(ਵਿਸ਼ਾ-ਪੰਜਵਾਂ-ਜੀਵਨ ਮੁਕਤੀ)
(ਭਾਗ ਤੀਜਾ)
ਜੀਵਨ ਮੁਕਤੁ ਮਨਿ ਨਾਮੁ ਵਸਾਏ ॥ (413)
ਲੇਖ ਅਸੰਖ ਲਿਖਿ ਲਿਖਿ ਮਾਨੁ ॥ ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥
ਕਥਨੀ ਬਦਨੀ ਪੜਿ ਪੜਿ ਭਾਰੁ ॥ ਲੇਖ ਅਸੰਖ ਅਲੇਖੁ ਅਪਾਰੁ ॥1॥
ਐਸਾ ਸਾਚਾ ਤੂੰ ਏਕੋ ਜਾਣੁ ॥ ਜੰਮਣ ਮਰਣਾ ਹੁਕਮੁ ਪਛਾਣੁ ॥1॥ਰਹਾਉ॥
ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥ ਬਾਂਧਾ ਛੂਟੈ ਨਾਮੁ ਸਮ੍wਲ ॥
ਗੁਰੁ ਸੁਖਦਾਤਾ ਅਵਰੁ ਨਾ ਭਾਲਿ ॥ ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥2॥
ਸਬਦਿ ਮਰੈ ਤਾਂ ਏਕ ਲਿਵ ਲਾਏ ॥ਅਚਰੁ ਚਰੈ ਤਾਂ ਭਰਮੁ ਚੁਕਾਏ ॥
ਜੀਵਨ ਮੁਕਤੁ ਮਨਿ ਨਾਮੁ ਵਸਾਏ ॥ ਗੁਰਮੁਖਿ ਹੋਇ ਤ ਸਚਿ ਸਮਾਏ ॥3॥
ਜਿਨਿ ਧਰ ਸਾਜੀ ਗਗਨੁ ਅਕਾਸੁ ॥ ਜਿਨਿ ਸਭ ਥਾਪੀ ਥਾਪਿ ਉਥਾਪਿ ॥
ਸਰਬ ਨਿਰੰਤਰਿ ਆਪੇ ਆਪਿ ॥ ਕਿਸੈ ਨ ਪੂਛੇ ਬਖਸੇ ਆਪਿ ॥4॥
ਤੂ ਪੁਰੁ ਸਾਗਰੁ ਮਾਣਕ ਹੀਰੁ ॥ ਤੂ ਨਿਰਮਲੁ ਸਚੁ ਗੁਣੀ ਗਹੀਰੁ ॥
ਸੁਖੁ ਮਾਨੇ ਭੇਟੈ ਗੁਰ ਪੀਰੁ ॥ ਏਕੋ ਸਾਹਿਬੁ ਏਕੁ ਵਜੀਰੁ ॥5॥
ਜਗੁ ਬੰਦੀ ਮੁਕਤੇ ਹਉ ਮਾਰੀ ॥ ਜਗਿ ਗਿਆਨੀ ਵਿਰਲਾ ਆਚਾਰੀ ॥
ਜਗਿ ਪੰਡਿਤੁ ਵਿਰਲਾ ਵੀਚਾਰੀ ॥ ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥6॥
ਜਗੁ ਦੁਖੀਆ ਸੁਖੀਆ ਜਨੁ ਕੋਇ ॥ਜਗੁ ਰੋਗੀ ਭੋਗੀ ਗੁਣ ਰੋਇ ॥
ਜਗੁ ਉਪਜੈ ਬਿਨਸੈ ਪਤਿ ਖੋਇ ॥ ਗੁਰਮੁਖਿ ਹੋਵੈ ਬੂਝੈ ਸੋਇ ॥7॥
ਮਹਘੋ ਮੋਲਿ ਭਾਰਿ ਅਫਾਰੁ ॥ ਅਟਲ ਵਛਲੁ ਗੁਰਮਤੀ ਧਾਰੁ ॥
ਭਾਇ ਮਿਲੈ ਭਾਵੈ ਭਇਕਾਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥8॥3॥ (413)
