ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਪਹਲਾ) ਪ੍ਰਭ ਸੁਪ੍ਰਸੰਨ ਭਏ ਗੋਪਾਲ ॥ ਜਨਮ ਜਨਮ ਕੇ ਮਿਟੇ ਬਿਤਾਲ ॥5॥ (1348)
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਪਹਲਾ) ਪ੍ਰਭ ਸੁਪ੍ਰਸੰਨ ਭਏ ਗੋਪਾਲ ॥ ਜਨਮ ਜਨਮ ਕੇ ਮਿਟੇ ਬਿਤਾਲ ॥5॥ (1348)
Page Visitors: 3060

                                                   (ਵਿਸ਼ਾ-ਛੇਵਾਂ, ਆਵਾ ਗਵਣ )
                                                           (ਭਾਗ ਪਹਲਾ)      
               ਪ੍ਰਭ ਸੁਪ੍ਰਸੰਨ ਭਏ ਗੋਪਾਲ ॥ ਜਨਮ ਜਨਮ ਕੇ ਮਿਟੇ ਬਿਤਾਲ ॥5॥ (1348)  

              ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥ ਧਰਮ ਰਾਇ ਕੇ ਕਾਗਰ ਫਾਟੇ ॥
             ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥ ਪਾਰਬ੍ਰਹਮੁ ਰਿਦ ਮਾਹਿ ਸਮਾਇਆ
॥1॥
              ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥ ਤੇਰੇ ਦਾਸ ਚਰਨ ਸਰਨਾਇਆ ॥1॥ਰਹਾਉ॥
              ਚੂਕਾ ਗਉਣੁ ਮਿਟਿਆ ਅੰਧਿਆਰੁ ॥ ਗੁਰਿ ਦਿਖਲਾਇਆ ਮੁਕਤਿ ਦੁਆਰੁ ॥
             ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥ ਪ੍ਰਭੂ ਜਨਾਇਆ ਤਬ ਹੀ ਜਾਤਾ
॥2॥
              ਘਟਿ ਘਟਿ ਅੰਤਰਿ ਰਵਿਆ ਸੋਇ ॥ ਤਿਸੁ ਬਿਨੁ ਬੀਜੋ ਨਾਹੀ ਕੋਇ ॥
             ਬੈਰ ਬਿਰੋਧ ਛੇਦੇ ਭੈ ਭਰਮਾਂ ॥ ਪ੍ਰਭਿ ਪੁੰਂਨਿ ਅਤਮੈ ਕੀਨੇ ਧਰਮਾ
॥3॥
              ਮਹਾ ਤਰੰਗ ਤੇ ਕਾਂਢੈ ਲਾਗਾ ॥ ਜਨਮ ਜਨਮ ਕਾ ਟੂਟਾ ਗਾਂਢਾ ॥
             ਜਪੁ ਤਪੁ ਸੰਜਮੁ ਨਾਮੁ ਸਮ੍‍ਾਲਿਆ ॥ ਅਪੁਨੈ ਠਾਕੁਰਿ ਨਦਰਿ ਨਿਹਾਲਿਆ
॥4॥
              ਮੰਗਲ ਸੂਖ ਕਲਿਆਣ ਤਿਥਾਈਂ ॥ ਜਹ ਸੇਵਕ ਗੋਪਾਲ ਗੁਸਾਈ ॥
             ਪ੍ਰਭ ਸੁਪ੍ਰਸੰਨ ਭਏ ਗੋਪਾਲ ॥ ਜਨਮ ਜਨਮ ਕੇ ਮਿਟੇ ਬਿਤਾਲ ॥
5॥
              ਹੋਮ ਜਗ ਉਰਧ ਤਪ ਪੂਜਾ ॥ ਕੋਟ ਤੀਰਥ ਇਸਨਾਨੁ ਕਰੀਜਾ ॥
             ਚਰਨ ਕਮਲ ਨਿਮਖ ਰਿਦੈ ਧਾਰੇ ॥ ਗੋਬਿੰਦ ਜਪਤ ਸਭਿ ਕਾਰਜ ਸਾਰੇ
॥6॥
              ਊਚੇ ਤੇ ਊਚਾ ਪ੍ਰਭ ਥਾਨੁ ॥ ਹਰਿ ਜਨ ਲਾਵਹਿ ਸਹਜਿ ਧਿਆਨੁ ॥
             ਦਾਸ ਦਾਸਨ ਕੀ ਬਾਂਛਉ ਧੂਰਿ ॥ ਸਰਬ ਕਲਾ ਪ੍ਰੀਤਮ ਭਰਪੂਰਿ
॥7॥
              ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥ ਮੀਤ ਸਾਜਨ ਭਰਵਾਸਾ ਤੇਰਾ ॥
             ਕਰੁ ਗਹਿ ਲੀਨੇ ਅਪੁਨੇ ਦਾਸ ॥ ਜਪਿ ਜੀਵੈ ਨਾਨਕੁ ਗੁਣਤਾਸ
॥8॥3॥ (1348-1349)

