ਲਾਡਲਾ ਵਿਗੜ ਗਿਆ ! (ਨਿੱਕੀ ਕਹਾਣੀ)
ਨਿਹੰਗ ਸਿੰਘਾਂ ਦੇ ਦੋ ਗੁਟਾਂ ਵਿੱਚ ਜਮ ਕੇ ਲੜਾਈ ਹੋਈ ਹੈ ਤੇ ਗੋਲਾਬਾਰੀ ਵੀ ਕੀਤੀ ਗਈ ? (ਅਖਬਾਰ ਪੜ੍ਹਦੇ ਹੋਏ ਹਰਜੀਤ ਸਿੰਘ ਆਪਣੀ ਵੋਹਟੀ ਗੁਰਗਿਆਨ ਕੌਰ ਨੂੰ ਖਬਰ ਸੁਣਾ ਰਿਹਾ ਸੀ)
ਗੁਰਗਿਆਨ ਕੌਰ : ਜਦੋਂ ਲਾਡਲੇ ਪੁੱਤਰ ਵਿਗੜ ਜਾਂਦੇ ਹਨ ਤੇ ਮਾਂ-ਪਿਓ ਦੇ ਕਹਿਣ ਤੋ ਆਕੀ ਹੋ ਜਾਂਦੇ ਹਨ ਤਾਂ ਅਕਸਰ ਮਾਂ-ਬਾਪ ਲਈ ਮੁਸ਼ਕਿਲ ਖੜੀ ਹੋ ਜਾਂਦੀ ਹੈ ਕੀ ਹੁਣ ਇਸ ਨੂੰ ਕਿਵੇਂ ਸਮਝਾਇਆ ਜਾਵੇ ?
ਹਰਜੀਤ ਸਿੰਘ (ਸਾਵਧਾਨ ਹੋ ਕੇ) : ਗੁਰੂ ਕੀ ਲਾਡਲੀ ਫੌਜ਼ ਕਹਿਆ ਜਾਂਦਾ ਹੈ ਇਨ੍ਹਾਂ ਨਿਹੰਗ ਸਿੰਘਾਂ ਨੂੰ, ਪਰ ਲਾਡਲੇਪਨ ਵਿੱਚ ਇਨ੍ਹਾਂ ਨਿਹੰਗ ਵੀਰਾਂ ਨੇ ਕਈ ਨਸ਼ੇ ਆਦਿ ਅਲਾਮਤਾਂ ਨੂੰ ਅਪਣਾ ਲਿਆ ਹੈ ਤੇ ਬਹੁਤ ਸਾਰੇ ਤਾਂ ਗੁਰਦੁਆਰਿਆਂ ਦੇ ਬਾਹਰ ਆਪਣੀ ਅਣਖ ਗੁਆ ਚੁੱਕੇ ਪ੍ਰਤੀਤ ਹੁੰਦੇ ਹਨ ! ਸ਼ਾਇਦ ਉਨ੍ਹਾਂ ਨੇ ਆਪਣੇ ਗੁਰੂ ਤੇ ਭਰੋਸਾ ਗੁਆ ਲਿਆ ਹੈ ਜਾਂ ਸ਼ਾਇਦ ਉਨ੍ਹਾਂ ਦੀ ਪ੍ਰਤੀਤ ਗੁਰੂ ਨੇ ਹੀ ਕਰਨੀ ਬੰਦ ਕਰ ਦਿੱਤੀ ਹੈ ਕਿਓਂਕਿ ਇਹ ਲਾਡਲੇ ਅਕਸਰ ਹੱਥ ਫੈਲਾ ਕੇ ਭੀਖ ਮੰਗਦੇ ਨਜ਼ਰ ਆਉਣ ਲੱਗ ਪਏ ਹਨ !
