ਸਿੱਖ ਕੌਮ ਪ੍ਰਫੁੱਲਤ ਨਾ ਹੋਣ ਦੇ ਮੂਲ ਕਾਰਨ
ਟੀ .ਵੀ ਐਂਕਰ ਬਨਾਮ ਸਾਡੇ ਆਗੂ
ਪਿਆਰੇ ਪਾਠਕੋ! ਇਸ ਪ੍ਰੋਗਰਾਮ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਉਨ੍ਹਾਂ ਗੁਪਤ ਭਾਵਨਾਵਾਂ ਨੂੰ ਉਜਾਗਰ ਕਰਨਾ ਹੈ ਜਿਨ੍ਹਾਂ ’ਤੋਂ ਸਿੱਖ ਸਮਾਜ ਦਾ ਇਕ ਸਾਧਾਰਨ ਪਾਠਕ ਅਨਜਾਣ ਰਹਿੰਦਾ ਹੈ। ਮੇਰੇ ਨਾਲ ਅੱਜ ਸਟੂਡੀਓ ’ਚ ਸਿੱਖ ਸਮਾਜ ਨਾਲ ਸੰਬੰਧਤ ਮੁਖ ਮਹਿਮਾਨ ਹਨ ‘ਰਾਜਨੀਤਿਕ ਆਗੂ, ਤਰਕਵਾਦੀ, ਸ਼੍ਰੀ ਸ਼੍ਰੀ 108 ਸੰਤ ਜੀ, ਗਿਆਨੀ, ਪੁਜਾਰੀ, ਲੇਖਕ, ਗੁਰਦੁਆਰਾ ਪ੍ਰਬੰਧਕ, ਜਾਗਰੂਕ, ਜਥੇਦਾਰ ਸਾਹਿਬ ਅਤੇ ਸੰਪਾਦਕ ਸਾਹਿਬ ਜੀ’, ਜਿਨ੍ਹਾਂ ’ਤੋਂ ਵਾਰੀ-2 ਮੈਂ ਇੱਕ ਸਾਧਾਰਨ ਪਾਠਕ ਦੇ ਰੂਪ ’ਚ ਸਵਾਲ ਪੁੱਛਾਂਗਾ। ਇਨ੍ਹਾਂ ਸੱਜਣਾਂ ਅੱਗੇ ਬੇਨਤੀ ਹੈ ਕਿ ਜਵਾਬ ਸਰਲ, ਸਪਸ਼ਟ ਅਤੇ ਸੀਮਤ ਸ਼ਬਦਾਂ ਰਾਹੀਂ ਦਿੱਤਾ ਜਾਵੇ।
ਸਭ ’ਤੋਂ ਪਹਿਲਾਂ ਧਾਰਮਿਕ ਰਾਜਨੀਤਿਕ ਆਗੂ ’ਤੋਂ ਚਰਚਾ ਆਰੰਭ ਕਰਾਂਗਾ:
ਟੀ. ਵੀ. ਐਂਕਰ: ਰਾਜਨੀਤਿਕ ਆਗੂ ਜੀ! ਪੰਜਾਬ ਸੂਬਾ ਬਣਨ ’ਤੋਂ ਅੱਜ ਤੱਕ ਸਭ ’ਤੋਂ ਵੱਧ ਤੁਹਾਡੀ ਪਾਰਟੀ ਦੀ ਸਰਕਾਰ ਰਹੀ ਹੈ। ਕੀ ਕਾਰਨ ਹੈ ਕਿ ਅੱਜ ਪੰਜਾਬ ’ਚ 75% ’ਤੋਂ ਵੱਧ ਬੱਚੇ ਨਸ਼ਾ ਕਰਦੇ ਹਨ, ਭਰੁਣ ਹੱਤਿਆ ਸਭ ’ਤੋਂ ਵੱਧ ਪੰਜਾਬ ’ਚ ਹੈ, ਬ੍ਰਿਧ ਮਾਤਾ ਪਿਤਾ ਆਸ਼੍ਰਮਾਂ ’ਚ ਬੈਠੇ ਹਨ, ਕਿਸਾਨ ਕਰਜੇ ਕਾਰਨ ਆਤਮ ਹੱਤਿਆ ਕਰ ਰਹੇ ਹਨ, ਜੰਮਦੀਆਂ ਬੱਚੀਆਂ ਨੂੰ ਹੀ ਅਨਾਥ ਆਸ਼੍ਰਮਾਂ ਦੇ ਪਘੂੰਣਿਆਂ ’ਚ ਸੁੱਟਣ ਦੀਆਂ ਘਟਨਾਵਾਂ ਕੇਵਲ ਉਸ ਧਰਤੀ ’ਤੇ ਹੋ ਰਹੀਆਂ ਹਨ ਜਿੱਥੋਂ ਕਦੀਂ ਗੁਰੂ ਜੀ ਨੇ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਸ਼ੁਰੂ ਕੀਤੀ ਸੀ?
ਰਾਜਨੀਤਿਕ: ਦਰਅਸਲ, ਪੰਜਾਬ ਇਕ ਸੀਮਾਵਰਤੀ ਸੂਬਾ ਹੈ ਪਾਕਿਸਤਾਨ ਅਤੇ ਅਫ਼ਗਾਨਿਸਤਾਨ ’ਤੋਂ ਨਸ਼ਾ; ਤਸਕਰਾਂ ਰਾਹੀਂ ਪੰਜਾਬ ’ਚ ਆ ਰਿਹਾ ਹੈ।
ਟੀ. ਵੀ. ਐਂਕਰ: ਰਾਜਸਥਾਨ, ਗੁਜਰਾਤ ਆਦਿ ਵੀ ਸੀਮਾਵਰਤੀ ਸੂਬੇ ਹਨ। ਨਸ਼ਾ ਤਸਕਰੀ ’ਚ ਤੁਹਾਡੇ ਕਈ ਵਜ਼ੀਰਾਂ ਦੇ ਨਾਮ ਆ ਚੁੱਕੇ ਹਨ? ਤੁਸੀਂ ਸਖ਼ਤ ਕਦਮ ਕਿਉਂ ਨਹੀਂ ਪੁੱਟ ਰਹੇ?
ਰਾਜਨੀਤਿਕ: ਸਾਡੇ ’ਤੇ ਝੂਠੇ ਆਰੋਪ ਲਗਾਉਣ ’ਚ ਕਾਂਗਰਸ ਪਾਰਟੀ ਦਾ ਹੱਥ ਹੈ, ਉਹ ਸਿੱਖਾਂ ਨੂੰ ਆਜ਼ਾਦ ਨਹੀਂ ਵੇਖਣਾ ਚਾਹੁੰਦੀ।
ਟੀ. ਵੀ. ਐਂਕਰ: ਪਰ, ਇਹ ਗੱਲਾਂ ਤਾਂ ਅਸੀਂ ਰੋਜ਼ਾਨਾ ਸੁਣਦੇ ਹਾਂ, ਤੁਹਾਡੇ ’ਤੇ ਇਹ ਵੀ ਆਰੋਪ ਹਨ ਕਿ ਤੁਸੀਂ ਰੇਤ, ਟ੍ਰਾਂਸਪੋਰਟ, ਕੇਵਲ ਆਪਰੇਟ੍ਰ, ਸ਼ਰਾਬ, ਸਮਾਰਟ ਸਿਟੀ ਦੇ ਨਾਮ ’ਤੇ ਯੋਗ ਮਹਿੰਗੀਆਂ ਥਾਵਾਂ ’ਤੇ ਆਪਣਾ ਕਬਜਾ ਕੀਤਾ ਹੋਇਆ ਹੈ। ਆਰੋਪ ਤਾਂ ਇੱਥੋਂ ਤੱਕ ਵੀ ਹੈ ਕਿ ਦਰਬਾਰ ਸਾਹਿਬ ’ਤੋਂ ਲਾਈਵ ਤੁਹਾਡੇ ਟੀ. ਵੀ. ਚੈਨਲ ਰਾਹੀਂ ਹੀ ਹੋ ਰਿਹਾ ਹੈ?
ਰਾਜਨੀਤਿਕ: ਇਹ ਸਭ ਮਨਘੜਤ ਅਤੇ ਝੂਠੀ ਅਫ਼ਵਾਹ ਕਾਂਗਰਸ ਨੇ ਫੈਲਾਈ ਹੈ।
ਟੀ. ਵੀ. ਐਂਕਰ: ਕੀ ਕਾਰਨ ਹੈ ਕਿ ਤੁਹਾਨੂੰ ਮੁਖ ਮੰਤ੍ਰੀ ਦੀ ਕੁਰਸੀ ਦੇ ਨਾਲ-2 ਸ਼੍ਰੋਮਣੀ ਕਮੇਟੀ ਨੂੰ ਆਪਣੇ ਅਧੀਨ ਰੱਖਣਾ ਪੈਂਦਾ ਹੈ? ਜਦ ਕਿ ਤੁਹਾਡੀ ਪਾਰਟੀ ’ਤੋਂ ਬਿਨਾ ਕਾਂਗਰਸ ਪਾਰਟੀ; ਸ਼੍ਰੋਮਣੀ ਕਮੇਟੀ ’ਤੇ ਕਾਬਜ ਹੋਣ ’ਤੋਂ ਬਿਨਾ ਹੀ 5 ਜਾਂ 10 ਸਾਲ ਰਾਜ ਕਰ ਜਾਂਦੀ ਹੈ?
ਰਾਜਨੀਤਿਕ: ਸਾਡੀ ਪਾਰਟੀ ਤੇ ਸ਼ੋਮਣੀ ਕਮੇਟੀ ਦੀ ਹੋਂਦ ਸਿੱਖ ਧਰਮ ਦੇ ਪ੍ਰਬੰਧਕ ਢਾਂਚੇ ਨੂੰ ਬਣਾਈ ਰੱਖਣ ਲਈ ਹੋਈ ਸੀ।
ਟੀ. ਵੀ. ਐਂਕਰ: ਤੁਸੀਂ ਇੱਕ ਤਰਫ਼ ਭਾਰਤੀ ਚੋਣ ਕਮੀਸ਼ਨ ਸਾਹਮਣੇ ਆਪਣੀ ਪਾਰਟੀ ਨੂੰ ਧਰਮਨਿਰਪੇਖ ਪਾਰਟੀ ਦੱਸ ਰਹੇ ਹੋ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਰਹੇ ਹੋ? ਕੀ ਇਹ ਤੁਹਾਡੀ; ਭਾਈਵਾਲ ਪਾਰਟੀ ਨੂੰ ਛੱਡੀਆਂ ਸੀਟਾਂ ਕਾਰਨ ਉੱਥੋਂ ਆਪਣੇ ਬੰਦੇ ਸ਼੍ਰੋਮਣੀ ਕਮੇਟੀ ’ਚ ਭੇਜਣ ਵਾਲੀ ਰਣਨੀਤੀ ਦਾ ਭਾਗ ਤਾਂ ਨਹੀਂ? ਤਾਂ ਜੋ ਵਿਰੋਧ ਖੜ੍ਹਾ ਨਾ ਹੋ ਸਕੇ ਕਿਉਂਕਿ ਕਈ ਸ਼੍ਰੋਮਣੀ ਕਮੇਟੀ ਮੈਂਬਰ ਬਾਅਦ ’ਚ ਪੰਜਾਬ ਸਰਕਾਰ ’ਚ ਮੰਤਰੀ ਵੀ ਬਣੇ ਹਨ?