॥ਰਹਾਉ ॥ ਹੇ ਭਾਈ, ਤੂੰ ਅਲੇਖ (ਲੇਖਾਂ ਤੋਂ ਬਾਹਰਾ) ਹਮੇਸ਼ਾ ਕਾਇਮ ਰਹਣ ਵਾਲਾ, ਇਕ ਪ੍ਰਭੂ ਨੂੰ ਹੀ ਸਮਝ। ਬਾਕੀ ਸਾਰਾ ਸੰਸਾਰ ਜੰਮਣ-ਮਰਨ ਦੇ ਗੇੜ ਵਿਚ ਹੈ, ਅਤੇ ਇਹ ਜੰਮਣ-ਮਰਨਾ ਵੀ ਉਸ ਦਾ ਹੁਕਮ ਹੀ ਜਾਣ।
॥1॥ ਅਲੇਖ, ਲੇਖਾਂ ਤੋਂ ਬਾਹਰਾ ਕਰਤਾਰ ਅਪਾਰ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ, ਉਸ ਬਾਰੇ ਸਭ-ਕੁਝ ਨਹੀਂ ਜਾਣਿਆ ਜਾ ਸਕਦਾ। ਉਸ ਬਾਰੇ ਵਿਦਵਾਨਾਂ ਨੇ ਅਸੰਖਾਂ ਲੇਖ ਲਿਖੇ ਹਨ, ਉਨ੍ਹਾਂ ਨਾਲ ਪ੍ਰਭੂ ਬਾਰੇ ਤਾਂ ਬਹੁਤਾ ਕੁਝ ਨਹੀਂ ਜਾਣਿਆ ਜਾ ਸਕਦਾ, ਪਰ ਲਿਖਣ ਵਾਲਿਆਂ ਦੇ ਮਨ ਵਿਚ, ਆਪਣੀ ਵਿਦਵਤਾ ਦਾ ਹੰਕਾਰ ਜ਼ਰੂਰ ਪੈਦਾ ਹੋ ਜਾਂਦਾ ਹੈ। ਉਸ ਦੇ ਗੁਣ ਕਹਣ ਨਾਲ, ਬੋਲਣ ਨਾਲ, ਮੁੜ ਮੁੜ ਪੜ੍ਹ ਕੇ, ਰੱਟਾ ਲਾ ਕੇ ਵੀ ਹਉਮੈ ਦਾ ਭਾਰ ਹੀ ਵਧਦਾ ਹੈ। ਉਸਦੇ ਦਰ ਤੇ ਇਕੋ ਚੀਜ਼ ਪਰਵਾਨ ਹੁੰਦੀ ਹੈ, ਜੇ ਮਨੁੱਖ ਦਾ ਮਨ ਹਰੀ ਦੇ ਗੁਣਾਂ ਨੂੰ ਮੰਨ ਜਾਵੇ, ਅਤੇ ਸੁਰਤ ਵਿਚ, ਹਮੇਸ਼ਾ ਕਾਇਮ ਰਹਣ ਵਾਲਾ ਵਾਹਿਗੁਰੂ ਟਿਕ ਜਾਵੇ ।
॥2॥ ਮਾਇਆ ਦੇ ਮੋਹ ਵਿਚ ਫਸਿਆ ਸੰਸਾਰ, ਜਨਮ-ਮਰਨ ਦੇ ਗੇੜ ਵਿਚ ਬੱਝਾ ਹੋਇਆ ਹੈ, ਇਨ੍ਹਾਂ ਬੰਧਨਾਂ ਤੋਂ ਤਦ ਹੀ ਛੁਟਕਾਰਾ ਹੋ ਸਕਦਾ ਹੈ, ਜੇ ਬੰਦਾ ਪ੍ਰਭੂ ਦੇ ਨਾਮ ਦੀ ਸੰਭਾਲ ਕਰੇ, ਕਰਤਾਰ ਦੇ ਹੁਕਮ ਵਿਚ ਚੱਲੇ।
ਹੇ ਭਾਈ, ਗੁਰੁ, ਪਰਮਾਤਮਾ ਤੋਂ ਬਗੈਰ, ਸੁਖ ਦੇਣ ਵਾਲਾ ਹੋਰ ਕਿਸੇ ਨੂੰ ਨਾ ਭਾਲਦਾ ਫਿਰ, ਉਹ ਅਕਾਲ-ਪੁਰਖ ਹੀ ਇਸ ਲੋਕ ਵਿਚ ਵੀ ਅਤੇ ਪਰਲੋਕ ਵਿਚ ਵੀ ਤੇਰਾ ਸਾਥ ਦੇਵੇਗਾ ।