    ॥ਰਹਾਉ॥  ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥ ਤੇਰੇ ਦਾਸ ਚਰਨ ਸਰਨਾਇਆ ॥1॥ਰਹਾਉ॥
     ਹੇ ਪ੍ਰਭੂ , ਜਿਹੜਾ ਮਨੁੱਖ ਤੇਰੇ ਦਾਸਾਂ , ਤੇਰੇ ਭਗਤਾਂ ਦੇ ਚਰਨਾਂ ਦੀ ਸਰਨ ਵਿਚ ਆ ਗਿਆ , ਉਸ ਨੇ ਸਦਾ ਤੇਰਾ ਨਾਮ ਸਿਮਰਦਿਆਂ ਅਤਮਕ ਆਨੰਦ ਮਾਣਿਆ । ਜਿਹੜਾ ਮਨੁੱਖ ਸਤਸੰਗਤ ਵਿਚ , ਸਤਸੰਗੀਆਂ ਦੀ ਸਿਖਿਆ ਅਨੁਸਾਰ , ਤੇਰੇ ਹੁਕਮ ਵਿਚ ਚੱਲਣ ਦੀ ਸੋਝੀ ਹਾਸਲ ਕਰ ਲੈਂਦਾ ਹੈ , ਉਸ ਨੇ ਹਮੇਸ਼ਾ , ਸਦੀਵੀ ਸੁਖ ਮਾਣਿਆ ਹੈ ।

    ॥1॥      ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥ ਧਰਮ ਰਾਇ ਕੇ ਕਾਗਰ ਫਾਟੇ ॥
              ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥ ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥1॥    
       ਹੇ ਭਾਈ , ਜਿਸ ਬੰਦੇ ਨੂੰ ਸਤਸੰਗਤ ਵਿਚ ਜੁੜ ਕੇ ਹਰੀ ਦੇ ਹੁਕਮ ਵਿਚ ਚੱਲਣ ਦਾ ਰਸ , ਆਨੰਦ ਆਉਣ ਲਗ ਪੈਂਦਾ ਹੈ , ਉਸ ਦੇ ਹਿਰਦੇ ਵਿਚ ਪਾਰਬ੍ਰਹਮ ਦਾ ਵਾਸਾ ਹੋ ਜਾਂਦਾ ਹੈ । ਇਸ ਤਰ੍ਹਾਂ ਸਤਸੰਗਤ ਵਿਚ ਜੁੜ ਕੇ , ਪਰਮਾਤਮਾ ਦੇ ਹੁਕਮ ਵਿਚ ਚਲਦਿਆਂ , ਉਨ੍ਹਾਂ ਦੀ ਰੁਚੀ ਬੁਰੇ ਕੰਮਾਂ ਵਲੋਂ ਹਟ ਜਾਂਦੀ ਹੈ , ਉਨ੍ਹਾਂ ਦੇ ਸਾਰੇ ਲੇਖੇ-ਜੋਖੇ , ਹਿਸਾਬ-ਕਿਤਾਬ ਖਤਮ ਹੋ ਜਾਂਦੇ ਹਨ ।
             ( ਜੋ ਸਤਸੰਗਤ ਵਿਚ ਨਹੀਂ ਜੁੜਦੇ , ਉਨ੍ਹਾਂ ਦਾ ਕੀ ਹੁੰਦਾ ਹੈ  ? )