ਰਾਜਨੀਤਿਕ: ਇਹ ਸਭ ਕਾਂਗਰਸ ਦੀ; ਸਿੱਖਾਂ ਦੀ ਏਕਤਾ ਨੂੰ ਤੋੜਨ ਦੀ ਚਾਲ ਹੈ, ਜਿਸ ’ਚ ਅਸੀਂ ਸਫ਼ਲ ਨਹੀਂ ਹੋਣ ਦੇਵਾਂਗੇ।
ਟੀ. ਵੀ. ਐਂਕਰ: ਬਰਨਾਲਾ ਸਾਹਿਬ; ਆਪ ਰਾਜਪਾਲ ਬਣੇ ਰਹੇ, ਆਪਣੀ ਪਤਨੀ ਨੂੰ ਇਕ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਤਾਂ ਜੋ ਕਦੀਂ ਰਾਜਪਾਲ ਪਦ ਨਾ ਮਿਲਿਆ ਤਾਂ ਮੁੜ ਪੰਜਾਬ ਦੀ ਰਾਜਨੀਤੀ ’ਚ ਆਧਾਰ ਕਾਇਮ ਕੀਤਾ ਜਾ ਸਕੇ। ਕੀ ਤੁਹਾਡੀ ਇਹ ਰਣਨੀਤੀ ਤਾਂ ਨਹੀਂ ਕਿ ਸੱਤਾ ’ਤੋਂ ਬਾਹਰ ਹੋਣ ’ਤੇ ਸ਼੍ਰੋਮਣੀ ਕਮੇਟੀ (ਸਿੱਖ ਭਾਵਨਾਵਾਂ) ਦੀ ਮਦਦ ਨਾਲ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ?
ਰਾਜਨੀਤਿਕ: ਨਹੀਂ, ਇਹ ਸਾਡਾ ਮਕਸਦ ਨਹੀਂ ਹੈ। ਜਦ ਤੱਕ ਗੁਰੂ ਨੇ ਸਾਨੂੰ ਸੇਵਾ ਬਖ਼ਸ਼ੀ ਹੈ ਅਸੀਂ ‘ਰਾਜ ਨਹੀਂ, ਸੇਵਾ’ ਕਰਦੇ ਰਹਾਂਗੇ।
(ਨੋਟ: ਅੱਗੇ ਵਾਰਤਾਲਾਪ ਤਰਕਸ਼ੀਲ ਨਾਲ)
ਟੀ. ਵੀ. ਐਂਕਰ: ਤਰਕਸ਼ੀਲ ਜੀ! ਰਾਜਨੀਤਿਕਾਂ ਵਾਂਗ ਗੋਲ ਮੋਲ ਜਵਾਬ ਦੇਣ ਦੀ ਬਜਾਏ ਇਹ ਦੱਸੋ, ਕਿ ਤੁਸੀਂ ਆਸਥਾ ਭਾਵਨਾਵਾਂ ਵਾਲਿਆਂ (ਰੱਬੀ ਭਗਤਾਂ) ਦਾ ਵਿਰੋਧ ਕਿਉਂ ਕਰਦੇ ਹੋ?
ਤਰਕਸ਼ੀਲ: ਧਾਰਮਿਕ ਆਗੂਆਂ ਨੇ ਸਮਾਜ ਨੂੰ ਆਸਥਾ ਦੇ ਨਾਮ ’ਤੇ ਮੂਰਖ ਬਣਾਇਆ ਹੋਇਆ ਹੈ ਤਾਂ ਜੋ ਇਹ ਇਨ੍ਹਾਂ ਵਿਰੁਧ ਆਵਾਜ਼ ਨਾ ਉਠਾ ਸਕਣ। ਧਾਰਮਿਕ ਆਦਮੀ ਹੀ ਸਭ ’ਤੋਂ ਵੱਧ ਸਮਾਜ ’ਚ ਲੜਾਈਆਂ, ਦੁਰਾਚਾਰ ਕਰਵਾਉਂਦੇ ਹਨ ਅਤੇ ਦੋਸ਼ੀ ਰੱਬ ਨੂੰ ਬਣਾ ਕੇ ਆਪ ਸਮਾਜ ਦੀਆਂ ਨਜ਼ਰਾਂ ’ਚ ਨਿਰਦੋਸ਼ ਬਣ ਜਾਂਦੇ ਹਨ। ਕਰਮਕਾਂਡ ਹੀ ਇਨ੍ਹਾਂ ਧਰਮੀਆਂ ਦਾ ਆਧਾਰ ਹੈ। ਇਸ ਲਈ ਅਸੀਂ ਕਿਸੇ ਰੱਬ ਨੂੰ ਨਹੀਂ ਮੰਨਦੇ।
ਟੀ. ਵੀ. ਐਂਕਰ: ਮਾਫ਼ ਕਰਨਾ, ਸਿੱਖ ਸਮਾਜ ਨੇ ਧਰਮ ਰਾਹੀਂ ਹੀ ਅਨੇਕਾਂ ਕ੍ਰਾਂਤੀਕਾਰੀ ਲਹਿਰਾਂ ਨੂੰ ਜਨਮ ਦਿੱਤਾ ਹੈ। ਇਹ ਵੀ ਸੱਚ ਹੈ ਕਿ ਕਰਮਕਾਂਡੀਆਂ ਨੇ ਅਸਲੀ ਧਰਮ (ਸੱਚ) ਨੂੰ ਬਦਨਾਮ ਕੀਤਾ ਹੈ ਪਰ ਜੇ ਜਾਗਰੂਕਾਂ ਵਾਂਗ ਕੇਵਲ ਗੁਣਾਂ ਨੂੰ ਹੀ ਰੱਬ ਮੰਨ ਲਿਆ ਜਾਵੇ ਤਾਂ ਤੁਸੀਂ ਅਜਿਹੇ ਰੱਬ ਦੇ ਪੂਜਾਰੀ ਬਣ ਸਕਦੇ ਹੋ?
ਤਰਕਸ਼ੀਲ: ਹਾਂ, ਅਸੀਂ ਅਜਿਹੇ ਰੱਬ ਦੇ ਪੂਜਾਰੀ ਬਣਨ ਨੂੰ ਤਿਆਰ ਹਾਂ।
(ਨੋਟ: ਅੱਗੇ ਵਾਰਤਾਲਾਪ ਸ਼੍ਰੀ ਸ਼੍ਰੀ 108 ਸੰਤ ਜੀ ਨਾਲ)
ਟੀ. ਵੀ. ਐਂਕਰ: ਸੰਤ ਜੀ! ਤੁਹਾਡੇ ’ਤੇ ਆਰੋਪ ਲਗਾਇਆ ਜਾਂਦਾ ਹੈ ਕਿ ਤੁਸੀਂ ਸਮਾਜ ਨੂੰ ਸੁਚੇਤ ਨਹੀਂ ਕਰ ਰਹੇ। ਭਾਵ ਕੁਦਰਤੀ ਮੌਸਮ ਦੇ ਪ੍ਰਭਾਵ ਕਾਰਨ ਅਗਰ ਕਿਸੇ ਦੀ ਮੱਝ ਇਕ ਦਿਨ ਦੁਧ ਨਹੀਂ ਦਿੰਦੀ ਤਾਂ ਤੁਸੀਂ ਉਸ ਨੂੰ ਯੋਗ ਸਲਾਹ ਦੇਣ ਦੀ ਬਜਾਏ ਪਾਣੀ ਦੇ ਛਿੱਟੇ ਮਾਰਨ ਲਈ ਪ੍ਰੇਰਦੇ ਹੋ। ਕੀ ਇਹ ਧਰਮ (ਸੱਚ) ਦਾ ਅਪਮਾਨ ਨਹੀਂ?
ਸੰਤ ਜੀ: ਸ਼ਰਧਾ ’ਚ ਬਹੁਤ ਵੱਡੀ ਤਾਕਤ ਹੁੰਦੀ ਹੈ। ਸ਼ਰਧਾ ਨਾਲ ਇਕ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਨੇਕਾਂ ਦੁਖ ਕੱਟੇ ਜਾਂਦੇ ਹਨ।
ਟੀ. ਵੀ. ਐਂਕਰ: ਪਰ, ਸੁਖਮਨੀ ਸਾਹਿਬ ਦੇ ਅਰਥ ਕਰਨ ਵੱਲ ਵੀ ਪ੍ਰੇਰੋ। ਗੁਰਬਾਣੀ ਨੂੰ ਸਮਝਣ ਲਈ ਅਗਰ ਕੋਈ ਭਾਸ਼ਾਈ ਨਿਯਮ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਤੁਸੀਂ ਉਸ ਦਾ ਵਿਰੋਧ ਕਿਉਂ ਕਰਦੇ ਹੋ?
ਸੰਤ ਜੀ: ਭਾਸ਼ਾਈ ਨਿਯਮ (ਵਿਆਕਰਨ) ਪਹਿਲਾਂ ਬਣੀ ਕਿ ਬਾਣੀ?
ਟੀ. ਵੀ. ਐਂਕਰ: ਇਹ ਤਾਂ ਸਵਾਲ ਬੜਾ ਟੇਡਾ ਲਗਦਾ ਹੈ ਕਿਉਂਕਿ ਕਿਸੇ ਗੁਰੂ, ਮਹਾਂਪੁਰਖ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਇਹ ਤਾਂ ਜ਼ਰੂਰੀ ਹੈ ਕਿ ਉਸ ਬੋਲੀ ਨੂੰ ਸਮਝਿਆ ਜਾਵੇ। ਇਹੀ ਹੈ ਵਿਆਕਰਨ (ਭਾਸ਼ਾਈ ਨਿਯਮ)। ਗੁਰਬਾਣੀ ’ਚ ਵੇਖੋ, ‘ਨਾਨਕ’ ਸ਼ਬਦ ਇਉਂ ਤਿੰਨ (ਨਾਨਕਿ, ਨਾਨਕ, ਨਾਨਕੁ) ਰੂਪਾਂ ’ਚ ਮਿਲਦਾ ਹੈ: ‘‘ਸਤਿ ਸਤਿ ਸਤਿ ‘ਨਾਨਕਿ’ ਕਹਿਆ, ਅਪਨੈ ਹਿਰਦੈ ਦੇਖੁ ਸਮਾਲੇ॥ (ਮ: 5, 381), ਹੁਕਮਿ ਰਜਾਈ ਚਲਣਾ, ‘ਨਾਨਕ’! ਲਿਖਿਆ ਨਾਲਿ॥ (ਮ:1, 1) ਅਤੇ ‘ਨਾਨਕੁ ਨੀਚੁ’ ਕਹੈ ਵੀਚਾਰੁ॥’’ (ਮ:1, 4)
ਸੰਤ ਜੀ: ਇਨ੍ਹਾਂ ਵਿਦਵਾਨਾਂ ਨੇ ਗੁਰਬਾਣੀ ’ਚ ਬਿੰਦੀਆਂ ਲਗਾ ਕੇ ਦੱਸ ਦਿੱਤਾ ਕਿ ਅਸੀਂ ਗੁਰੂ ਨਾਲੋਂ ਜਿਆਦਾ ਸਿਆਣੇ ਹਾਂ।
ਟੀ. ਵੀ. ਐਂਕਰ: ਪਰ, ਇਸ ਬਾਰੇ ਇਹ ਆਖਦੇ ਹਨ ਕਿ ਬਾਣੀ ’ਚੋਂ ਹੀ ਇਹ ਸੇਧ ਮਿਲਦੀ ਹੈ। ਜਿਵੇਂ ਕਿ ‘ਰਾਗੁ ਸਿਰੀਰਾਗੁ ਮਹਲਾ ‘ਪਹਿਲਾ’ 1 ਘਰੁ 1 ॥ ਪੰਨਾ 14॥’ ਜਾਂ ‘ਗੂਜਰੀ ਮਹਲਾ 3 ‘ਤੀਜਾ’ ॥ ਪੰਨਾ 664॥’ ’ਚ ‘ਪਹਿਲਾ ਅਤੇ ਤੀਜਾ’ ਸ਼ਬਦ ਨਾਲ ‘1 ਜਾਂ 3’ ਅੱਖਰ ਵਧੀਕ ਲੱਗਣ ਉਪਰੰਤ ਵੀ ‘ਪਹਿਲਾ ਜਾਂ ਤੀਜਾ’ ਸ਼ਬਦ ਇੱਕ ਵਾਰੀ ਹੀ ਪੜ੍ਹਿਆ ਜਾਂਦਾ ਹੈ ਅਤੇ ਹਰ ਥਾਂ ‘1 ਜਾਂ 3’ ਨੂੰ ‘ਪਹਿਲਾ ਜਾਂ ਤੀਜਾ’ ਪੜ੍ਹਨ ਦਾ ਸੰਕੇਤ ਵੀ ਮਿਲਦਾ ਹੈ। ਫਿਰ ਗੁਰਬਾਣੀ ’ਚ ਲੱਗੀ ਇੱਕ ਜਗ੍ਹਾ ਬਿੰਦੀ ਨੂੰ ਦੂਸਰੇ; ਉਨ੍ਹਾਂ ਸਮਾਨ ਅਰਥਾਂ ਵਾਲੇ ਸ਼ਬਦਾਂ ’ਚ ਕਿਉਂ ਨਹੀਂ ਪੜ੍ਹਿਆ ਜਾ ਸਕਦਾ ਜਿੱਥੇ ਬਿੰਦੀ ਨਹੀਂ ਲਿਖੀ ਗਈ? ਜਿਵੇਂ ਕਿ ‘‘ਕਿਸੁ ਨੇੜੈ; ਕਿਸੁ ਆਖਾਂ, ਦੂਰੇ॥’’ (ਮ: 1, 1042) ਪੰਕਤੀ ’ਚ ‘ਆਖਾਂ’ ਸ਼ਬਦ ’ਤੋਂ ਸੇਧ ਲੈ ਕੇ ਅਗਲੇ ਸ਼ਬਦ ’ਚ ‘ਆਖਾ’ ਨੂੰ ‘ਆਖਾਂ’ ਕਿਉਂ ਨਹੀਂ ਪੜ੍ਹ ਸਕਦੇ? ‘‘ਆਖਾ; ਜੀਵਾ, ਵਿਸਰੈ ਮਰਿ ਜਾਉ॥’’ (ਮ:1, 9) ਤੁਸੀਂ ਵੀ ਤਾਂ ‘ਰਾਹੁ’ ਨੂੰ ‘ਰਾਹੋ’, ‘ਵਿਆਹੁ’ ਨੂੰ ‘ਵਿਆਹੋ’ , ‘ਇਹੁ’ ਨੂੰ ‘ਇਹੋ’, ‘ਪਾਤਿਸਾਹੁ’ ਨੂੰ ‘ਪਾਤਿਸਾਹੋ’ ਆਦਿ ਪੜ੍ਹਾ ਰਹੇ ਹੋ?