॥3॥ ਬੰਦਾ ਤਦੋਂ ਹੀ ਇਕੋ-ਇਕ ਕਰਤਾਰ ਨਾਲ ਸੁਰਤ ਜੋੜ ਸਕਦਾ ਹੈ, ਜਦ ਸ਼ਬਦ ਦੀ ਵਿਚਾਰ ਆਸਰੇ ਹਉਮੈ ਵਲੋਂ ਮਰ ਜਾਵੇ। ਸ਼ਬਦ ਵਿਚਾਰ ਆਸਰੇ ਜਦ ਬੰਦਾ, ਨਾ ਵੱਸ ਕੀਤੇ ਜਾਣ ਵਾਲੇ ਪੰਜਾਂ ਵਿਕਾਰਾਂ ਨੂੰ ਵੱਸ ਵਿਚ ਕਰ ਲਵੇ, ਤਾਂ ਉਸ ਦੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਨਾਮ ਨੂੰ ਮਨ ਵਿਚ ਵਸਾਉਣ ਨਾਲ, ਹੁਕਮ ਨੂੰ ਮਨੋ ਮੰਨਣ ਨਾਲ ਏਸੇ ਜੀਵਨ ਵਿਚ ਹੀ ਵਿਸ਼ੇ-ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਅਤੇ ਗੁਰਮੁਖ ਹੋ ਕੇ ਉਹ, ਗੁਰੂ ਵਲੋਂ ਦਿੱਤੇ ਗਿਆਨ ਅਨੁਸਾਰ ਜੀਵਨ ਢਾਲ ਕੇ, ਸੱਚ ਵਿਚ ਸਮਾ ਜਾਂਦਾ ਹੈ, ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ।
॥4॥ ਹੇ ਭਾਈ ਜਿਸ ਅਕਾਲ-ਪੁਰਖ ਨੇ ਇਹ ਆਕਾਸ਼ ਅਤੇ ਧਰਤੀ ਆਦਿ ਪੈਦਾ ਕੀਤੇ ਹਨ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ, ਉਸ ਰਚਨਾ ਨੂੰ ਨਾਸ ਕਰਨ ਦੇ ਸਮਰੱਥ ਵੀ ਉਹੀ ਹੈ, ਹੋਰ ਕੋਈ ਨਹੀਂ। ਸ੍ਰਿਸ਼ਟੀ ਦੀ ਹਰ ਚੀਜ਼ ਦੇ ਵਿਚ ਇਕ ਰਸ ਵੀ ਉਹ ਆਪ ਹੀ ਸਮਾਇਆ ਹੋਇਆ ਹੈ, ਸਭ ਜੀਵਾਂ ਤੇ ਵੀ ਉਹ ਆਪ ਹੀ, ਬਿਨਾ ਕਿਸੇ ਨਾਲ ਸਲਾਹ-ਮਸ਼ਵਰਾ , ਬਿਨਾ ਕਿਸੇ ਦੀ ਸਿਫਾਰਸ਼ ਮੰਨਿਆਂ, ਬਖਸ਼ਿਸ਼ ਕਰਦਾ ਹੈ।
॥5॥ ਹੇ ਪ੍ਰਭੂ ਤੂੰ ਆਪ ਹੀ ਭਰਪੂਰ ਸਮੁੰਦਰ ਹੈਂ, ਆਪ ਹੀ ਇਸ ਵਿਚਲੇ ਹੀਰੇ-ਮਾਣਕ ਹੈਂ। ਤੂੰ ਹੀ ਇਕ ਐਸੀ ਪਵਿੱਤਰ ਹਸਤੀ ਹੈਂ, ਜੋ ਦੁਨੀਆਂ ਦੀ ਮੈਲ ਧੋਣ ਮਗਰੋਂ ਵੀ ਨਿਰਮਲ ਹੀ ਰਹਿੰਦਾ ਹੈਂ। ਹਮੇਸ਼ਾ ਕਾਇਮ ਰਹਣ ਵਾਲਾ, ਗੁਣਾਂ ਦਾ ਖਜ਼ਾਨਾ ਹੈਂ। ਤੂੰ ਆਪ ਹੀ ਰਾਜਾ ਹੈਂ ਅਤੇ ਆਪ ਹੀ ਵਜ਼ੀਰ ਹੈਂ, ਯਾਨੀ ਹਰ ਚੀਜ਼ ਤੇਰਾ ਹੀ ਰੂਪ ਹੈ। ਹੇ ਪ੍ਰਭੂ ਸੰਸਾਰ ਵਿਚ ਉਹੀ ਬੰਦਾ ਸੁਖ ਪਾਉਂਦਾ ਹੈ, ਜੋ ਗੁਰ-ਪੀਰ (ਸ਼ਬਦ ਨੂੰ ਸਮਝਾਉਣ ਵਾਲਿਆਂ) ਨੂੰ ਮਿਲ ਕੇ, ਇਹ ਜਾਣ ਲੈਂਦਾ ਹੈ ਕਿ, ਹਰ ਚੀਜ਼ ਵਿਚ, ਹਰ ਜੀਵ ਵਿਚ, ਤੂੰ ਆਪ ਹੀ ਆਪ ਹੈਂ।
