ਆਦਿ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਤੇ ਗਿਆਨ ਹੀਣਤਾ ਅਧੀਨ ਕਿੰਤੂ ਪ੍ਰੰਤੂ
ਗੁਰਬਾਣੀ ਜੀਵਨ-ਜਾਂਚ ਦਾ ਖਜ਼ਾਨਾ ਹੈ। ਜਦੋਂ ਮਨੁੱਖ ਇਸ ਖਜ਼ਾਨੇ ਦੇ ਗੁਣਾਂ ਵਾਲੇ ਅੰਮ੍ਰਿਤ ਨੂੰ, ਰੋਜ਼ਾਨਾ ਅਮਲੀ ਵਿਚਾਰ ਦੇ ਭਾਂਡੇ ਵਿਚ ਪਾ ਕੇ ਪੀਦਾ ਹੈ ਤਾਂ ਉਸਦਾ ਜਸ ਸਾਰੇ ਸੰਸਾਰ ਵਿਚ ਫੈਲਦਾ ਹੈ। ਅਜਿਹੇ ਗੁਰਮੁਖ ਜੀਵ ਵਿਰਲੇ ਹੀ ਹੁੰਦੇ ਹਨ। ਇਹਨਾਂ ਵਿਰਲਿਆ ਵਿਚੋਂ ਇਕ ਹਨ ਆਦਿ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ
ਨੇ ਗੁਰੂ ਹਜ਼ੂਰੀ ਵਿੱਚ ਆਦਿ ਬੀੜ ਦੀ ਲਿਖਤੀ ਸੇਵਾ ਤੋਂ ਬਾਅਦ, ਪ੍ਰਚਾਰ ਕਰਨ ਦੇ ਨਾਲ-ਨਾਲ ਗੁਰਬਾਣੀ ਸਿਧਾਂਤਾਂ ਨੂੰ ਆਪਣੇ ਸਮੇਂ ਦੇ ਲੋਕ ਕਾਵਿ ਵਾਰਾਂ ਤੇ ਕਬਿਤਾਂ ਵਿੱਚ ਕਲਮਬੰਧ ਕੀਤਾ। ਅਜਿਹੇ ਸੂਝਵਾਨ ਵਿਦਵਾਨ ਉੱਤੇ ਅੱਜ ਦੇ ਮਾਡਰਨ ਸਕਾਲਰ ਸਿਧੇ ਜਾਂ ਵਿਅੰਗਮਈ ਢੰਗ ਨਾਲ ਮਾਜਕ ਉਡਾਉਂਦੇ ਇਲਜਾਮ ਲਗਾ ਰਹੇ ਹਨ ਕਿ ਗੁਰਬਾਣੀ ਵਿਆਖਿਆ ਵਿਚ ਬ੍ਰਾਹਮਣੀ ਤੱਤ ਪੈਦਾ ਕਰਨ ਵਾਲੇ ਪਹਿਲੇ ਵਿਅਕਤੀ ਭਾਈ ਗੁਰਦਾਸ ਜੀ ਹਨ। ਸਾਡਾ ਇਹ ਮੰਨਣਾ ਹੈ ਕਿ ਜਿਸ ਵਿਆਕਤੀ ਨੂੰ ਕੋਲ ਬਿਠਾ ਕਿ ਆਦਿ ਬੀੜ ਲਿਖਾਈ ਹੋਵੇ। ਜਿਸ ਵਿਅਕਤੀ ਨੇ ਨਿਰਮਲ ਪੰਥ ਦਾ ਸੱਚਾ ਪ੍ਰਚਾਰਕ ਬਣਕੇ, ਪ੍ਰਿਥੀ ਚੰਦ ਵਰਗੇ ਗੁਰੂ ਘਰ ਦੇ ਦੋਖੀ ਦੇ ਪਾਜ ਜੱਗ-ਜਾਹਰ ਕਰਕੇ ਸੰਗਤ ਨੂੰ ਸੁਚੇਤ ਕੀਤਾ ਹੋਵੇ ਉਹ ਵਿਅਕਤੀ ਅਜਿਹਾ ਕਦੀ ਕਰ ਹੀ ਨਹੀਂ ਸਕਦਾ।
ਆਓ ਫਿਰ ਵੀ ਇਹਨਾਂ ਦੋਸ਼ ਲਗਾਉਣ ਵਾਲੇ ਵਿਅਕਤੀਆਂ ਦੇ ਦੋਸ਼ਾਂ ਦੀ ਪੜ੍ਹਚੋਲ ਕਰੀਏ ਕਿ ਇਨ੍ਹਾਂ ਨੇ ਭਾਈ ਸਾਹਿਬ ਤੇ ਕੀ ਦੋਸ਼ ਲਾਏ? ਅਤੇ ਇਹਨਾਂ ਦੋਸ਼ਾਂ ਨੂੰ ਸਾਬਿਤ ਕਰਨ ਲਈ ਕੀ ਦਲੀਲਾ ਦਿੱਤੀਆਂ ? ਭਾਈ ਸਾਹਿਬ ਤੇ ਬ੍ਰਾਹਮਣੀ ਵਿਆਖਿਆ ਦੇ ਦੋਸ਼ ਲਾਉਣ ਵਾਲੇ ਵਿਦਵਾਨਾਂ ਦੇ ਦੋਸ਼ ਹੇਠ ਲਿਖੇ ਅਨੁਸਾਰ ਹਨ :
੧. ਇਕਬਾਲ ਸਿੰਘ ਢਿਲੋਂ (ਡਾ:) ਚੰਡੀਗੜ੍ਹ: “ਅਸਲ ਵਿਚ ੴ ਨੂੰ ਉਚਾਰਣ ਪੱਖੋਂ ਅਤੇ ਅਰਥਾਂ ਪੱਖੋਂ ‘ਇਕਓਅੰਕਾਰ’ ਦੇ ਬਰਾਬਰ ਕਰਨ ਦਾ ਭੰਬਲਭੂਸਾ ਭਾਈ ਗੁਰਦਾਸ ਦਾ ਪਾਇਆ ਹੋਇਆ ਹੈ । ਅਜਿਹਾ ਬਰਾਬਰੀ ਦਾ ਅਧਾਰ ਭਾਈ ਗੁਰਦਾਸ ਦੀਆਂ ਹੇਠਾਂ ਦਿੱਤੀਆਂ ਸਤਰਾਂ ਨੂੰ ਬਣਾਇਆ ਜਾਂਦਾ ਹੈ:
ਏਕਾ ਏਕੰਕਾਰ ਲਿਖਿ ਵੇਖਾਲਿਆ ।
ਊੜਾ ਓਅੰਕਾਰ ਪਾਸਿ ਬਹਾਲਿਆ ।
ਹੁਣ ਤਕ ਸਾਰੇ ਜਾਗਰੂਕ ਸਿੰਘ ਸਮਝ ਚੁੱਕੇ ਹਨ ਕਿ ਗੁਰਬਾਣੀ ਦੀ ਵਿਆਖਿਆ ਵਿੱਚ ਬ੍ਰਹਮਾਣਵਾਦੀ ਤੱਤ ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ । ਜੇ ਕਰ ੴ
