* ਸ਼ੋਰ * ! (ਨਿੱਕੀ ਕਹਾਣੀ)
ਧੜਾਮ ! ਧੜਾਮ ! (ਆਤਿਸ਼ਬਾਜ਼ੀ ਦੀ ਆਵਾਜ਼ ਨਾਲ ਪੂਰਾ ਮੁਹੱਲਾ ਹਿਲ ਰਿਹਾ ਸੀ)
ਮੈਂਨੂੰ ਤੇ ਸਮਝ ਨਹੀਂ ਆਉਂਦਾ ਕੀ ਲੋਕੀ ਕਿਵੇਂ ਪੈਸੇ ਨੂੰ ਅੱਗ ਲਾ ਲਾ ਕੇ ਖੁਸ਼ ਹੋ ਰਹੇ ਨੇ ? ਇਤਨਾ ਸ਼ੋਰ ਹੈ ਕੀ ਕੰਨ ਫਟਣ ਨੂੰ ਆਏ ! ਬਿਲਡਿੰਗ ਦੀਆਂ ਕੰਧਾਂ ਵੀ ਕੰਬਦੀਆਂ ਨੇ ਇਨ੍ਹਾਂ ਧਮਾਕਿਆਂ ਨਾਲ !
ਗੁਆਂਡੀ ਇੱਕ ਦੂਜੇ ਤੋਂ ਵੱਧ ਦਿਖਾਉਣ ਦੇ ਚੱਕਰ ਵਿੱਚ ਜਿਆਦਾ ਤੋਂ ਜਿਆਦਾ ਪਟਾਖੇ ਵਜਾ ਰਹੇ ਹਨ !(ਇੰਦਰਜੀਤ ਕੌਰ ਆਪਣੇ ਜੇਠ ਗੁਰਮੁਖ ਸਿੰਘ ਨਾਲ ਗੱਲਾਂ ਕਰ ਰਹੀ ਸੀ)
ਗੁਰਮੁਖ ਸਿੰਘ : ਜਿਨ੍ਹਾਂ ਦੇ ਅੰਦਰ ਸ਼ੋਰ ਹੈ ਭਾਵ ਮਨ ਅਸ਼ਾਂਤ ਹੈ, ਉਨ੍ਹਾਂ ਨੂੰ ਹੀ ਬਾਹਰ ਦਾ ਸ਼ੋਰ ਚੰਗਾ ਲਗਦਾ ਹੈ ! ਪਰ ਨਾਲ ਇਹ ਵੀ ਯਾਦ ਰਖਣਾ ਕੀ ਜਦੋਂ ਇਸੀ ਸ਼ੋਰ ਦੀ ਗਿਣਤੀ-ਮਿਣਤੀ ਜਿਆਦਾ ਜਾਂ ਘੱਟ ਹੋ ਜਾਂਦੀ ਹੈ ਤਾਂ ਅਜੇਹੇ ਸ਼ੋਰ ਵਾਲੇ ਮਨੁੱਖ ਉਸੀ ਤੇਜ਼ੀ ਨਾਲ ਉਦਾਸੀ ਜਾਂ ਗੁੱਸੇ ਵਿੱਚ ਵੀ ਆ ਜਾਂਦੇ ਹਨ ਕਿਓਂਕਿ ਇਨ੍ਹਾਂ ਦੀ ਬਰਦਾਸ਼ਤ ਦੀ ਤਾਕਤ ਘੱਟ ਹੁੰਦੀ ਹੈ !
ਇੰਦਰਜੀਤ ਕੌਰ (ਹੈਰਾਨੀ ਨਾਲ) : ਤੁਸੀਂ ਤਾਂ ਹਰ ਦੁਨਿਆਵੀ ਗੱਲ ਨੂੰ ਵੀ ਰੂਹਾਨੀ ਦੁਨੀਆਂ ਵਿੱਚ ਲੈ ਜਾਂਦੇ ਹੋ ! ਹੁਣ ਸ਼ੋਰ ਦੀ ਗੱਲ ਸੁਣਾ ਹੀ ਰਹੇ ਹੋ ਤਾਂ "ਅੰਦਰਲੇ ਸ਼ਾਂਤ ਤੇ ਬਾਹਰਲੇ ਸ਼ਾਂਤ" ਦੀ ਵੀ ਗੱਲ ਸੁਣਾ ਦਿਓ !