ਗੁਰਗਿਆਨ ਕੌਰ : ਸਿੱਖੀ ਬਾਣੇ (ਕਛਹਿਰੇ ਤੋਂ ਛੁੱਟ ਪੁਸ਼ਾਕ ਸੰਬੰਧੀ ਕੋਈ ਪਾਬੰਦੀ ਨਹੀਂ) ਅੱਤੇ ਬਾਣੀ ਦਾ ਸੁਮੇਲ ਹੈ ਪਰ ਸ਼ਾਇਦ ਇਹ ਗੁਰੂ ਕੀ ਲਾਡਲੀ ਫੌਜ਼ ਬਾਣੀ ਤੋਂ ਦੂਰ ਜਾ ਚੁੱਕੀ ਹੈ ਤੇ ਕੇਵਲ ਬਾਣੇ ਨੂੰ ਹੀ ਵਿਖਾਵਾ ਬਣਾ ਕੇ ਵਿਚਰ ਰਹੀ ਹੈ ! ਬਿਨਾ ਬਾਣੀ (ਆਤਮਕ ਗਿਆਨ) ਦੇ ਬਾਣੇ ਦੀ ਕੋਈ ਕੀਮਤ ਨਹੀਂ ! ਗੁਰੂ ਇਨ੍ਹਾਂ ਵੀਰਾਂ ਨੂੰ ਜੋ ਗੁਰਦੁਆਰਿਆਂ ਦੇ ਬਾਹਰ ਭੀਖ ਮੰਗਦੇ ਹਨ (ਹਰ ਆਉਣ ਜਾਉਣ ਵਾਲੇ ਅੱਗੇ ਹੱਥ ਪਸਾਰ ਕੇ ਗੁਰੂ ਦੇ ਪੁੱਤਰ ਹੋਣ ਦਾ ਦਾਅਵਾ ਕਰ ਮਾਇਆ ਦੀ ਮੰਗ ਕਰਦੇ ਹਨ) ਨੂੰ ਸੁਮੱਤ ਬਕ੍ਸ਼ਿਸ਼ ਕਰੇ ਤਾਂਕਿ ਇਨ੍ਹਾਂ ਨੂੰ ਗੁਰਮਤ ਦੀ ਅਣਖ ਵਾਲਾ ਜੀਵਨ ਮਿਲ ਜਾਵੇ ਤੇ ਗੁਰੂ ਕੀ ਲਾਡਲੀ ਫੌਜ਼ ਕੌਮ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਨਾਮ ਜਪ ਕੇ, ਕਿਰਤ ਕਰ ਕੇ ਵੰਡ ਛਕਣ ਦੇ ਸਮਰਥ ਹੋ ਸਕੇ !
ਹਰਜੀਤ ਸਿੰਘ : ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਘਰ ਵਾਪਿਸੀ ਦਾ ਰਾਹ ਤਾਂ ਹਮੇਸ਼ਾ ਹੀ ਖੁੱਲਾ ਹੈ ! ਕੇਵਲ ਮਨਮਤ ਛੱਡ ਕੇ ਗੁਰਮਤ ਅਪਨਾਉਣੀ ਹੈ, ਗੁਰੂ ਦਇਆਲ ਹੈ, ਜਰੂਰ ਗੱਲ ਲਾ ਲਵੇਗਾ ! ਪੰਥ ਅੱਤੇ ਦੇਸ਼ ਨੂੰ ਗੁਰੂ ਕੀ ਲਾਡਲੀ ਫੌਜ਼ ਦੀ ਬਹੁਤ ਲੋੜ ਹੈ ਜੋ ਗੁਰੂ ਦਾ ਨਿਸ਼ਾਨ ਬਣ ਕੇ ਵਿਚਰੇ ਨਾ ਕੀ ਗੁਰੂ ਦੇ ਨਾਮ ਨੂੰ ਵੱਟਾ ਲਗਾਵੇ !
ਬਲਵਿੰਦਰ ਸਿੰਘ ਬਾਈਸਨ
http://nikkikahani.com/