ਦਾ ਉਚਾਰਨ ਭਾਈ ਗੁਰਦਾਸ ਦੇ ਅਨੁਸਾਰ ਹੀ ਕਰਨਾ ਹੋਵੇ ਤਾਂ ਇਹ ਹੋਵੇਗਾ, ‘ਏਕੰਕਾਰ ਓਅੰਕਾਰ’ ਨਾ ਕਿ ਇਕੱਲਾ ‘ਇਕਓਅੰਕਾਰ’ ਕਿਉਂਕਿ ਭਾਈ ਗੁਰਦਾਸ ਏਕੇ ਨੂੰ ‘ਏਕੰਕਾਰ’ ਦੱਸਦਾ ਹੈ ਅਤੇ ਊੜੇ ਨੂੰ ‘ਓਅੰਕਾਰ’ । ਇਸ ਤਰ੍ਹਾਂ ਭਾਈ ਗੁਰਦਾਸ ਵਲੋਂ ਦਿੱਤੀ ੴ ਦੀ ਵਿਆਖਿਆ ਭੰਬਲਭੂਸੇ ਵਾਲੀ ਵੀ ਹੈ ਅਤੇ ਗੁਰਮਤਿ ਦੀ ਭਾਵਨਾ ਦੇ ਉਲਟ ਵੀ ਇਸ ਕਰਕੇ ਇਸ ਵਿਆਖਿਆ ਨੂੰ ਨਕਾਰ ਦੇਣਾ ਹੀ ਮਸਲੇ ਦਾ ਉਚਿਤ ਹਲ ਹੈ ।”
੨. ਦਵਿੰਦਰ ਸਿੰਘ ‘ਚਾਹਲ’: “ੴ ਤੇ ਓਅੰਕਾਰ ਦਾ ਰਿਸ਼ਤਾ :
ਸ਼ਬਦ ਓਅੰਕਾਰ ਦਾ ‘ਆਦਿ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੂਲ ਮੰਤਰ ਵਿਚਲੇ ਸੰਕਲਪੀ ਨਿਸਾਨ ੴ ਨਾਲ ਕੋਈ ਸੰਬੰਧ ਨਹੀਂ ਹੈ। ੴ, ਓਅੰਕਾਰ ਦਾ ਸੁਧਰਿਆ ਰੂਪ ਨਹੀਂ ਹੈ, ਜਿਵੇਂ ਕਿ ਸਿੱਖ ਵਿਦਵਾਨ ਤੇ ਲਿਖਾਰੀ ‘ਇਕ’ ਦੇ ਨਾਲ ‘ਕਾਰ’ ਲਾ ਕੇ ਦੱਸਦੇ ਹਨ। ੴ ਦੀ ਗਲਤ ਢੰਗ ਨਾਲ ਕੀਤੀ ਗਈ ਅਜਿਹੀ ਵਿਅੰਗ ਮਈ ਵਿਆਖਿਆ ਨੂੰ ਸਭ ਤੋਂ ਪਹਿਲਾ ਭਾਈ ਗੁਰਦਾਸ ਜੀ ਨੇ ਵਾਰ ਤੀਜੀ ਦੀ ਪਉੜੀ ੧੫ ਵਿਚ ਵਿਚਾਰਿਆ :
ਏਕਾ ਏਕੰਕਾਰ ਲਿਖਿ ਦੇਖਾਲਿਆ ।
ਊੜਾ ਓਅੰਕਾਰ ਪਾਸਿ ਬਹਾਲਿਆ ।
ਜਿਸ ਦੇ ਭਾਵ ਅਰਥ ਹਨ : ਇਕ ਤੋਂ ਭਾਵ ਏਕੰਕਾਰ ਹੈ । ਇਸ ਤੋਂ ਬਾਅਦ ਲਿਖੇ ‘ਖੁਲ੍ਹੈ ਮੂੰਹ ਵਾਲੇ ਊੜੇ’ ਦਾ ਮਤਲਵ ਓਅੰਕਾਰ ਹੈ।
ਇਸ ਲਈ ਭਾਈ ਗੁਰਦਾਸ ਜੀ ਪਹਿਲੇ ਵਿਅਕਤੀ ਹਨ ਜਿਹਨਾਂ ਨੇ ਗਲਤ ਵਿਆਖਿਆ ਤੇ ਭੁਲੇਖੇ ਖੜੇ ਕਰਨ ਵਾਲੇ ਵਿਚਾਰ ੴ ਨੂੰ ‘ਇਕਓਅੰਕਾਰ’ ਵਿਚਾਰ ਕੇ ਦਿਤਾ।”
੩. ਨਿਰਮਲ ਸਿੰਘ ‘ਕਲਸੀ’: “ਭਾਈ ਸਾਹਿਬ ਦੇ ਕਥਨ ਮੁਤਾਬਿਕ ਤਾਂ ‘ੴ ਦਾ ਉਚਾਰਣ ਬਣਦਾ ਹੈ ‘ਏਕੰਕਾਰ ਓਅੰਕਾਰ’ । ਸਿੱਖ ਜਗਤ ਇਸ ਗਲ ਦਾ ਪਾਂਧੀ ਨਹੀਂ । ਇਸ ਪੌੜੀ ਅੰਦਰ ਗੱਲ ਖੁੱਲ੍ਹੇ ਮੂੰਹ ਵਾਲੇ ਊੜੇ ‘ਓ’ ਦੀ ਹੈ, ਜਿਸ ਤੋਂ ਓਅੰਕਾਰ ਬਣਦਾ ਹੈ ਨਾ ਕਿ ‘ਓ’ ਦੀ ਜੋ ਕਿ ਵਿਲੱਖਣ ਦਿਸ ਰਿਹਾ ਹੈ । ਗਲ ਤਾਂ ਇਥੇ ਹੀ ਸਪਸ਼ਟ ਹੋ ਗਈ ਹੈ । ਫਿਰ ਭੀ, ਆਓ, ਵੀਚਾਰ ਨੂੰ ਅੱਗੇ ਤੋਰੀਏ । ਭਾਈ ਸਾਹਿਬ ਜੀ ਦੇ ਫੁਰਮਾਨ ਅਨੁਸਾਰ ‘੧’ ਏਕੰਕਾਰ ਦਾ ਲਖਾਇਕ ਹੈ ਊੜਾ ਜਿਸ ਤੋਂ ਓਅੰਕਾਰ ਬਣਦਾ ਹੈ, ਨੂੰ ਪਾਸ ਬਹਾਲਿਆ ਹੈ । ਭਾਵ, ਇਹ ‘੧ਓ’ ਬਣਿਆ ‘ਏਕੰਕਾਰ ਓਅੰਕਾਰ’ । ਅਸੀਂ ਤਾਂ ਵੀਚਾਰ ਕਰ ਰਹੇ ਹਾਂ ‘ੴ ‘ ਦੀ ਨਾ ਕਿ ‘੧ਓ’ ਦੀ । ਇਥੇ ‘ਪਾਸਿ ਬਹਾਲਿਆ’ ਵਿਚ ਘੰਡੀ ਹੈ । ਇਕ ਚੀਜ਼ ਦੇ ਪਾਸ ਜਦ ਦੂਜੀ ਚੀਜ਼ ਰਖੀਏ ਤਾਂ ਇਸ ਤੋਂ ਦੋ ਗੱਲਾਂ ਸਪੱਸ਼ਟ ਹੁੰਦੀਆਂ ਹਨ । ਪਹਿਲੀ ਗਲ ਕਿ ਦੋਨੋਂ ਚੀਜ਼ਾਂ ਇਕ ਦੂਜੇ ਤੋਂ ਭਿੰਨ ਹਨ । ਦੂਜੀ ਗੱਲ, ਪਾਸ ਬੈਠੀਆਂ ਹੋਈਆਂ ਚੀਜ਼ਾਂ ਦੇ ਵਿਚਕਾਰ ਕੋਈ ਵਿਥ ਹੁੰਦੀ ਹੈ । ਇਨ੍ਹਾਂ ਦੋਹਾਂ ਗੱਲਾਂ ਦਾ ਉਤਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਹੀ ਮਿਲਦੀ ਹੈ ।”