ਗੁਰਮੁਖ ਸਿੰਘ (ਪਿਆਰ ਨਾਲ) : ਜਦੋਂ ਅੰਦਰਲਾ ਸ਼ਾਂਤ ਹੁੰਦਾ ਹੈ ਤਾਂ ਫਿਰ ਬਾਹਰ ਦਾ ਸ਼ੋਰ ਪ੍ਰਭਾਵਿਤ ਨਹੀਂ ਕਰਦਾ ! ਮਨ ਟਿਕਾਓ ਵਿੱਚ ਹੁੰਦਾ ਹੈ ! ਐਸਾ ਸ਼ਾਂਤ ਮਨ ਬੁਰੀ ਰੀਸ ਨਹੀਂ ਕਰਦਾ ਬਲਕਿ ਹਰ ਸ਼ੋਰ ਅੱਤੇ ਸ਼ਾਂਤੀ ਵਿੱਚੋਂ ਰੱਬ ਨੂੰ ਭਾਲ ਲੈਂਦਾ ਹੈ ਜਿਵੇਂ ਬੱਚਾ ਰੋਸ਼ਿਨੀ ਨੂੰ ਵੇਖ ਕੇ ਕਿਲਕਾਰੀਆਂ ਮਾਰਦਾ ਹੈ !
ਇੰਦਰਜੀਤ ਕੌਰ (ਸਿਰ ਹਿਲਾਉਂਦੀ ਹੋਈ) : ਤੁਹਾਡਾ ਕਹਿਣ ਦਾ ਮਤਲਬ ਹੈ ਕੀ ਜਿਵੇਂ ਅੰਦਰਲੇ ਘੁੱਪ ਹਨੇਰੇ ਨੂੰ ਮਿਟਾਉਣ ਲਈ ਬਹੁਤ ਸਾਰੇ ਮਨੁੱਖ ਬਾਹਰੋਂ ਰੋਸ਼ਿਨੀ ਦੀ ਭਾਲ ਕਰਦੇ ਰਹਿੰਦੇ ਹਨ (ਦੁਨਿਆਵੀ ਮਨੋਕਾਮਨਾ ਪੂਰਤੀ ਲਈ ਨਿੱਤ ਨਵੇਂ ਗੁਰੂ ਜਾਂ ਦੇਵਤੇ ਭਾਲਦੇ ਰਹਿੰਦੇ ਹਨ) ਪਰ ਕੁਝ ਮਨੁੱਖ (ਸ਼ਬਦ ਗੁਰੂ ਦੀ ਕਿਰਪਾ ਦੁਆਰਾ) ਉਸ ਅੰਧਕਾਰ ਵਿੱਚ ਵੇਖਣ ਦੀ ਤਾਕਤ ਭਾਵ ਆਤਮਿਕ ਗਿਆਨ ਹਾਸਿਲ ਕਰ ਲੈਂਦੇ ਹਨ ! ਉਸੀ ਤਰਾਂ ਅੰਦਰਲੇ ਸ਼ੋਰ ਨੂੰ ਘਟਾਉਂਦੇ ਹੋਏ ਅੰਦਰਲੇ ਮਨ ਦੀ ਸ਼ਾਂਤੀ ਨੂੰ ਵਧਾਉਣਾ ਹੈ ਜੋ ਕੇਵਲ ਤੇ ਕੇਵਲ ਗਿਆਨ ਗੁਰੂ ਦੀ ਸ਼ਰਣ ਜਾ ਕੇ ਹੀ ਮਿਲਦਾ ਹੈ !
ਗੁਰਮੁਖ ਸਿੰਘ (ਹਸਦੇ ਹੋਏ) : ਹੁਣ ਸਾਡੇ ਉੱਤੇ ਹੈ ਕੀ ਅਸੀਂ ਸ਼ੋਰ ਵੱਲ ਜਾਣਾ ਹੈ ਜਾਂ ਸ਼ਾਂਤ ਵੱਲ ?
ਤਿਓਹਾਰ ਮਨਾਉਣੇ ਗਲਤ ਨਹੀਂ ਪਰ ਤਿਓਹਾਰ ਦਾ ਮਤਲਬ ਜਰੂਰ ਪਤਾ ਹੋਣਾ ਚਾਹੀਦਾ ਹੈ ! ਸਿਰਫ ਦੇਖਾ-ਦੇਖੀ ਕੋਈ ਕੰਮ ਕਰਨ ਨਾਲ ਤਾਂ ਮਨੁੱਖ ਮਨਮੁਖ ਵਾਂਗ ਅਸਲ ਗੱਲ ਦਾ ਤੱਤ ਬੂਝ ਹੀ ਨਹੀਂ ਪਾਉਂਦਾ !
ਜੇਕਰ ਤੁਹਾਡਾ ਸਤਸੰਗ ਖਤਮ ਹੋ ਗਿਆ ਹੋਵੇ ਤਾਂ ਇੱਕ ਇੱਕ ਕਪ ਚਾਹ ਦਾ ਹੋ ਜਾਵੇ ? (ਹਸਦੇ ਹੋਏ ਰਣਜੀਤ ਸਿੰਘ ਬੋਲਿਆ, ਜੋ ਬਹੁਤ ਦੇਰ ਤੋਂ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ !)
- ਬਲਵਿੰਦਰ ਸਿੰਘ ਬਾਈਸਨ
http://nikkikahani.com/