॥6॥ ਹੇ ਭਾਈ, ਇਸ ਸੰਸਾਰ ਵਿਚ ਸਾਰੇ ਹਉਮੈ ਦੀ ਕੈਦ ਵਿਚ ਹਨ, ਇਸ ਕੈਦ ਤੋਂ ਉਹੀ ਮੁਕਤ ਹੁੰਦਾ ਹੈ, ਜਿਸ ਨੇ ਹਉਮੈ ਮਾਰ ਲਈ। ਹਉਮੈ ਨੂੰ ਮਾਰਨ ਦਾ ਇਕੋ ਢੰਗ ਹੈ, ਸ਼ਬਦ ਦੀ ਵਿਚਾਰ, ਜਿਸ ਆਸਰੇ ਬੰਦਾ ਆਪਣੀ ਅਤੇ ਪਰਮਾਤਮਾ ਦੀ ਹਸਤੀ ਬਾਰੇ ਸੋਝੀ ਹਾਸਲ ਕਰਦਾ ਹੈ। ਗੁਰਬਾਣੀ ਫੁਰਮਾਨ ਹੈ,
ਅੰਤਰਿ ਬਾਹਰਿ ਏਕੋ ਜਾਣੈ ॥ ਗੁਰ ਕੈ ਸਬਦਿ ਆਪੁ ਪਛਾਣੈ ॥ (224)
ਗੁਰੂ ਦੇ ਸ਼ਬਦ ਦੀ ਵਿਚਾਰ ਆਸਰੇ ਬੰਦੇ ਨੂੰ ਆਪਣੇ ਅਸਲੇ ਦੀ ਸੋਝੀ ਹੁੰਦੀ ਹੈ ਅਤੇ ਪਰਮਾਤਮਾ ਦੀ ਸਰਬ-ਵਿਆਪਕਤਾ ਬਾਰੇ ਵੀ ਗਿਆਨ ਹੁੰਦਾ ਹੈ । ਅਤੇ
ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥ (223)
ਜੋ ਬੰਦਾ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਸ਼ਬਦ ਦੀ ਵਿਚਾਰ ਆਸਰੇ ਹਉਮੈ ਮਾਰ ਲੈਂਦਾ ਹੈ, ਇਹੀ ਉਸ ਦੀ ਸ੍ਰੇਸ਼ਟ ਕਰਨੀ ਸਮਝੋ ।
ਜਗਤ ਵਿਚ ਗਿਆਨ-ਵਾਨ ਬਹੁਤ ਹਨ, ਪਰ ਵਿਰਲਾ ਹੀ ਅਜਿਹਾ ਹੇ ਜਿਸ ਦਾ ਆਚਾਰ, ਜਿਸ ਦੀ ਜੀਵਨ-ਜੁਗਤ, ਗਿਆਨ ਅਨੁਸਾਰੀ ਹੋਵੇ। ਇਸ ਸੰਸਾਰ ਵਿਚ ਪੰਡਿਤ (ਵਿਦਵਾਨ) ਬਹੁਤ ਹਨ, ਪਰ ਵਿਰਲਾ ਹੀ ਹੈ, ਜੋ ਵਿਦਿਆ ਨੂੰ ਵਿਚਾਰਦਾ ਹੈ, ਨਹੀਂ ਤਾਂ ਸਾਰੇ ਰੱਟਾ ਹੀ ਲਾਈ ਜਾਂਦੇ ਹਨ। ਸਤਿਗੁਰੁ, ਅਕਾਲ-ਪੁਰਖ ਨੂੰ ਜਾਣੇ ਬਗੈਰ, ਸਾਰੇ ਹਉਮੈ ਤੇ ਹੰਕਾਰ ਵਿਚ ਹੀ ਕਾਰ-ਵਿਹਾਰ ਕਰ ਰਹੇ ਹਨ ।
॥7॥ ਇਸ ਸੰਸਾਰ ਵਿਚ ਪਰਮਾਤਮਾ ਨਾਲੋਂ ਟੁੱਟ ਕੇ, ਮੋਹ-ਮਾਇਆ ਵਿਚ ਫਸੇ ਸਭ ਦੁਖੀ ਹੋ ਰਹੇ ਹਨ, ਕੋਈ ਵਿਰਲਾ ਜੋ ਸ਼ਬਦ ਵਿਚਾਰ ਆਸਰੇ ਹਰੀ ਨਾਲ ਜੁੜਦਾ ਹੈ, ਉਹੀ ਸੁਖੀ ਹੁੰਦਾ ਹੈ। ਜਗਤ, ਭੋਗਾਂ ਅਧੀਨ ਆਪਣੇ ਗੁਣ ਗਵਾ ਕੇ, ਆਤਮਕ ਤੌਰ ਤੇ ਰੋਗੀ ਹੋਇਆ ਪਿਆ ਰੋ ਰਿਹਾ ਹੈ।