੪. ਜੋਗਿੰਦਰ ਸਿੰਘ ‘ਰੋਜ਼ਾਨਾ ਸਪੋਕਸਮੈਨ’: “ਪਹਿਲੀ ਵਾਰ ਸ਼ਾਇਦ ਭਾਈ ਗੁਰਦਾਸ ਜੀ ਨੇ ੴ ਦਾ ਉਹ ਉਚਾਰਣ ਦਿਤਾ ਜੋ ਅੱਜ ਪ੍ਰਚਲਤ ਹੈ ਜਿਸ ਨੂੰ ਵਿਦਵਾਨ ਲੋਕ ਸਹੀ ਨਹੀਂ ਮੰਨ ਰਹੇ ਹਨ ਕਿਉਂਕਿ ਇਹ ਉਚਾਰਣ, ੴ ਦੇ ਸਹੀ ਅਰਥ ਸਮਝਣ ਵਿੱਚ ਰੁਕਾਵਟ ਖੜੀ ਕਰਦਾ ਹੈ ।” ਆਦਿ ਕਈ ਹੋਰ ਮਾਡਰਨ ਵਿਦਵਾਨ ।
ਇਹਨਾਂ ਵੱਖੋ-ਵੱਖ ਵਿਦਵਾਨਾਂ ਨੇ, ਸਾਂਝੇ ਤੌਰ 'ਤੇ, ਇਕ ਹੀ ਵਿਓਅੰਚਾਰ “ੴ ਦੇ ਉਚਾਰਣ” ਨੂੰ ਅਧਾਰ ਬਣਾ ਕੇ ਭਾਈ ਗੁਰਦਾਸ ਜੀ ਨੂੰ ਗੁਰਮਤਿ ਵਿਚ ਬ੍ਰਾਹਮਣੀ ਤੱਤ ਮਿਲਾਉਣ ਦਾ ਦੋਸ਼ੀ ਠਹਿਰਾ ਦਿਤਾ। ਇਸ ਦੋਸ਼ ਵਿਚ, ਇਨ੍ਹਾਂ ਸਾਰੇ ਵਿਦਵਾਨਾਂ ਦੀ ਦਲੀਲ ਵੀ ਇਕੋ ਹੀ ਹੈ। ਉਹ ਹੈ ਭਾਈ ਗੁਰਦਾਸ ਜੀ ਦੀ ਤੀਜੀ ਵਾਰ ਦੀਆਂ ਪਹਿਲੀਆਂ ਦੋ ਪੰਗਤੀਆਂ। ਆਓ ਇਸ ਪਉੜੀ ਦੀਆਂ ਇਹਨਾਂ ਪੰਗਤੀਆਂ ਦੀ ਵਿਸਥਾਰ ਨਾਲ ਵਿਚਾਰ ਕਰੀਏ ਤਾਂ ਜੋ ਭਾਈ ਸਾਹਿਬ ਤੇ ਲੱਗਾਏ ਗਏ ਦੋਸ਼ਾਂ ਦੀ ਪੜਚੋਲ ਚੰਗੀ ਤਰ੍ਹਾਂ ਹੋ ਸਕੇ
ਵਾਰ ੩ ਪੌੜੀ ੧੫
ਏਕਾ ਏਕੰਕਾਰ ਲਿਖਿ ਦਿਖਾਲਿਆ । ਊੜਾ ਓਅੰਕਾਰ ਪਾਸਿ ਬਹਾਲਿਆ ।
ਸਤਿਨਾਮ ਕਰਤਾਰ ਨਿਰਭਉ ਭਾਲਿਆ । ਨਿਰਵੈਰਹੇ ਜੈਕਾਰ ਅਜੂਨੀ ਅਕਾਲਿਆ ।
ਸਚ ਨੀਸਾਣ ਅਪਾਰ ਜੋਤਿ ਉਜਾਲਿਆ । ਪੰਜ ਅਖਰ ਉਪਕਾਰ ਨਾਲ ਸਮ੍ਹਾਲਿਆ ।
ਪਰਮੇਸ਼ਰ ਸੁਖ ਸਾਰ ਨਦਰਿ ਨਿਹਾਲਿਆ । ਨਉ ਅੰਗ ਸੁੰਨ ਸ਼ੁਮਾਰ ਸੰਗ ਨਿਹਾਲਿਆ ।
ਨੀਲ ਅਨੀਲ ਵੀਚਾਰ ਪਿਰਮ ਪਿਆਲਿਆ ।੧੫।
ਇਸ ਪਉੜੀ ਦੀ ਵਿਚਾਰ ਤੋਂ ਪਹਿਲਾਂ ਕੁੱਝ ਜ਼ਰੂਰੀ ਗੱਲਾਂ ਜੋ ਹਮੇਸ਼ਾਂ ਯਾਦ ਰੱਖਣ ਯੋਗ ਹਨ:
੧. ਇਸ ਪਉੜੀ ਵਿਚ ਮੋਟੇ ਤੌਰ 'ਤੇ ਮੰਗਲਾਚਰਨ ਦੀ ਬਣਤਰ ਵੱਲ ਇਸ਼ਾਰਾ ਕੀਤਾ ਗਿਆ ਹੈ। ਜਿਵੇਂ ਕਿ ੴ ਦੀ ਬਣਤਰ ਬਾਰੇ ਵਿਚਾਰ ਕਰਦੇ ‘੧’ ਤੇ ‘ਓ’ ਦਾ ਵਿਚਾਰ ਇਸ਼ਾਰੇ ਮਾਤ੍ਰ ਹੈ । ਅਸਲ ਵਿਚ ੴ ਇਹ ਅਦੁੱਤੀ ਚਿੰਨ੍ਹ ਤਿੰਨ੍ਹ ਵੱਖ-ਵੱਖ ਲਿਪੀਆਂ ਦੇ ਸੰਕੇਤਸੂਚਕਾਂ (ਚਿੰਨ੍ਹਾਂ ) ਤੋਂ ਬਣਿਆ ਹੈ।
੨. ਇਸ ਸਾਰੀ ਪਉੜੀ ਨੂੰ ਧਿਆਨ ਨਾਲ ਵਾਚਣ ਤੇ ਸਾਫ ਦਿਖਾਈ ਦਿੰਦਾ ਹੈ ਕਿ ਭਾਈ ਗੁਰਦਾਸ ਜੀ ਨੇ ਇਥੇ ਮੰਗਲਾਚਰਨ ਦੀ ਵਿਆਖਿਆ ਨਹੀਂ ਕੀਤੀ। ਜੇ ਵਿਆਖਿਆ ਕਰਨੀ ਹੂੰਦੀ ਤਾਂ ਸਤਿਨਾਮ, ਕਰਤਾਪੁਰਖ ਆਦਿ ਪਦਾਂ ਦੀ ਵਿਆਖਿਆ ਵੀ ੴ ਦੇ ਨਾਲ ਹੀ ਕਰਦੇ ਪਰ ਅਜਿਹਾ ਨਹੀਂ ਹੈ, ਕਿਉਂਕਿ ਇਥੇ ਸ਼ਬਦ ਦਿਖਾਲਿਆ, ਬਹਾਲਿਆ, ਭਾਲਿਆ, ਅਕਾਲਿਆ, ਉਜਾਲਿਆ, ਸਮ੍ਹਾਲਿਆ, ਨਿਹਾਲਿਆ ਤੇ ਪਿਆਲਿਆ ਕਾਵਿ ਰੂਪ ਵਿਚ ਬਣਤਰ ਵਲ ਇਸ਼ਰਾ ਕਰ ਰਹੇ ਹਨ।ਭਾਵ ਇਸ ਪੌੜੀ ਵਿਚ ੴ ਦੇ ਬਣਤਰ ਦੀ ਵਿਚਾਰ ਹੈ ਵਿਆਖਿਆ ਦੀ ਨਹੀਂ।
੩. ਊੜਾ ਓਅੰਕਾਰ ਨੂੰ ਇਥੇ ਅਰਥ ਓਅੰਕਾਰ ਕਰਨੇ ਲਈ ਨਹੀਂ ਵਰਤਿਆਂ ਸਗੋਂ ਇਹ ਦੱਸਣ ਲਈ ਵਰਤਿਆ ਕਿ ਭਾਸ਼ਾ ਵਿਚ ਵਰਤੇ ਜਾਂਦੇ ਦੋ ਤਰ੍ਹਾਂ ਦੇ ਊੜਿਆਂ (ਇਕ ਬੰਦ ਮੂੰਹ ਵਾਲਾ ਊੜਾ ‘a’ ਦੂਜਾ ਖੁਲ੍ਹੇ ਮੂੰਹ ਵਾਲਾ ਊੜਾ ‘ਓ’) ਵਿਚੋਂ ਕਿਸ ਦੀ ਵਿਚਾਰ ਗੁਰੂ ਨਾਨਕ ਜੀ ਨੇ ਇਥੇ ਕੀਤੀ।
