(ਵਿਸ਼ਾ-ਪੰਜਵਾਂ-ਜੀਵਨ ਮੁਕਤੀ)
(ਭਾਗ ਦੂਜਾ)
ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥ ਪਰਮ ਪਦਾਰਥੁ ਪਾਵੈ ਸੋਈ ॥ (੨੩੨)
ਨਾਮ ਅਮੋਲਕੁ ਗੁਰਮੁਖਿ ਪਾਵੈ ॥ ਨਾਮੋ ਸੇਵੈ ਨਾਮਿ ਸਹਜਿ ਸਮਾਵੈ ॥
ਅੰਮ੍ਰਿਤੁ ਨਾਮੁ ਰਸਨਾ ਨਿਤ ਗਾਵੈ ॥ ਜਿਸ ਨੋ ਕ੍ਰਿਪਾ ਕਰੇ ਸੋ ਹਰਿ ਰਸੁ ਪਾਵੈ ॥1॥
ਅਨਦਿਨੁ ਹਿਰਦੈ ਜਪਉ ਜਗਦੀਸਾ ॥ ਗੁਰਮੁਖਿ ਪਾਵਉ ਪਰਮ ਪਦੁ ਸੂਖਾ ॥1॥ਰਹਾਉ॥
ਹਿਰਦੈ ਸੂਖੁ ਭਇਆ ਪਰਗਾਸੁ ॥ ਗੁਰਮੁਖਿ ਗਾਵਹਿ ਸਚੁ ਗੁਣਤਾਸੁ ॥
ਦਾਸਨਿ ਦਾਸ ਨਿਤ ਹੋਵਹਿ ਦਾਸੁ ॥ ਗ੍ਰਿਹਿ ਕੁਟੰਬ ਮਹਿ ਸਦਾ ਉਦਾਸੁ ॥2॥
ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥ ਪਰਮ ਪਦਾਰਥੁ ਪਾਵੈ ਸੋਈ ॥
ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥ ਸਹਜੇ ਸਾਚਿ ਮਿਲੈ ਪ੍ਰਭੁ ਸੋਈ ॥3॥
ਮੋਹ ਕੁਟੰਬ ਸਿਉ ਪ੍ਰੀਤਿ ਨ ਹੋਇ ॥ ਜਾ ਹਿਰਦੈ ਵਸਿਆ ਸਚੁ ਸੋਇ ॥
ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥ ਹੁਕਮੁ ਪਛਾਣੈ ਬੂਝੈ ਸਚੁ ਸੋਇ ॥4॥
ਤੂੰ ਕਰਤਾ ਮੈ ਅਵਰੁ ਨ ਕੋਇ ॥ ਤੁਝੁ ਸੇਵੀ ਤੁਝ ਤੇ ਪਤਿ ਹੋਇ ॥
ਕਿਰਪਾ ਕਰਹਿ ਗਾਵਾ ਪ੍ਰਭੁ ਸੋਇ ॥ ਨਾਮ ਰਤਨੁ ਸਭ ਜਗ ਮਹਿ ਲੋਇ ॥5॥
ਗੁਰਮੁਖਿ ਬਾਣੀ ਮੀਠੀ ਲਾਗੀ ॥ ਅੰਤਰੁ ਬਿਗਸੈ ਅਨਦਿਨੁ ਲਿਵ ਲਾਗੀ ॥
ਸਹਜੇ ਸਚੁ ਮਿਲਿਆ ਪਰਸਾਦੀ ॥ ਸਤਿਗੁਰੁ ਪਾਇਆ ਪੂਰੈ ਵਡਭਾਗੀ ॥6॥
ਹਉਮੈ ਮਮਤਾ ਦੁਰਮਤਿ ਦੁਖ ਨਾਸੁ ॥ ਜਬ ਹਿਰਦੈ ਰਾਮ ਨਾਮ ਗੁਣਤਾਸੁ ॥
ਗੁਰਮੁਖਿ ਬੁਧਿ ਪ੍ਰਗਟੀ ਪ੍ਰਭਜਾਸੁ ॥ ਜਬ ਹਿਰਦੈ ਰਵਿਆ ਚਰਣ ਨਿਵਾਸੁ ॥7॥
ਜਿਸੁ ਨਾਮੁ ਦੇਇ ਸੋਈ ਜਨੁ ਪਾਏ ॥ ਗੁਰਮੁਖਿ ਮੇਲੇ ਆਪੁ ਗਵਾਏ ॥
ਹਿਰਦੈ ਸਾਚਾ ਨਾਮੁ ਵਸਾਏ ॥ ਨਾਨਕ ਸਹਜੇ ਸਾਚਿ ਸਮਾਏ ॥8॥7॥ (੨੩੨)