ਸੰਤ ਜੀ: ਅਗਰ ਇਹ ਪੜ੍ਹਨੇ ਨਹੀਂ, ਫਿਰ ਇਹ ਔਕੁੜ ਕਿਉਂ ਲੱਗੇ ਹਨ?
ਟੀ. ਵੀ. ਐਂਕਰ: ਇਹ ਆਖਦੇ ਹਨ ਕਿ ਇਹ ਇੱਕ ਵਚਨ ਪੁਲਿੰਗ ਸ਼ਬਦ ਹੋਣ ਦਾ ਪ੍ਰਤੀਕ ਹੈ ਅਤੇ ਸ਼ਬਦ ਦੇ ਅਰਥ ਕਰਨ ’ਚ ਮਦਦ ਕਰਦਾ ਹੈ ਨਾ ਕਿ ਉਚਾਰਨ ਦਾ ਭਾਗ। ਅਗਰ ਔਕੁੜ ਉਚਾਰਨ ਦਾ ਭਾਗ ਜ਼ਰੂਰੀ ਹੁੰਦਾ ਤਾਂ ਇਹ ਸ਼ਬਦ ਕਿਵੇਂ ਪੜ੍ਹੇ ਜਾਣਗੇ ‘ਅਨਦਿਨੁੋ, ਬਿਬੇਕੁੋ’ ਆਦਿ।
ਸੰਤ ਜੀ: ਜੋ ਮਹਾਂਪੁਰਖਾਂ ਨੇ ਸਾਨੂੰ ਦੱਸਿਆ ਸੀ, ਅਸੀਂ ਉਸ ’ਤੇ ਹੀ ਪਹਿਰਾ ਦੇ ਰਹੇ ਹਾਂ, ਦੇਂਦੇ ਰਹਾਂਗੇ।
(ਨੋਟ: ਅੱਗੇ ਵਾਰਤਾਲਾਪ ਪੁਜਾਰੀ ਨਾਲ)
ਟੀ. ਵੀ. ਐਂਕਰ: ਪੁਜਾਰੀ ਜੀ! ਤੁਹਾਡੇ ’ਤੇ ਆਰੋਪ ਹੈ ਕਿ ਤੁਸੀਂ ਗੁਰੂ ਜੀ ਦੇ ਵਜ਼ੀਰ ਹੋ ਭਾਵ ਰਾਜੇ (ਗੁਰੂ) ਦਾ ਸੁਨੇਹਾ ਜਨਤਾ (ਭਗਤਾਂ) ਤੱਕ ਤਰੁਟੀ ਰਹਿਤ ਪਹੁੰਚਾਉਣ ਵਾਲੀ ਕੜੀ ਹੋ। ਇਸ ਕੰਮ ਨੂੰ ਕਰਨ ਦੀ ਬਜਾਏ ਤੁਸੀਂ ਮਨਮਤਿ ਫੈਲਾ ਰਹੇ ਹੋ, ਸਪੀਕਰਾਂ ਦੀ ਆਵਾਜ਼ ਧੀਮੀ ਵੀ ਨਹੀਂ ਕਰਦੇ?
ਪੁਜਾਰੀ: ਸੰਗਤਾਂ ਵੱਲੋਂ ਮਿਲੇ ਦਾਨ ਨੂੰ ਪ੍ਰਬੰਧਕ ਪੂਰੇ ਸ਼ਹਿਰ ’ਚ ਸੁਣਾਉਣਾ ਚਾਹੁੰਦੇ ਹਨ ਤਾਂ ਜੋ ਵਧੀਕ ਦਾਨੀ ਹੋਰ ਅੱਗੇ ਆਉਣ। ਪ੍ਰਬੰਧਕ ਵੀ ਆਪਣੀ ਮਹਿਮਾ ਕਰਵਾਉਣ ’ਚ ਘੱਟ ਨਹੀਂ।
(ਨੋਟ: ਅੱਗੇ ਵਾਰਤਾਲਾਪ ਪ੍ਰਬੰਧਕਾਂ ਨਾਲ)
ਟੀ. ਵੀ. ਐਂਕਰ: ਪ੍ਰਬੰਧਕ ਜੀ! ਨਵਾਬ ਕਪੂਰ ਸਿੰਘ ਜੀ ਨੇ ਵੀ ਨਵਾਬੀ ਲੈਣ ’ਤੋਂ ਮਨ੍ਹਾ ਇਸ ਲਈ ਕਰ ਦਿੱਤਾ ਸੀ ਤਾਂ ਜੋ ਘੋੜਿਆਂ ਦੀ ਲਿੱਦ ਚੁੱਕਣ ਵਾਲੀ ਸੇਵਾ ਹੱਥੋਂ ਨਾ ਚਲੀ ਜਾਵੇ ਪਰ ਤੁਸੀਂ ਤਾਂ ਆਪਣਾ ਹੱਕ ਗੁਰਦੁਆਰਿਆਂ ’ਤੇ ਇਉਂ ਜਤਾ ਰਹੇ ਹੋ ਜਿਵੇਂ ਕਿ ਗੁਰੂ ਜੀ ਨੇ ਤੁਹਾਡੇ ਹੀ ਪਰਿਵਾਰ ਨੂੰ ਇਹ ਸੇਵਾ ਸੌਂਪੀ ਹੋਵੇ?
ਪ੍ਰਬੰਧਕ: ਸੰਗਤਾਂ ਸਾਡੀ ਸੇਵਾ ’ਤੋਂ ਖੁਸ਼ ਹਨ।
ਟੀ. ਵੀ. ਐਂਕਰ: ਸੰਗਤਾਂ ਦੀ ਚੁਪ ਦਾ ਕਾਰਨ; ਖੁਸ਼ ਨਹੀਂ ਹੁੰਦਾ। ਫਿਰ ਕੇਸ ਅਦਾਲਤਾਂ ਤੱਕ ਕਿਉਂ ਜਾ ਰਹੇ ਹਨ ਅਤੇ ਪੱਗਾਂ ਕਿਉਂ ਲੱਥਦੀਆਂ ਹਨ?
ਪ੍ਰਬੰਧਕ: ਵਿਰੋਧੀ ਧਿਰ ਗੋਲਕ ਦਾ ਪੈਸਾ ਖਾਣਾ ਚਾਹੁੰਦੀ ਹੈ।
ਟੀ. ਵੀ. ਐਂਕਰ: ਤੁਹਾਡੇ ’ਤੇ ਵੀ ਸ਼ਰਾਬ ਪੀਣ/ਪੀਲਾਉਣ ਦੇ ਕਈ ਆਰੋਪ ਲੱਗੇ ਹੋਏ ਹਨ ਅਤੇ ਡੁਹਾਡੇ ਆਪਣੇ ਬੱਚੇ ਵੀ ਪਤਿਤ ਹਨ ਤੇ ਨਸ਼ਾ ਕਰਦੇ ਹਨ?
ਪ੍ਰਬੰਧਕ: ਇਹ ਆਰੋਪ ਸਭ ਝੂਠੇ ਹਨ।
ਟੀ. ਵੀ. ਐਂਕਰ: ਤੁਹਾਡੇ ’ਤੇ ਇਹ ਵੀ ਆਰੋਪ ਹੈ ਕਿ ਚੰਗੇ ਗੁਰਮਤਿ ਦੇ ਵਿਆਖਿਆਕਾਰਾਂ ਦੀ ਬਜਾਏ ਤੁਸੀਂ ਨਿਰੋਲ ਕੀਰਤਨ ਕਰਨ ਜਾਂ ਨਾਮਵਰ ਰਾਗੀ ਸੰਤਾਂ ਨੂੰ ਬੁਲਾਉਣ ਲਈ ਹੀ ਤਰਜੀਹ ਦੇ ਰਹੇ ਹੋ ਤਾਂ ਜੋ ਨਿਰਵਿਵਾਦ ਵੱਧ ਗੋਲਕ ਨਿਕਲੇ?
ਪ੍ਰਬੰਧਕ: ਜੋ, ਸਾਡੀਆਂ ਤਰੁਟੀਆਂ ਨੂੰ ਉਜਾਗਰ ਕਰਕੇ ਵਿਰੋਧੀ ਧਿਰ ਨੂੰ ਲਾਭ ਪਹੁੰਚਾਏਗਾ, ਉਨ੍ਹਾਂ ਪ੍ਰਚਾਰਕਾਂ ਨੂੰ ਕਿਹੜਾ ਪ੍ਰਬੰਧਕ ਬੁਲਾਵਾ ਭੇਜੇਗਾ?
ਟੀ. ਵੀ. ਐਂਕਰ: ਪਰ, ਅਸਲੀਅਤ ਨੂੰ ਬਿਆਨ ਕਰਨਾ ਹੀ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ?