ਸਚ ਨਿਸਾਣ: ਇਥੇ ਸਬਦਾਂ ਦਾ ਜੋੜਾ, ੴ ਵੱਲ ਸੰਕੇਤ ਕਰਦਾ ਆਖ ਰਿਹਾ ਹੈ ਕਿ ਇਹ, ਇਕ ਕਰਤਾਰ ਦਾ ਨਿਸ਼ਾਣ ਹੈ, ਜਿਸਦਾ ਨਾਮ ਸਚ ਹੈ, ਭਾਵ ਭਾਈ ਗੁਰਦਾਸ ਜੀ ਇਥੇ ੴ ਨੂੰ ਸਚ ਨਿਸਾਣ ਨਾਲ ਵਿਚਾਰਦੇ ਹੋਇ ਇਕ ਕਰਤਾਰ ਦਾ ਵਿਲੱਖਣ ਸੂਚਕ ਦੱਸ ਰਹੇ ਹਨ ।
(ਪੰਜ ਅੱਖਰ: ਭਾਈ ਵੀਰ ਸਿੰਘ ਜੀ ਮਹਾਨ ਕੋਸ਼ ਦੇ ਪੰਨਾ ਨੰਬਰ ੭੮੮ ਤੇ ਪੰਚ ਅਖਰ ਦੀ ਵਿਚਾਰ ਕਰਦੇ ਲਿਖਦੇ ਹਨ:
“ੴਸਤਿਨਾਮੁ. ‘ਪੰਜ ਅੱਖਰ ਉਪਕਾਰ ਨਾਮ ਸਮਾਲਿਆ। ਭਾ:ਗੁਰਦਾਸ ਜੀ ਵਾਰ ਤੀਜੀ ਪਉੜੀ ੧੫’॥”
ਇਸੇ ਪੰਨੇ ਤੇ ਫੁੱਟ ਨੋਟ ਵਿੱਚ ਪੰਜ ਅੱਖਰ ਦੀ ਵਿਆਖਿਆ ਕਰਦੇ ਹੋਇ ਲਿਖਦੇ ਹਨ: “ੴ ਦੋ ਨਹੀਂ, ਜਿਵੇਂ ਵੇਦ ਵਿੱਚ ਓਮ ਇੱਕ ਅੱਖਰ ਹੈ ਤਿਵੇਂ ਗੁਰਮਤ ਵਿੱਚ ੴ ਇੱਕੋ ਅੱਖਰ ਹੈ”। ਭਾਈ ਕਾਨ੍ਹ ਸਿੰਘ ਜੀ ਦੀ ਇਸ ਵਿਚਾਰ ਤੋਂ ਸਾਫ ਹੋ ਜਾਂਦਾ ਹੈ ਕਿ ੴ ਵੇਦਾਂ ਦਾ ਸੁਧਰਿਆ ਰੂਪ ਨਹੀਂ ਇਹ ਇੱਕ ਗੁਰੂ ਨਾਨਕ ਦਾ ਸਵਤੰਤਰ ਸੰਕਲਪ ਹੈ, ਇੱਕ ਅੱਖਰ ਹੈ, ਇੱਕ ਸੰਕਲਪੀ ਚਿੰਨ੍ਹ ਹੈ ਤੇ ਭਾਈ ਗੁਰਦਾਸ ਜੀ ‘ਪੰਜ ਅੱਖਰ’ ਦੀ ਵਿਚਾਰ ਨਾਲ ਇਸ ਪਉੜੀ ਵਿੱਚ ੴ ਨੂੰ ਇਕ ਨਿਰਾਲੇ ਅੱਖਰ ਦੀ ਵਿਚਾਰ ਨਾਲ ਵਿਚਾਰਦੇ ਹਨ ਤੇ ਅਰੰਭ ਵਿੱਚ ੴ ਦੇ ਪਾਠ ਏਕੰਕਾਰ ਦੀ ਵੀਚਾਰ ਨੂੰ ਚੰਗੀ ਤਰ੍ਹਾਂ ਸਾਫ ਕਰਦੇ ਇਸ ਦੀ ਬਣਤਰ ਵੱਲ ਸੰਕੇਤ ਕਰਦੇ ਹਨ ।)
ਭਾਵ:
ਹੇ ਸਤਿਸੰਗੀ ਜੀਵੋ! ਸਤਿਗੁਰ ਨਾਨਕ ਪਾ: ਜੀ ਨੇ ਪਹਿਲਾ ਏਕੰਕਾਰ (ੴ) ਦਾ ਏਕਾ (੧) ਲਿਖ ਕੇ ਦਿਖਾਲਿਆ ਤੇ ਫਿਰ ਇਸ ਏਕੇ (੧) ਕੋਲ ਓਅੰਕਾਰ ਦੇ ਖੁਲ੍ਹੇ ਮੂੰਹ ਵਾਲੇ ਊੜੇ ਵਰਗਾ ਊੜਾ (ਓ) ਪਾਸ ਬਹਾਲਿਆ।
ਹੇ ਸਤਿਸੰਗੀ ਜੀਵੋ! ਇਸ ਤਰ੍ਹਾਂ ਏਕੰਕਾਰ (ੴ) ਲਿਖਣ ਤੋਂ ਬਾਅਦ ਸਤਿਗੁਰਾਂ ਨੇ ਇਸ ਨੂੰ ਸੱਚ ਦੇ ਨਾਮ ਨਾਲ ਸਤਿਨਾਮ ਸਰੂਪ ‘ਚ’ ਵਿਚਾਰਦੇ ਹੋਏ, ਰਚਣਹਾਰ ਕਰਤਾਰ ਦੀ ਵਿਚਾਰ ਨਾਲ, ਨਿਰਭਉ ਸਰੂਪ ਵਿਚ ਕੁਦਰਤ ਚੋਂ ਭਾਲਿਆ ਤੇ ਫੁਰਮਾਇਆ:-
ਏਕੰਕਾਰ ਨਿਰਵੈਰ ਹੈ, ਨਿਰਵੈਰ ਹੋਣ ਕਰਕੇ ਇਸ ਦੀ ਸਦਾ ਜੈ ਜੈ ਕਾਰ ਹੈ, ਜੈ ਜੈ ਕਾਰ ਦੇ ਇਸ ਗੁਣ ਦੇ ਨਾਲ-ਨਾਲ ਇਹ ਅਜੂਨੀ ਤੇ ਕਾਲ ਤੋਂ ਰਹਿਤ ਅਕਾਲਿਆ ਵੀ ਹੈ।
ਹੇ ਸਤਿਸੰਗੀ ਜੀਵੋ! ਸਚੁ ਨੀਸਾਣ ਸਰੂਪ ਏਕੰਕਾਰ ਜੀ ਦੀ ਸਰਬਵਿਆਪਕ ਅਕਾਲ ਸਰੂਪ ਅਪਾਰ ਜੋਨ ਨੇ ਹੀ, ਸਾਰੇ ਬ੍ਰਹਮੰਡ ਨੂੰ ਉਜਾਲਿਆ ਹੈ (ਭਾਵ ਜਗਮਗਾਇਆ ਹੈ)।
ਹੇ ਸਤਸੰਗੀ ਜੀਵੋ! ਜਿਨ੍ਹਾਂ ਪੰਜ ਭੂਤਕ ਸਰੀਰਾਂ ਤੇ ਏਕੰਕਾਰ ਜੀ ਨੇ ਉਪਕਾਰ ਕੀਤਾ ਹੈ, ਉਨ੍ਹਾਂ ਮਨੁੱਖਾਂ ਨੇ ਹੀ ਪੰਜ ਅੱਖਰ ( ੴ ਸਤਿਨਾਮ ) ਦੀ ਵਿਚਾਰ ਨੂੰ ਸੰਭਾਲਿਆ ਹੈ ।
ਹੇ ਸਤਿਸੰਗੀ ਜੀਵੋ! ਪ੍ਰਮੇਸ਼ਰ ਏਕੰਕਾਰ ਜੀ ਸਾਰੇ ਸੁੱਖਾਂ ਦਾ ਖਜਾਨਾਂ ਹਨ ਤੇ ਜੀਵਾਂ ਤੇ ਮਿਹਰ ਭਰੀ ਨਦਰ ਪਾ ਕੇ ਨਿਹਾਲ ਕਰਨੇ ਵਾਲੇ ਨਦਰ ਨਿਹਾਲਿਆ ਹਨ ।
