ਨਵੰਬਰ ੧੯੮੪ ਦਾ ਗਵਾਹ ਪਿੰਡ ਹੋਦ ਚਿੱਲੜ
ਨਵੰਬਰ ੧੯੮੪ ਦਾ ਕਹਿਰੀ ਭਾਣਾ ਵਰਤਿਆਂ ਭਾਵੇ ਤਿੰਨ ਦਹਾਕੇ ਗੁਜ਼ਰ ਚੁੱਕੇ ਹਨ, ਪਰ ਜੀਹਨਾਂ ਨੇ ਪੀੜ ਆਪਣੇ ਹੱਡੀ ਹੰਢਾਈ ਹੈ ਉਹਨਾਂ ਨੂੰ ਤਾਂ ਅਜੇ ਇਹ ਕੱਲ ਦੀ ਹੀ ਗੱਲ ਲੱਗਦੀ ਹੈ । ਸੋਚਦਾਂ ਹਾਂ! ਮਨੁੱਖ ਐਨਾ ਕਿਵੇਂ ਗਿਰ ਸਕਦਾ ਹੈ, ਕਿ ਛੋਟੇ ਛੋਟੇ ਬੱਚਿਆਂ ਨੂੰ ਕੰਧਾ ਨਾਲ਼ ਪਟਕਾ ਪਟਕਾ ਕੇ ਹੀ ਮਾਰ ਦੇਵੇ । ਜਨਵਰੀ ੨੦੧੧ ਤੋਂ ਪਹਿਲਾਂ ੧੯੮੪ ਪ੍ਰਤੀ ਮੈਂ ਵੀ ਏਨਾਂ ਸੰਵੇਦਨਸ਼ੀਲ ਨਹੀਂ ਸੀ । ੧੯੮੪ ਨੂੰ ਮੇਰੀ ਉਮਰ ਮਸਾਂ ਹੀ ਨੌਂ ਵਰਿਆਂ ਦੀ ਹੋਵੇਗੀ । ਨਵੰਬਰ ੧੯੮੪ ਬਾਰੇ ਜੋ ਕੁੱਝ ਪੜਿਆ ਸੀ ਉਸ ਨਾਲ਼ ਏਨੀਂ ਸੰਵੇਦਨਸੀਲਤਾਂ ਨਹੀਂ ਸੀ ਜਾਗੀ, ਜਿੰਨੀ ਹੈਵਾਨੀਅਤ ਦੇ ਨੰਗੇ ਨਾਚ ਦੇ ਗਵਾਹ ਪਿੰਡ ਹੋਦ ਚਿੱਲੜ ਨੂੰ ਵੇਖ ਕੇ ਜਾਗੀ ।
ਹੋਦ ਚਿੱਲੜ ਦੀ ਇੱਕ-ਇੱਕ ਇੱਟ ਸਮੁੱਚੇ ਘਟਨਾਕ੍ਰਮ ਦੀ ਗਵਾਹ ਹੈ ਜੋ ਅੱਜ ਤੀਹ ਵਰਿਆਂ ਬਾਅਦ, ਮਰ ਕੇ ਵੀ ਜਿੰਦਾ ਹੈ । ਉਸ ਪਿੰਡ ਦੀਆਂ ਬਚੀਆਂ ਖੁਚੀਆਂ ਹਵੇਲੀਆਂ ਉਸ ਆਤੰਕ ਦੀਆਂ ਗਵਾਹ ਹਨ ਜੋ ੨ ਨਵੰਬਰ ੧੯੮੪ ਨੂੰ ਵਾਪਰਿਆ । ਕੀ ਕਸੂਰ ਸੀ ਸੁਰਜੀਤ ਕੌਰ ਦੇ ਦੋ ਅਤੇ ਤਿੰਨ ਸਾਲ਼ ਦੇ ਸਕੇ ਭਾਈਆਂ ਜਸਬੀਰ ਸਿੰਘ ਤੇ ਸਤਿਬੀਰ ਸਿੰਘ ਦਾ, ਜੀਹਨਾਂ ਨੂੰ ਵਹਿਸ਼ੀ ਦਰਿੰਦਿਆਂ ਨੇ ਕੰਧਾ ਨਾਲ਼ ਪਟਕਾ-ਪਟਕਾ ਕੇ ਹੀ ਮਾਰ ਦਿੱਤਾ । ਉਹਨਾਂ ਅਬੋਧ ਬਾਲਕਾਂ ਨੂੰ ਤਾਂ ਏਹ ਵੀ ਗਿਆਨ ਨਹੀਂ ਹੋਣਾ ਕਿ ਸਿੱਖ ਕੌਣ ਹੁੰਦੇ ਹਨ ਅਤੇ ਹਿੰਦੂ ਕੌਣ ? ਐਫ ਆਈ ਆਰ ੯੧ ਮੁਤਾਬਕ ਅਤੇ ਪਿੰਡ ਦੇ ਸਰਪੰਚ ਧਨਪਤ ਮੁਤਾਬਕ ਕਾਤਲ ਟੋਲੇ ਨਾਹਰੇ ਲਗਾ ਰਹੇ ਸਨ ਕਿ ਸਿੱਖ ਗਦਾਰ ਹੈਂ, ਇੰਨਹੇ ਨਹੀਂ ਛੋਡੇਗੇਂ ।