ਪ੍ਰਬੰਧਕ: ਸੰਗਤਾਂ ਨੂੰ ਵੀ ਇਹ ਪਸੰਦ ਨਹੀਂ ਹੈ।
(ਨੋਟ: ਅੱਗੇ ਵਾਰਤਾਲਾਪ ਸੰਪਾਦਕ ਸਾਹਿਬ ਨਾਲ)
ਟੀ. ਵੀ. ਐਂਕਰ: ਸੰਪਾਦਕ ਜੀ! ਤੁਹਾਡੇ ’ਤੇ ਆਰੋਪ ਹੈ ਕਿ ਤੁਸੀਂ ਮੀਡੀਆ ਅਤੇ ਚੈਰੀਟੇਬਲ ਟ੍ਰਸਟ ਰਾਹੀਂ ਸਰਕਾਰ ’ਤੋਂ ਡਬਲ ਫਾਇਦਾ ਲੈਣ ਲਈ ਹੀ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ, ਨਾ ਕਿ ਸਿੱਖ ਸਮਾਜ ਦੇ ਭਲੇ ਲਈ? ਕੀ ਇਹ ਸਭ ਕੁਝ ਕਿਸੇ ਰਾਜਨੀਤਿਕ ਲੀਡਰ ਦੀ ਮਦਦ ਨਾਲ ਹੋ ਰਿਹਾ ਹੈ?
ਸੰਪਾਦਕ: ਅਸੀਂ ‘‘ਸਚੁ ਸੁਣਾਇਸੀ ਸਚ ਕੀ ਬੇਲਾ॥’’ (ਮ: 1, 723) ’ਤੇ ਪਹਿਰਾ ਦਿੰਦਿਆਂ ਸਭ ਪਾਰਟੀਆਂ ਵਿਰੁਧ ਬਰਾਬਰ ਲੇਖ ਲਿਖਦੇ ਆਏ ਹਾਂ।
ਟੀ. ਵੀ. ਐਂਕਰ: ਪਰ, ਸੰਨ 2004-5 ’ਚ ਤੁਸੀਂ ਚਿੱਠੀਆਂ ਭੇਜ ਕੇ ਚੰਡੀਗੜ੍ਹ, ਦਿੱਲੀ, ਕਲਕੱਤਾ ਆਦਿ ਸਥਾਨਾਂ ’ਤੇ ਦਫਤਰ ਖੋਲਣ ਲਈ ਪਾਠਕਾਂ ਪਾਸੋ 4 ਕ੍ਰੋੜ ਦੀ ਮੰਗ ਕੀਤੀ ਸੀ, ਜਿਨ੍ਹਾਂ ਪਾਠਕਾਂ ’ਚ ਇਕ ਮੈਂ ਵੀ ਹਾਂ। ਤੁਹਾਨੂੰ 16 ਕ੍ਰੋੜ ਫੋਨ ਰਾਹੀਂ ਮਸ਼ੀਨਾਂ ਖਰੀਦ ਕੇ ਦੇਣ ਲਈ ਕਿਸੇ ਨੇ ਪੇਸਕਸ਼ ਕੀਤੀ ਸੀ? ਕੀ ਉਹ ਪੰਜਾਬ ਦਾ ਕੋਈ ਕਾਂਗਰਸ ਲੀਡਰ ਹੈ?
ਸੰਪਾਦਕ: ਇਹ ਸੱਚ ਹੈ ਕਿ ਅਸੀਂ ਪੈਸਿਆਂ ਲਈ ਪੇਸਕਸ਼ ਪਾਠਕਾਂ ਅੱਗੇ ਕੀਤੀ ਸੀ/ਕਰ ਰਹੇ ਹਾਂ ਅਤੇ ਸਾਨੂੰ ਕਿਸੇ ਗੁਪਤ ਬੰਦੇ ਨੇ ਮਸ਼ੀਨਾਂ ਵੀ ਲੈ ਕੇ ਦਿੱਤੀਆਂ ਹਨ ਪਰ ਉਸ ਬੰਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਕਿ ਉਹ ਕੋਣ ਹੈ।
ਟੀ. ਵੀ. ਐਂਕਰ: ਇਹ ‘ਉੱਚਾ ਦਰ’ ਟ੍ਰਸਟ ਦਾ ਕਾਨੂੰਨੀ ਹੱਕਦਾਰ ਕੌਣ ਹੈ?
ਸੰਪਾਦਕ: ਸਾਰੇ ਫੈਸਲੇ ਲੈਣ ਦਾ ਅਧਿਕਾਰ ਟ੍ਰਸਟੀਆਂ ਕੋਲ ਹੈ।
ਟੀ. ਵੀ. ਐਂਕਰ: ਫੈਸਲੇ ਲੈਣ ਦਾ ਅਧਿਕਾਰ ਅਸਥਾਈ ਹੁੰਦਾ ਹੈ ਜਿਵੇਂ ਕਿ ਇਕ ਟ੍ਰਸਟੀ, ਜਿਸ ਦਾ ਪਿੱਛੇ ਜਿਹੇ ਆਕਾਲ ਚਲਾਣਾ ਹੋ ਗਿਆ, ਨੇ 50 ਲੱਖ ਆਪਣੀ ਜਮੀਨ ਵੇਚ ਕੇ ਦਿੱਤਾ ਸੀ। ਹੁਣ ਉਸ ਦੀ ਜਗ੍ਹਾ ਟ੍ਰਸਟੀ ਕੌਣ ਹੈ?
ਸੰਪਾਦਕ: ਉਸ ਦੇ ਨਾਮ ’ਤੇ ਕੋਈ ਨੀਂਹ ਪੱਥਰ ਜਾਂ ਯਾਦਗਰ ਬਣਾਈ ਜਾਵੇਗੀ।
ਟੀ. ਵੀ. ਐਂਕਰ: ਜਿਸ ਬਾਬੇ (ਗੁਰੂ) ਦੇ ਨਾਮ ’ਤੇ ਇਹ ਸਭ ਕੁਝ ਹੋ ਰਿਹਾ ਹੈ ਕੀ ਤੁਸੀਂ ਉਸ ਨੂੰ ਗੁਰੂ ਮੰਨਦੇ ਹੋ?
ਸੰਪਾਦਕ: ਬਾਬੇ ਨੇ ਕਦੇ ਬਾਣੀ ’ਚ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਹਰ ਥਾਂ ‘ਧੁਰ ਕੀ ਬਾਣੀ’ ਨੂੰ ਹੀ ਗੁਰੂ ਕਿਹਾ ਹੈ ਜਿਵੇਂ ਕਿ
‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ (ਮ: 1, 943),
ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ॥’’ (ਮ:3, 515) ਜਾਂ
‘‘ਬਾਣੀ ਗੁਰੂ; ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ; ਸਾਰੇ॥’’
ਟੀ. ਵੀ. ਐਂਕਰ: ਇਸ ਸ਼ਬਦ ਦੇ ਅੱਗੇ ਇਉਂ ਵੀ ਲਿਖਿਆ ਹੈ
‘‘ਗੁਰੁ; ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥’’ (ਮ:4/982)
ਭਾਵ ਗੁਰੂ ਹੀ ਜਿਸ ਬਾਣੀ ਨੂੰ ਆਖ ਰਿਹਾ ਹੈ ਉਹੀ ਬਾਣੀ ਅਗਾਂਹ ਜਾ ਕੇ ਤੁਹਾਡਾ ਗੁਰੂ ਬਣੇਗੀ।
ਸੰਪਾਦਕ ਸਾਹਿਬ: ਜਪੁ ਜੀ ਸਾਹਿਬ ’ਚ ਬਾਬਾ ਜੀ ਇਉਂ ਕਹਿ ਰਹੇ ਹਨ ਕਿ
‘‘ਗੁਰਾ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥’’ (ਮ:1/2)
ਦੱਸੋ, ਬਾਬੇ ਦਾ ਗੁਰੂ ਇੱਥੇ ਕਿਹੜਾ ਹੈ?
ਟੀ. ਵੀ. ਐਂਕਰ: ਸੰਪਾਦਕ ਜੀ! ਗੁਰਬਾਣੀ; ਗੁਰੂ ਜੀ ਨੇ ਸਾਡੇ ਲਈ ਲਿਖੀ ਹੈ ਜਾਂ ਆਪਣੇ ਲਈ? ਮੂਲ ਮੰਤ੍ਰ ਦੀ ਸਮਾਪਤੀ ‘ਗੁਰ ਪ੍ਰਸਾਦਿ’ ਸ਼ਬਦ ਨਾਲ ਹੁੰਦੀ ਹੈ ਜਿਸ ਦੇ ਅਰਥ ਵਿਆਕਣ ਅਨੁਸਾਰ
(1). ਗੁਰੂ ਦੀ ਕ੍ਰਿਪਾ ਨਾਲ (ਰਾਹੀਂ ਜਾਂ ਦੁਆਰਾ) ‘ੴ’ ਮਿਲਦਾ ਹੈ।
(2). ਗੁਰੂ ਦੀ ਕ੍ਰਿਪਾ ਵਿੱਚ ‘ੴ’ ਵੱਸਦਾ ਹੈ।
(3). ਗੁਰੂ ਦੀ ਕ੍ਰਿਪਾ ਨੇ ‘ੴ’ ਨੂੰ ਮਿਲਾਉਣਾ ਹੈ ਜਾਂ
(4) ਗੁਰੂ ਦੀ ਕ੍ਰਿਪਾ ’ਤੋਂ ‘ੴ’ ਦੀ ਪ੍ਰਾਪਤੀ ਹੁੰਦੀ ਹੈ। ਕੀ ਇੱਥੇ ਇਕ ਸ਼ਕਤੀ ‘ੴ’ ਰੂਪ ’ਚ ਅਤੇ ਦੂਸਰੀ ਸ਼ਕਤੀ ‘ਗੁਰੂ’ ਰੂਪ ’ਚ ਪ੍ਰਗਟ ਨਹੀਂ ਹੋ ਰਹੀ?
ਸੰਪਾਦਕ: ਮੈ ਕਿਸੇ ਵਿਆਕਰਨ ਨਿਯਮ ਨੂੰ ਨਹੀਂ ਮੰਨਦਾ।
ਟੀ. ਵੀ. ਐਂਕਰ: ਜਦ ਤੁਸੀਂ ਪਹਿਲੇ ਪਾਤਿਸ਼ਾਹ ਨੂੰ ਗੁਰੂ ਨਹੀਂ ਮੰਨਦੇ ਤਾਂ ਦੂਸਰੇ, ਤੀਸਰੇ, ਨੌਵੇਂ, ਦਸਵੇਂ ਗੁਰੂ ਬਾਰੇ ਤੁਹਾਡੇ ਕੀ ਵੀਚਾਰ ਹਨ?
ਸੰਪਾਦਕ: ਦੂਸਰੇ ਪਾਤਿਸ਼ਾਹ ਨੂੰ ਗੁਰੂ ਦੀ ਪਦਵੀ ਬਾਬੇ ਨਾਨਕ ਦੇ ਚਲਾਣੇ ’ਤੋਂ ਉਪਰੰਤ ਬਾਬਾ ਬੁੱਢਾ, ਭਾਈ ਗੁਰਦਾਸ ਆਦਿ ਸਿੱਖਾਂ ਨੇ ਦਿੱਤੀ ਸੀ ਜੋ ਕਿ ਬਾਬੇ ਨਾਨਕ ਦੇ ਸਿਧਾਂਤ ਦੇ ਵਿਪ੍ਰੀਤ ਸੀ।
(ਨੋਟ: ਅੱਗੇ ਵਾਰਤਾਲਾਪ ਲੇਖਕ ਨਾਲ)
ਟੀ. ਵੀ. ਐਂਕਰ: ਲੇਖਕ ਜੀ! ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਗੁਣਾਂ ਕਾਰਨ; ਮਨੁੱਖ ਜਾਂ ਰੱਬ ਵਿੱਚੋਂ ਕਿਸ ਦੇ ਨਜ਼ਦੀਕ ਵੇਖਦੇ ਹੋ?
