* = ਲਾਸ਼ਾਂ ਦੇ ਢੇਰ = *
ਜਿੱਧਰ ਵੀ ਨਜ਼ਰ ਮਾਰਦਾ ਹਾਂ , ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਹਨ । ਅਕਾਲ ਦੇ ਨਾਮ ਤੇ ਬਣੀਆਂ ਸੰਸਥਾਵਾਂ ਦੇ ਸਿਰ ਤੇ ਬੈਠੀਆਂ , ਹੁਕਮ-ਨਾਮੇ ਜਾਰੀ ਕਰਦੀਆਂ ਲਾਸ਼ਾਂ , ਉਨ੍ਹਾਂ ਦੀਆਂ ਜੁਤੀਆਂ ਚੱਟਣ ਵਾਲੀਆਂ ਲਾਸ਼ਾਂ । ਵੋਟਾਂ ਪਾ ਕੇ ਲਾਸ਼ਾਂ ਨੂੰ ਸਿਰ ਤੇ ਬਿਠਾਉਣ ਵਾਲੀਆਂ ਲਾਸ਼ਾਂ । ਦੂਸਰਿਆਂ ਤੇ ਰਾਜ ਕਰਨ , ਉਨ੍ਹਾਂ ਦੇ ਸਾਧਨਾਂ ਨੂੰ ਲੁੱਟਣ ਲਈ ਬਣਾਏ ਤਖਤਾਂ ਤੇ ਬੈਠੀਆਂ ਲਾਸ਼ਾਂ , ਲਾਸ਼ਾਂ ਦੀ ਜੀ ਹਜ਼ੂਰੀ ਕਰਦੀਆਂ ਲਾਸ਼ਾਂ , ਲਾਸ਼ਾਂ ਦੀ ਰਖਵਾਲੀ ਕਰਦੀਆਂ ਲਾਸ਼ਾਂ । ਲਾਸ਼ਾਂ ਦੀ ਵਡਿਆਈ ਕਰਦੀਆਂ ਲਾਸ਼ਾਂ , ਲਾਸ਼ਾਂ ਦੇ ਦਰਬਾਰ ਵਿਚ ਹਾਜ਼ਰੀ ਭਰਦੀਆਂ ਲਾਸ਼ਾਂ ।
ਡੇਰਿਆਂ ਵਿਚ , ਡੇਰੇ-ਦਾਰਾਂ ਦੇ ਰੂਪ ਵਿਚ , ਮਾਇਆ ਤੇ ਕੁੰਡਲੀ ਮਾਰੀ ਬੈਠੀਆਂ ਲਾਸ਼ਾਂ , ਸੰਤ-ਮਹਾਂਪੁਰਸ਼ਾਂ ਦੇ ਭੇਖ ਵਿਚ ਲਾਸ਼ਾਂ , ਬ੍ਰਹਮ-ਗਿਆਨੀ ਬਣੀਆਂ ਲਾਸ਼ਾਂ । ਉਨ੍ਹਾਂ ਦੀ ਸੇਵਾ ਵਿਚ ਲੱਗੀਆਂ ਲਾਸ਼ਾਂ , ਉਨ੍ਹਾਂ ਨੂੰ ਰੱਬ ਕਰ ਕੇ ਮੰਨਦੀਆਂ , ਭੇਡਾਂ ਦੇ ਇਜੜਾਂ ਸਮਾਨ ਲਾਸ਼ਾਂ । ਵਿਦਵਾਨਾਂ ਦੇ ਰੂਪ ਵਿਚ , ਪੈਸੇ ਲੈ ਕੇ ਦੂਸਰਿਆਂ ਦੀ ਮੰਸ਼ਾ ਮੁਤਾਬਕ ਕੂੜ-ਕਬਾੜ ਲਿਖਦੀਆਂ ਲਾਸ਼ਾਂ , ਉਨ੍ਹਾਂ ਦੀਆਂ ਲਿਖਤਾਂ , ਕਿਤਾਬਾਂ ਛਾਪਦੀਆਂ , ਪਰਚਾਰਦੀਆਂ ਲਾਸ਼ਾਂ , ਉਨ੍ਹਾਂ ਲੇਖਾਂ , ਕਿਤਾਬਾਂ ਨੂੰ ਪੜ੍ਹ ਕੇ , ਜਾਂ ਬਿਨਾ ਪੜ੍ਹੇ ਹੀ ਉਨ੍ਹਾਂ ਦੇ ਕਸੀਦੇ ਕੱਢਦੀਆਂ ਲਾਸ਼ਾਂ ।