॥ਰਹਾਉ॥ ਮੈਂ ਗੁਰਮੁਖ ਹੋ ਕੇ , ਗੁਰੂ ਦੀ ਸਿਖਿਆ ਤੇ ਚਲ ਕੇ , ਅਪਣੇ ਹਿਰਦੇ ਵਿਚ ਹਰ ਵੇਲੇ , ਜਗਤ ਦੇ ਮਾਲਕ ਦਾ ਨਾਮ ਹੀ ਜਪਦਾ ਹਾਂ , ਯਾਦ ਰੱਖਦਾ ਹਾਂ । ਇਵੇਂ ਮੈਂ ਸਭ ਤੋਂ ਉਚੀ ਆਤਮਕ ਅਵਸਥਾ , ਪ੍ਰਭੂ ਦੇ ਮਿਲਾਪ ਦਾ ਸੁਖ ਹਾਸਲ ਕਰ ਲਿਆ ਹੈ ।
॥1॥ ਪਰਮਾਤਮਾ ਦਾ ਨਾਮ ਕਿਸੇ ਕੀਮਤ ਨਾਲ ਨਹੀਂ ਖਰੀਦਿਆ ਨਾ ਸਕਦਾ , ਇਹ ਤਾਂ ਗੁਰਮੁਖ ਹੋ ਕੇ , ਗੁਰੂ ਦੀ ਸਿਖਿਆ ਆਸਰੇ ਹੀ ਪਰਾਪਤ ਕੀਤਾ ਜਾ ਸਕਦਾ ਹੈ । ਗੁਰਮੁਖ ਬੰਦਾ ਹਰ ਵੇਲੇ ਨਾਮ ਹੀ ਸਿਮਰਦਾ ਹੈ , ਪ੍ਰਭੂ ਦੇ ਹੁਕਮ ਵਿਚ ਹੀ ਚਲਦਾ ਹੈ , ਉਸ ਦੇ ਹੁਕਮ ਵਿਚ ਹੀ ਸਹਜ ਵਿਚ , ਭਟਕਣਾ ਰਹਤ ਅਵਸਥਾ ਵਿਚ ਟਿਕਿਆ ਰਹਿੰਦਾ ਹੈ । ਜਿਸ ਤੇ ਕਰਤਾਰ ਕਿਰਪਾ ਕਰੇ , ਉਹ ਗੁਰੂ ਦੀ ਸਿਖਿਆ ਅਨੁਸਾਰ ਜੀਵਨ ਢਾਲ ਕੇ , ਪ੍ਰਭੂ ਦਾ ਅੰਮ੍ਰਿਤ ਨਾਮ , ਅਮਰ ਕਰ ਦੇਣ ਵਾਲਾ ਹੁਕਮ , ਅਪਣੇ ਹਿਰਦੇ ਵਿਚ ਹਮੇਸ਼ਾ ਵਿਚਾਰਦਾ ਰਹਿੰਦਾ ਹੈ । ਇਵੇਂ ਉਹ ਪ੍ਰਭੂ ਦੇ ਮਿਲਾਪ ਦਾ ਰਸ , ਸਵਾਦ ਹਾਸਲ ਕਰ ਲੈਂਦਾ ਹੈ ।
॥2॥ ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ , ਗੁਣਾ ਦੇ ਖਜ਼ਾਨੇ , ਹਮੇਸ਼ਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਵਿਚਾਰਦੇ ਰਹਿੰਦੇ ਹਨ , ਉਨ੍ਹਾਂ ਦੇ ਹਿਰਦੇ ਵਿਚ ਸੁਖ ਦਾ , ਪ੍ਰਭੂ ਦੇ ਮਿਲਾਪ ਦਾ ਪਰਕਾਸ਼ ਹੋ ਜਾਂਦਾ ਹੈ । ਉਹ ਸਦਾ ਕਰਤਾਰ ਦੇ ਸੇਵਕਾਂ ਦੇ ਸੇਵਕਾਂ ਦੇ ਦਾਸ ਬਣੇ ਰਹਿੰਦੇ ਹਨ । ਏਨੇ ਹਉਮੈ ਰਹਿਤ ਹੋ ਜਾਂਦੇ ਹਨ ਕਿ ਗ੍ਰਿਹਸਤ ਵਿਚ ਰਹਿੰਦਿਆਂ , ਸਾਰੇ ਦੁਨਿਆਵੀ ਕਾਰ ਵਿਹਾਰ ਕਰਦਿਆਂ ਵੀ ਮਾਇਆ ਦੀ ਪਕੜ ਤੋਂ ਬਚੇ ਰਹਿੰਦੇ ਹਨ ।
॥3॥ ਕੋਈ ਵਿਰਲਾ ਬੰਦਾ , ਗੁਰੂ ਦੀ ਸਿਖਿਆ ਅਨੁਸਾਰ ਚਲ ਕੇ , ਜੀਵਨ ਮੁਕਤ , ਏਸੇ ਮਨੁੱਖੀ ਜੀਵਨ ਵਿਚ ਹੀ , ਮਾਇਆ ਦੀ ਪਕੜ ਤੋਂ ਮੁਕਤ ਹੋ ਜਾਂਦਾ ਹੈ , ਉਹ ਮਨੁੱਖ ਅਪਣੇ ਅੰਦਰੋਂ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਭਾਵ ਖਤਮ ਕਰ ਕੇ , ਨਿਰਮਲ ਮਨ ਆਸਰੇ , ਉਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ । ਅਜਿਹੇ ਬੰਦੇ ਨੂੰ ਬਿਨਾ ਕਿਸੇ ਉਚੇਚ ਦੇ , ਬਿਨਾ ਕਰਮ ਕਾਂਡ ਕੀਂਤਿਆਂ , ਸ੍ਰਿਸ਼ਟੀ ਦਾ ਇਕੋ ਇਕ ਸੱਚ , ਪ੍ਰਭੂ ਮਿਲ ਪੈਂਦਾ ਹੈ ।
॥4॥ ਜਦ ਕਿਸੇ ਮਨੁੱਖ ਦੇ ਹਿਰਦੇ ਵਿਚ ਵਸਦਾ ਕਰਤਾਰ , ਪਰਗਟ ਹੋ ਜਾਂਦਾ ਹੈ ਤਾਂ ਉਹ ਪਰਵਾਰ ਨਾਲ ਪਿਆਰ ਕਰਦਾ ਵੀ , ਪਰਵਾਰ ਰੂਪੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ । ਜਿਸ ਦੇ ਮਨ ਨੂੰ ਗੁਰੂ ਦਾ ਗਿਆਨ ਵਿਨ੍ਹ ਜਾਂਦਾ ਹੈ , ਉਸ ਦਾ ਮਨ ਭਟਕਣਾ ਤੋਂ ਰਹਿਤ ਹੋ ਜਾਂਦਾ ਹੈ । ਉਹ ਪਰਮਾਤਮਾ ਦੀ ਰਜ਼ਾ ਨੂੰ ਪਛਾਣ ਕੇ , ਕਰਤਾਰ ਬਾਰੇ ਸੋਝੀ ਹਾਸਲ ਕਰ ਲੈਂਦਾ ਹੈ ।
॥5॥ ਜੋ ਕਰਤਾਰ ਬਾਰੇ ਸੋਝੀ ਹਾਸਲ ਕਰ ਲੈਂਦਾ ਹੈ , ਉਹ ਕਰਤਾਰ ਅੱਗੇ ਇਵੇਂ ਬੇਨਤੀ ਕਰਦਾ ਹੈ ਕਿ , ਹੇ ਅਕਾਲ ਪੁਰਖ , ਤੂੰ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈਂ , ਮੈਨੂੰ ਤੇਰੇ ਇਲਾਵਾ ਹੋਰ ਕਿਸੇ ਦਾ ਆਸਰਾ ਨਹੀਂ ਹੈ । ਮੈਂ ਹਮੇਸ਼ਾ ਤੇਰਾ ਹੀ ਸਿਮਰਨ ਕਰਦਾ ਹਾਂ , ਤੇਰੇ ਆਸਰੇ ਹੀ ਮੈਨੂੰ ਇਜ਼ਤ ਮਿਲਦੀ ਹੈ । ਮੇਰੇ ਵਾਸਤੇ ਤੇਰਾ ਨਾਮ ਹੀ , ਜਗਤ ਵਿਚ ਸਭ ਤੋਂ ਸਰੇਸ਼ਟ ਪਦਾਰਥ ਹੈ , ਜਗਤ ਲਈ ਗਿਆਨ ਦਾ ਚਾਨਣ ਹੈ । ਜੇ ਤੂੰ ਆਪ ਮਿਹਰ ਕਰੇਂ , ਮੈਂ ਤਾਂ ਹੀ ਨਾਮ ਨਾਲ ਜੁੜ ਸਕਦਾ ਹਾਂ , ਤੇਰੀ ਰਜ਼ਾ ਵਿਚ ਰਾਜ਼ੀ ਰਹਿ ਸਕਦਾ ਹਾਂ ।
॥6॥ ਗੁਰ ਸ਼ਬਦ ਤੋਂ ਸੇਧ ਲੈਣ ਵਾਲੇ ਨੂੰ ਹੀ , ਵਾਹਿਗੁਰੂ ਦੀ ਰਜ਼ਾ ਮਿੱਠੀ ਲੱਗਣ ਲਗਦੀ ਹੈ , ਉਸ ਦੀ ਲਿਵ ਹਮੇਸ਼ਾ ਕਰਤਾਰ ਦੀ ਯਾਦ ਵਿਚ ਜੁੜੀ ਰਹਿੰਦੀ ਹੈ , ਉਸ ਦੇ ਅੰਦਰ ਖੇੜਾ ਬਣਿਆ ਰਹਿੰਦਾ ਹੈ । ਇਵੇਂ ਉਸ ਨੂੰ ਸ਼ਬਦ ਗੁਰੂ ਦੀ ਕਿਰਪਾ ਸਦਕਾ ਅਡੋਲ ਰਹਿ ਕੇ , ਸੱਚ , ਪ੍ਰਭੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ । ਹੇ ਭਾਈ ਪਰਮਾਤਮਾ ਦਾ ਮਿਲਾਪ , ਵੱਡੇ ਭਾਗਾਂ ਵਾਲੇ ਨੂੰ ਹੀ ਹਾਸਲ ਹੁੰਦਾ ਹੈ ।