    ॥2॥      ਚੂਕਾ ਗਉਣੁ ਮਿਟਿਆ ਅੰਧਿਆਰੁ ॥ ਗੁਰਿ ਦਿਖਲਾਇਆ ਮੁਕਤਿ ਦੁਆਰੁ ॥
              ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥ ਪ੍ਰਭੂ ਜਨਾਇਆ ਤਬ ਹੀ ਜਾਤਾ ॥2॥
     ਹੇ ਭਾਈ ਜਿਸ ਬੰਦੇ ਨੂੰ ਗੁਰ ਨੇ , ਸ਼ਬਦ ਗੁਰੂ ਨੇ ਮੁਕਤੀ ਦਾ ਦਵਾਰਾ ਵਿਖਾ ਦਿੱਤਾ , ਪ੍ਰਭੂ ਦੇ ਹੁਕਮ ਵਿਚ ਚਲਦਿਆਂ , ਮਾਇਆ ਮੋਹ ਤੋਂ ਬਚੇ ਰਹਣ ਦਾ ਢੰਗ ਦੱਸ ਦਿੱਤਾ , ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ , ਉਸ ਦਾ ਮਨ ਅਤੇ ਤਨ ਪ੍ਰਭੂ ਭਗਤੀ ਦੇ ਰੰਗ ਵਿਚ ਹਮੇਸ਼ਾ ਰੰਂਗਿਆ ਰਹਿੰਦਾ ਹੈ , ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ , ਉਸ ਦੇ ਆਵਾ ਗਵਣ ਦਾ ਚੱਕਰ ਖਤਮ ਹੋ ਗਿਆ । ਪਰ ਇਹ ਸਭ ਕੁਝ ਤਦ ਹੀ ਹੁੰਦਾ ਹੈ , ਜਦ ਪਰਮਾਤਮਾ , ਇਸ ਲਈ ਲੋੜੀਂਦੀ ਸੋਝੀ ਦੀ ਬਖਸ਼ਿਸ਼ ਆਪ ਹੀ ਕਰਦਾ ਹੈ ।

    ॥3॥      ਘਟਿ ਘਟਿ ਅੰਤਰਿ ਰਵਿਆ ਸੋਇ ॥ ਤਿਸੁ ਬਿਨੁ ਬੀਜੋ ਨਾਹੀ ਕੋਇ ॥
              ਬੈਰ ਬਿਰੋਧ ਛੇਦੇ ਭੈ ਭਰਮਾਂ ॥ ਪ੍ਰਭਿ ਪੁੰਂਨਿ ਆਤਮੈ ਕੀਨੇ ਧਰਮਾ ॥3॥
     ਹੇ ਭਾਈ , ਜਦ ਪਰਮਾਤਮਾ ਨੇ ਆਪ ਮਿਹਰ ਕਰ ਕੇ , ਆਤਮਾ ਨੂੰ ਪਵਿਤਰ ਰਸਤੇ ਬਾਰੇ , ਸਚੇ ਧਰਮ ਬਾਰੇ ਸੋਝੀ ਦਿੱਤੀ , ਤਾਂ ਹੀ ਆਤਮਾ ਦੀ ਸਮਝ ਆਇਆ ਕਿ ਹਰੇਕ ਸਰੀਰ ਵਿਚ , ਉਹ ਪਰਮਾਤਮਾ ਆਪ ਹੀ ਮੌਜੂਦ ਹੈ , ਉਸ ਤੋਂ ਅਲੱਗ , ਦੂਸਰੀ ਕੋਈ ਚੀਜ਼ , ਸੰਸਾਰ ਵਿਚ ਹੈ ਹੀ ਨਹੀਂ । ਇਹ ਸੋਝੀ ਆਉਣ ਦੇ ਨਾਲ ਹੀ ਉਸ ਦੇ , ਦੂਸਰੇ ਪ੍ਰਾਣੀਆਂ ਪ੍ਰਤੀ ਸਾਰੇ ਵੈਰ-ਵਿਰੋਧ ਖਤਮ ਹੋ ਜਾਂਦੇ ਹਨ , ਦੂਸਰਿਆਂ ਵਲੋਂ ਸਾਰੇ ਡਰ ਅਤੇ ਵਹਿਮ-ਭਰਮ ਖਤਮ ਹੋ ਜਾਂਦੇ ਹਨ ।