ਗੁਰਦਵਾਰਿਆਂ ਦੇ ਪ੍ਰਬੰਧਕਾਂ ਦੇ ਰੂਪ ਵਿਚ ਲਾਸ਼ਾਂ , ਉਨ੍ਹਾਂ ਦੇ ਮੁਲਾਜ਼ਮਾਂ ਦੇ ਰੂਪ ਵਿਚ ਲਾਸ਼ਾਂ , ਓਥੇ ਹਾਜ਼ਰੀ ਭਰਦੀਆਂ ਲਾਸ਼ਾਂ । ਗੁਰਮਤਿ ਸਮਾਗਮਾਂ ਦੇ ਨਾਮ ਤੇ , ਕੀਰਤਨ ਦਰਬਾਰਾਂ ਦੇ ਨਾਮ ਤੇ , ਸਿੱਖਾਂ ਦੀਆਂ ਜੇਭਾਂ ਵਿਚੋਂ ਪੈਸੇ ਕੱਢ ਕੇ ਬੈਂਕ ਭਰਦੀਆਂ ਲਾਸ਼ਾਂ। ਕਥਾ ਕਰਦੀਆਂ ਲਾਸ਼ਾਂ , ਕੀਰਤਨ ਕਰਦੀਆਂ ਲਾਸ਼ਾਂ , ਸਿਮਰਨ ਕਰਦੀਆਂ ਲਾਸ਼ਾਂ , ਅਖੰਡ ਪਾਠਾਂ ਦੀਆਂ ਲੜੀਆਂ ਚਲਾਉਂਦੀਆਂ ਲਾਸ਼ਾਂ , ਲਾਸ਼ਾਂ ਦੇ ਇਨ੍ਹਾਂ ਕੁਕਰਮਾਂ ਲਈ ਪੈਸੇ ਦਿੰਦੀਆਂ ਲਾਸ਼ਾਂ ।
ਗਰਜ਼ ਕਿ ਹਰ ਥਾਂ , ਅਕਾਲੀ ਦਲਾਂ ਵਿਚ ਲਾਸ਼ਾਂ ਦੇ ਢੇਰ । ਇਤਿਹਾਸਕ ਅਸਥਾਨਾਂ ਤੇ ਲਾਸ਼ਾਂ ਦੇ ਢੇਰ , ਤਖਤਾਂ ਤੇ ਲਾਸ਼ਾਂ ਦੇ ਢੇਰ , ਸ਼੍ਰੋਮਣੀ ਕਮੇਟੀ ਵਿਚ ਲਾਸ਼ਾਂ ਦੇ ਢੇਰ , ਗੁਰਦਵਾਰਿਆਂ ਵਿਚ ਲਾਸ਼ਾਂ ਦੇ ਢੇਰ , ਮੀਡੀਏ ਵਿਚ ਲਾਸ਼ਾ ਦੇ ਢੇਰ । ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਵਿਚੋਂ 70 % ਲਾਸ਼ਾਂ ਨੂੰ ਵੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਹਨ , ਪਰ ਹਨ ਤਾਂ ਉਹ ਵੀ ਲਾਸ਼ਾਂ ਦੇ ਹੀ ਢੇਰ , ਭਾਵੇਂ ਇੰਸਾਨੀਅਤ ਦੀਆਂ ਲਾਸ਼ਾਂ ਦੇ ਢੇਰ ਹੀ ਹੋਣ ।