ਹੇ ਸਤਿਸੰਗੀ ਜੀਵੋ! ਜਿਸ ਤਰ੍ਹਾਂ ਗਣਿਤ ਦੇ ਮੂਲ ੯ ਅੰਕਾਂ ਨਾਲ ਜੁੜਨ ਤੇ ਸਿਫ਼ਰ (zero) ਦਾ ਮੁੱਲ ਪੈਂਦਾ ਹੈ, ਉਸੇ ਤਰ੍ਹਾਂ ਹੀ ਜਦੋ ਗੁਰਮੁਖਾਂ ਦੀ ਸੁਰਤ ਦਾ ਸੰਗ ਸ਼ਬਦ ਨਾਲ ਹੁੰਦਾ ਹੈ, ਤਾਂ ਉਨ੍ਹਾਂ ਦਾ ਜੀਵਨ ਵੀ ਸੰਸਾਰਕ ਜੀਵਾ ਦੇ ਜੀਵਨ ਤੋਂ ਨਿਰਾਲਾ ਹੋ ‘ਸੰਗ ਨਿਹਾਲਿਆ’ ਵਾਲਾ ਜੀਵਨ ਕਹਾਉਂਦਾ ਹੈ।
ਹੇ ਸਤਿਸੰਗੀ ਜੀਵੋ! ਨਾਮ ਚ’ ਰੰਗੇ ਗੁਰਮੁਖ ਜਨ ਸਦਾ ਏਕੰਕਾਰ ਜੀ ਦੀ ਹੀ ਨੀਲ ਅਨੀਲ ਵਾਲੀਆਂ ਬੇਅੰਤ ਵਿਚਾਰਾ ਨਾਲ ਸਿਫ਼ਤ ਕਰਦੇ ਹਨ, ਉਸਦੇ ਪ੍ਰੇਮ ਸਰੂਪ ਪਿਆਲੇ ਚੋਂ ਉਸਦੀ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਦੇਂ ਹਨ ਤੇ ਉਸ ਨੂੰ ਪਿਰਮ ਪਿਆਲਾ ਪਿਲਾਉਂਣ ਵਾਲਾ ਨਾਮ ਦਾਤਾ ਆਖਦੇ ਹਨ।
ੴ ਦੀ ਬਣਤਰ ਵਿਚਾਰ ਕਰਦਿਆ ਜੋ ਸਿਟੇ ਨਿਕਲਦੇ ਹਨ ਉਹ ਇਸ ਤਰ੍ਹਾਂ ਹਨ:
੧. ੴ ਦਾ ਪਾਠ ‘ਏਕੰਕਾਰ’ ਹੈ। ਇਸ ਦੀ ਬਣਤਰ ਬਣਾਉਣ ਸਮੇਂ ਸਤਿਗੁਰੂ ਨੇ ਪਹਿਲਾ ਪੰਜਾਬੀ ਹਿਸਾਬ ਦਾ ‘੧’ ਲਿਖਿਆ ਤੇ ਫੇਰ ਇਸ ਏਕੇ ਦੇ ਕੋਲ ਓਅੰਕਾਰ ਦੇ ਖੁੱਲੇ ਮੂੰਹ ਵਾਲੇ ਊੜੇ ਵਰਗਾ ਊੜਾ (ਓ) ਬਹਾਇਆ ਭਾਵ (ਲਿਖਿਆ)।
ਏਕਾ ਏਕੰਕਾਰ ਲਿਖਿ ਦੇਖਾਲਿਆ । ਊੜਾ ਓਅੰਕਾਰ ਪਾਸ ਬਹਾਲਿਆ ।(ਯਾਦ ਰਹੇ ਇਥੇ ਖੁਲ੍ਹੇ ਮੂਹ ਵਾਲੇ ਊੜੇ ਵੱਲ ਸੰਕੇਤ ਕਰਨ ਲਈ, ਸ਼ਬਦ ਓਅੰਕਾਰ ਦੀ ਵਰਤੋਂ ਕੀਤੀ ਹੈ ੴ ਦੇ ਉਚਾਰਣ, ਅਰਥ ਤੇ ਫਿਲਾਸਫੀ ਦੇ ਵਿਚਾਰ ਨਾਲ ਇਸ ਦਾ ਕੋਈ ਵਾਸਤਾ ਨਹੀਂ, ਜਿਸ ਦਾ ਟਪਲਾ ਗੁਰਬਾਣੀ ਦੇ ਵਿਦਵਾਨ ਆਮ ਹੀ ਖਾ ਜਾਂਦੇ ਹਨ।)
੨. ੴ ਸਚ ਦਾ ਨਿਸਾਣ ਹੈ । (ਸਚ ਨੀਸਾਣ ਅਪਾਰ ਜੋਤਿ ਉਜਾਲਿਆ । ੩/੧੫)
੩. ੴ ਇਕ ਅਖਰ ਹੈ । (ਪੰਜ ਅਖਰ ਉਪਕਾਰ ਨਾਮ ਸਮਾਲਿਆ। ੩/੧੫)
ਭਾਈ ਗੁਰਦਾਸ ਜੀ ੴ ਦੇ ਉਚਾਰਣ ‘ਏਕੰਕਾਰ’ ਨੂੰ ਸਪਸ਼ਟ ਤੌਰ 'ਤੇ ਪੰਜਾਂ ਸਤਿਗੁਰਾਂ ਵਲੋਂ ਵਿਚਾਰੇ ਜਾਣ ਦੀ ਵਿਚਾਰ ਕਰਦੇ ਇਸ ਦੀ ਪ੍ਰਮਾਣਿਕਤਾ ਤੇ ਪੱਕੀ ਮੋਹਰ ਲਾਉਂਦੇ ਹੋਇ ਇਸ ਤਰ੍ਹਾਂ ਆਖ ਰਹੇ ਹਨ :
ਪੰਜੇ ਏਕੰਕਾਰ ਲਿਖਿ ਅਗੋਂ ਪਿਛੀ ਸਹਸ ਫਲਾਇਆ। (੩੯ ਵਾਰ। ੨ ਪਉੜੀ। ੪ ਪੰਗਤੀ)
ਭਾਵ:-
ਪੰਜਾਂ ਸਤਿਗੁਰੂਆਂ ਨੇ ਏਕੰਕਾਰ (ੴ ) ਲਿਖ ਕੇ, ਅੱਗੋਂ ਆਉਣ ਵਾਲੇ ਸਮੇਂ ਵਿੱਚ, ਸੱਚ ਦੇ ਮਾਰਗ ਦੀ ਜੀਵਨ ਜੁਗਤ ਦ੍ਰਿੜ ਕਰਵਾਉਦੇ ਹੋਏ, ਇਸਦੇ ਪਿਛੋਂ (ਪਿਛੀ) ਇਸਨੂੰ ਹਜ਼ਾਰਾ ਗੁਣ ਨਾਲ ਫਲਾਇਆ ( ਭਾਵ ਵਿਚਾਰਿਆ)।
{ਪੰਜਾਂ ਸਤਿਗੁਰੂਆਂ ਤੋਂ ਭਾਵ ਸਤਿਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਅੰਗਦ ਸਾਹਿਬ ਜੀ, ਸਤਿਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ, ਸਤਿਗੁਰੂ ਅਰਜਨ ਸਾਹਿਬ ਜੀ}
ੴ ਦੇ ਉਚਾਰਣ ‘ਏਕੰਕਾਰ’ ਦੀ ਗੁਰਬਾਣੀ ਵਿਚਾਰ:
