ਫਰਕ ਨੂੰ ਸਮਝਣਾ ਜ਼ਰੂਰੀ ਹੈ !
ਜੀਵਨ ਮੁਕਤੀ ਵਾਲੇ ਤਿੰਨਾਂ ਸ਼ਬਦਾਂ ਵਿਚ ਆਪਾਂ ਵੇਖਿਆ ਹੈ ਕਿ (ਬੰਦਾ ਇਸ ਜੀਵਨ ਵਿਚ ਹੀ, ਮਾਇਆ ਦੇ ਸੰਪਰਕ ਵਿਚ ਆਉਂਦਾ ਹੈ, ਕਿਉਂਕਿ ਜੀਵਨ ਨਿਰਵਾਹ ਲਈ ਮਾਇਆ ਬਹੁਤ ਜ਼ਰੂਰੀ ਹੈ, ਮਾਇਆ ਦਾ ਹਰ ਰੂਪ ਬੰਦੇ ਦੀ ਜ਼ਿੰਦਗੀ ਦੀ ਜ਼ਰੂਰੀ ਲੋੜ ਹੈ। ਮਾਇਆ ਤੋਂ ਬਗੈਰ ਬੰਦੇ ਦਾ ਨਿਰਬਾਹ ਇਕ ਪਲ ਵੀ ਨਹੀਂ ਹੋ ਸਕਦਾ । ਪਰ ਇਹ ਵੀ ਸਮਝਣ ਦੀ ਲੋੜ ਹੈ ਕਿ, ਮਾਇਆ ਤਦ ਤਕ ਹੀ ਬੰਦੇ ਦੀ ਲੋੜ ਹੈ, ਜਦ ਤਕ ਉਹ ਜਿਊਂਦਾ ਹੈ, ਜਦ ਤਕ ਉਸ ਦਾ ਸਰੀਰ ਹੈ। ਮਰਨ ਮਗਰੋਂ ਮਾਇਆ ਬੰਦੇ ਦੇ ਕਿਸੇ ਕੰਮ ਨਹੀਂ ਆਉਂਦੀ। ਪਰ ਮਾਇਆ ਦਾ ਮੋਹ ਏਨਾ ਪ੍ਰਭਾਵੀ ਹੈ ਕਿ ਮਨ ਦਾ ਉਸ ਤੋਂ ਬਚਣਾ ਲਗ-ਭਗ ਅਸੰਭਵ ਹੈ, ਇਸ ਲਈ ਗੁਰੂ ਸਾਹਿਬ ਬਚਣ ਵਾਲਿਆਂ ਲਈ ਸ਼ਬਦ “ ਕੋਟਨ ਮਹਿ ਕੋਊ ” (ਕ੍ਰੋੜਾਂ ਵਿਚੋਂ ਕੋਈ ਵਿਰਲਾ) ਵਰਤਦੇ ਹਨ। ਜਦ ਮਨ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ ਤਾਂ, ਉਸ ਨੂੰ ਇਹ ਭੁੱਲ ਜਾਂਦਾ ਹੈ ਕਿ, ਉਸ ਦਾ ਸੰਸਾਰ ਵਿਚ ਆਉਣ ਦਾ ਕੁਝ ਮਨੋਰਥ ਹੈ, ਜੋ ਮਾਇਆ ਇਕੱਠੀ ਕਰਨ ਤੋਂ ਕੁਝ ਵੱਖਰਾ ਹੈ, ਜਿਸ ਨੂੰ ਪੂਰਾ ਕਰਨ ਲਈ ਸਰੀਰ ਇਕ ਮਾਧਿਅਮ ਹੈ, ਅਤੇ ਮਾਇਆ ਸਰੀਰ ਨੂੰ ਕਾਇਮ ਰੱਖਣ ਦਾ ਇਕ ਵਸੀਲਾ। ਇਸ ਮਕਸਦ ਨੂੰ ਸਮਝ ਕੇ, ਮਾਇਆ ਦੇ ਮੋਹ ਤੋਂ ਬਚਣ ਦਾ ਰਾਹ ਗੁਰੂ (ਸ਼ਬਦ) ਹੀ ਦੱਸ ਸਕਦਾ ਹੈ, ਹੋਰ ਕੋਈ ਨਹੀਂ। ਸ਼ਬਦ ਦੀ ਵਿਚਾਰ ਆਸਰੇ ਬੰਦਾ, ਆਪਣੀ ਜ਼ਿੰਦਗੀ ਵਿਚ ਹੀ ਮਾਇਆ ਦੇ ਮੋਹ ਤੋਂ ਬਚ ਸਕਦਾ ਹੈ, ਮੁਕਤ ਹੋ ਸਕਦਾ ਹੈ। ਜੀਵਨ ਮਗਰੋਂ ਨਾ ਮਾਇਆ ਰਹਿੰਦੀ ਹੈ ਨਾ ਮਾਇਆ ਤੋਂ ਬਚਣ ਦਾ ਉਪਰਾਲਾ। ਇਸ ਨੂੰ ਹੀ ਜੀਵਨ ਮੁਕਤੀ ਕਿਹਾ ਗਿਆ ਹੈ।) ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿਚ, ਮਾਇਆ ਦੇ ਮੋਹ ਤੋਂ ਮੁਕਤ ਨਹੀਂ ਹੁੰਦਾ, ਉਹ ਆਵਾ ਗਵਣ ਦੇ ਚੱਕਰ ਤੋਂ ਮੁਕਤ ਨਹੀਂ ਹੋ ਸਕਦਾ। ਆਵਾ ਗਵਣ ਦਾ ਚੱਕਰ ਬੰਦੇ ਦੇ ਮਰਨ ਮਗਰੋਂ, ਉਸ ਦੇ ਦੁਬਾਰਾ ਜਨਮ ਲੈਣ ਨਾਲ ਹੀ ਸ਼ੁਰੂ ਹੁੰਦਾ ਹੈ। ਜੋ ਬੰਦਾ ਮਰਨ ਮਗਰੋਂ ਜਨਮ ਨਹੀਂ ਲੈਂਦਾ, ਉਸ ਦਾ ਆਵਾ ਗਵਣ ਦਾ ਚੱਕਰ ਮੁੱਕ ਜਾਂਦਾ ਹੈ। ਜੋ ਮੌਤ ਮਗਰੋਂ ਜਨਮ ਲੈਂਦਾ ਹੈ ਉਹ ਦੁਬਾਰਾ ਮੌਤ ਤਕ ਅਵੱਸ਼ ਪਹੁੰਚਦਾ ਹੈ, ਇਸ ਲਈ ਹੀ ਇਸ ਦਾ ਨਾਮ ਆਵਾ-ਗਵਣ ਹੈ ਗਵਣ-ਆਵਾ ਨਹੀਂ। ਬੰਦਾ ਆਪਣੀ ਜ਼ਿੰਦਗੀ ਵਿਚ ਸ਼ਬਦ ਦੀ ਵਿਚਾਰ ਆਸਰੇ, ਰੱਬ ਨਾਲ ਜੁੜ ਕੇ ਇਹੀ ਕੋਸ਼ਿਸ਼ ਕਰਦਾ ਹੈ ਕਿ ਉਹ ਮੌਤ ਮਗਰੋਂ ਜਨਮ ਹੀ ਨਾ ਲਵੇ, ਇਸ ਭਵ-ਸਾਗਰ ਤੋਂ ਬਾਹਰ ਨਿਕਲ ਜਾਵੇ, ਇਸ ਭਵ-ਸਾਗਰ ਦੇ ਗੇੜ ਤੋਂ ਬਾਹਰ ਨਿਕਲ ਜਾਣਾ ਹੀ ਅਸਲ ਮੁਕਤੀ ਹੈ। ਜੋ ਬੰਦਾ ਆਪਣੀ ਜ਼ਿੰਦਗੀ ਵਿਚ ਅਜਿਹਾ ਉਪਰਾਲਾ ਨਹੀਂ ਕਰਦਾ, ਉਹ ਮਰਨ ਮਗਰੋਂ ਫਿਰ ਜਨਮ ਲੈਂਦਾ ਹੈ, ਅਤੇ ਜੋ ਜਨਮ ਲੈਂਦਾ ਹੈ, ਉਸ ਨੂੰ ਮਰਨੋਂ ਕੋਈ ਵੀ ਨਹੀਂ ਰੋਕ ਸਕਦਾ। ਇਹੀ ਆਵਾ-ਗਵਣ ਹੈ।
ਤੀਸਰੇ ਭਾਗ ਦੇ ਸਤਵੇਂ ਪਦੇ ਵਿਚ ਗੁਰੂ ਸਾਹਿਬ ਨੇ ਇਹੀ ਸਮਝਾਇਆ ਹੈ ਕਿ,
ਜਗੁ ਦੁਖੀਆ ਸੁਖੀਆ ਜਨੁ ਕੋਇ ॥ਜਗੁ ਰੋਗੀ ਭੋਗੀ ਗੁਣ ਰੋਇ ॥
ਜਗੁ ਉਪਜੈ ਬਿਨਸੈ ਪਤਿ ਖੋਇ ॥ ਗੁਰਮੁਖਿ ਹੋਵੈ ਬੂਝੈ ਸੋਇ ॥7॥