ਲੇਖਕ: ਰੱਬ ਦੇ, ਕਿਉਂਕਿ ਗੁਰਬਾਣੀ ਫ਼ੁਰਮਾਨ ਹੈ ‘‘ਗੁਰੁ ਪਰਮੇਸਰੁ ਏਕੋ ਜਾਣੁ॥(ਮ:5/864), ਪਾਰਬ੍ਰਹਮ ਗੁਰ ਨਾਹੀ ਭੇਦ॥ (ਮ:5,1142), ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ॥ (ਮ:1, 61)
ਟੀ. ਵੀ. ਐਂਕਰ: ਮੈਡੀਕਲ ਸਾਇੰਸ ਅਨੁਸਾਰ ਕੋਈ ਵੀ ਮਨੁੱਖ ਆਪਣੀ ਬੁਧੀ ਦਾ 8% ਭਾਗ ਵੀ ਇਸਤੇਮਾਲ ਨਹੀਂ ਕਰ ਸਕਿਆ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬੁਧੀ ਦਾ 100% ਭਾਵ ਇਸਤੇਮਾਲ ਕੀਤਾ ਹੈ? ਕੀ ਇਹ ਠੀਕ ਹੈ?
ਉਤਰ: ਹਾਂ।
ਟੀ. ਵੀ. ਐਂਕਰ: ਫਿਰ ਤੁਸੀਂ ਵੱਧ ’ਤੋਂ ਵੱਧ 8% ਬੁਧੀ ਨੂੰ ਇਸਤੇਮਾਲ ਕਰਨ ਵਾਲੇ ਕਿਸ ਆਧਾਰ ’ਤੇ ਕਹਿ ਦਿੰਦੇ ਹੋ ਕਿ ਮੰਦਰ ਨਹੀਂ ਘੁੰਮ ਸਕਦਾ, ਪਾਣੀ ਨਾਲ ਕਬੀਰ ਜੀ ਦੀ ਜੰਜੀਰ ਨਹੀਂ ਟੁੱਟ ਸਕਦੀ, ਮਰੀ ਹੋਈ ਗਾਂ ਜਿਉਂਦੀ ਨਹੀਂ ਹੋ ਸਕਦੀ, ਉਪਰੋਂ ਆਉਂਦਾ ਪੱਥਰ ਹੱਥ ਨਾਲ ਨਹੀਂ ਰੁਕ ਸਕਦਾ, ਸਵਾ ਲੱਖ ਨਾਲ ਇਕੱਲਾ ਨਹੀਂ ਲੜ ਸਕਦਾ ਆਦਿ।
ਲੇਖਕ: ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਰਾਜਾ ਔਰੰਗਜੇਬ ਨੇ ਆਪਣੀ ਜਾਨ ਬਚਾਉਣ ਲਈ ਤਿੰਨ ਸ਼ਰਤਾਂ ਰੱਖੀਆਂ ਸਨ
(1). ਮੁਸਲਮਾਨ ਬਣ ਜਾਉ।
(2). ਕਰਾਮਾਤ ਵਿਖਾਉ। ਅਤੇ
(3). ਮੌਤ ਪ੍ਰਵਾਨ ਕਰੋ।
ਗੁਰੂ ਜੀ ਨੇ ਜਵਾਬ ’ਚ ਕਿਹਾ ਸੀ ਕਰਾਮਾਤ
ਵਿਖਾਉਣੀ ਕਾਇਰਤਾ ਦਾ ਨਾਮ ਹੈ ਭਾਵ ਰੱਬੀ ਵਿਧਾਨ ’ਤੋਂ ਵਿਪ੍ਰੀਤ ਹੈ। ਮੁਸਲਮਾਨ ਤਾਂ ਬਣਾ ਜੇ ਮੌਤ ਨਾ ਆਵੇ ਇਸ ਲਈ ਮੌਤ ਪ੍ਰਵਾਨ ਹੈ।
ਟੀ. ਵੀ. ਐਂਕਰ: ਤੁਹਾਡੇ ਅਨੁਸਾਰ ਕਰਾਮਾਤ ਕੇਵਲ ਰੱਬੀ ਨਿਯਮ ਦੀ ਉਲੰਘਣਾ ਦਾ ਨਾਮ ਹੈ ਪਰ ਗੁਰਬਾਣੀ ਕਹਿ ਰਹੀ ਹੈ ਕਿ
‘‘ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ॥
ਨਾਨਕ! ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ॥ (ਮ:2/475)
ਭਾਵ ਕੋਈ ਵੀ ਵਿਅਕਤੀ ਆਪਣੇ ਆਪ ਕੋਈ ਸ਼ਕਤੀ ਪ੍ਰਾਪਤ ਨਹੀਂ ਕਰ ਸਕਦਾ ਪਰ ਰੱਬੀ ਮਾਲਕ ਦੀ ਪ੍ਰਸੰਨਤਾ ਨਾਲ ਜੋ ਕੁਦਰਤ ’ਚ ਅਸਚਰਜ ਨਜ਼ਾਰਾ ਪੈਦਾ ਹੁੰਦਾ ਹੈ ਉਸ ਨੂੰ ਦੁਨਿਆਵੀ ਲੋਕ ਕਰਾਮਾਤ ਆਖਦੇ ਹਨ। ਇਸ ਤਰ੍ਹਾਂ ਦੀ ਰੱਬੀ ਬਖ਼ਸ਼ਸ਼ ’ਚ ਪ੍ਰਮਾਤਮਾ ਦੇ ਨਿਯਮ ਦੀ ਉਲੰਘਣਾ ਕਿੱਥੋਂ ਆ ਗਈ? ਤੁਸੀਂ ਕਿਸੇ ਨਾ ਕਿਸੇ ਰੂਪ ’ਚ ਦੁਨਿਆਵੀ ਪ੍ਰਭਾਵ ਅਧੀਨ ਹੀ ਵਿਦਵਤਾ ਵਿਖਾ ਰਹੇ ਹੋ, ਕੰਮ ਕਰ ਰਹੇ ਹੋ। ਜਿਸ ਬਾਰੇ ਗੁਰਬਾਣੀ ਫ਼ੁਰਮਾਨ ਹੈ
‘‘ਫਰੀਦਾ! ਦੁਨੀ ਵਜਾਈ ਵਜਦੀ, ਤੂੰ ਭੀ ਵਜਹਿ ਨਾਲਿ॥’’ (ਮ: 5, 1383)
ਬੇਸ਼ੱਕ ਉਹ ਕਾਂਗਰਸ ਦੇ ਪ੍ਰਭਾਵ ਵਾਲੀ ਵਿਚਾਰਧਾਰਾ ਹੋਵੇ ਜਾਂ ਆਰ. ਐਸ.ਐਸ ਦੇ ਪ੍ਰਭਾਵ ਵਾਲੀ।
ਲੇਖਕ: ਕੁਝ ਲੇਖਕ ਦੀਆਂ ਆਰਥਿਕ ਮਜਬੂਰੀਆਂ ਵੀ ਹੁੰਦੀਆਂ ਹਨ।
(ਨੋਟ: ਅੱਗੇ ਵਾਰਤਾਲਾਪ ਜਾਗਰੂਕ ਨਾਲ)
ਟੀ. ਵੀ. ਐਂਕਰ: ਜਾਗਰੂਕ ਜੀ! ਪ੍ਰਮਾਤਮਾ; ਸਰਵ ਵਿਆਪਕ ਕਿਸ ਰੂਪ ’ਚ ਹੈ ਭਾਵ ਜੋਤ ਰੂਪ ’ਚ ਹੈ, ਗੁਣਾਂ ਰੂਪ ’ਚ ਹੈ ਜਾਂ ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ ਅਤੇ ਆਕਾਸ) ਰੂਪ ’ਚ ਹੈ।
ਜਾਗਰੂਕ: ਜੋਤ ਰੂਪ ’ਚ ਰੱਬ ਹੁੰਦਾ ਤਾਂ ਦੁਰਾਚਾਰੀ ’ਚ ਬੈਠ ਕੇ ਰੱਬ; ਕੁਕਰਮ ਕਿਉਂ ਕਰਵਾਉਂਦਾ? ਗੁਣਾਂ ਭਰਪੂਰ ਹਿਰਦੇ ’ਚ ਹੀ ਰੱਬ ਦਾ ਵਾਸਾ ਹੋ ਸਕਦਾ ਹੈ। ਗੁਣ ਵੀ ਕਿਸੇ ਪੰਜ ਤੱਤ ਰੂਪ ਸਰੀਰ ’ਚ ਹੀ ਧਾਰਨ ਕੀਤੇ ਜਾ ਸਕਦੇ ਹਨ।
ਟੀ. ਵੀ. ਐਂਕਰ: ਤੁਹਾਡੇ ਅਨੁਸਾਰ ਰੱਬ; ਜੋਤ ਰੂਪ ’ਚ ਸਰਬ ਵਿਆਪਕ ਨਹੀਂ ਪਰ ਗੁਰਬਾਣੀ ਫ਼ੁਰਮਾਨ ਹੈ ‘
‘ਸਭ ਮਹਿ ਜੋਤਿ, ਜੋਤਿ ਹੈ ਸੋਇ॥
ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ॥ (ਮ: 1, 13)
ਫਿਰ ਤਾਂ ਤੁਹਾਡੇ ਅਨੁਸਾਰ ਨਿਰਗੁਣ ਜੀਵ ’ਚ ਰੱਬ ਦਾ ਵਾਸਾ ਵੀ ਨਹੀਂ?
ਜਾਗਰੂਕ: ਨਹੀਂ, ਵਿਗਿਆਨ ਵੀ ਕਿਸੇ ਐਸੀ ਸ਼ਕਤੀ ਨੂੰ ਨਹੀਂ ਮੰਨਦੀ।
ਟੀ. ਵੀ. ਐਂਕਰ: ਵਿਗਿਆਨ ਤਾਂ ਰੱਬ ਦੀ ਹੋਂਦ ਨੂੰ ਵੀ ਨਹੀਂ ਮੰਨਦਾ। ਤੁਸੀਂ ਤਰਕਸ਼ੀਲਾਂ ਵਾਂਗ ਕਿਉਂ ਨਹੀਂ ਕਹਿ ਦਿੰਦੇ ਕਿ ਰੱਬ; ਕੇਵਲ ਗੁਣ ਹੀ ਹਨ, ਨਾ ਕਿ ਕੋਈ ਸ਼ਕਤੀ? ਜਦ ਗੁਣ ਹੀ ਰੱਬ ਹਨ ਤਾਂ ਉਨ੍ਹਾਂ ’ਤੇ ਚੱਲਣਾ ਜਾਂ ਨਾ ਚੱਲਣਾ ਮਨੁੱਖ ਦੇ ਹੱਥ ’ਚ ਹੈ ਭਾਵ ਜਿਵੇਂ ਕਿਸੇ ਦੇਸ਼ ਨੇ ਕਾਨੂੰਨ ਬਣਾ ਦਿੱਤਾ, ਹੁਣ ਉਸ ਦੀ ਪਾਲਣਾ ਕਰਨੀ ਜਾਂ ਨਾ ਕਰਨੀ ਜਨਤਾ ਦੇ ਹੱਥ ਵਿੱਚ ਹੈ। ਕੀ ਗੁਣ ਰੂਪ ਰੱਬ ਜਾਂ ਗੁਰੂ; ਬਖ਼ਸ਼ਸ਼ ਕਰਕੇ ਕਿਸੇ ਨੂੰ ਚੰਗੇ ਪਾਸੇ ਚਲਣ ਲਾਇਕ ਬਣਾਉਂਦਾ ਹੈ?
ਜਾਗਰੂਕ: ਬਿਲਕੁਲ ਨਹੀਂ।
ਟੀ. ਵੀ. ਐਂਕਰ: ਜਦ ਰੱਬ ਜਾਂ ਗੁਰੂ ਕੋਈ ਬਖ਼ਸ਼ਸ਼ ਹੀ ਨਹੀਂ ਕਰਦੇ ਤਾਂ ਫਿਰ ਇਨ੍ਹਾਂ ਅੱਗੇ ਅਰਦਾਸ ਕਰਨ ਦਾ ਕੀ ਫਾਇਦਾ ਹੈ?