ਕਿਸੇ ਵੇਲੇ ਬਾਬਾ ਨਾਨਕ ਜੀ ਨੇ ਅਜਿਹੇ ਲਾਸ਼ਾਂ ਦੇ ਢੇਰਾਂ ਵਿਚੋਂ ਹੀ ਲੱਭ-ਲੱਭ ਕੇ , ਜਿਊਂਦੇ ਬੰਦੇ ਅਲੱਗ ਕੀਤੇ ਸਨ , ਸੰਸਾਰ ਵਿਚ ਜ਼ਿੰਦਗੀ ਟਹਕੀ ਸੀ । ਜਿਊਂਦੇ ਬੰਦਿਆਂ ਨੇ , ਲਾਸ਼ਾਂ ਦੇ ਢੇਰ ਵਿਚੋਂ ਨਿਕਲ ਕੇ , ਆਪਣੇ ਜਿਊਂਦੇ ਹੋਣ ਦਾ ਪਰਗਟਾਵਾ ਕੀਤਾ ਸੀ । ਇਹ ਵੱਡੀ ਸਚਾਈ ਹੈ ਕਿ , ਲੱਖਾਂ ਲਾਸ਼ਾਂ ਦੇ ਢੇਰ ਵਿਚੋਂ , ਇਕ ਵੀ
ਜੀਉਂਦਾ ਬੰਦਾ ਲੱਭਣਾ ਬੜਾ ਆਸਾਨ ਹੈ । ਜ਼ਿੰਦਗੀ ਦਾ ਸੰਕੇਤ ਹੀ ਹਿਲ-ਜੁਲ ਹੈ , ਜਿਵੇਂ ਸ਼ਾਂਤ-ਬੇਹਿਸ ਜੰਗਲ ਵਿਚੋਂ , ਹਿਲਦੀ ਕੋਈ ਮਾਮੂਲੀ ਜਿਹੀ ਚੀਜ਼ ਵੀ ਜ਼ਿੰਦਗੀ ਦਾ ਅਹਿਸਾਸ ਦਿਵਾਉਂਦੀ , ਬੇ-ਮੁਹਾਰੇ ਹੀ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ , ਇਵੇਂ ਹੀ ਲੱਖਾਂ ਲਾਸ਼ਾਂ ਦੇ ਢੇਰ ਵਿਚੋਂ ਹਿਲਦੀ ਇਕ ਜ਼ਿੰਦਗੀ , ਆਪਣਾ ਅਹਿਸਾਸ ਕਰਵਾਉਂਦੀ , ਆਪ-ਮੁਹਾਰੇ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ । ਇਨ੍ਹਾਂ ਲਾਸ਼ਾਂ ਦੇ ਢੇਰਾਂ ਵਿਚੋਂ ਵੀ , ਕਦੇ-ਨ-ਕਦੇ , ਕਿਤੇ-ਨ-ਕਿਤੇ ਜ਼ਿੰਦਗੀ ਦਾ ਅਹਿਸਾਸ ਹੋ ਹੀ ਜਾਂਦਾ ਹੈ । ਪਰ ਬਾਬਾ ਨਾਨਕ ਜੀ ਦੀ ਸਿੱਖੀ ਦਾ ਅਜਿਹਾ ਰੂਪ ਤਾਂ ਕਿਸੇ ਹਾਲਤ ਵਿਚ ਹੋ ਹੀ ਨਹੀਂ ਸਕਦਾ ।
ਤਾਂ ਕੀ ਮੈਨੂੰ ਕੂਝ ਭੁਲੇਖਾ ਪੈ ਰਿਹਾ ਹੈ ?