    ॥4॥      ਮਹਾ ਤਰੰਗ ਤੇ ਕਾਂਢੈ ਲਾਗਾ ॥ ਜਨਮ ਜਨਮ ਕਾ ਟੂਟਾ ਗਾਂਢਾ ॥
              ਜਪੁ ਤਪੁ ਸੰਜਮੁ ਨਾਮੁ ਸਮ੍‍ਾਲਿਆ ॥ ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥4॥
     ਹੇ ਭਾਈ , ਜਿਸ ਮਨੁੱਖ ਤੇ ਪਰਮਾਤਮਾ ਨੇ ਆਪਣੀ ਬਖਸ਼ਿਸ ਦੀ ਨਿਗਾਹ ਪਾਈ , ਉਸ ਮਨੁੱਖ ਨੇ ਪ੍ਰਭੂ ਦਾ ਨਾਮ ਸਮ੍ਹਾਲਿਆ , ਉਹ ਪ੍ਰਭੂ ਦੀ ਰਜ਼ਾ ਵਿਚ ਚਲਿਆ । ਇਹ ਪ੍ਰਭੂ ਦੀ ਰਜ਼ਾ , ਪ੍ਰਭੂ ਦੇ ਹੁਕਮ ਵਿਚ ਚਲਣਾ ਹੀ ਉਸ ਲਈ , ਜਪ , ਤਪ , ਸੰਜਮ ਕਮਾਉਣਾ ਬਣ ਜਾਂਦਾ ਹੈ । ਫਿਰ ਉਹ ਮਾਇਆ ਮੋਹ ਦੀਆਂ ਬਹੁਤ ਵੱਡੀਆਂ ਛੱਲਾਂ ਤੋਂ ਬਚ ਕੇ ਕੰਢੇ ਲਗ ਜਾਂਦਾ ਹੈ , ਉਹ ਕਰਤਾਰ ਨਾਲ ਇਕ-ਮਿਕ ਹੋ ਜਾਂਦਾ ਹੈ ।