ਕੀ ਕਸੂਰ ਸੀ ਪਟੌਦੀ ਵਾਸੀ ਗਿਆਨ ਸਿੰਘ ਦੀਆਂ ਬਾਲੜੀਆਂ ਦਾ ਜੀਹਨਾਂ ਨਾਲ਼ ਸ਼ਰੇ ਬਜ਼ਾਰ ਸੈਕੜੇ ਗੁੰਡਿਆਂ ਨੇ ਬਲਤਕਾਰ ਕੀਤਾ ਅਤੇ ਫਿਰ ਉਹਨਾਂ ਤੇ ਪੇਸ਼ਾਬ ਕਰਕੇ ਉਹਨਾਂ ਨੂੰ ਥਾਂਏ ਹੀ ਮਾਰ ਦਿਤਾ । ਹੋਦ ਪਿੰਡ ਦੀ ਇੱਕ ਇੱਕ ਇੱਟ ਚੀਖਦੀ ਹੈ, ਉਹ ੨ ਨਵੰਬਰ ੧੯੮੪ ਨੂੰ ਹੋਈ ਦਰਿੰਦਗੀ ਦੀ ਕਹਾਣੀ ਆਪੇ ਬਿਆਨ ਕਰਦੀ ਹੈ । ਹੋਦ ਪਿੰਡ ਜਾ ਕੇ ਕਿਸੇ ਤੋਂ ਪੁੱਛਣ ਦੀ ਜਰੂਰਤ ਨਹੀਂ ਰਹਿੰਦੀ ਕਿ ਨਵੰਬਰ ੧੯੮੪ ਨੂੰ ਕੀ ਹੋਇਆ ਸੀ । ਘਰਾਂ ਵਿੱਚ ਜਲ਼ੀ ਕਣਕ ਅਜੇ ਤੱਕ ਮੌਜੂਦ ਹੈ ਜੋ ਇਹ ਦੱਸਦੀ ਹੈ ਕਿ ਜਿਉਂਦੇ ਬੰਦਿਆਂ ਨੂੰ ਕਿਵੇਂ ਫੂਕ ਦਿੱਤਾ ਗਿਆ ਸੀ ਅਤੇ ਚਿੱਲੜ ਪਿੰਡ ਦੇ ਲੋਕ ਜਿਹੜੇ ਹੁਣ ਆਪਣੇ ਆਪ ਨੂੰ ਹਮਾਇਤੀ ਦਰਸਾਉਂਦੇ ਹਨ ਕਿਵੇਂ ਖੜੇ ਤਮਾਸ਼ਾ ਵੇਖਦੇ ਰਹੇ ਸਨ । ਉਹ ਮਾਸੂਮਾਂ ਦੀਆਂ ਚੀਖਾਂ ਸੁਣਦੇ ਰਹੇ ਕਿਸੇ ਨੇ ਵੀ ਉਹਨਾਂ ਸਿੱਖਾਂ ਨੂੰ ਬਚਾਉਣਾ ਜਰੂਰੀ ਨਹੀਂ ਸਮਝਿਆ ਸਮੇਤ ਪੁਲਿਸ ਪ੍ਰਸ਼ਾਸਨ ਦੇ । ਇਹ ਮੈਂ ਆਪਣੇ ਕੋਲ਼ੋ ਨਹੀਂ ਕਹਿ ਰਿਹਾ ਗਰਗ ਕਮਿਸ਼ਨ ਵਿੱਚ ਸੱਭ ਸੱਚੋ ਸੱਚ ਬਿਆਨ ਹੋ ਰਿਹਾ ਹੈ ।