ਨਹੀਂ ਜ਼ਿੰਦਗੀ ਦਾ ਲੱਛਣ ਹੈ “ਹਿਲ-ਜੁਲ ” ਅਤੇ ਇਹ ਸੰਭਵ ਹੀ ਨਹੀਂ ਹੈ ਕਿ ਕੋਈ ਹਿਲਦੀ-ਜੁਲਦੀ ਚੀਜ਼ , ਆਪਣੇ ਵੱਲ ਆ-ਮੁਹਾਰੇ ਹੀ ਧਿਆਨ ਨਾ ਖਿੱਚ ਲਵੇ । ਯਕੀਨਨ ਬਾਬਾ ਨਾਨਕ ਜੀ ਵਲੋਂ ਬਖਸ਼ੇ ਗਿਆਨ ਤੋਂ ਵਿਹੂਣੀਆਂ ਲਾਸ਼ਾਂ ਵਿਚ ਜਿਊਂਦੀ ਜ਼ਮੀਰ ਨਹੀਂ ਹੁੰਦੀ , ਜਿਊਂਦੀ ਜ਼ਮੀਰ ਬਗੈਰ ਹਿਲ-ਜੁਲ ਨਹੀਂ ਹੁੰਦੀ , ਹਿਲ-ਜੁਲ ਤੋਂ ਬਗੈਰ ਜੀਉਣਾ , ਜੀਵਨ ਨਹੀਂ ਹੁੰਦਾ , ਮੌਤ ਹੀ ਹੁੰਦੀ ਹੈ , ਜਿਸ ਨੂੰ ਲਾਸ਼ ਹੀ ਕਿਹਾ ਜਾਂਦਾ ਹੈ ।
ਪਰ ਅੱਜ-ਕਲ ਤਾਂ , ਬਾਬਾ ਨਾਨਕ ਜੀ ਦੇ ਜੀਵਨ ਦੇਣ ਵਾਲੇ , ਗਿਆਨ ਰੂਪੀ ਅੰਮ੍ਰਿਤ ਦੇ ਘੜੇ , ਹਰ ਉਸ ਥਾਂ ਪਏ ਹਨ , ਜਿਸ ਨੂੰ ਸਿੱਖਾਂ ਦਾ ਧਰਮ-ਅਸਥਾਨ ਪਰਚਾਰਿਆ ਜਾਂਦਾ ਹੈ (ਅਸਲ ਵਿਚ ਭਾਵੇਂ ਉਹ ਵਪਾਰ ਦੇ ਕੇਂਦਰ ਜਾਂ ਲੁੱਟ ਦੇ ਅੱਡੇ ਹੀ ਬਣੇ ਹੋਏ ਹਨ)
ਫਿਰ ਸਿੱਖ ਉਹ ਅੰਮ੍ਰਿਤ ਪੀ ਕੇ , ਲਾਸ਼ਾਂ ਤੋਂ ਜਿਊਂਦੇ-ਜਾਗਦੇ ਮਨੁੱਖ ਕਿਉਂ ਨਹੀਂ ਬਣ ਜਾਂਦੇ ?
ਇਹ ਉਹ ਗੱਲ ਹੈ ਜੋ ਦੱਸਣ-ਯੋਗ ਨਹੀਂ ਹੈ । ਜੇ ਮੈਂ ਦੱਸ ਦੇਵਾਂ ਤਾਂ , ਇਨ੍ਹਾਂ ਲਾਸ਼ਾਂ ਵਿਚ ਭਾਜੜਾਂ ਪੈ ਜਾਣਗੀਆਂ , ਹਰ ਪਾਸਿਊਂ ਆਦਮ-ਬੂ , ਆਦਮ-ਬੂ ਦਾ ਰੌਲਾ ਪੈਣ ਲੱਗੇ-ਗਾ , ਲਾਸ਼ਾਂ ਦੇ ਢੇਰ , ਇਹ ਲੱਭਣ ਵਿਚ ਜੁੱਟ ਜਾਣਗੇ ਕਿ ਸਾਡੇ ਵਿਚ ਕੋਈ ਜਿਊਂਦਾ ਬੰਦਾ ਕਿਉਂ ਅਤੇ ਕਿਵੇਂ ਆ ਗਿਆ , ਉਸ ਨਾਲ ਸਾਡਾ ਕੀ ਮੇਲ ਹੈ ? ਫਿਰ ਸੋਚਦਾ ਹਾਂ ਦੱਸ ਹੀ ਦਿਆਂ , ਸ਼ਾਇਦ ਇਸ ਹਿਲ-ਜੁਲ ਨਾਲ , ਮੁਰਦਿਆਂ ਦੇ ਢੇਰ ਵਿਚ ਦੱਬਿਆ ਕੋਈ ਜੀਵਣ , ਬਚ ਕੇ ਬਾਹਰ ਨਿਕਲ ਆਵੇ , ਨਹੀਂ ਤਾਂ ਮੁਰਦਿਆਂ ਦੇ ਢੇਰ ਵਿਚ ਪਿਆ ਕੋਈ ਬੇ-ਹਿਸ ਜੀਵਣ ਵੀ ਕਿਸੇ-ਨ-ਕਿਸੇ ਦਿਨ , ਲਾਸ਼ ਹੀ ਬਣ ਜਾਵੇਗਾ ।