    ॥5॥      ਮੰਗਲ ਸੂਖ ਕਲਿਆਣ ਤਿਥਾਈਂ ॥ ਜਹ ਸੇਵਕ ਗੋਪਾਲ ਗੁਸਾਈ ॥
              ਪ੍ਰਭ ਸੁਪ੍ਰਸੰਨ ਭਏ ਗੋਪਾਲ ॥ ਜਨਮ ਜਨਮ ਕੇ ਮਿਟੇ ਬਿਤਾਲ ॥5॥
     ਹੇ ਭਾਈ , ਜਿੱਥੇ ਗਪੋਾਲ , ਗੁਸਾਈਂ , ਮਾਲਕ ਅਕਾਲ ਪੁਰਖ ਦੇ ਸੇਵਕ ਰਹਿੰਦੇ ਹਨ , ਅਰਥਾਤ ਭਗਤ ਲੋਕ ਜਿੱਥੇ ਸਤਸੰਗਤ ਵਿਚ ਜੁੜ ਕੇ , ਪਰਭੂ ਦੇ ਨਾਮ , ਹੁਕਮ ਦੀ ਵਿਚਾਰ ਕਰਦੇ ਹਨ , ਉਸ ਥਾਂ ਹੀ ਸਾਰੀਆਂ ਖੁਸ਼ੀਆਂ , ਸਾਰੇ ਸੁਖ , ਸਾਰੇ ਆਨੰਦ ਹੁੰਦੇ ਹਨ । ਅਜਿਹੇ ਬੰਂਦਿਆਂ ਤੇ ਹੀ ਗੋਪਾਲ , ਪ੍ਰਭੂ ਬਹੁਤ ਦਿਆਲ ਹੁੰਦਾ ਹੈ । ਉਨ੍ਹਾਂ ਦੇ ਜਨਮ-ਜਨਮ ਦੇ ਬਿਨਾ ਤਾਲ ਦੇ ਕੀਤੇ ਕੰਮ , ਪ੍ਰਭੂ ਨਾਲ ਇਕ ਸੁਰ ਹੋਏ ਬਗੈਰ ਕੀਤੇ ਕਰਮਾਂ ਦਾ ਲੇਖਾ ਜੋਖਾ , ਮਿਟ ਜਾਂਦਾ ਹੈ , ਖਤਮ ਹੋ ਜਾਂਦਾ ਹੈ ।