ਜਾਗਰੂਕ: ਅਸੀਂ ਤਾਂ ਅਰਦਾਸ ਕਰਨ ਦਾ ਪਹਿਲਾਂ ’ਤੋਂ ਹੀ ਵਿਰੋਧ ਕਰਦੇ ਹਾਂ।
ਟੀ. ਵੀ. ਐਂਕਰ: ਅਰਦਾਸ ਦਾ ਸਿੱਧਾ ਵਿਰੋਧ; ਉਕਤ ਭਾਵਨਾ ਰਾਹੀਂ ਕਿਉਂ ਨਹੀਂ ਕਰਦੇ? ਤੁਸੀਂ ਤਾਂ ਇਹ ਕਹਿੰਦੇ ਹੋ ਕਿ ਇਸ ਅਰਦਾਸ ਦੀ ਔਹ ਪਉੜੀ ਉੱਥੇ ਲਿਖੀ ਹੈ ਆਹ ਪਉੜੀ ਇੱਥੇ ਲਿਖੀ ਹੈ?
ਜਾਗਰੂਕ: ਸਿੱਖ ਇਤਿਹਾਸ ਬਹੁਤਾ ਅਨਮਤਾਂ ਦੇ ਵਿਦਵਾਨਾਂ ਰਾਹੀਂ ਲਿਖਿਆ ਗਿਆ ਹੈ।
ਟੀ. ਵੀ. ਐਂਕਰ: ਇਸ ਦਾ ਫੈਸਲਾ ਕੌਣ ਕਰੇਗਾ ਕਿ ਕਿੰਨ੍ਹਾਂ ਇਤਿਹਾਸ ਸਹੀ ਤੇ ਕਿੰਨ੍ਹਾਂ ਗ਼ਲਤ ਹੈ? ਕੌਮ ਵੱਲੋਂ ਬਣਾਈ ਮਰਯਾਦਾ ਤੁਸੀਂ ਮੰਨਦੇ ਨਹੀਂ? ਤੁਹਾਡੇ ਅਨੁਸਾਰ ਮਰਯਾਦਾ ’ਚ ਕੀ ਕੀ ਬਦਲਾਵ ਹੋਣਾ ਚਾਹੀਦਾ ਹੈ?
ਜਾਗਰੂਕ: ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀਆਂ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾਵੇ। ਅਰਦਾਸ; ਹਿੰਦੂ ਆਰਤੀ ਹੈ ਇਸ ਨੂੰ ਬੰਦ ਕੀਤਾ ਜਾਵੇ, ਸੰਪੂਰਨ ਗੁਰਬਾਣੀ ਹੀ ਨਿਤਨੇਮ ਹੈ, ਨਾ ਕਿ ਪੰਜ ਜਾਂ ਸੱਤ ਬਾਣੀਆਂ।
ਟੀ. ਵੀ. ਐਂਕਰ: ਗੁਰੂ ਨਾਨਕ ਜੀ ਨੇ ਇਕ ਸ਼ਬਦ ‘ਸੋ ਦਰੁ ਤੇਰਾ ਕੇਹਾ...॥’ ਤਿੰਨ ਵਾਰ ਗੁਰਬਾਣੀ ’ਚ ਦਰਜ ਕੀਤਾ ਹੈ। ਕੀ ਇਸ ’ਤੋਂ ਸਪਸ਼ਟ ਨਹੀਂ ਹੁੰਦਾ ਕਿ ਕੁਝ ਖਾਸ ਬਾਣੀਆਂ ਦਾ ਨਿਤਨੇਮ; ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ’ਤੋਂ ਪ੍ਰਚੱਲਤ ਹੈ? ਕਿਸੇ ਫ਼ਿਲਾਸਫ਼ੀ (ਸਿਧਾਂਤ) ’ਤੇ ਪਹਿਰਾ ਦੇਣ ਵਾਲੇ ਮਰਜੀਵੜਿਆਂ ਦੇ ਜੀਵਨ ’ਤੋਂ ਪ੍ਰਭਾਵਤ ਹੋਣ ਲਈ ਅਰਦਾਸ ਕਰਨਾ; ਕੀ ਗ਼ਲਤ ਹੈ? ਜਿਸ ਬਾਰੇ ਗੁਰਬਾਣੀ ਇਉਂ ਫ਼ੁਰਮਾ ਰਹੀ ਹੈ
‘‘ਜੋ ਦੀਸੈ ਗੁਰਸਿਖੜਾ, ਤਿਸੁ ਨਿਵਿ ਨਿਵਿ ਲਾਗਉ, ਪਾਇ ਜੀਉ॥ (ਮ:1, 763) ਅਤੇ
ਕਬੀਰ! ਸੁਪਨੈ ਹੂ ਬਰੜਾਇ ਕੈ, ਜਿਹ ਮੁਖਿ ਨਿਕਸੈ ਰਾਮੁ॥
ਤਾ ਕੇ ਪਗ ਕੀ ਪਾਨਹੀ, ਮੇਰੇ ਤਨ ਕੋ ਚਾਮੁ॥’’ (ਭ. ਕਬੀਰ,1367)
ਭਾਵ ਸੁਪਨੇ ’ਚ ਵੀ ਜੇ ਕੋਈ ਰੱਬ ਨੂੰ ਯਾਦ ਕਰਦਾ ਹੈ ਉਸ ਦੀ ਜੁੱਤੀ ਲਈ ਮੈਂ ਆਪਣਾ ਸਰੀਰ ਦੇਣ ਨੂੰ ਤਿਆਰ ਹਾਂ। ਭੱਟਾਂ ਦੀ ਬਾਣੀ, ਸੱਤਾ-ਬਲਵੰਡ ਦੀ ਬਾਣੀ ਸਮੇਤ ਪੰਜਵੇਂ ਪਾਤਿਸ਼ਾਹ ਜੀ ਇਉਂ ਫ਼ੁਰਮਾ ਰਹੇ ਹਨ
‘‘ਸਭ ਤੇ ਵਡਾ ਸਤਿਗੁਰੁ ਨਾਨਕੁ, ਜਿਨਿ ਕਲ ਰਾਖੀ ਮੇਰੀ ॥’’ (ਮ:5, 750)
ਤੁਸੀਂ ਆਖਦੇ ਹੋ ਕਿ ਗੁਰਬਾਣੀ ਦੇ ਬਾਹਰੋਂ ਨਿਤਨੇਮ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਭਗਤ ਬਾਣੀ ਬਾਹਰੋਂ ਇਕੱਤਰ ਕੀਤੀ ਗਈ, ਪੰਜਵੇਂ ਪਾਤਿਸ਼ਾਹ ਜੀ ਦੇ ਸਮੇਂ ਭੱਟ ਬਾਣੀ ਬਾਹਰੋਂ ਇਕੱਤਰ ਕੀਤੀ ਗਈ ਪਰ ਕੀ ਕਾਰਨ ਹੈ ਕਿ ਅੱਜ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੋਂ ਚੰਗੀ ਰਚਨਾ ਦੀ ਪਰਖ ਕਰਨ ਵਾਲੀ ਬਿਬੇਕਤਾ ਖ਼ਤਮ ਹੀ ਨਹੀਂ ਹੋਈ ਹੈ ਬਲਕਿ ਰੱਜ ਕੇ ਉਸ ਦੇ ਵਿਰੋਧ ’ਚ ਆਵਾਜ਼ ਵੀ ਬੁਲੰਦ ਕਰ ਰਹੇ ਹਾਂ ਅਤੇ ਇਹ ਵੀ ਆਖਦੇ ਹਾਂ ਕਿ
‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ; ਬਾਹਰਾ ਜੀਉ॥’’ (ਮ:5, 97)
ਜਾਗਰੂਕ: ਜੇ ਇਸ ਤਰ੍ਹਾਂ ਬਾਹਰਲੀਆਂ ਰਚਨਾਵਾਂ ਨੂੰ ਪਾਠ ’ਚ ਸਾਮਲ ਕੀਤਾ ਜਾਣ ਲੱਗਾ ਤਾਂ ਇਸ ਦਾ ਵਿਸਥਾਰ ਬਹੁਤ ਹੋ ਜਾਵੇਗਾ।
ਟੀ. ਵੀ. ਐਂਕਰ: ਜਿਆਦਾ ਵਿਆਪਕ ਵਿਸਥਾਰ ਨਾਲ ਗੁਰੂ ਦੀ ਪਦਵੀ ਦਾ ਦਾਇਰਾ ਵਧਦਾ ਹੈ ਜਾਂ ਘਟਦਾ ਹੈ? ਇਕ ਆਖਰੀ ਸਵਾਲ ਹੋਰ ਪੁੱਛਣਾ ਚਾਹੁੰਦਾ ਹਾਂ ਕਿ ਮੇਰੀ ਸੋਚ ਅਨੁਸਾਰ ਮਨ ਦੀ ਸ਼ਾਂਤੀ ਹੀ ਧਰਮ ਹੈ ਅਤੇ ਮੈਂ ਕਿਸੇ ਇਕਾਂਤ ’ਚ ਅੱਖਾਂ ਬੰਦ ਕਰਕੇ, ਨਿਰਾਕਾਰ ਦੀ ਅਸੀਮ ਸ਼ਕਤੀ ਦਾ ਧਿਆਨ ਧਰਦਿਆਂ ਰੱਬੀ ਅਸੀਮ ਸ਼ਕਤੀ ਦੇ ਮੁਕਾਬਲੇ ਆਪਣੀ ਤੁਛ ਸ਼ਕਤੀ
‘‘ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥’’
ਨੂੰ ਅਨੁਭਵ ਕਰਦਾ ਹੋਇਆ ਅਤੇ ਰੱਬੀ ਡਰ-ਅਦਬ ’ਚ
‘‘ਭੈ ਬਿਨੁ; ਭਗਤਿ ਨ ਹੋਵਈ, ਨਾਮਿ ਨ ਲਗੈ ਪਿਆਰੁ॥ (ਮ:3/788),
ਭੈ ਬਿਨੁ; ਭਗਤਿ ਨ ਹੋਈ ਕਬ ਹੀ, ਭੈ ਭਾਇ ਭਗਤਿ ਸਵਾਰੀ॥ (ਮ:3/911),
ਭੈ ਬਿਨੁ; ਭਰਮੁ ਨ ਕਟੀਐ, ਨਾਮਿ ਨ ਲਗੈ ਪਿਆਰੁ॥’’ (ਮ:1/1288)
ਰਾਹੀਂ ਮਨ ਦੀਆਂ ਵਾਸ਼ਨਾਵਾਂ ਨੂੰ ਕੁਝ ਸਮੇਂ ਲਈ ਕਾਬੂ ਕਰਨ ’ਚ ਸਫਲ ਹੋ ਜਾਂਦਾ ਹਾਂ ਪਰ ਤੁਸੀਂ ਇਸ ਸਿਮਰਨ ਦਾ ਵਿਰੋਧ ਕਿਉਂ ਕਰਦੇ ਹੋ?