ਕਹਿੰਦੇ ਸੱਚ ਬੜਾ ਕੌੜਾ ਹੁੰਦੈ । ਹਾਂ ਬਿਲਕੁਲ ਕੌੜਾ ਹੁੰਦਾ , ਬਾਬੇ ਨਾਨਕ ਜੀ ਦੇ ਗਿਆਨ ਰੂਪੀ ਅੰਮ੍ਰਿਤ ਨਾਲ ਭਰੇ ਘੜੇ ਦੇ ਬੰਨੇ ਤੇ ਲੱਗੀ ਇਕ ਬੂੰਦ ਨੂੰ ਮੈਂ ਵੀ ਆਪਣੀ ਜ਼ਬਾਨ ਨਾਲ ਲਾ ਕੇ ਵੇਖਿਆ ਹੈ । ਗੂੰਗੇ ਦੇ ਗੁੜ ਖਾਣ ਵਾਙ , ਮੈਂ ਵੀ ਇਹ ਤਾਂ ਨਹੀਂ ਦੱਸ ਸਕਦਾ ਕਿ ਉਸ ਦਾ ਸਵਾਦ ਕਿਹੋ-ਜਿਹਾ ਹੈ ? ਕਿੰਨਾ ਕੁ ਕੌੜਾ ਹੈ ? ਪਰ ਉਸ ਦਾ ਅਹਿਸਾਸ ਮੈਨੂੰ ਉਸ ਵੇਲੇ ਹੁੰਦਾ ਹੈ , ਜਦ ਮੈਂ ਉਸ ਵਿਚਲਾ ਸੱਚ , ਦੂਸਰਿਆਂ ਸਾਹਵੇਂ ਪੇਸ਼ ਕਰਨ ਦੀ ਗਲਤੀ ਕਰਦਾ ਹਾਂ , ਤਾਂ ਲੋਕ ਮੇਰੇ ਤੋਂ ਦੂਰ ਭੱਜਦੇ ਹਨ ।
ਕਈ ਨਜ਼ਦੀਕੀ ਤਾਂ ਹਮਦਰਦੀ ਵਿਚ ਇਵੇਂ ਵੀ ਕਹਿੰਦੇ ਹਨ ਕਿ , ਏਨਾ ਹੀ ਸੱਚ ਬੋਲ , ਜਿਸ ਦੇ ਹੁੰਦਿਆਂ ਚਾਰ ਬੰਦੇ , ਤੇਰੀ ਲਾਸ਼ ਨੂੰ ਸ਼ਮਸ਼ਾਨ ਤਕ ਪਹੁੰਚਾਉਣ ਲਈ , ਤੇਰੇ ਨਾਲ ਰਹਿ ਜਾਣ । ਨਹੀਂ ਤਾਂ ਤੇਰੀ ਲਾਸ਼ ਵਿਚੋਂ ਵੀ , ਇਸ ਸੱਚ ਦੀ ਕੁੜੱਤਣ ਨੇ ਨਿਕਲ-ਨਿਕਲ ਕੇ ਵਾਤਾ-ਵਰਣ ਨੂੰ ਦੂਸ਼ਤ ਕਰਦੀ ਰਹਿਣਾ ਹੈ । ਸ਼ਾਇਦ ਇਸ ਕਰ ਕੇ ਹੀ , ਬਹੁਤ ਸਿਆਣੇ ਸਿੱਖਾਂ , ਸਿੱਖਾਂ ਦੇ ਠੇਕੇਦਾਰਾਂ ਨੇ ਇਸ ਦਾ ਇਲਾਜ ਵੀ ਲੱਭ ਲਿਆ ਹੈ , ਕਿ ਇਸ ਪਰਦੂਸ਼ਣ ਨੂੰ ਰੋਕਣ ਲਈ , ਅੰਮ੍ਰਿਤ ਦੇ ਘੜੇ ਨੂੰ , ਲੱਖਾਂ ਰੁਪਏ ਦੇ ਕੀਮਤੀ ਰੁਮਾਲਿਆਂ ਨਾਲ ਢੱਕ ਕੇ ਰੱਖੋ । ਜਿਸ ਅਸਥਾਨ ਤੇ ਇਹ ਘੜਾ ਹੈ , ਉਸ ਨੂੰ ਕੀਮਤੀ ਪੱਥਰ ਅਤੇ ਸੋਨੇ ਦੀ ਅਜਿਹੀ ਕਬਰ ਬਣਾ ਕੇ ਰੱਖੋ , ਜਿਸ ਵਿਚ ਆਉਣ ਵਾਲੇ ਨੂੰ , ਮਾਇਆ ਦੀ ਹੀ ਚਮਕ ਹਰ ਪਾਸੇ ਨਜ਼ਰ ਆਵੇ , ਅੰਮ੍ਰਿਤ ਦੇ ਉਸ ਘੜੇ ਦੀ ਭਿਣਕ ਵੀ ਨਾ ਲੱਗੇ ।
ਮਜ਼ੇ ਦੀ ਗੱਲ ਇਹ ਹੈ ਕਿ ਇਨ੍ਹਾਂ ਰੁਮਾਲਿਆਂ-ਚੰਦੋਇਆਂ ਲਈ , ਕੀਮਤੀ ਪੱਥਰ ਅਤੇ ਸੋਨੇ ਲਈ (ਜਿਸ ਨਾਲ ਉਸ ਘੜੇ ਨੂੰ ਸੀਲ-ਬੰਦ ਕੀਤਾ ਜਾ ਰਿਹਾ ਹੈ) ਪੈਸੇ ਵੀ ਉਹੀ ਸੰਗਤ ਦੇਂਦੀ ਹੈ , ਜਿਸ ਦੇ ਪੀਣ ਲਈ ਬਾਬਾ ਨਾਨਕ ਜੀ ਨੇ ਇਹ ਘੜਾ ਭਰਿਆ ਸੀ , ਜਿਨ੍ਹਾਂ ਨੂੰ ਇਹ ਸੱਚ , ਕੌੜਾ ਨਹੀਂ , ਬੜਾ ਮਿੱਠਾ ਲਗਦਾ ਹੈ । (ਸੱਚ ਤਾਂ ਸਿਰਫ ਪੁਜਾਰੀਆਂ ਨੂੰ ਹੀ ਕੌੜਾ ਲਗਦਾ ਹੈ) ਪਰ ਉਨ੍ਹਾਂ ਨੂੰ ਤਾਂ ਇਸ ਬਾਰੇ ਤਦ ਹੀ ਪਤਾ ਲੱਗੇਗਾ , ਜਦ ਉਹ ਆਪ ਪੀ ਕੇ ਇਸ ਦਾ ਸਵਾਦ ਵੇਖਣਗੇ , ਅਤੇ ਉਹ ਪੀ ਕੇ ਤਦ ਹੀ ਵਖਣਗੇ , ਜਦ ਉਨ੍ਹਾਂ ਦੀ ਪਹੁੰਚ ਵਿਚ ਹੋਵੇਗਾ । ਉਸ ਘੜੇ ਨੂੰ ਤਾਂ ਸਿੱਖਾਂ ਤੋਂ ਦੂਰ ਰੱਖਣ ਲਈ , ਪੁਜਾਰੀਆਂ ਨੇ ਸਤਿਕਾਰ ਦੇ ਨਾਂ ਥੱਲੇ , ਬਹੁਤ ਸਾਰੇ ਬਹਾਨੇ ਬਣਾ ਰੱਖੇ ਹਨ । ਹੁਣ ਤਾਂ ਸ਼੍ਰੋਮਣੀ ਕਮੇਟੀ ਹੀ (ਫਿਰ ਤੋਂ ਲੜੀ-ਵਾਰ ਬੀੜਾਂ ਛਾਪ ਕੈ) ਇਸ ਘੜੇ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣ ਦੇ ਪੱਕੇ ਉਪਰਾਲੇ ਕਰ ਰਹੀ ਹੈ ।
ਕੁਝ ਬਹੁਤ ਸਿਆਣੇ ਸਿੱਖ ਤਾਂ ਮੈਨੂੰ ਉਪਦੇਸ਼ ਵੀ ਦਿੰਦੇ ਹਨ , ਕਿ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੋਇਆ ਹੈ,
