ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
ਕੁੱਛ ਜ਼ਰੂਰੀ ਵਿਚਾਰਾਂ
ਕੁੱਛ ਜ਼ਰੂਰੀ ਵਿਚਾਰਾਂ
Page Visitors: 3022

                         ਕੁੱਛ ਜ਼ਰੂਰੀ ਵਿਚਾਰਾਂ

      ਲੇਖੇ ਵਾਲੇ ਤਿੰਨਾਂ ਸ਼ਬਦਾਂ ਵਿਚ ਆਪਾਂ ਵੇਖਿਆ ਹੈ ,
           ਪਹਿਲੇ ਸ਼ਬਦ ਵਿਚ ਗੁਰਬਾਣੀ ਨੇ ਦੱਸਿਆ ਹੈ ਕਿ ਬੰਦੇ ਦਾ ਲੇਖਾ ਕਿਸ ਆਧਾਰ ਤੇ ਲਿਖਆ ਜਾਂਦਾ ਹੈ ? ਗੁਰਬਾਣੀ ਅਨੁਸਾਰ ,

                           ਲੇਖਾ ਲਿਖੀਐ ਮਨ ਕੈ ਭਾਇ ॥..2॥   (1237)
  ਜਿਸ ਵਿਚ ਸਮਝਾਇਆ ਹੈ ਕਿ ਕਰਤਾਰ , ਨਾ ਤਾਂ ਧਾਰਮਿਕ ਗ੍ਰੰਥ , ਖਾਲੀ ਪੜ੍ਹਨ ਨਾਲ ਖੁਸ਼ ਹੁੰਦਾ ਹੈ , ਨਾ ਹੀ ਗ੍ਰੰਥਾਂ ਵਿਚਲੀ ਬਾਣੀ ਨੂੰ ਰਾਗ-ਤਾਲ ਵਿਚ ਗਾਉਣ ਨਾਲ ਖੁਸ਼ ਹੁੰਦਾ ਹੈ , ਨਾ ਹੀ ਉਸ ਬਾਣੀ ਨੂੰ ਸਾਜਾਂ ਆਦਿ ਦੇ ਨਾਲ ਪੜ੍ਹਨ ਵਿਚ ਹੀ ਖੁਸ਼ ਹੁੰਦਾ ਹੈ ।
   ਨਾ ਹੀ ਇਸ ਬਾਣੀ ਨੂੰ ਦ੍ਰਿੜ੍ਹ ਕਰਨ ਲਈ ਲਾਈਆਂ ਜਾਂਦੀਆਂ ਸਮਾਧੀਆਂ , ਨਾ ਹੀ ਉਸ ਬਾਣੀ ਦੇ ਆਧਾਰ ਤੇ ਕੀਤੀਆਂ ਜਾਂਦੀਆਂ ਗਿਆਨ-ਗੋਸ਼ਠੀਆਂ ਤੇ ਹੀ ਪਤੀਜਦਾ ਹੈ , ਨਾ ਹੀ ਬਾਣੀ ਤੇ ਆਧਾਰਿਤ ਕੀਤੇ ਜਾਂਦੇ ਤਰਕ-ਵਿਤਰਕ ਰਾਹੀਂ ਹੀ ਖੁਸ਼ ਹੁੰਦਾ ਹੈ ।
   ਨਾ ਹੀ ਪਰਮਾਤਮਾ , ਹਰ ਵੇਲੇ ਰੰਗ-ਤਮਾਸ਼ਿਆਂ ਵਿਚ ਮਗਨ ਰਹਿਣ ਨਾਲ ਪਤੀਜਦਾ ਹੈ ਅਤੇ ਨਾ ਹੀ ਹਰ ਵੇਲੇ ਸੋਗ ਵਿਚ ਡੁੱਬੇ ਰਹਿਣ ਨਾਲ ਹੀ ਹਰੀ ਖੁਸ਼ ਹੁੰਦਾ ਹੈ । ਨਾ ਹੀ ਉਹ ਨੰਗੇ ਰਹਣ ਨਾਲ ਪਤੀਜਦਾ ਹੈ ਅਤੇ ਨਾ ਹੀ ਦੁਨੀਆ ਦਾ ਭਰਮਣ ਕਰਨ ਨਾਲ ਖੁਸ਼ ਹੁੰਦਾ ਹੈ ।
    ਨਾ ਉਹ ਤੀਰਥਾਂ ਤੇ ਇਸ਼ਨਾਨ ਕੀਤਿਆਂ ਹੀ ਖੁਸ਼ ਹੁੰਦਾ ਹੈ ਅਤੇ ਨਾ ਹੀ ਦਾਨ-ਪੁੰਨ ਕੀਤਿਆਂ ਖੁਸ਼ ਹੁੰਦਾ ਹੈ । ਨਾ ਉਹ ਹਾਥੀ ਵਾਙ ਆਪਣੇ ਸਰੀਰ ਤੇ ਸਵਾਹ-ਮਿੱਟੀ ਪਾਈ ਰੱਖਣ ਨਾਲ ਖੁਸ਼ ਹੁੰਦਾ ਹੈ ਅਤੇ ਨਾ ਜੀ ਜੰਗਾਂ-ਜੁੱਧਾਂ ਵਿਚ ਸੂਰਮਿਆਂ ਵਾਙ ਭਿੜ-ਮਰਨ ਨਾਲ ਖੁਸ਼ ਹੁੰਦਾ ਹੈ , ਕਿਉਂਕਿ ਇਹ ਸਾਰੇ ਕੰਮ ਸਰੀਰ ਨਾਲ ਸਬੰਧਿਤ ਕਰਮ-ਕਾਂਡ ਹੀ ਹਨ ।