ਹੋਦ ਚਿੱਲੜ ਦਾ ਕੇਸ ਮਾਰਚ ੨੦੧੧ ਤੋਂ ਚੱਲ ਰਿਹਾ ਹੈ । ਇਸ ਦੀ ਸੁਣਵਾਈ ਲਈ ਇੱਕ ਮੈਂਬਰੀ ਕਮਿਸ਼ਨ ਗਰਗ ਕਮਿਸ਼ਨ ਬਣਿਆ ਹੋਇਆ ਹੈ ਜਿਸ ਦਾ ਹੈਡ ਕੁਆਟਰ ਹਿਸਾਰ ਵਿਖੇ ਹੈ । ਗਰਗ ਕਮਿਸ਼ਨ ਦੀ ੨੬ ਸਾਲਾਂ ਬਾਅਦ ਨਿਯੁਕਤੀ ਕਰਵਾਉਣ ਲਈ ਮੈਂਨੂੰ ਆਪਣੀ ਨੌਕਰੀ ਦੀ ਬਲੀ ਦੇਣੀ ਪਈ । ਬਲੀ ਦੀ ਰੀਤ ਤਾਂ ਸਾਡੇ ਸਦੀਆਂ ਤੋਂ ਚੱਲਦੀ ਆ ਰਹੀ ਹੈ ਫਿਰ ਇਹ ਇੰਨਕੁਆਇਰੀ ਬਲੀ ਤੋਂ ਕਿਵੇਂ ਅਛੂਤੀ ਰਹਿ ਜਾਂਦੀ ।ਹਰਿਆਣਾ ਸਰਕਾਰ ਵਲੋਂ ੬ ਮਾਰਚ ੨੦੧੧ ਜਸਟਿਸ ਟੀ.ਪੀ. ਗਰਗ ਕਮਿਸਨ ਕਾਇਮ ਕੀਤਾ । ਇਸ ਦਾ ਨੋਟੀਫਿਕੇਸ਼ਨ ਅਗਸਤ ਮਹੀਨੇ ਜਾਰੀ ਹੋਇਆ । ਪਹਿਲਾਂ ਅਸੀਂ ਇਹ ਸਮਝਦੇ ਸੀ ਕਿ ਇਹ ਪੂਰੇ ਹਰਿਆਣੇ ਲਈ ਹੈ ਅਤੇ ਜਦੋਂ ਗੁੜਗਾਉਂ, ਪਟੌਦੀ ਦੇ ਪੀੜਤ ਵੀ ਆਪਣੀ ਫਰਿਆਦ ਲੈ ਕੇ ਕਮਿਸਨ ਦੇ ਸਨਮੁੱਖ ਪੇਸ਼ ਹੋਏ ਤਾਂ ਉਹਨਾਂ ਸਾਫ ਸ਼ਬਦਾ ਵਿੱਚ ਕਿਹਾ ਕਿ ਕਮਿਸ਼ਨ ਨੂੰ ਸਿਰਫ ਹੋਦ ਚਿੱਲੜ ਦੀ ਇੰਨਕੁਆਇਰੀ ਲਈ ਹੀ ਬਣਾਇਆ ਗਿਆ ਹੈ । ਸਾਡੇ ਵਲੋਂ ਦਸੰਬਰ ੨੦੧੧ ਵਿੱਚ ਰਿੱਟ ੩੮੨੧ ਪਾਈ ਗਈ ਅਤੇ ਉਸ ਰਿੱਟ ਤਹਿਤ ੧੭.੦੭.੨੦੧੨ ਨੂੰ ਨੋਟੀਫਿਕੇਸ਼ਨ ਜਰੀਏ ਕਮਿਸਨ ਦੇ ਘੇਰੇ ਵਿੱਚ ਗੁੜਗਾਉਂ ਪਟੌਦੀ ਨੂੰ ਵੀ ਸ਼ਾਮਿਲ ਕੀਤਾ ਗਿਆ । ਪਹਿਲੀ ਵਾਰ ਸਰਕਾਰ ਵਲੋਂ ਨਿਯੁਕਤ 'ਗਰਗ ਕਮਿਸ਼ਨ' ਵਲੋਂ ੨੬.੦੭.੨੦੧੩ ਨੂੰ ਹੋਦ ਚਿੱਲੜ ਪਿੰਡ ਦਾ ਦੌਰਾ ਕੀਤਾ ਗਿਆ ।
੧੮.੦੫.੧੩ ਸੁਰਜੀਤ ਕੌਰ ਨੇ ਆਪਣੇ ਪਰਿਵਾਰ ਦੇ ਕਤਲ ਕੀਤੇ ੧੨ ਜੀਆਂ ਦੀ ਸੂਚੀ ਗਰਗ ਕਮਿਸ਼ਨ ਨੂੰ ਸੌਂਪੀ । ਜਿਸ ਨੇ ਸਾਰੇ ਪੰਜਾਬ ਨੂੰ ਰੁਆ ਦਿੱਤਾ ਸੀ। ਜਿਸ ਵਿੱਚ ਉਹਨਾਂ ਦੇ ਦਾਦਾ ਗੁਰਦਿਆਲ ਸਿੰਘ, ਦਾਦੀ ਜਮਨਾ ਬਾਈ, ਪਿਤਾ ਅਰਜਨ ਸਿੰਘ, ਮਾਤਾ ਪ੍ਰੀਤਮ ਕੌਰ । ਦੋ ਛੋਟੇ ਭਾਈ ਜਸਬੀਰ ਸਿੰਘ ਤੇ ਸਤਿਬੀਰ ਸਿੰਘ ਜਿਹੜੇ ਕ੍ਰਮਵਾਰ ਦੋ ਅਤੇ ਤਿੰਨ ਸਾਲ ਦੇ ਸਨ । ਤਿੰਨ ਭੂਆ ਜੋਗਿੰਦਰ ਕੌਰ, ਜਸਬੀਰ ਕੌਰ ਤੇ ਸੁਨੀਤਾ ਦੇਵੀ । ਤਿੰਨ ਚਾਚੇ ਮਹਿੰਦਰ ਸਿੰਘ,ਗੁਰਚਰਨ ਸਿੰਘ ਤੇ ਗਿਆਨ ਸਿੰਘ ਸਾਮਿਲ ਸਨ ।
੪ ਜੂਨ ੨੦੧੩ ਗੁੜਗਾਉਂ ਪ੍ਰਸਾਸਨ ਦੀ ਰਿਪੋਰਟ ਵਿੱਚ ਕਤਲ ਕੀਤੇ ੪੭ ਸਿੱਖਾਂ ਅਤੇ ਸਾੜੇ ੨੯੭ ਘਰਾਂ ਦਾ ਜਿਕਰ ਤੱਕ ਨਹੀਂ ਸੀ, ਪਰ ਪੀੜਤਾਂ ਵਲੋਂ ੪੭ ਕਤਲ ਕੀਤੇ ਸਿੱਖਾ ਦੀ ਸੂਚੀ ਮ੍ਰਿਤਕ ਦਾ ਨਾਮ ਅਤੇ ਸਾੜੇ ਘਰਾਂ ਦੀ ਲਿਸਟ ਗਰਗ ਕਮਿਸ਼ਨ ਦੇ ਸਨਮੁੱਖ ਪੇਸ਼ ਕੀਤੀ ਗਈ ਸੀ ।
੪ ਜੁਲਾਈ ੨੦੧੩ ਨੂੰ ਬਲਵੰਤ ਸਿੰਘ ਨੇ ਉਸ ਦੇ ਪਰਿਵਾਰ ਦੇ ਕਤਲ ਕੀਤੇ ੧੧ ਜੀਆਂ ਦੀ ਸੂਚੀ ਜੱਜ ਸਾਹਿਬ ਨੂੰ ਸੌਂਪੀ ਜਿਸ ਵਿੱਚ ਉਹਨਾਂ ਦੇ ਦਾਦਾ ਗੁਲਾਬ ਸਿੰਘ ਪਿਤਾ ਕਰਤਾਰ ਸਿੰਘ,ਮਾਤਾ ਧੰਨੀ ਬਾਈ, ਭਾਈ ਭਗਵਾਨ ਸਿੰਘ, ਭਾਬੀ ਕ੍ਰਿਸਨਾ ਦੇਵੀ, ਚਾਰ ਭਤੀਜੇ ਮਨੋਹਰ ਸਿੰਘ,ਚੰਚਲ ਸਿੰਘ, ਸੁੰਦਰ ਸਿੰਘ ਤੇ ਇੰਦਰ ਸਿੰਘ, ਦੋ ਭੈਣਾਂ ਤਾਰਾ ਵੰਤੀ ਤੇ ਵੀਰਨਾ ਵਾਲੀ ਸ਼ਾਮਿਲ ਸਨ ।
ਅਗਸਤ ੨੦੧੩ ਨੂੰ ਫੌਜੀ ਜਵਾਨ ਦੀ ਵਿਧਵਾ ਬੀਬੀ ਕਮਲਜੀਤ ਕੌਰ ਵਲੋਂ ਆਪਣੇ ਪਤੀ ਇੰਦਰਜੀਤ ਸਿੰਘ ਦੀ ਮੌਤ ਦਾ ਖੁਲਾਸਾ ਕੀਤਾ ਗਿਆ, ਸਾਡੀ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਯਤਨਾ ਸਦਕਾ ਉਸ ਭੈਣ ਨੂੰ ਸਰਕਾਰੀ ਪੈਨਸ਼ਨ ਮਿਲਣੀ ਆਰੰਭ ਹੋਈ ਹੈ ।