    ॥6॥      ਹੋਮ ਜਗ ਉਰਧ ਤਪ ਪੂਜਾ ॥ ਕੋਟ ਤੀਰਥ ਇਸਨਾਨੁ ਕਰੀਜਾ ॥
             ਚਰਨ ਕਮਲ ਨਿਮਖ ਰਿਦੈ ਧਾਰੇ ॥ ਗੋਬਿੰਦ ਜਪਤ ਸਭਿ ਕਾਰਜ ਸਾਰੇ ॥6॥
     ਹੇ ਭਾਈ , ਜਿਸ ਮਨੁੱਖ ਨੇ ਸਤਸੰਗਤ ਵਿਚ ਜੁੜ ਕੇ ਇਕ ਪਲ ਲਈ , ਹਰੀ ਦੇ ਚਰਨ , ਹਰੀ ਦਾ ਹੁਕਮ ਆਪਣੇ ਹਿਰਦੇ ਵਿਚ ਧਾਰ ਲਿਆ , ਉਹ ਹਮੇਸ਼ਾ ਪ੍ਰਭੂ ਦਾ ਨਾਮ ਜਪਦਿਆਂ , ਪ੍ਰਭੂ ਦੇ ਹੁਕਮ ਵਿਚ ਚਲਦਿਆਂ , ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ ।
  ( ਏਥੇ ਇਹ ਵਿਚਾਰਨ ਵਾਲੀ ਗੱਲ ਹੈ ਕਿ ਇਕ ਪਲ ਹਰੀ ਦਾ ਹੁਕਮ ਆਪਣੇ ਹਿਰਦੇ ਵਿਚ ਧਾਰਨ ਕਰ ਲਿਆ ਕੀ ਚੀਜ਼ ਹੈ ? ਜੋ ਬੰਦਾ ਰੋਜ਼ ਗੁਰਦਵਾਰੇ ਜਾਂਦਾ ਹੈ , ਗੁਰ ਸ਼ਬਦ ਦੀ ਸਿਖਿਆ ਵੀ ਸੁਣਦਾ ਹੈ , ਆਪਣੇ ਕੀਤੇ ਬੁਰੇ ਕਰਮਾਂ ਲਈ ਮੁਆਫੀ ਵੀ ਮੰਗਦਾ ਹੈ , ਮੁੜ-ਮੁੜ ਇਹੀ ਕਰਮ ਕਰਦਾ ਰਹਿੰਦਾ ਹੈ , ਸਮਝੋ ਉਸ ਨੇ ਸ਼ਬਦ ਗੁਰੂ ਦੀ ਸਿਖਿਆ ਮਨ ਕਰ ਕੇ ਨਹੀਂ ਸੁਣੀ , ਉਸ ਨੇ ਇਕ ਕਦਮ ਵੀ ਮੰਂਜ਼ਿਲ ਵੱਲ ਨਹੀਂ ਵਧਾਇਆ।
ਜਿਸ ਬੰਦੇ ਨੇ ਗੁਰੂ ਦੀ ਸਿਖਿਆ ਮਨ ਕਰ ਕੇ ਸੁਣੀ , ਉਸ ਨੂੰ ਮਨ ਵਿਚ ਵਸਾਇਆ , ਉਸ ਦਾ ਇਸ ਸਿਖਿਆ ਅਨੁਸਾਰ ਜੀਵਨ ਢਾਲਣ ਦਾ ਪਹਿਲਾ ਉਪਰਾਲਾ ਇਵੇਂ ਹੈ , ਜਿਵੇਂ ਹਜ਼ਾਰਾਂ ਮੀਲਾਂ ਦਾ ਲੰਮਾ ਪੈਂਡਾ , ਇਕ ਕਦਮ ਨਾਲ ਸ਼ੁਰੂ ਹੁੰਦਾ ਹੈ , ਅਤੇ ਬੰਦਾ ਚਲਦਾ-ਚਲਦਾ ਆਪਣੀ ਮੰਂਜ਼ਿਲ ਤਕ ਪਹੁੰਚ ਜਾਂਦਾ ਹੈ । ਜੇ ਬੰਦਾ ਉਹ ਪਹਿਲਾ ਕਦਮ ਹੀ ਨਾ ਪੁੱਟੇ , ਜਾਂ ਇਕ ਕਦਮ ਪੁੱਟ ਕੇ ਹੀ ਰੁਕ ਜਾਵੇ ਤਾਂ ਉਹ ਕਦੀ ਵੀ ਆਪਣੀ ਮੰਂਜ਼ਿਲ ਤੇ ਨਹੀਂ ਪਹੁੰਚ ਸਕਦਾ ।    
  ਇਵੇਂ ਹੀ ਜੇ ਬੰਦਾ ਇਕ ਪਲ ਲਈ , ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਦਾ ਹੈ , ਤਾਂ ਇਹ ਇਕ ਪਲ ਉਸ ਦੀ ਆਤਮਕ ਜ਼ਿੰਦਗੀ ਦਾ ਨੀਂਹ ਪੱਥਰ ਹੋ ਜਾਂਦਾ ਹੈ , ਜਿਸ ਤੇ ਉਹ ਆਪਣੇ ਆਤਮਕ ਜੀਵਨ ਦੀ ਉਸਾਰੀ ਕਰਦਾ ਹੈ । ਇਹ ਇਕ ਪਲ , ਇਕ ਪਲ ਨਾ ਰਹਿ ਕੇ , ਪੂਰੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ ।)
     ਇਸ ਤਰ੍ਹਾਂ ਮਾਨੋ ਉਸ ਨੇ , ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ , ਹੋਮ ਯੱਗ ਕਰ ਲਏ , ਸਰੀਰ ਨੂੰ ਕਸ਼ਟ ਦੇਣ ਵਾਲੇ ਤਪ ਕਰ ਲਏ , ਦੇਵਤਿਆਂ ਦੀ ਪੂਜਾ ਕਰ ਲਈ ।

