ਡਬਲ ਢੋਲਕੀ ! (ਨਿੱਕੀ ਕਹਾਣੀ)
ਅਸੀਂ ਇੱਕ ਬਹੁਤ ਵੱਡਾ ਗੁਰਮਤ ਸਮਾਗਮ ਕਰ ਰਹੇ ਹਾਂ, ਆਪ ਨੇ ਜਰੂਰ ਹਾਜ਼ਿਰੀ ਭਰਨੀ ਹੈ ! ("ਸਭ ਧਰਮਾਂ ਨੂੰ ਨਿਗਲ ਜਾਵਾਂਗੇ ਸੰਸਥਾਨ" ਦੇ ਇਲਾਕਾ ਪ੍ਰਭਾਰੀ ਨੇ ਲੋਕਲ ਗੁਰੂਦੁਆਰਾ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਨੂੰ ਸੱਦਾ ਦਿੰਦੇ ਹੋਏ ਦਸਿਆ)
ਰਣਜੀਤ ਸਿੰਘ (ਹੱਥ ਜੋੜਦੇ ਹੋਏ) : ਵੀਰ ਜੀ, ਮਾਫ਼ ਕਰਨਾ ਪਰ ਮੈਂ ਹਾਜ਼ਿਰੀ ਨਹੀਂ ਭਰ ਪਾਵਾਂਗਾ ! ਤੁਹਾਡੇ ਸੰਸਥਾਨ ਦੀਆਂ ਕਦਰਾਂ-ਕੀਮਤਾਂ ਗੁਰਮਤ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ !
ਸੰਸਥਾਨ ਪ੍ਰਭਾਰੀ : ਸਾਡੇ ਸੰਸਥਾਨ ਵਿੱਚ ਬਹੁਤ ਸਾਰੇ ਸਿੱਖ ਵੀ ਹਨ ਤੇ ਅਸੀਂ ਤਾਂ ਆਪਣੇ ਅੱਤੇ ਤੁਹਾਡੇ ਵਿੱਚ ਕੋਈ ਫ਼ਰਕ ਹੀ ਨਹੀਂ ਸਮਝਦੇ ! ਵੇਖ ਲੈਣਾ ਕੀ ਕਿਵੇਂ ਸਿਧਾਂਤ ਮੇਲ ਨਾ ਖਾਂਦੇ ਹੋਏ ਵੀ ਤੁਹਾਡੇ ਕੱਚੇ-ਪਿੱਲੇ ਆਗੂ ਕੱਚੇ ਧਾਗੇ ਨਾਲ ਬੰਨੇ ਹਾਜ਼ਰੀਆਂ ਭਰਨਗੇ ! ਵੈਸੇ ਤੁਹਾਡੀ ਗਿਆਤ ਲਈ ਵੱਡੀਆਂ ਕਮੇਟੀਆਂ ਦੇ ਵੱਡੇ ਅਹੁਦੇਦਾਰ ਵੀ ਆ ਰਹੇ ਹਨ ! ਰਣਜੀਤ ਸਿੰਘ : "ਸਿਆਸੀ ਅੱਤੇ ਧਾਰਮਿਕ ਡਬਲ ਢੋਲਕੀਆਂ" ਕਿਧਰੇ ਵੀ ਜਾ ਕੇ ਵੱਜ ਸਕਦੀਆਂ ਹਨ !
ਸੰਸਥਾਨ ਪ੍ਰਭਾਰੀ (ਹੈਰਾਨੀ ਨਾਲ) : ਡਬਲ ਢੋਲਕੀ ? ਮਤਲਬ ?