ਅਕਤੂਬਰ ੨੦੧੩ ਵਿੱਚ ਈਸਵਰੀ ਦੇਵੀ ਆਪਣੇ ਪਿਤਾ ਤਖਤ ਸਿੰਘ ਦੀ ਮੌਤ ਦਾ ਖੁਲਸਾ ਕੀਤਾ ।
ਨਵੰਬਰ ੨੦੧੩ ਨੂੰ ਗੁੱਡੀ ਦੇਵੀ ਵਲੋਂ ਆਪਣੇ ਪਰਿਵਾਰ ਦੇ ਮੌਤ ਦੇ ਘਾਟ ਉਤਾਰੇ ਛੇ ਜੀਆਂ ਦਾ ਖੁਲਾਸਾ ਕੀਤਾ ਜਿਸ ਵਿੱਚ ਉਸ ਦੇ ਪਿਤਾ ਸਰਦਾਰ ਸਿੰਘ ਦੋ ਭਾਈ ਹਰਭਜਨ ਸਿੰਘ ਤੇ ਧੰਨ ਸਿੰਘ ਦੋ ਭੈਣਾ ਮੀਰਾਂ ਬਾਈ, ਸੁਰਜੀਤ ਕੌਰ ਤੇ ਭਰਜਾਈ ਦਯਾਵੰਤੀ ਸਨ ।
ਦਸੰਬਰ ੨੦੧੩ ਵਿੱਚ ਹਰਨਾਮ ਸਿੰਘ ਦੀ ਪਤਨੀ ਅੰਮ੍ਰਿਤ ਕੌਰ ਦੀ ਮੌਤ ਦਾ ਖੁਲਾਸਾ ਹੋਇਆ ।
੩੦.੦੧.੨੦੧੪ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਉੱਦਮ ਸਦਕਾ ਜ਼ਿਰਹਾ ਮੁਕੰਮਲ ਹੋਈ ।
ਪਿਛਲੇ ਤਿੰਨ ਸਾਲਾ ਵਿੱਚ ਤਕਰੀਬਨ ੩੨ ਪੇਸ਼ੀਆਂ ਭੁਗਤ ਚੁੱਕੀਆਂ ਹਨ ਜਿਸ ਵਿੱਚ ਮੇਰੇ ਨਾਲ਼ ਮੇਰੇ ਵੀਰ ਭਾਈ ਦਰਸਨ ਸਿੰਘ ਘੋਲੀਆ ਹਰੇਕ ਤਰੀਕ ਤੇ ਪਹੁੰਚੇ । ਸਾਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ, ਜਿਸ ਦਾ ਅਸੀਂ ਵਿਸ਼ੇਸ਼ ਤਹਿ ਦਿਲੋਂ ਧਨਵਾਦ ਕਰਨਾ ਚਾਹੁੰਦੇ ਹਾਂ । ਸਾਡੀ ਜੰਗ ਜਾਰੀ ਹੈ ਦੇਖਦੇ ਹਾਂ ਕਮਿਸ਼ਨ ਇੰਨਸਾਫ ਦੇ ਨਾਮ ਤੇ ਕੀ ਕਰਦਾ ਹੈ । ਸਾਡੀ ਕੌਮ ਨੂੰ ਏਹੋ ਅਪੀਲ ਹੈ ਕਿ ਉਹ ਜਿੰਨਾ ਜਲਦੀ ਹੋ ਸਕੇ ਇਸ ਪਿੰਡ ਨੂੰ ਸਾਭ ਲਵੇਂ ਕਿਤੇ ਇਹ ਨਾ ਹੋਵੇ ਇਹ ਸ਼ਹੀਦਾਂ ਦੀ ਧਰਤੀ, ਕੌਮੀ ਧਰੋਹਰ ਮਿੱਟੀ ਵਿੱਚ ਮਿਲ਼ ਜਾਵੇ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
੯੮੭੨੦੯੯੧੦੦