੧. ਗੁਰਬਾਣੀ ਵਿਚ ਇਸ ਨਿਰਾਲੇ ਅੱਖਰ ੴ ਦੇ ਪਾਠ ‘ਏਕੰਕਾਰ’ ਦੀ ਵਿਚਾਰ ਸਭ ਤੋਂ ਪਹਿਲਾ ਗੁਰੂ ਨਾਨਕ ਜੀ ਨੇ ਕੀਤੀ । ਆਪ ਜੀ ਨੇ ੧੩ ਵਾਰ ਇਸ ਨੂੰ ਆਪਣੀ ਬਾਣੀ ਵਿਚ ਵਿਚਾਰਿਆ ।ਗੁਰੂ ਅਮਰਦਾਸ ਜੀ ਨੇ ੧ ਵਾਰ । ਗੁਰੂ ਰਾਮਦਾਸ ਜੀ ਨੇ ੨ ਵਾਰ । ਗੁਰੂ ਅਰਜਨ ਪਾ: ਨੇ ਇਸ ਨੂੰ ੨੧ ਵਾਰ ਵਿਚਾਰਿਆ । ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀ ਪੰਗਤੀ (ਪੰਜੇ ਏਕੰਕਾਰ ਲਿਖਿ ਅਗੋਂ ਪਿਛੀ ਸਹਸ ਫਲਾਇਆ।) ਗੁਰਬਾਣੀ ਵਿਚਾਰ ਦੀ ਕਸਵਟੀ ਤੇ ਪੂਰੀ ਉਤਰਦੀ ਹੈ ।ਇਹ ਸੱਚੀ ਗਵਾਹੀ ਭਰ ਰਹੀ ਹੈ । ਪੰਜਾ ਸਤਿਗੁਰਾਂ ਨੇ ੴ ਨੂੰ ਪਾਠ ‘ਏਕੰਕਾਰ’ ਨਾਲ ਵਿਚਰਿਆ।
੨. ਗੁਰੂ ਨਾਨਕ ਜੀ ਵਲੋਂ ਪਹਿਲੀ ਵਾਰ ‘ਏਕੰਕਾਰ’ ਸਬਦ ਦੀ ਵਰਤੋਂ ਕਰਨਾ, ਇਹ ਦਰਸਾ ਰਿਹਾ ਹੈ ਕਿ, ਆਪਜੀ ਨੇ ਵਿਲੱਖਣ ਅਦੁੱਤੀ ਨਿਸਾਣ ੴ ਦੀ ਰਚਨਾ ਕਰਕੇ ਇਸਦਾ ਉਚਾਰਣ ‘ਏਕੰਕਾਰ’ ਦਿਤਾ। ਇਤਿਹਾਸਕਾਰ ਇਸ ਵਿਚਾਰ ਦੀ ਪੁਸ਼ਟੀ ਕਰਦੇ ਹਨ ਕਿ ‘ਏਕੰਕਾਰ’ ਸ਼ਬਦ ਪੰਜਾਬੀ ਦਾ ਹੈ। ਦੇਖੋ ਮਹਾਨਕੋਸ਼ ਅਤੇ ਡਾ: ਹਰਭਜਨ ਜੀ ਦਾ ਗੁਰਬਾਣੀ ਕੋਸ਼ । ਗੁਰਬਾਣੀ ਦੀ ਵਿਚਾਰ ਕੀਤਿਆ ਇਹ ਪਤਾ ਚਲਦਾ ਹੈ ਕਿ ਇਸ ਸ਼ਬਦ ‘ਏਕੰਕਾਰ’ਦੀ ਵਰਤੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਨੇ ਆਪਣੀ ਬਾਣੀ ਵਿਚ ਕੀਤੀ।
੩. ਗੁਰਬਾਣੀ ਵਿਆਖਿਆਕਾਰ ਇਹ ਮੰਨਦੇ ਹਨ ।ੴ ਦਾ ਗੁਰਬਾਣੀ ਵਿਚ ਉਚਾਰਣ ‘ਏਕੰਕਾਰ’ ਹੈ । ਵੇਖੋ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਪੁ ਬਾਣੀ ਦਾ ਟੀਕਾ ਜਿਸ ਵਿਚ ਆਪ ਜੀ ਲਿਖਦੇ ਹਨ : “ਏਕੰਕਾਰ, ਇਕ ਜੋ ਅਕਾਲਪੁਰਖ ਹੈ”। ਵੇਖੋ ਪ੍ਰੋ: ਸਾਹਿਬ ਸਿੰਘ ਜੀ ਦੀ ਦਰਪਣ ਪੋਥੀ ਤੀਜੀ ਵਿਚ ਆਸਾ ਕੀ ਵਾਰ ਦੇ ਮੰਗਲਾ ਚਰਨ ਦੀ ਵਿਚਾਰ : “ਗੁਰਬਾਣੀ ਵਿਚ ਇਸ ਦਾ ਉਚਾਰਣ ‘ਏਕੰਕਾਰ’ ਭੀ ਹੈ” । ਵੇਖੋ ਪੰਡਿਤ ਕਰਤਾਰ ਸਿੰਘ ਜੀ ਦਾਖਾ ਦਾ ਜਪੁ ਬਾਣੀ ਦੇ ਸਟੀਕ ਵਿਚ ਮੰਗਲਾ ਚਰਨ ਦਾ ਵਿਚਾਰ : “ਗੁਰਬਾਣੀ ਵਿਚ ਇਸ ਦਾ ਨਿਘੰਟੂ (ਉਚਾਰਣ) ‘ਏਕੰਕਾਰ’ ਹੈ।
ਭਾਈ ਗੁਰਦਾਸ ਜੀ ਵਲੋਂ ਕੀਤੀ ਵਿਚਾਰ ਤੇ ਭਾਸ਼ਾ ਦੀ ਕਸਵੱਟੀ :
ਪੰਜਾਬੀ ਭਾਸ਼ਾ ਦੇ ਅਧਾਰ ਤੇ ਵਿਚਾਰ ਕਰਨ ਵਾਲੇ ਵਿਦਵਾਨ, ਸਾਂਝੇ ਤੌਰ ਤੇ ੴ ਨੂੰ ‘ਸਮਾਸ’ ਜਾਂ ‘ਸ਼ਬਦ’ ਕਹਿੰਦੇ ਹਨ । ਪਰ ਜਦੋਂ ਪਾਠ ਪੱਖ ਤੋਂ ਇਹ ਵਿਦਵਾਨ ਵਿਚਾਰ ਕਰਦੇ ਹਨ ਤਾਂ ਕੋਈ ਇਸਨੂੰ ‘ਏਕੋ, ਕੋਈ ਇਕ ਓਅੰਕਾਰ, ਕੋਈ ਏਕਮਕਾਰ, ਕੋਈ ਏਕੋ ਅਨੰਤ ਆਦਿ ਉਚਾਰਨ ਦਿੰਦਾ ਹੋਇਆ ਵਿਚਾਰਦਾ ਹੈ। ਹਰ ਕੋਈ ਆਪਣੀ ਦਲੀਲ ਨੂੰ ਭਾਸ਼ਾ ਦੇ ਅਧਾਰ ਤੇ ਸਹੀ ਦੱਸ ਰਿਹਾ ਹੈ। ਪਰ ਜਦੋਂ ਅਸੀਂ ਇਹਨਾਂ ਵਿਦਵਾਨਾਂ ਦੀ ਵਿਚਾਰ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਿਆ ਤਾਂ ਇਹ ਸਾਰੇ ਵਿਦਵਾਨ ਪੂਰੇ ਨਾ ਉਤਰੇ। ਆਓ ਇਸੇ ਵਿਚਾਰ ਕਸਵੱਟੀ ਤੇ ਵੀ ਭਾਈ ਗੁਰਦਾਸ ਜੀ ਵਲੋਂ ਕੀਤੀ ਵਿਚਾਰ ਨੂੰ ਪਰਖਦੇ ਹਾਂ ਜਿਹੜੀ ਕਿ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ।