ਰਣਜੀਤ ਸਿੰਘ : ਜੋ ਸਿਆਸੀ ਅੱਤੇ ਧਾਰਮਿਕ ਆਗੂ ਵੋਟਾਂ ਅੱਤੇ ਨੋਟਾਂ ਕਰਕੇ ਸਿਆਸਤ ਜਾਂ ਧਰਮ-ਅਸਥਾਨਾਂ ਤੇ ਆਉਂਦੇ ਹਨ ਉਨ੍ਹਾਂ ਲਈ ਇਸ ਤਰਾਂ ਦੇ ਸਮਝੋਤੇ ਕਰਨੇ ਅਸਾਨ ਕੰਮ ਹੈ ! ਓਹ ਸਾਡੇ ਵੱਲ ਆਉਣਗੇ ਤਾਂ ਸਾਡੀਆਂ ਗੱਲਾਂ ਕਰਨਗੇ ਅੱਤੇ ਤੁਹਾਡੇ ਵੱਲ ਆਉਣਗੇ ਤਾਂ ਤੁਹਾਡੀਆਂ ਸਿਫਤਾਂ ਕਰਨਗੇ, ਤਾਂ ਫਿਰ ਹੋ ਗਏ ਨਾ "ਡਬਲ ਢੋਲਕੀ", ਦੋਵੇਂ ਪਾਸੇ ਹੀ ਇੱਕੋ ਜਿਹੀ ਦਿਸਦੀ ਹੈ ! ਤੁਸੀਂ ਵੀ ਆਪਣਾ ਘਰ ਛੱਡ ਕੇ ਸਾਡੇ ਘਰ ਵੱਲ ਜਿਆਦਾ ਹੀ ਧਿਆਨ ਦੇਣ ਲੱਗ ਪਏ ਹੋ ! ਆਪਣੀ ਰੋਟੀ ਛੱਡ ਕੇ ਲਾਲਚੀ ਜਾਨਵਰ ਵਾਂਗ ਦੂਜੀ ਰੋਟੀ ਨੂੰ ਵੀ ਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕੋਈ ਹੋਰ ਤੁਹਾਡੀ ਆਪਣੀ ਰੋਟੀ ਵੀ ਚੁੱਕ ਕੇ ਲੈ ਜਾਵੇਗਾ !
ਸੰਸਥਾਨ ਪ੍ਰਭਾਰੀ (ਕੁੜ੍ਹਦਾ ਹੋਇਆ) : ਤੁਹਾਨੂੰ ਤਾਂ ਬੁਲਾਵਾ ਦੇ ਕੇ ਹੀ ਮੈਂ ਸਿਆਪਾ ਗੱਲ ਪਾ ਲਿਆ ! ਮੈਨੂੰ ਰਿਪੋਰਟ ਮਿਲੀ ਸੀ ਕੀ ਤੁਸੀਂ ਵੀ ਸਾਡਾ ਪ੍ਰਭਾਵ ਕਬੂਲਦੇ ਹੋ !
ਹੋਰ ਪ੍ਰਭਾਰੀ ਜੀ ! ਇਥੇ ਕਿਵੇਂ ਖੜੇ ਹੋ ? ਸਵੇਰੇ ਸੰਸਥਾਨ ਤੋਂ ਫੋਨ ਆਇਆ ਸੀ ਕਿ ਤੁਸੀਂ ਕੋਈ ਸੱਦਾ ਦੇਣ ਆਉਣਾ ਹੈ ਪਰ ਤੁਸੀਂ ਇਥੇ ਰਣਜੀਤ ਸਿੰਘ ਸਨਮੁਖ ਜੀ ਨਾਲ ਖੜੇ ਹੋ ! (ਮੱਥਾ ਟੇਕਣ ਆਇਆ ਰਣਜੀਤ ਸਿੰਘ ਬੇਮੁਖ ਰੁੱਕ ਕੇ ਪ੍ਰਭਾਰੀ ਜੀ ਨੂੰ ਕਹਿਣ ਲੱਗਾ)
ਰਣਜੀਤ ਸਿੰਘ ਸਨਮੁਖ ? ਓਹ ! ਓਹ ! ਓਹ ! (ਮੱਥੇ ਤੇ ਹੱਥ ਮਾਰਦਾ ਹੈ) ! ਮੈਂ ਤਾਂ ਇਨ੍ਹਾਂ ਨੂੰ ਹੀ "ਰਣਜੀਤ ਸਿੰਘ ਬੇਮੁਖ ਸਮਝ ਕੇ ਆਪਣੇ ਸਿਰ ਸੁਆਹ ਪਵਾ ਰਹਿਆ ਸੀ ! ਆਓ ਤੁਸੀਂ ਇੱਕ ਪਾਸੇ ! (ਹੱਥ ਫੜ ਕੇ ਇੱਕ ਪਾਸੇ ਵੱਲ ਲੈ ਜਾਂਦਾ ਹੈ)
ਰਣਜੀਤ ਸਿੰਘ (ਗੱਲ ਨੂੰ ਸਮਝਦਾ ਹੋਇਆ) : ਸਨਮੁਖ ਅੱਤੇ ਬੇਮੁਖ ਦੇ ਚੱਕਰ ਵਿੱਚ ਵਿਚਾਰਾ ਮੈਨੂੰ "ਡਬਲ ਢੋਲਕੀਆਂ" ਬਾਰੇ ਦਸ ਗਿਆ ! (ਘਰ ਵੱਲ ਨੂੰ ਚਲ ਪੈਂਦਾ ਹੈ)
- ਬਲਵਿੰਦਰ ਸਿੰਘ ਬਾਈਸਨ
http://nikkikahani.com/