    ॥7॥     ਊਚੇ ਤੇ ਊਚਾ ਪ੍ਰਭ ਥਾਨੁ ॥ ਹਰਿ ਜਨ ਲਾਵਹਿ ਸਹਜਿ ਧਿਆਨੁ ॥
             ਦਾਸ ਦਾਸਨ ਕੀ ਬਾਂਛਉ ਧੂਰਿ ॥ ਸਰਬ ਕਲਾ ਪ੍ਰੀਤਮ ਭਰਪੂਰਿ ॥7॥
     ਹੇ ਭਾਈ , ਸਾਧਸੰਗਤ ਵਿਚ ਜੁੜਿਆਂ , ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੇ ਟਿਕਾਣੇ ਤੱਕ , ਬਹੁਤ ਹੀ ਉਚੇ ਅਤਮਕ ਜੀਵਨ ਆਸਰੇ ਪਹੁੰਚਿਆ ਜਾ ਸਕਦਾ ਹੈ । ਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿਚ ਸੁਰਤ ਜੋੜੀ ਰਖਦੇ ਹਨ ।
     ਹੇ ਭਾਈ , ਜਿਹੜਾ ਪ੍ਰਭੂ ਪ੍ਰੀਤਮ , ਸਾਰੀਆਂ ਤਾਕਤਾਂ ਦਾ ਮਾਲਕ ਹੈ , ਸਭ ਥਾਈਂ ਮੌਜੂਦ ਹੈ , ਮੈਂ ਉਸ ਦੇ ਦਾਸਾਂ ਦੇ ਦਾਸਾਂ ਦੀ ਚਰਨ ਧੂੜ , ਉਨ੍ਹਾਂ ਦੀ ਸੰਗਤ ਲੋਚਦਾ ਹਾਂ ।

    ॥8॥     ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥ ਮੀਤ ਸਾਜਨ ਭਰਵਾਸਾ ਤੇਰਾ ॥
             ਕਰੁ ਗਹਿ ਲੀਨੇ ਅਪੁਨੇ ਦਾਸ ॥ ਜਪਿ ਜੀਵੈ ਨਾਨਕੁ ਗੁਣਤਾਸ ॥8॥3॥     (1349)
     ਹੇ ਪ੍ਰਭੂ , ਤੂੰ ਹੀ ਮੇਰੀ ਮਾਂ ਹੈਂ , ਤੂੰ ਹੀ ਮੇਰਾ ਪਿਤਾ ਹੈਂ , ਤੂੰ ਹੀ ਮੇਰਾ ਪਿਆਰਾ ਪ੍ਰੀਤਮ ਹੈਂ । ਤੂੰ ਹੀ ਮੇਰੇ ਨੇੜੇ ਤੋਂ ਮਨੇੜੇ ਹੈਂ , ਹਰ ਵੇਲੇ ਮੇਰੇ ਨਾਲ ਰਹਿੰਦਾ ਹੈਂ । ਹੇ ਪਰਾਮਾਤਮਾ , ਤੂੰ ਹੀ ਮੇਰਾ ਦੋਸਤ-ਮਿਤ੍ਰ ਹੈਂ , ਮੇਰਾ ਸੱਜਣ ਹੈਂ , ਮੈਨੂੰ ਤੇਰਾ ਹੀ ਸਹਾਰਾ ਹੈ । ਹੇ ਪ੍ਰਭੂ , ਆਪਣੇ ਦਾਸਾਂ ਨੂੰ ਹੱਥ ਫੜ ਕੇ , ਸਹਾਰਾ ਦੇ ਕੇ , ਤੂੰ ਆਪਣੇ ਬਣਾ ਲੈਂਦਾ ਹੈਂ । ਹੇ ਗੁਣਾਂ ਦੇ ਖਜ਼ਾਨੇ ਪ੍ਰਭੂ , ਤੇਰਾ ਨਾਮ ਜਪ ਕੇ , ਤੇਰੇ ਹੁਕਮ ਵਿਚ ਚਲ ਕੇ ਨਾਨਕ ਵੀ ਆਤਮਕ ਜੀਵਨ ਹਾਸਲ ਕਰ ਰਿਹਾ ਹੈ ।

                                                ਅਮਰ ਜੀਤ ਸਿੰਘ ਚੰਦੀ
                                           ਫੋਨ:- 91 95685 41414
                                                            15-11-2014

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.