ਇਸ ਸੰਸਾਰ ਵਿਚ ਕਰਤਾਰ ਨਾਲੋਂ ਟੁੱਟ ਕੇ, ਮੋਹ-ਮਾਇਆ ਵਿਚ ਫਸੇ ਸਭ ਦੁਖੀ ਹੋ ਰਹੇ ਹਨ, ਕੋਈ ਵਿਰਲਾ ਜੋ ਸ਼ਬਦ ਵਿਚਾਰ ਆਸਰੇ ਹਰੀ ਨਾਲ ਜੁੜਦਾ ਹੈ, ਉਹੀ ਸੁਖੀ ਹੁੰਦਾ ਹੈ। ਜਗਤ, ਭੋਗਾਂ ਅਧੀਨ ਆਪਣੇ ਗੁਣ ਗਵਾ ਕੇ, ਆਤਮਕ ਤੌਰ ਤੇ ਰੋਗੀ ਹੋਇਆ ਰੋ ਰਿਹਾ ਹੈ।
ਰੱਬ ਨਾਲੋਂ ਟੁੱਟਿਆ ਸੰਸਾਰ ਜੰਮਦਾ ਹੈ, ਪ੍ਰਭੂ ਨਾਲ ਜੁੜੇ ਬਗੈਰ, ਇੱਜ਼ਤ ਗਵਾ ਕੇ ਮਰ ਜਾਂਦਾ ਹੈ, ਇਵੇਂ ਹੀ ਜੰਮਦਾ-ਮਰਦਾ ਰਹਿੰਦਾ ਹੈ। ਇਹ ਸਾਰੀ ਗੱਲ ਉਹੀ ਸਮਝ ਸਕਦਾ ਹੈ, ਜੋ ਗੁਰਮੁਖ ਹੋ ਕੇ, ਗੁਰ-ਸ਼ਬਦ ਤੋਂ ਸਿਖਿਆ ਲੈ ਕੇ, ਜਗਤ ਖੇਡ ਨੂੰ ਸਮਝ ਲੈਂਦਾ ਹੈ।
ਸਾਡਾ ਅਗਲਾ ਵਿਸ਼ਾ “ ਆਵਾ ਗਵਣ ” ਹੀ ਹੈ, ਅਸੀਂ ਇਸ ਬਾਰੇ ਗੁਰਬਾਣੀ ਤੋਂ ਹੀ ਸੇਧ ਲੈਣੀ ਹੈ, ਆਵਾ-ਗਵਣ ਤੋਂ ਬਚਣ ਦਾ ਢੰਗ ਵੀ ਸਾਨੂੰ ਗੁਰਬਾਣੀ ਨੇ ਹੀ ਦੱਸਣਾ ਹੈ, ਪਰ ਅੱਜ ਦੇ ਸਿੱਖ, ਗੁਰੂ ਤੋਂ ਬਹੁਤ ਸਿਆਣੇ ਹੋ ਗਏ ਹਨ, ਉਹ ਗੁਰੂ ਤੋਂ ਸੇਧ ਲੈਣ ਦੀ ਥਾਂ, ਗੁਰੂ ਨੂੰ ਆਪਣੀ ਮਨ-ਮਤ ਦੀਆਂ ਘਾੜਤਾਂ ਲਈ ਵਰਤਣ ਦਾ ਯਤਨ ਕਰਦੇ ਹਨ। ਨਤੀਜੇ ਵਜੋਂ ਉਨ੍ਹਾਂ ਨੂੰ ਗੁਰਬਾਣੀ ਵਿਚੋਂ, ਉਨ੍ਹਾਂ ਦੀ ਸੋਚ ਨਾਲ ਮੇਲ ਖਾਂਦਾ, ਕੋਈ ਪੂਰਾ ਸ਼ਬਦ ਤਾਂ ਮਿਲਦਾ ਨਹੀਂ, ਉਹ ਗੁਰਬਾਣੀ ਵਿਚੋਂ, ਆਪਣੀ ਮਨ-ਮਤ ਦੀ ਪੁਸ਼ਟੀ ਕਰਦੀ ਨਜ਼ਰ ਆਉਂਦੀ, ਕੋਈ ਇਕ ਤੁਕ ਛਾਂਟ ਕੇ, ਉਸ ਦੀ ਆੜ ਵਿਚ, ਆਪਣੇ ਤਰਕ ਦਾ ਜਾਲ ਬੁਣ ਕੇ, ਲੋਕਾਂ ਨੂੰ ਜ਼ਰੂਰ ਗੁਮਰਾਹ ਕਰਦੇ ਰਹਿੰਦੇ ਹਨ, ਜੋ ਇਕ ਗੁਰਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਆਉ ਅਗਲੇ ਭਾਗ ਵਿਚ, ਗੁਰਬਾਣੀ ‘ਚੋਂ ਇਸ ਸਬੰਧੀ ਸੇਧ ਦਿੰਦੇ ਕੁਝ ਸ਼ਬਦਾਂ ਦੀ (ਪੂਰੇ-ਪੂਰੇ ਰੂਪ ਵਿਚ) ਵਿਚਾਰ ਕਰਨ ਦਾ ਯਤਨ ਕਰਦੇ ਹਾਂ ।
ਅਮਰ ਜੀਤ ਸਿੰਘ ਚੰਦੀ
13-11-2014