॥7॥ ਹੇ ਭਾਈ ਜਦੋਂ ਬੰਦਾ ਗੁਰਮੁਖ ਹੋ ਕੇ , ਸ਼ਬਦ ਦੀ ਸਿਖਿਆ ਅਨੁਸਾਰ , ਅਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰਦਾ ਹੈ , ਉਸ ਦੇ ਹੁਕਮ ਵਿਚ ਚਲਦਾ ਹੈ ਤਾਂ ਉਸ ਦੀ ਮੱਤ , ਬੁੱਧ ਨਿਰਮਲ , ਵਿਕਾਰਾਂ ਤੋਂ ਰਹਿਤ ਹੋ ਜਾਂਦੀ ਹੈ । ਹਉਮੈ , ਮੋਹ , ਖੋਟੀ ਮੱਤ ਦਾ ਵਿਨਾਸ਼ ਹੋ ਜਾਂਦਾ ਹੈ , ਉਸ ਦੇ ਹਿਰਦੇ ਵਿਚ ਵਾਹਿਗੁਰੂ ਦਾ ਹੁਕਮ ਟਿਕ ਜਾਂਦਾ ਹੈ , ਤਾਂ ਉਸ ਦੇ ਅੰਦਰ ਗੁਣਾਂ ਦੇ ਖਜ਼ਾਨੇ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ ।
॥8॥ ਪਰਮਾਤਮਾ ਜਿਸ ਬੰਦੇ ਨੂੰ ਆਪ , ਅਪਣਾ ਨਾਮ ਦੇਵੇ , ਅਪਣੇ ਹੁਕਮ ਵਿਚ ਚੱਲਣ ਦੀ ਤੌਫੀਕ ਬਖਸ਼ੇ , ਉਹ ਬੰਦਾ ਸੇਵਕ ਹੋ ਕੇ , ਸ਼ਬਦ ਗੁਰੂ ਨੂੰ ਮਿਲਦਾ ਹੈ । ਉਹ ਬੰਦਾ ਗੁਰਮੁਖ ਹੋ ਕੇ , ਗੁਰੂ ਦੇ ਦੱਸੇ ਰਾਹ ਤੇ ਚਲ ਕੇ , ਆਪਾ ਭਾਵ ਗਵਾ ਕੇ , ਅਪਣੀ ਸੁਰਤ ਪ੍ਰਭੂ ਨਾਲ ਜੋੜਦਾ ਹੈ । ਇਸ ਤਰ੍ਹਾਂ ਉਹ ਅਪਣੇ ਹਿਰਦੇ ਵਿਚ , ਹਮੇਸ਼ਾ ਕਾਇਮ ਰਹਣ ਵਾਲਾ ਪ੍ਰਭੂ ਦਾ ਨਾਮ , ਪ੍ਰਭੂ ਦਾ ਹੁਕਮ ਵਸਾ ਲੈਂਦਾ ਹੈ , ਦਿਲੋਂ ਪ੍ਰਭੂ ਦੇ ਹੁਕਮ ਦਾ ਪਾਲਣ ਕਰਦਾ ਹੈ ।
ਹੇ ਨਾਨਕ ਇਸ ਤਰ੍ਹਾਂ ਉਹ ਅਡੋਲ ਰਹਿ ਕੇ ਰੱਬ ਵਿਚ ਹੀ ਸਮਾ ਜਾਂਦਾ ਹੈ ।
ਆਪਾਂ ਵੇਖਿਆ ਹੈ ਕਿ ਜਿਹੜਾ ਬੰਦਾ ਅਪਣੇ ਅੰਦਰੋਂ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਭਾਵ ਖਤਮ ਕਰ ਕੇ , ਨਿਰਮਲ ਮਨ ਆਸਰੇ , ਉਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ , ਉਹ ਇਸ ਜੀਵਨ ਵਿਚ ਹੀ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਂਦਾ ਹੈ ।
ਅਮਰ ਜੀਤ ਸਿੰਘ ਚੰਦੀ