ਜਾਗਰੂਕ: ਗੁਰੂ ਜੀ ਨੇ ਅੱਖਾਂ ਬੰਦ ਕਰਨ ਨੂੰ ਪਾਖੰਡ ਦੱਸਿਆ ਹੈ ਅਤੇ ਇਹ ਕ੍ਰਿਆ ਗ੍ਰਿਹਸਤੀ ’ਤੋਂ ਭਗੌੜੇ ਬੰਦੇ ਦੀ ਨਿਸ਼ਾਨੀ ਹੈ
‘‘ਅਖੀ ਤ ਮੀਟਹਿ; ਨਾਕ ਪਕੜਹਿ, ਠਗਣ ਕਉ ਸੰਸਾਰੁ॥’’ (ਮ: 1, 662)
ਟੀ. ਵੀ. ਐਂਕਰ: ਪਰ, ਮੈਂ ਤਾਂ ਗ੍ਰਿਹਸਤੀ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾ ਰਿਹਾ ਹਾਂ ਅਤੇ ਇਉਂ ਕਰਨ ਨਾਲ ਮੈਨੂੰ ਸ਼ਾਂਤੀ ਵੀ ਮਿਲ ਰਹੀ ਹੈ। ਗੁਰੂ ਫ਼ੁਰਮਾਨ ਵੀ ਹੈ ਕਿ
‘‘ਨਾਨਕ! ਸੇ ਅਖੜੀਆਂ ਬਿਅੰਨਿ, ਜਿਨੀ ਡਿਸੰਦੋ ਮਾ ਪਿਰੀ॥ (ਮ:5, 577)
ਭਾਵ ਅਨੁਭਵੀ ਅੱਖਾਂ ਹੋਰ ਹੁੰਦੀਆਂ ਹਨ ਜਿਸ ਨਾਲ ਮੇਰਾ ਪਤੀ (ਮਾਲਕ) ਮਹਿਸੂਸ ਹੁੰਦਾ ਹੈ। (ਪਰ ਕੇਵਲ ਤਰਕ ਨਾਲ ਇਹ ਆਨੰਦ ਨਹੀਂ ਮਾਣਿਆ ਜਾ ਸਕਦਾ ਕਿਉਂਕਿ ਇਹ ਗੂੰਗੇ ਦੀ ਖਾਧੀ ਮਿਠਾਈ ਵਾਂਗ ਹੈ
‘‘ਜਿਨਿ ਇਹ ਚਾਖੀ; ਸੋਈ ਜਾਣੈ, ਗੂੰਗੇ ਕੀ ਮਿਠਿਆਈ॥ ਮ:4/608)
ਜਾਗਰੂਕ: ਸਾਨੂੰ ਜੋ ਸਮਝ ਆਈ ਤੁਹਾਨੂੰ ਕਹਿ ਦਿੱਤਾ ਹੈ ਇਹ ਅਨੁਭਵ ਪਾਖੰਡ ਹੈ।
(ਨੋਟ: ਅੱਗੇ ਵਾਰਤਾਲਾਪ ਜਥੇਦਾਰ ਸਾਹਿਬ ਨਾਲ)
ਟੀ. ਵੀ. ਐਂਕਰ: ਸਿੰਘ ਸਾਹਿਬ ਜੀਓ! ਮੈ ਦਿਲੋਂ ਤੁਹਾਡੀ ਪਦਵੀ ਦਾ ਬਹੁਤ ਸਤਿਕਾਰ ਕਰਦਾ ਹਾਂ ਪਰ ਕੇਵਲ ਮੇਰੇ ਸਤਿਕਾਰ ਕਰਨ ਨਾਲ ਆਮ ਸਿੱਖ ਦੇ ਮਨ ਦੇ ਸਵਾਲ ਖ਼ਤਮ ਨਹੀਂ ਹੁੰਦੇ, ਇਸ ਲਈ ਸਵਾਲ ਪੁੱਛਣ ਲਈ ਮਾਫ਼ੀ ਚਾਹਾਂਗਾ। ਤੁਸੀਂ ਸਭ ਦੇ ਵੀਚਾਰ ਸੁਣੇ ਤੁਹਾਡੇ ਉਪਰ ਵੀ ਇਹ ਆਰੋਪ ਲਗਾਏ ਜਾਂਦੇ ਹਨ ਕਿ ਤੁਸੀਂ ਕੇਵਲ ਉਸ ਪਾਰਟੀ ਦੇ ਪ੍ਰਤੀਨਿਧ ਦੇ ਰੂਪ ’ਚ ਵਿਚਰ ਰਹੇ ਹੋ ਜੋ ਕੇਵਲ ਪਰਿਵਾਰਕ ਪਾਰਟੀ ਤੱਕ ਸਿਮਟ ਕੇ ਰਹਿ ਗਈ ਹੈ ਜਦਕਿ ਤੁਹਾਨੂੰ ਸਮੂਹ ਸਿੱਖ ਸਮਾਜ ਦੇ ਜਥੇਦਾਰ ਦੇ ਪ੍ਰਤੀਨਿਧ ਦੇ ਰੂਪ ’ਚ ਵਿਚਰਨਾ ਚਾਹੀਦਾ ਹੈ।
ਜਥੇਦਾਰ ਸਾਹਿਬ: ਇਸ ਪਾਰਟੀ ਨੂੰ ਵੋਟ (ਸ਼ਕਤੀ) ਵੀ ਸਿੱਖਾਂ ਨੇ ਹੀ ਦਿੱਤੀ ਹੈ ਫਿਰ ਇਹ ਕਹਿਣਾ ਕਿ ਮੈਂ ਉਨ੍ਹਾਂ ਦੇ ਅਧੀਨ ਹਾਂ, ਉਚਿਤ ਨਹੀਂ।
ਟੀ. ਵੀ. ਐਂਕਰ: ਅਗਰ ਕੋਈ ਪਿਤਾ; ਪੁੱਤਰਾਂ ਦੀ ਏਕਤਾ ਨੂੰ ਬਣਾਏ ਰੱਖਣ ਲਈ ਅਸਫਲ ਰਹਿੰਦਾ ਹੈ ਤਾਂ ਅਲੱਗ-2 ਕਰਨ ’ਚ ਕੀ ਹਰਜ ਹੈ?
ਜਥੇਦਾਰ ਸਾਹਿਬ: ਪਾਕਿਸਤਾਨ ਅਤੇ ਹਿੰਦੁਸਤਾਨ ਅਲੱਗ-2 ਹੋ ਗਏ ਦੁਬਾਰਾ ਕੁਝ ਸ਼ਕਤੀਆਂ ਨੇ ਇਕ ਨਹੀਂ ਹੋਣ ਦਿੱਤੇ।
ਟੀ. ਵੀ. ਐਂਕਰ: ਅੰਗਰੇਜ਼ ਵੀ ਸ਼ਕਤੀ ਨਾਲ ਭਾਰਤੀਆਂ ਨੂੰ ਇਕੱਠੇ ਨਹੀਂ ਰੱਖ ਸਕੇ। ਕੀ ਦੇਸ਼ ਅਤੇ ਵਿਦੇਸ਼ ਦੇ ਸਿੱਖਾਂ ’ਚ ਏਕਤਾ ਬਣਾਏ ਰੱਖਣ ਲਈ ਜ਼ਰੂਰੀ ਨਹੀਂ ਕਿ ਕੁਝ ਸ਼ਕਤੀ; ਆਪਣੇ ਫੈਸਲੇ ਆਪਣੇ ਦੇਸ਼ਾਂ ’ਚ ਨਿਪਟਾਉਣ ਲਈ, ਉਨ੍ਹਾਂ ਨੂੰ ਦੇ ਦਿੱਤੀ ਜਾਵੇ?
ਜਥੇਦਾਰ ਸਾਹਿਬ: ਇਉਂ ਕਰਨ ਨਾਲ ਵਿਵਾਦ ਵਧੇਗਾ ਅਤੇ ਮਰਯਾਦਾ (ਏਕਤਾ) ਟੁੱਟੇਗੀ।
ਟੀ. ਵੀ. ਐਂਕਰ: ਵਰਤਮਾਨ ’ਚ ਵੀ ਸਭ ਤਖ਼ਤਾਂ ਦੀ ਇੱਕ ਮਰਯਾਦਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਮਰਯਾਦਾ ਦੇ ਉਲਟ ਹੁਣ ਵੀ ਹੋ ਰਿਹਾ ਹੈ?
ਜਥੇਦਾਰ ਸਾਹਿਬ: ਇਹ ਬਹੁਤ ਮੰਦਭਾਗਾ ਹੈ।
ਟੀ. ਵੀ. ਐਂਕਰ: ਤੁਸੀਂ ਜਲਦੀ ਜਾਣਾ ਸੀ ਇਸ ਲਈ ਆਖ਼ਰੀ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕਿਨ੍ਹਾਂ ਚੰਗਾ ਹੁੰਦਾ ਜੋ ਵਿਦਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ-2 ਦਸਮ ਗ੍ਰੰਥ ਦੇ ਪ੍ਰਕਾਸ਼ ਕਰਨ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਨੇੜੇ ਰੱਖਿਆ ਜਾਂਦਾ ਅਤੇ ਹੋਰ ਵਿਸ਼ਿਆਂ ’ਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਗ਼ਲਤ ਪ੍ਰਚਾਰ ਦੇ ਪ੍ਰਭਾਵ ਦਾ ਅਸਰ ਵੀ ਆਮ ਸਿੱਖ ਸਮਾਜ ’ਤੇ ਘੱਟ ਪੈਣਾ ਸੀ। ਵਿਵਾਦਿਤ ਮੁੱਦਿਆਂ ’ਤੇ ਹੋ ਰਹੀ ਦੇਰੀ ਵੀ ਉਨ੍ਹਾਂ ਨੂੰ ਫਾਇਦਾ ਪਹੁੰਚਾ ਰਹੀ ਹੈ।
ਜਥੇਦਾਰ ਸਾਹਿਬ: ਇਹ ਠੀਕ ਹੈ ਕਿ ਕੁਝ ਮੱਦਿਆਂ ’ਤੇ ਦੇਰੀ ਕੌਮ ਲਈ ਨੁਕਸਾਨ-ਦੇਹ ਹੈ ਪਰ ਅਜੋਕੇ ਹਾਲਾਤਾਂ ਨਾਲ ਨਿਪਟਣਾ ਪੰਥ ਦਰਦੀਆਂ ਲਈ ਵੱਡੀ ਚਨੌਤੀ ਹੈ।
ਟੀ. ਵੀ. ਐਂਕਰ: ਤੁਸੀਂ ਜਾਣਾ ਹੈ ਇਸ ਲਈ ਸਮਾ ਕੱਢਣ ਲਈ ਬਹੁਤ-2 ਧੰਨਵਾਦ।
(ਨੋਟ: ਅੱਗੇ ਵਾਰਤਾਲਾਪ ਗਿਆਨੀ ਜੀ ਨਾਲ)
ਟੀ. ਵੀ. ਐਂਕਰ: ਗਿਆਨੀ ਜੀ! ਅੰਤ ’ਚ ਮੈਂ ਤੁਹਾਡੇ ਪਾਸੋਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਸਭ ਦੇ ਵੀਚਾਰ ਸੁਣੇ ਤੁਹਾਨੂੰ ਕੀ ਲਗਦਾ ਹੈ ਕਿ ਕਮੀਆਂ ਕਿੱਥੇ-2 ਹਨ?