“ਜਦੋਂ ਕੋਈ ਲਿਖਾਰੀ ਆਪਣੀ ਬੋਲੀ ਦੇ, ਭਾਸ਼ਾ ਨਿਯਮਾਂ ਤੋਂ ਬਾਹਰਾ, ਭਾਸ਼ਾ ਲਿਪੀ ਦੇ ਚਿੰਨ੍ਹਾਂ ਦੀ ਵਰਤੋਂ ਕਰਦਾ ਹੋਇਆ ਕਿਸੇ ਲਿਖਤੀ ਰੂਪ ਨੂੰ ਚਿਤਰਦਾ ਹੈ ਤਾਂ ਉਸਦੀ ਲਿਖਤ, ‘ਉਚਾਰਣ ਦੀ ਵਿਲੱਖਣ ਇਕਾਈ’ ਬਣ ਜਾਂਦੀ ਹੈ। ਉਸ ਦੇ ਉਚਾਰਣ ਦਾ ਮੌਲਿਕ ਹੱਕ ਵੀ ਉਸ ਲਿਖਾਰੀ ਦਾ ਰਾਖਵਾਂ ਹੂੰਦਾ ਹੈ।”
ਗੁਰੂ ਨਾਨਕ ਜੀ ਨੇ ਆਪਣੇ ਸਮੇਂ ਦੇ ਭਾਸ਼ਾ ਨਿਯਮਾਂ ਤੋਂ ਬਾਹਰਾ, ਸਵਤੰਤਰ ਨਿਸ਼ਾਨ ੴ ਦੀ ਰਚਨਾ ਕੀਤੀ । ਇਸ ਤਰ੍ਹਾਂ ੴ ਉਚਾਰਣ ਦੀ “ਵਿਲੱਖਣ ਇਕਾਈ” ਬਣ ਜਾਂਦੀ ਹੈ । ਇਸ ਦੇ ਉਚਾਰਣ ਦਾ ਮੌਲਿਕ ਹੱਕ ਵੀ ਗੁਰੂ ਨਾਨਕ ਜੀ ਦਾ ਹੋ ਜਾਂਦਾ ਹੈ ।ਗੁਰੂ ਨਾਨਕ ਜੀ ਨੇ ਆਪਣੇ ਇਸ ਮੌਲਿਕ ਹੱਕ ਦੀ ਵਰਤੋਂ ਕਰਦੇ ਹੋਏ ਇਸ ‘ਵਿਲੱਖਣ ਇਕਾਈ’ ਨੂੰ ਪੰਜਾਬੀ ਬੋਲੀ ਵਿਚ ਨਵੇ ਬਣਾਏ ਸ਼ਬਦ ‘ਏਕੰਕਾਰ’ ਨਾਲ ਵਿਚਾਰਿਆ ਹੈ। ਇਸ ‘ਏਕੰਕਾਰ’ ਦੀ ਵਿਚਾਰ, ਗੁਰਬਾਣੀ ਵਿਚ ਇਤਿਹਾਸਕ ਗਵਾਹੀ ਵਜੋਂ ਕੀਤੀ । ਅਸੀਂ ਉਪਰ ਇਤਿਹਾਸਕ ਪੱਖ ਤੋਂ ਇਸ ਵਿਚਾਰ ਦੀ ਪੁਸ਼ਟੀ ਕਰ ਆਏ ਹਾਂ ਕਿ ਸ਼ਬਦ ‘ਏਕੰਕਾਰ’ ਦੀ ਸਭ ਤੋਂ ਪਹਿਲਾ ਵਿਚਾਰ ਗੁਰੂ ਨਾਨਕ ਜੀ ਨੇ ਆਪਣੀ ਬਾਣੀ ਵਿਚ ਕੀਤੀ।
ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ੴ ਨੂੰ ‘ਸਚੁ ਨਿਸਾਣ’ ਤੇ ‘ਇਕ ਅੱਖਰ’ ਦੀ ਵਿਚਾਰ ਨਾਲ ਵੀ ਵਿਚਾਰਿਆ ਹੈ । ਆਓ ਇਸ ਵਿਚਾਰ ਨੂੰ ਭਾਸ਼ਾ ਦੀ ਕਸਵੱਟੀ ਤੇ ਵੀ ਪਰਖ ਲਈਏ।
“ਜਦੋਂ ਕੋਈ ਲਿਖਾਰੀ ਭਾਸ਼ਾਈ ਨਿਯਮਾਂ ਤੋਂ ਬਾਹਰਾ ਲਿਪੀ ਚਿੰਨ੍ਹ ਦੀ ਵਰਤੋਂ ਕਰਕੇ ਵਿਲੱਖਣ ਰਚਨਾ ਕਰਦਾ ਹੈ ਤਾਂ ਇਸ ਦੀ ਵਰਤੋਂ ਵੀ, ਉਹ ਵਿਸ਼ੇਸ਼ ਤੋਰ ਤੇ ਕਰਦਾ ਹੈ । ਜਿਵੇਂ ਇਕ ਗੁਰਸਿੱਖ ਨੇ ਇਕ ਦੁਕਾਨ ਲਈ ਲੋਗੋ ਤਿਆਰ ਕਰਨਾ ਸੀ । ਉਸਨੇ ਇਸਦੇ ਲਈ ਪੰਜਾਬੀ ਭਾਸ਼ਾ ਦੇ ਲਿਪੀ ਚਿੰਨ੍ਹ ਦੀ, ਭਾਸ਼ਾਈ ਨਿਯਮਾਂ ਤੋਂ ਬਾਹਰ ਸੰਯੋਜਿਤ ਕਰਕੇ ‘ਇਕ ਵਿਲੱਖਣ ਇਕਾਈ’ ਬਣਾਈ ਇਸ ਇਕਾਈ ਨੂੰ ਉਸਨੇ ਆਪਣੇ ਕਾਰੋਬਾਰ ਦਾ ਨਿਸਾਨ (ਲੋਗੋ) ਬਣਾਇਆ । ਹੁਣ ਹਰ ਕੋਈ ਉਸਦੇ ਇਸ ਕਾਰੋਬਾਰੀ ਨਿਸਾਨ ਨੂੰ ਵੇਖ ਝੱਟ ਕਹਿ ਦਿੰਦਾ ਹੈ ਕਿ ਇਹ ਚੀਜ਼ ਫਲਾਨੇ ਗੁਰਸਿੱਖ ਦੀ, ਦੁਕਾਨ ਤੋਂ ਖਰੀਦੀ ਗਈ ਹੈ। ਕਹਿਣ ਤੋਂ ਭਾਵ ਜਦੋਂ ਕੋਈ ਲਿਖਤੀ ਰੂਪ ਵਿਚ ਇਕ ਵਿਲੱਖਣ ਇਕਾਈ ਦੀ ਰਚਨਾ ਕਰਦਾ ਹੈ ਤਾਂ ਉਸ ਦੀ ਵਰਤੋਂ ਵੀ ਉਹ ਵਿਲੱਖਣ ਰੂਪ ਵਿਚ ਹੀ ਕਰਦਾ ਹੈ।”
ਗੁਰੂ ਨਾਨਕ ਜੀ ਨੇ ਵੀ ਵਿਲਖਣ ਇਕਾਈ ੴ ਦੀ ਰਚਨਾ ਕਰਕੇ, ਇਸ ਦੀ ਵਰਤੋਂ ਵੀ ਵਿਲੱਖਣ ਰੂਪ ਵਿਚ ਹੀ ਕੀਤੀ। ਆਪ ਜੀ ਇਸ ਦੀ ਵਰਤੋਂ ਆਪਣੇ ਇਸ਼ਟ, ਇਕ ਕਰਤਾਰ ਦੇ ਨਿਸਾਣ ਵਜੋਂ ਕੀਤੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਜੀ ਦੀ ਇਸੇ ਹਦਾਇਤ ਨੂੰ ਆਦਿ ਬੀੜ ਵਿੱਚ ਹੂ-ਬ-ਹੂ ਦਰਜ਼ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਹਦਾਇਤ ਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਆਈ ਦੇਣ ਤੱਕ ਕਾਇਮ ਰੱਖਿਆ।