ਰੱਬ ਨਾਲੋਂ ਟੁੱਟਿਆ ਸੰਸਾਰ ਜੰਮਦਾ ਹੈ, ਪ੍ਰਭੂ ਨਾਲ ਜੁੜੇ ਬਗੈਰ, ਇੱਜ਼ਤ ਗਵਾ ਕੇ ਮਰ ਜਾਂਦਾ ਹੈ, ਇਵੇਂ ਹੀ ਜੰਮਦਾ-ਮਰਦਾ ਰਹਿੰਦਾ ਹੈ। ਇਹ ਸਾਰੀ ਗੱਲ ਉਹੀ ਸਮਝ ਸਕਦਾ ਹੈ, ਜੋ ਗੁਰਮੁਖ ਹੋ ਕੇ, ਗੁਰ-ਸ਼ਬਦ ਤੋਂ ਸਿਖਿਆ ਲੈ ਕੇ, ਜਗਤ ਖੇਢ ਨੂੰ ਸਮਝ ਲੈਂਦਾ ਹੈ।
॥8॥ ਹੇ ਭਾਈ, ਨਿਮਾਣਾ ਨਾਨਕ ਤੈਨੂੰ ਅਸਲ ਵਿਚਾਰ ਦੀ ਗੱਲ ਦਸਦਾ ਹੈ ਕਿ, ਕਰਤਾਰ ਨੂੰ ਕੋਈ ਮੁੱਲ ਤਾਰ ਕੇ ਨਹੀਂ ਹਾਸਲ ਕੀਤਾ ਜਾ ਸਕਦਾ। ਉਹ ਏਨਾ ਮਹਾਨ ਹੈ ਕਿ, ਜੇ ਕੋਈ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਹਾਸਲ ਕਰਨ ਦੀ ਸੋਚੇ, ਤਾਂ ਉਸ ਦੇ ਬਰਾਬਰ ਦੀ ਕੋਈ ਚੀਜ਼ ਹੈ ਹੀ ਨਹੀਂ। ਉਹ ਵਾਹਿਗੁਰੂ ਅਟੱਲ ਹੈ, ਉਸ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ।
ਉਹ ਅਛੱਲ ਹੈ, ਉਸ ਨੂੰ ਛਲਿਆ ਨਹੀਂ ਜਾ ਸਕਦਾ, ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਐਸਾ ਨਹੀਂ ਹੈ ਕਿ ਕੋਈ ਆਪਣੇ ਪੁੱਤ੍ਰ ਨੂੰ (ਜਿਸ ਦਾ ਨਾਮ ਨਾਰਾਇਣ ਹੈ) ਵਾਜਾਂ ਮਾਰ ਰਿਹਾ ਹੋਵੇ ਅਤੇ ਰੱਬ ਸਮਝ ਲਵੇ ਕਿ ਮੈਨੂੰ ਯਾਦ ਕਰ ਰਿਹਾ ਹੈ, ਉਹ ਤਾਂ ਦਿਲ ਵਿਚ ਉੱਠਦੇ ਫੁਰਨਿਆਂ ਨੂੰ ਵੀ ਜਾਣਦਾ ਹੈ।
ਉਸ ਨੂੰ ਤਾਂ ਗੁਰ-ਸ਼ਬਦ ਦੀ ਸਿਖਿਆ ਅਨੁਸਾਰ ਹੀ ਪਾਇਆ ਜਾ ਸਕਦਾ ਹੈ। ਗੁਰਬਾਣੀ ਹੀ ਸਮਝਾਉਂਦੀ ਹੈ ਕਿ ਪਰਮਾਤਮਾ ਨੂੰ ਪਿਆਰ ਕਰਨ ਨਾਲ ਹੀ ਪਾਇਆ ਜਾ ਸਕਦਾ ਹੈ, ਅਤੇ ਰੱਬ ਨੂੰ ਬੰਦੇ ਦਾ ਰਜ਼ਾ ਵਿਚ, ਹੁਕਮ ਵਿਚ ਚੱਲਣਾ ਹੀ ਭਾਉਂਦਾ ਹੈ, ਚੰਗਾ ਲਗਦਾ ਹੈ ।
ਅਮਰ ਜੀਤ ਸਿੰਘ ਚੰਦੀ
8-11-2014