ਗਿਆਨੀ ਜੀ: ਸਿੱਖ ਧਰਮ ਇਕ ਗ੍ਰਿਹਸਤੀ ਧਰਮ ਹੈ। ਵਧਦੀ ਮਹਿੰਗਾਈ, ਸਮੇਂ ਅਨੁਸਾਰ ਚੱਲਣ ਦੀ ਤਮੰਨਾ ਅਤੇ ਹੰਕਾਰੀ ਬ੍ਰਿਤੀ ਨੇ ਸਭ ’ਤੇ ਦੁਸ਼ ਪ੍ਰਭਾਵ ਪਾਇਆ ਹੋਇਆ ਹੈ। ਇਕ ਗੋਲਕ ਨੂੰ ਲੜਾਈ ਦੀ ਜੜ੍ਹ ਦੱਸ ਰਿਹਾ ਹੈ ਪਰ ਆਪ; ਆਪਣੇ ਨਿਜੀ ਅਕਾਉਂਟ ਨੰਬਰ ਬਾਰ-2 ਵਿਖਾ ਰਿਹਾ ਹੈ। ਇੱਕ ਦਸਮ ਗ੍ਰੰਥ ਨੂੰ ਮੂਲੋਂ ਹੀ ਰੱਦ ਕਰ ਰਿਹਾ ਹੈ ਦੂਸਰਾ ਇਸ ਦਾ ਪ੍ਰਕਾਸ਼; ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਾਉਣ ਨੂੰ ਹੀ ਉੱਤਮ ਸੇਵਾ ਸਮਝ ਰਿਹਾ ਹੈ। ਇਸ ਦੋੜ ਭੱਜ ’ਚ ਗੁਰੂ ਸਿਧਾਂਤ ’ਤੇ ਪਹਿਰਾ ਦੇਣਾ ਅਤੇ ਕੌਮੀ ਏਕਤਾ ਵਾਲੀ ਮਰਯਾਦਾ ਦੇ ਦਾਇਰੇ ’ਚ ਰਹਿ ਕੇ ਚੱਲਣਾ ਇਨ੍ਹਾਂ ਲਈ ਮੁਸਕਿਲ ਹੋਇਆ ਪਿਆ ਹੈ। ਗੁਰਮਤਿ ਅਨੁਸਾਰ ਤਰਕ ਕੇਵਲ ਪੰਜੇ ਗਿਆਨ ਇੰਦ੍ਰਿਆਂ ਰਾਹੀਂ ਪਕੜ ’ਚ ਆਉਣ ਵਾਲੇ ਵਿਸ਼ਿਆਂ ’ਤੇ ਹੀ ਹੋ ਸਕਦਾ ਹੈ ਪਰ ਇਹ ਲੋਕ ਅਦ੍ਰਿਸ਼ ਵਿਸ਼ਿਆਂ ’ਤੇ ਵੀ ਤਰਕ ਕਰ ਰਹੇ ਹਨ। (ਭਾਵ ਇਹ ਤਰਕ ਹੋ ਸਕਦਾ ਹੈ ਕਿ ਪੱਥਰ ਦੀ ਮੂਰਤੀ ਅਤੇ ਸ਼ਹੀਦਾਂ ਦੀਆਂ ਕਬਰਾਂ; ਪੱਥਰ ਰੂਪ ’ਚ ਇਕ ਸਮਾਨ ਹਨ ਪਰ ਮਰਨ ’ਤੋਂ ਬਾਅਦ ਜੂਨ (ਆਤਮਾ) ਹੁੰਦੀ ਹੈ ਜਾਂ ਨਹੀਂ, ਬਖ਼ਸ਼ਸ਼ ਹੁੰਦੀ ਹੈ ਜਾਂ ਨਹੀਂ, ਇਨ੍ਹਾਂ ਅਦ੍ਰਿਸ਼ ਵਿਸ਼ਿਆਂ ’ਤੇ ਸ਼ਰਧਾ ਰੱਖਣਾ ਹੀ ਆਸਥਾ ਹੈ, ਨਾ ਰੱਖਣਾ ਨਾਸਤਿਕ ਹੈ। ਇਹ ਲੋਕ ਤਰਕਵਾਦ ਵਾਂਗ ਨਾਸਤਿਕ ਵੀ ਨਹੀਂ ਅਖਵਾਉਂਦੇ ਅਤੇ ਇਨ੍ਹਾਂ ’ਤੇ ਆਸਥਾ ਵੀ ਨਹੀਂ ਰੱਖਦੇ।)
ਕੋਈ ਵੀ ਮਰਯਾਦਾ ਜਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖ ਕੇ ਕਿਸੇ ਕੌਮੀ ਫ਼ਿਲਾਸਫ਼ੀ ਦਾ ਸੀਮਤ ਸ਼ਬਦਾਂ ’ਚ ਬਣਾਇਆ ਗਿਆ ਖਾਕਾ ਹੁੰਦਾ ਹੈ। ਇਹ ਵੀ ਸੱਚ ਹੈ ਕਿ ਜਮੀਨੀ ਹਾਲਾਤ ਸਮੇਂ-2 ਅਨੁਸਾਰ ਬਦਲਦੇ ਰਹਿੰਦੇ ਹਨ ਜਿਸ ਕਾਰਨ ਕੌਮ ਦੇ ਬੁਧੀਜੀਵੀ ਵਰਗ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਭ ਨੂੰ ਸਾਥ ਲੈ ਕੇ ਉਚਿਤ ਸਮੇਂ ਯੋਗ ਨਿਰਦੇਸ ਕੌਮ ਨੂੰ ਦੇਣ। ਕੁਝ ਪੰਥ ਦਰਦੀ ਭਾਵਨਾ ਵਾਲਿਆਂ ਨੇ ਕੁਝ ਸੰਸਥਾਵਾਂ; ਕੌਮ ਅਤੇ ਸਮਾਜ ਦੀ ਭਲਾਈ ਲਈ ਖੜ੍ਹੀਆਂ ਕੀਤੀਆਂ (ਬਣਾਈਆਂ) ਸਨ, ਉਨ੍ਹਾਂ ਲਈ ਯੋਗ ਵਿਅਕਤੀ ਨਾ ਮਿਲਣ ਕਾਰਨ ਅਯੋਗ ਵਿਅਕਤੀਆਂ ਨੇ ਕਬਜੇ ਕਰ ਲਏ ਹਨ ਜੋ ਕਬਜਾ ਕਰਨ ’ਚ ਪਿੱਛੇ ਰਹਿ ਗਏ ਉਨ੍ਹਾਂ ਨੇ ਦੂਸਰਿਆਂ ਦੀਆਂ ਤਰੁਟੀਆਂ ਨੂੰ ਆਧਾਰ ਬਣਾ ਕੇ ਕੁਝ ਨਵਾਂ ਕਰਨ ਦੀ ਠਾਣ ਲਈ ਪਰ ਯੋਗਤਾ ਉਨ੍ਹਾਂ ਵਿੱਚ ਵੀ; ਉਹ ਨਹੀਂ, ਜਿਸ ਦੀ ਉਹ ਗੱਲ ਕਰਦੇ ਹਨ। ਕੇਵਲ ਦੁਨਿਆਵੀ ਪੱਧਰ ਦੀਆਂ ਪ੍ਰਭਾਵਤ ਕਰਨ ਵਾਲੀਆਂ ਗੱਲਾਂ ਕਰਨ ਦੀ ਇਨ੍ਹਾਂ ’ਚ ਕਲਾ ਹੈ। ਚੰਗੇ ਜੀਵਨ ਵਾਲੇ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਸੱਜਣਾਂ ਦਾ ਕਿਵੇਂ ਇਹ ਲੋਕ; ਹੰਕਾਰੀ ਬ੍ਰਿਤੀ ਨਾਲ ਸਟੇਜਾਂ ’ਤੇ ਮਜਾਕ ਉਡਾਉਂਦੇ ਹਨ। ਵੇਖ ਕੇ ਲੱਗਦਾ ਨਹੀਂ, ਕਿ ਇਹ ਇਕ ਕੌਮੀ ਮੰਚ ਤਿਆਰ ਕਰਵਾਉਣ ’ਚ ਆਪਣੀ ਬਣਦੀ ਭੁਮਿਕਾ ਨਿਭਾਉਣਗੇ। ਆਮ ਬੰਦੇ ਨੂੰ ਸਮਝ ਨਾ ਹੋਣ ਕਾਰਨ ਇਹ ਲੋਕ ਆਪਣੇ ਜਾਲ ’ਚ ਫਸਾਉਣ ’ਚ ਸਫਲ ਹੋ ਜਾਂਦੇ ਹਨ। ਪੰਥਕ ਅਖਵਾਉਣ ਵਾਲਿਆਂ ਕੋਲ ਆਪਣੀ ਕੁਰਸੀ ਬਚਾਉਣ ’ਤੋਂ ਇਲਾਵਾ ਕੌਮ (ਸਮਾਜ) ਨੂੰ ਦੇਣ ਲਈ ਕੁਝ ਵੀ ਨਹੀਂ। ਸਾਡੀ ਫੁਟ ਦਾ ਅਸਲ ਫਾਇਦਾ ਰਾਜਨੀਤਿਕ ਲੋਕ ਉਠਾ ਰਹੇ ਹਨ।
ਟੀ. ਵੀ. ਐਂਕਰ: ਗਿਆਨੀ ਜੀ! ਅੰਤ ਵਿੱਚ ਸਾਡੇ ਪਾਠਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
ਗਿਆਨੀ ਜੀ: ਗੁਰਮਤਿ ਪ੍ਰਤੀ ਪ੍ਰੇਮ ਭਾਵਨਾ ਰੱਖਣ ਵਾਲੇ ਤਮਾਮ ਸੱਜਣਾਂ ਨੂੰ ਮੇਰੀ ਬੇਨਤੀ ਹੈ ਕਿ ਗੁਰਬਾਣੀ ਨੂੰ ਪੁਰਾਤਨ ਲਿਖਤ ਰਾਹੀਂ ਸਮਝ-ਵੀਚਾਰ ਕੇ ਆਪਣੇ ਆਸ ਪਾਸ ਪ੍ਰਚਾਰ ਕਰਨ ਅਤੇ ਕਰਵਾਉਣ। ਗ਼ਲਤ ਹੋ ਰਹੇ ਪ੍ਰਚਾਰ ਦੇ ਦੌਰਾਨ ਹੀ ਸਵਾਲ-ਜਵਾਬ ਕਰਨ ਵਾਲੀ ਬ੍ਰਿਤੀ; ਸੰਗਤ ’ਚ ਪੈਦਾ ਕੀਤੀ ਜਾਵੇ। ਅਯੋਗ ਬੰਦਿਆਂ ਦਾ ਪ੍ਰਭਾਵ ਘਟਾਉਣ ਲਈ ਯੋਗ ਬੰਦਿਆਂ ਨਾਲ ਮਿਲ ਕੇ ਚੱਲਣਾ ਜ਼ਰੂਰੀ ਹੈ। ਉਸ ਥਾਂ ’ਤੇ ਗੁਰਬਾਣੀ ਸਿਧਾਂਤ ਲਾਗੂ ਕਰਵਾਉਣਾ ਸਮੇਂ ਦੀ ਮੁੱਖ ਮੰਗ ਹੈ ਜਿੱਥੇ ਗ਼ਲਤ ਪ੍ਰਚਾਰ ਹੋ ਰਿਹਾ ਹੈ। ਗੁਰੂ ਸਿਧਾਂਤ ਦੀ ਸਹੀ ਜਾਣਕਾਰੀ ਲਈ ਗੁਰਮਤਿ ਦੇ ਸਹੀ ਅਸੂਲਾਂ ਵਾਲਾ ਸਾਹਿਤ, ਮੈਗਜ਼ੀਨ ਅਤੇ ਕੋਰਸ ਮੰਗਵਾ ਕੇ ਪਾਠੀਆਂ ਅਤੇ ਪੜ੍ਹਣ ’ਚ ਰੁਚੀ ਰੱਖਣ ਵਾਲੇ ਸੱਜਣਾਂ ’ਚ ਵੰਡਣੇ ਚਾਹੀਦੇ ਹਨ, ਆਦਿ।
ਟੀ. ਵੀ. ਐਂਕਰ: ਅੰਤ ਵਿੱਚ ਮੈਂ ਸਾਡੇ ਤਮਾਮ ਮਹਿਮਾਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸੁਹਿਰਦ ਪਾਠਕ ‘ਗੁਰੂ ਸਿਧਾਂਤ’ ਅਤੇ ‘ਜ਼ਮੀਨੀ ਹਾਲਾਤਾਂ’ ਨੂੰ ਜ਼ਰੂਰ ਸਮਝਣਗੇ।
(ਧੰਨਵਾਦ)
ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’-98140-35202
(25-10-2014)
ਅਵਤਾਰ ਸਿੰਘ , ਮਿਸ਼ਨਰੀ ਸੇਧਾਂ
ਸਿੱਖ ਕੌਮ ਪ੍ਰਫੁੱਲਤ ਨਾ ਹੋਣ ਦੇ ਮੂਲ ਕਾਰਨ
Page Visitors: 2862