* - ਯੋਗਦਾਨ - *
Contribution ਅੰਗ੍ਰਜ਼ੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਇਕ ਅਰਥ ਹੈ 'ਯੋਗਦਾਨ'। ਬੇਨਤੀ ਹੈ ਕਿ ਪਾਠਕ ਯੋਗਦਾਨ ਤੋਂ ਮੇਰਾ ਭਾਵ ਕੋਈ 'ਚੰਦਾ' ਦੇਂਣ ਦੀ ਕ੍ਰਿਆ ਨਾ ਸਮਝ ਲੇਂਣ।ਇਸ ਥਾਂ ਯੋਗਦਾਨ ਤੋਂ ਮੇਰਾ ਭਾਵ ਕਿਸੇ ਕਾਰਜ ਵਿਚ ਕਿਸੇ ਵੱਲੋਂ ਸਿੱਧੇ-ਅਸਿੱਧੇ ਨਿਭਾਈ ਗਈ ਉਸਾਰੂ ਜਾਂ ਵੱਡਮੁੱਲੀ ਭੂਮਿਕਾ' ਹੈ।
ਸੰਸਾਰ ਵਿਚ ਮਨੁੱਖਾਂ ਨੇ ਕਈਂ ਐਸੇ ਕੰਮ ਅੰਜਾਮ ਦਿੱਤੇ ਹਨ, ਜਿਨ੍ਹਾਂ ਪ੍ਰਤੀ ਕ੍ਰਿਤਘਣਤਾ ਦਾ ਭਾਵ ਨਾ ਰੱਖਣਾ ਜਿਵੇਂ ਪਰਮਾਤਮਾ ਪ੍ਰਤੀ ਅਕ੍ਰਿਤਘਣ ਹੋਂਣਾ ਹੈ।
ਮਸਲਨ ਮੁਸਲਮਾਨ ਤੋਂ ਬਣਿਆ ਸਿੱਖ, ਆਪਣੀ ਮੁਸਲਿਮ ਮਾਂ ਪ੍ਰਤੀ ਅਕ੍ਰਿਤਘਤਾ ਦਾ ਭਾਵ ਰੱਖੇ ਤਾਂ ਉਹ ਸਹੀ ਮਾਨੇ ਵਿਚ ਗੁਰਮੁਖਿ ਨਹੀਂ। ਇਹੀ ਕਾਰਣ ਹੈ ਕਿ ਜਿਹੜੇ ਮਨੁੱਖਾਂ ਦੇ ਕ੍ਰਿਤ ਨੇ ਗੁਰੂ ਸਾਹਿਬਾਨ ਦੇ ਜੀਵਨ ਵਿਚ ਯੋਗਦਾਨ ਪਾਇਆ ਹੈ, ਅਸੀਂ ਉਨ੍ਹਾਂ ਨੂੰ ਸਤਿਕਾਰ ਦੀ ਦ੍ਰਿਸ਼ਟੀ ਨਾਲ ਵੇਖਦੇ ਹਾਂ।ਮਸਲਨ ਅਸੀਂ ਗੁਰੂ ਨਾਨਕ ਜੀ ਨੂੰ ਜਨਮ ਦੇਂਣ ਵਾਲੇ ਮਾਤਾ-ਪਿਤਾ ਲਈ ਵੀ ਸਤਿਕਾਰ ਦੀ ਭਾਵਨਾ ਰੱਖਦੇ ਹਾਂ।
ਜਿੱਥੋਂ ਤਕ ਗੁਰੂ ਸਾਹਿਬਾਨ ਤੋਂ ਪਹਿਲਾਂ ਦੇ ਸਮੇਂ ਦੀ ਗਲ ਹੈ, ਤਾਂ ਅਕਸਰ ਪ੍ਰਚਾਰਕ ਉਸ ਸਮੇਂ ਦੀ ਨਿੰਦਾ ਕਰਦੇ ਨਜ਼ਰ ਆਉਂਦੇ ਹਨ। ਉਹ ਉਸ ਸਮੇਂ ਪ੍ਰਤੀ ਕੇਵਲ ਨੱਕਾਰਾਤਮਕ ਭਾਵਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਉਸ ਸਮੇਂ ਨੂੰ ਇੰਝ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਸਭ ਕੁੱਝ ਨਿਕੰਮਾ ਸੀ, ਅਤੇ ਕੋਈ ਵੀ ਕੰਮ ਦੀ ਗਲ ਨਹੀਂ ਸੀ। ਹਾਂ ਕੁੱਝ ਸੱਜਣ ਇਹ ਸਵੀਕਾਰ ਕਰਦੇ ਹਨ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਹੋਏ ਭਗਤਾਂ ਨੇ ਕੰਮ ਦੀਆਂ ਗਲਾਂ ਕੀਤੀਆਂ ਸਨ, ਪਰ ਬਾਕੀ ਦੇ ਸਮਾਜਕ ਯੋਗਦਾਨ ਨੂੰ ਕੋਈ ਨਹੀਂ ਵਿਚਾਰਦਾ।
ਜ਼ਰਾ ਵਿਚਾਰ ਕਰੀਏ ਉਨ੍ਹਾਂ ਮਨੁੱਖਾਂ ਬਾਰੇ ਜਿਨ੍ਹਾਂ ਨੇ ਆਪਣੇ ਵਿਕਾਸ ਕ੍ਰਮ ਵਿਚ ਕਈਂ ਐਸੀਆਂ ਉਪਲੱਬੀਆਂ ਅਰਜਤ ਕੀਤੀਆਂ ਜਿਨ੍ਹਾਂ ਦੇ ਸਹਿਯੌਗ ਰਾਹੀਂ ਗੁਰੂ ਉਪਦੇਸ਼ਾਂ ਦਾ ਪ੍ਰਚਾਰ ਅਤੇ ਪ੍ਰਸਾਰ ਪਰਵਾਣ ਚੜੀਆ। ਭਾਸ਼ਾ ਨੂੰ ਵਿਕਸਤ ਕਰਨ ਵਾਲਿਆਂ ਦੇ ਯੋਗਦਾਨ ਕਾਰਣ ਬਾਣੀ ਉਪਦੇਸ਼ ਸਾਡੇ ਤਕ ਪਹੁੰਚੇ। ਜੇ ਕਰ ਭਾਸ਼ਾ ਨਾ ਹੁੰਦੀ ਤਾਂ ਕਿਵੇਂ ਸੁਣਾਈ-ਸਮਝਾਈ ਜਾਂਦੀ ਬਾਣੀ ? ਰਾਗਾਂ-ਧੁਨਿਆਂ ਦੀ ਰਚਨਾ ਕਰਨ ਵਾਲਿਆਂ ਦਾ ਯੋਗਦਾਨ ਵੀ ਭੁੱਲਣ ਯੋਗ ਨਹੀਂ।ਪਤਾ ਨਹੀਂ ਕੋਂਣ ਸਨ ਪਰ ਜੋ ਵੀ ਸਨ ਇਸ ਪੱਖੋਂ ਉਨ੍ਹਾਂ ਦਾ ਯੋਗਦਾਨ ਚੇਤੇ ਰੱਖਣ ਅਤੇ ਸਨਮਾਨ ਯੋਗ ਹੈ।
ਪੰਜਵੇਂ ਗੁਰੂ ਸਾਹਿਬਾਨ ਦੇ ਸਮੇਂ ਭਾਰਤ ਵਿਚ ਮੁੱਖ ਰੂਪ ਵਿਚ ਦੋ ਥਾਂ ਕਾਗਜ਼ ਬਣਦਾ ਸੀ। ਪੰਜਾਬ ਦੇ ਸਿਆਲਕੋਟ ਅਤੇ ਕਸ਼ਮੀਰ ਵਿਚ। ਆਦਿ ਬੀੜ (ਪੌਥੀ ਸਾਹਿਬ) ਦੀ ਬਣਤਰ ਵਿਚ ਕਸ਼ਮੀਰੀ ਕਾਗ਼ਜ਼ ਦੀ ਵਰਤੋਂ, ਕਾਗ਼ਜ਼ੀ ਹੁਨਰਕਾਰਾਂ ਦੇ ਯੋਗਦਾਨ ਨੂੰ ਪ੍ਰਗਟਾਉਂਦੀ ਹੈ। ਜ਼ਰਾ ਕੁ ਹੋਰ ਧਿਆਨ ਦੇਈਏ ਤਾਂ ਕੀ ਅਧਿਆਤਮਕ ਪੱਖੋਂ ਭੱਟਕਿਆ ਸਮਾਜ, ਖਾਣ ਲਈ ਅੰਨ ਅਤੇ ਪਹਿਨਣ ਲਈ ਕਪੜੇ ਦਾ ਉਤਪਾਦਨ ਨਹੀਂ ਸੀ ਕਰਦਾ ? ਜਿਤਨੀ ਕੁ ਵੀ ਸੀ, ਬਿਮਾਰੀਆਂ ਦੇ ਇਲਾਜ ਦੀ ਵਿਵਸਥਾ ਨਹੀਂ ਸੀ ? ਨਿਰਸੰਦੇਹ ਸੀ। ਇਹੀ ਕਾਰਣ ਹੈ ਕਿ ਗੁਰੂ ਸਾਹਿਬਾਨ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਉਚਾਰਦੇ ਹੋਏ ਵੀ ਕਿਸੇ ਮਨੁੱਖ ਪ੍ਰਤੀ ਘ੍ਰਿਣਾ ਦਾ ਭਾਵ ਨਹੀਂ ਸਿਖਾਇਆ। ਹਾਂ ਕੁੱਝ ਲਈ ਸਿੱਖਿਆਤਮਕ ਫਿਟਕਾਰ ਜ਼ਰੂਰ ਉਚਾਰੀ ਹੈ।
ਆਪਣੇ ਫ਼ਰਜ਼ ਨੂੰ ਪਛਾਣਦਾ-ਨਿਭਾਉਂਦਾ ਕਿਸੇ ਦੀ ਜਾਨ ਬਚਾਉਂਣ ਵਾਲਾ ਡਾਕਟਰ, ਜੇ ਕਰ ਕਿਸੇ ਬਾਬੇ ਵਿਚ ਸ਼ਰਧਾ ਰੱਖਦਾ ਹੋਏ, ਤਾਂ ਉਸ ਨੂੰ ਕੇਵਲ ਆਤਮਕ ਮੌਤ ਮਰੀਆ ਹੋਇਆ ਬੰਦਾ ਹੀ ਕਹੀਏ?
ਖੈਰ ਯੋਗਦਾਨ ਬਾਰੇ ਉਪਰੋਕਤ ਸਥਿਤੀ, ਅਤੇ ਉਸਦੀ ਸੁਹਿਰਦ ਸਵਕ੍ਰਿਤੀ, ਜੀਵਨ ਅੰਦਰ 'ਮਨੁੱਖੀ ਏਕੇ' ਦੇ ਅਹਿਸਾਸ ਨੂੰ ਜਗਾਉਂਦੀ ਹੈ। ਧਾਰਮਕ, ਸਮਾਜਕ, ਆਰਥਕ ਅਤੇ ਰਾਜਨੀਤਕ ਪੱਖੋਂ ਵੱਖਰੇਵੇਂਆ ਵਿਚ ਆਪਸੀ ਯੋਗਦਾਨ ਮਨੁੱਖੀ ਜੀਵਨ ਦੀ ਕਾਰ ਨੂੰ ਚਲਾਉਂਣ ਦਾ ਕੁਦਰਤੀ ਨਿਯਮ ਹੈ। ਜੇ ਕਰ ਸਮਾਜਕ ਯੋਗਦਾਨ ਦੇ ਇਸ ਨਿਯਮ ਨੂੰ ਧਿਆਨ ਵਿਚ ਰਖਿਆ ਜਾਏ ਤਾਂ ਲੱਖ ਮਤਭੇਦਾਂ ਨਾਲ ਭਰੇ ਹੋਏ ਮਨ ਵਿਚ ਵੀ ਨਫਰਤ ਦੀ ਥਾਂ ਪਿਆਰ ਦੀ ਤੰਦ ਬਣੀ ਰਹਿੰਦੀ ਹੈ। ਇਸ ਯੋਗਦਾਨ ਦੀ ਵਿਚਾਰ ਵਿਚ ਹਰ ਥਾਂ ਪਰਮਾਤਮਾ ਦੀ ਕ੍ਰਿਪਾ ਅਤੇ 'ਉਸ ਦੇ ਨੂਰ' ਦੀ ਉਪਸਥਿਤੀ ਦਾ ਅਹਿਸਾਸ ਹੁੰਦਾ ਹੈ।
ਹਰਦੇਵ ਸਿੰਘ,ਜੰਮੂ-੦੩.੧੧.੨੦੧੪