ ਪੰਥ ਦੀ ਰੱਖਿਆ ਕਰਨੀ ਹੀ ਪੈਣੀ ਹੈ । ਸਿੱਖ ਗੁਰੂ ਦਾ ਕਿਹਾ ਮੰਨਣ ਜਾਂ ਨਾ ਮੰਨਣ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਕਹਣਗੇ ਹੀ । ਅਸੀਂ ਕਦੋਂ ਤਕ ਦਿਮਾਗ ਦੇ ਕਿਵਾੜ ਬੰਦ ਕਰ ਕੇ , ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਅਜਿਹੀਆਂ ਫਜ਼ੂਲ ਗੱਲਾਂ ਸੁਣਦੇ ਅਤੇ ਸਹਾਰਦੇ ਰਹਾਂਗੇ ?
ਅਮਰ ਜੀਤ ਸਿੰਘ ਚੰਦੀ
22-10-14