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਿਚੋਂ ੴ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਇਸ ਦੀ ਮੋਹਰ ਵੱਖ-ਵੱਖ ਬਾਣੀਆਂ ਤੇ ਰਾਗਾਂ ਦੇ ਆਰੰਭ ਵਿਚ ਮੰਗਲ ਦੇ ਤੌਰ ਤੇ ਮਿਲਦੀ ਹੈ। ੴ ਦੀ ਗੁਰਬਾਣੀ ਵਿਚਲੀ ਇਹ ਮੋਹਰ ਸਾਫ ਤੌਰ ਤੇ ਇਸਨੂੰ ਵਿਲਖਣ ਨਿਸਾਣ ਦੇ ਰੂਪ ਵਿਚ ਦਿਖਾਈ ਦਿੰਦੀ ਹੈ। ਇਤਿਹਾਸਕਾਰਾਂ ਨੇ ਇਸੇ ਵਿਲੱਣਖਤਾ ਨੂੰ ਵੇਖ ਕੇ ਇਸਨੂੰ ‘ਸਚੁਨਿਸਾਣ’ ਤੇ ‘ਇੱਕਅੱਖਰ’ ਲਿਖਿਆ ਹੈ। ਵੇਖੋ ਮਹਾਨ ਕੋਸ਼ ਵਿੱਚ ਪੰਜ ਅੱਖਰ ਦੀ ਵਿਚਾਰ ਦਾ ਫੁਟ ਨੋਟ (“ੴ ਦੋ ਅੱਖਰ ਨਹੀਂ, ਜਿਵੇਂ ਵੇਦਾਂ ਵਿੱਚੰ (ਓਮ) ਇਕ ਅੱਖਰ ਹੈ, ਤਿਵੇਂ ਗੁਰਮੱਤ ਵਿੱਚ ੴ ਇਕੋਂ ਅਖਰ ਹੈ।”) ਤੇ ਭਾਈ ਵੀਰ ਸਿੰਘ ਜੀ ਦਾ ਗੁਰ ਪ੍ਰਤਾਮ ਸੂਰਜ ਗ੍ਰੰਥ ਦੀ ੧੩ ਵੀਂ ਪੋਥੀ ਦਾ ਇਹ ਵਿਚਾਰ (” ਯਾਦ ਰਹੇ ਕਿ ੴ ਨੂੰ ਇਕ ਅੱਖਰ ਗਿਣਨਾ ਹੈ।”) ।
ਇਸ ਤਰ੍ਹਾਂ ਭਾਈ ਗੁਰਦਾਸ ਜੀ ਵਲੋਂ ੴ ਦਾ ‘ਸਚੁ ਨਿਸਾਣ’ ਤੇ ‘ਇਕ ਅੱਖਰ’ ਦੇ ਰੂਪ ਵਿਚ ਵਿਚਾਰ ਕਰਨਾ, ਭਾਸ਼ਾ ਦੇ ਅਧਾਰ ਤੇ ਵੀ ਸਹੀ ਸਾਬਤ ਹੁੰਦਾ ਹੈ।
ਇਸ ਸਾਰੀ ਵਿਚਾਰ ਦੀ ਪਹਿਲੀ ਵਿਲੱਖਣਤਾ ਇਹ ਹੈ ਕਿ ਜਿਸ ਵਿਚਾਰ ਨੂੰ ਅਧਾਰ ਬਣਾ ਕੇ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਨੂੰ ਗੁਰਮਤਿ ਵਿਚ, ਬ੍ਰਾਹਮਣੀ ਤੱਤ ਮਿਲਾਉਣ ਦਾ ਦੋਸ਼ੀ ਠਹਿਰਾਇਆ, ਉਹ ਬ੍ਰਾਹਮਣੀ ਤੱਤ ਤਾਂ ਕਿਤੇ ਨਜ਼ਰ ਹੀ ਨਹੀਂ ਆਇਆ। ਦੂਜੀ ਵਿਲੱਖਣਤਾ ਇਸ ਲੇਖ ਦੀ ਇਹ ਹੈ ਕਿ ਭਾਈ ਗੁਰਦਾਸ ਜੀ ਦੁਆਰਾ ੴ ਦੀ ਕੀਤੀ ਵਿਆਖਿਆ, ਗੁਰਬਾਣੀ ਤੇ ਭਾਸ਼ਾ ਦੀ ਕਸਵੱਟੀ ਤੇ ਜਿਥੇ ਪੂਰੀ ਉਤਰਦੀ ਹੈ ਉਥੇ ਇਸ ਸਵਾਲ ਦਾ ਜਵਾਬ ਵੀ ਸਾਫ ਤੇ ਸਪਸ਼ਟ ਰੂਪ ਵਿਚ ਦੇ ਰਹੀ ਹੈ ਕਿ ਗੁਰੂ ਨਾਨਕ ਜੀ ਨੇ ੴ ਦੀ ਰਚਨਾ ਕਰਕੇ ਇਸ ਨੂੰ ਕਿਹੜਾ ਉਚਾਰਣ ਦਿਤਾ ?
ਅੰਤ ਵਿਚ ਸਿੱਟਾ ਇਹ ਨਿਕਲਦਾ ਹੈ ਕਿ ਜਿਹਨਾਂ ਵਿਦਵਾਨਾ ਨੇ ਭਾਈ ਗੁਰਦਾਸ ਜੀ ਤੇ ਕਿੰਤੂ-ਪ੍ਰੰਤੂ ਕੀਤੀ ਹੈ ਉਹਨਾਂ ਦਾ ਗਿਆਨ ਗੁਰਬਾਣੀ ਦੇ ਅਨੁਭਵ ਅਤੇ ਦਲੀਲ ਪੱਖ ਤੋਂ ਅਧੂਰਾ ਹੈ। ਉਹਨਾਂ ਦੀਆਂ ਦਲੀਲਾਂ ਗੁਰਬਾਣੀ ਦੀ ਕਸਵੱਟੀ 'ਤੇ ਪੂਰੀਆ ਨਹੀਂ ਉਤਰਦੀਆਂ। ਇਸ ਲਈ ਅਜਿਹੇ ਵਿਦਵਾਨਾਂ ਤੋਂ ਸਦਾ ਪੰਥ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਜਾਗੋ ਖਾਲਸਾ ਜੀ ਜਾਗੋ । ਗੁਰਬਾਣੀ ਵਿਚਾਰ ਦੇ ਸੱਚੇ ਪਾਂਧੀ ਬਣਕੇ ਝੂਠੇ ਵਿਚਾਰਾ ਨੂੰ ਤਿਆਗੋ। ਜਾਗੋ ਖਾਲਸਾ ਜੀ ਜਾਗੋ।
ਗੁਰਬੰਸ ਸਿੰਘ