    (ਅੱਜ ਸਿੱਖਾਂ ਵਲੋਂ ਮਿਥੇ ਧਰਮ ਦੇ ਕੰਮਾਂ ਵਿਚੋਂ ਕੀ ਕੋਈ ਅਜਿਹਾ ਵੀ ਹੈ , ਜੋ ਉੱਪਰ ਦਿੱਤੇ ਕੰਮਾਂ ਤੋਂ ਬਾਹਰ ਰਹਿ ਗਿਆ ਹੋਵੇ ?)
      ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਨ੍ਹਾਂ ਵਿਚੋਂ ਕੋਈ ਵੀ ਕੰਮ ਅਜਿਹਾ ਨਹੀਂ ਹੈ , ਜੋ ਪ੍ਰਭੂ ਮਿਲਾਪ ਵਿਚ ਸਹਾਈ ਹੁੰਦਾ ਹੋਵੇ , ਅਤੇ ਬੰਦੇ ਦੀ ਜ਼ਿੰਦਗੀ ਦਾ ਮਕਸਦ ਹੈ , ਪ੍ਰਭੂ ਨਾਲ ਮਿਲਾਪ , ਤਾਂ ਯਕੀਨਨ ਬੰਦਾ ਇਹ ਕੰਮ ਕਰ ਕੇ ਆਪਣੀ ਜ਼ਿੰਦਗੀ ਦੇ ਮਕਸਦ ਤੋਂ ਭਟਕ ਰਿਹਾ ਹੈ , ਅਤੇ ਭਟਕੇ ਹੋਏ ਆਦਮੀ ਨੂੰ , ਭਟਕਣਾ ਦਾ ਫੱਲ ਭੁਗਤਣਾ ਹੀ ਪੈਂਦਾ ਹੈ।
      ਗੁਰੂ ਸਾਹਿਬ ਸਮਝਾਉਂਦੇ ਹਨ ਕਿ ਲੇਖਾ , ਚੰਗੇ-ਮੰਦੇ ਦੀ ਪਰਖ , ਮਨ ਦੀ ਭਾਵਨਾ ਦੇ ਅਧਾਰ ਤੇ ਹੀ ਲਿਖ ਹੁੰਦਾ ਹੈ ।
     ਜੇ ਧਰਮ ਗ੍ਰੰਥ ਪੜ੍ਹਨ ਵਿਚ ਮਨ ਦੀ ਭਾਵਨਾ , ਉਸ ਤੋਂ ਕੁਝ ਸਿਖਿਆ ਲੈ ਕੇ , ਆਪਣੀ ਜ਼ਿੰਦਗੀ ਵਿਚ ਢਾਲਣਾ ਹੋਵੇ ਤਾਂ , ਉਹੀ ਪੜ੍ਹਾਈ ਸਾਰਥਿਕ ਹੋ ਨਿਬੜਦੀ ਹੈ , ਨਹੀਂ ਤਾਂ ਉਹੀ ਪੜ੍ਹਾਈ ਤੋਤਾ-ਰਟਨ ਹੈ । ਬਾਣੀ ਤੇ ਆਧਾਰਿਤ ਤਰਕ-ਵਿਤਰਕ , ਕਰਮ-ਕਾਂਡ ਹੈ , ਪਰ ਜੇ ਮਨ ਵਿਚ ਉਸ ਬਾਣੀ ਨੂੰ ਸਮਝਣ ਦੀ ਚਾਹ ਹੋਵੇ ਤਾਂ ਉਹ , ਤਰਕ-ਵਿਤਰਕ ਨਾ ਰਹਿ ਕੇ ਵਿਚਾਰ ਗੋਸ਼ਠੀ ਬਣ ਜਾਂਦੀ ਹੈ । ਇਵੇਂ ਹੀ ਜੰਗਾਂ ਜੁੱਧਾਂ ਵਿਚ ਭਿੜ-ਮਰਨ ਵੇਲੇ, ਜੇ ਮਨ ਦੀ ਭਾਵਨਾ ਕਿਸੇ ਦੀ ਰੱਖਿਆ ਕਰਨ ਦੀ ਹੋਵੇ, ਕਿਸੇ ਦਾ ਭਲਾ ਕਰਨ ਦੀ ਹੋਵੇ ਤਾਂ ਉਹੀ ਮੌਤ , ਸ਼ਹਾਦਤ ਬਣ ਜਾਂਦੀ ਹੈ , ਜੇ ਇਹੀ ਭਿੜਨਾ-ਮਰਨਾ ਆਪਣੀ ਲਾਲਸਾ , ਆਪਣੀ ਹਉਮੈ ਕਾਰਨ , ਕਿਸੇ ਦਾ ਬੁਰਾ ਕਰਨ ਲਈ ਹੈ ਤਾਂ ਇਹ ਲੜ-ਮਰਨਾ ਹੀ ਰਹ ਜਾਂਦਾ ਹੈ ।
      ਇਵੇਂ ਪਰਮਾਤਮਾ , ਬੰਦੇ ਦਾ ਜੋ ਵੀ ਲੇਖਾ ਲਿਖਦਾ ਹੈ , ਉਹ ਮਨ ਦੀ ਭਾਵਨਾ ਦੇ ਆਧਾਰ ਤੇ ਹੀ ਹੁੰਦਾ ਹੈ ।ਸੋ ਕੋਈ ਵੀ ਕੰਮ ਕਰਨ ਲੱਗਿਆਂ ਮਨ ਦੀ ਭਾਵਨਾ ਚੰਗੀ ਹੋਣੀ ਚਾਹੀਦੀ ਹੈ ।          
                  ਦੂਸਰੇ ਸ਼ਬਦ ਵਿਚ ਗੁਰੂ ਸਾਹਿਬ ਨੇ ਸੇਧ ਦਿੱਤੀ ਹੈ ਕਿ , 

               ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
                ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ
॥   (953)
      ਮਨ ਨੂੰ ਸਮਝਾਇਆ ਹੇ ਕਿ, ਹੇ ਮਨ ਸਚੀ ਸਿਖਿਆ ਸੁਣ , ਤੇਰੇ ਕੋਲੋਂ ਰੱਬ ਨੇ , ਤੇਰੀ ਲਿਖਤ ਅਨੁਸਾਰ ਹਿਸਾਬ ਲੈਣਾ ਹੀ ਲੈਣਾ ਹੈ ।
                      (ਕੁਝ ਭੁਲੱਕੜ ਵਿਦਵਾਨਾਂ ਦੇ ਕਹਣ ਨਾਲ ਇਹ ਲੇਖਾ ਮੁੱਕ ਨਹੀਂ ਜਾਣਾ)  

                  ਤੀਸਰੇ ਸ਼ਬਦ ਵਿਚ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਇਹ ਲੇਖਾ ਖਤਮ ਕਿਵੇਂ ਹੋ ਸਕਦਾ ਹੈ ?

                         ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥4॥1॥7॥   (165)  ਅਰਥਾਤ,
     ਜਿਸ ਮਨੁੱਖ ਨੇ ਸਭ ਦੇ ਸ਼ਾਹ (ਅਕਾਲ-ਪੁਰਖ)  ਦੀ , ਪ੍ਰੇਮਾ ਭਗਤੀ ਕੀਤੀ , ਉਸ ਦੀ ਰਜ਼ਾ ਵਿਚ ਖੁਸ਼ ਰਿਹਾ , ਉਸ ਮਨੁੱਖ ਦਾ ਲੇਖਾ , ਪਰਮਾਤਮਾ ਦੀ ਦਰਗਾਹ ਵਿਚੋਂ ਮੁੱਕ ਜਾਂਦਾ ਹੈ, ਉਹ ਬੰਦਾ ਇਸ ਲੇਖੇ-ਜੋਖੇ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ।
     ਇਹ ਸੀ ਲੇਖੇ-ਜੋਖੇ ਬਾਰੇ ਗੁਰਬਾਣੀ ਦੀ ਸੇਧ । ਹੁਣ ਆਪਾਂ ਥੋੜੀ ਵਿਚਾਰ “ਜੀਵਨ ਮੁਕਤੀ ” ਬਾਰੇ ਵੀ ਕਰਾਂਗੇ । 

                                ਅਗਲਾ ਵਿਸ਼ਾ “ ਜੀਵਨ ਮੁਕਤੀ ” ਹੀ ਹੋਵੇਗਾ ।

                                                     ਅਮਰ ਜੀਤ ਸਿੰਘ ਚੰਦੀ
                                                         29-10-2014      

      

                  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.