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ (473)
ਇਸ ਲਈ ਤੂੰ ਵੀ ਏਨਾ ਫਿੱਕਾ ਨਾ ਬੋਲਿਆ ਕਰ । ਸੋਚਦਾ ਹਾਂ ਕਿ ਜਦ ਇਹ ਕਹਿੰਦੇ ਹਨ ਤਾਂ , ਇਹ ਗੱਲ , ਗੁਰੂ ਗ੍ਰੰਥ ਸਾਹਿਬ ਵਿਚ ਜ਼ਰੂਰ ਲਿਖੀ ਹੋਵੇਗੀ , ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੀ ਗੱਲ ਕਦੇ ਗਲਤ ਨਹੀਂ ਹੋ ਸਕਦੀ । ਇਸ ਲਈ ਮੈਂ ਵੀ ਇਨ੍ਹਾਂ ਲਾਸ਼ਾਂ ਦੇ ਢੇਰ ਵਿਚ ਰਲ ਕੇ ਆਪ ਵੀ ਇਕ ਲਾਸ਼ ਹੀ ਹੋ ਜਾਵਾਂ । ਇਨ੍ਹਾਂ ਉਲੂਆਂ ਨਾਲ ਰਲਣ ਲਈ (ਜਿਨ੍ਹਾਂ ਵਿਚਾਰਿਆਂ ਨੂੰ , ਗਿਆਨ ਰੂਪੀ ਸੂਰਜ ਨਜ਼ਰ ਹੀ ਨਹੀਂ ਆ ਰਿਹਾ) ਮੈਂ ਵੀ ਅੱਖਾਂ ਮੀਟ ਲਵਾਂ , ਫਿਰ ਮੈਨੂੰ ਵੀ ਇਹ ਗਿਆਨ ਰੂਪੀ ਸੂਰਜ , ਵਿਖਾਈ ਨਹੀਂ ਦੇਵੇਗਾ ।
ਪਰ ਕੀ ਕਰਾਂ ? ਜ਼ਬਾਨ ਨੂੰ ਲੱਗੀ ਇਕ ਬੂੰਦ , ਕਬੀਰ ਜੀ ਦੀ ਉਹ ਹਾਲਤ ਮੇਰੇ ਸਾਮ੍ਹਣੇ ਲੈ ਆਉਂਦੀ ਹੈ , ਜਿਸ ਹਾਲਤ ਵਿਚ ਕਬੀਰ ਜੀ ਨੇ ਲਿਖਿਆ ਸੀ ,
ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥
ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥ 181 ॥
ਜ਼ਬਾਨ ਨਾਲ ਲੱਗੀ ਇਕ ਬੂੰਦ , ਮੈਨੂੰ ਚੈਨ ਨਹੀਂ ਲੈਣ ਦਿੰਦੀ , ਨਾ ਤਾਂ ਮੈਨੂੰ ਮੁਰਦਾ ਹੀ ਹੋਣ ਦਿੰਦੀ ਹੈ , ਤੇ ਨਾ ਮੈਨੂੰ ਅੰਨ੍ਹਿਆਂ ਹੀ ਹੋਣ ਦਿੰਦੀ ਹੈ । ਫਿਰ ਸੋਚਦਾ ਹਾਂ ਕਿ ਕੁਝ ਤਾਂ ਹੋਰ ਬੰਦੇ ਵੀ ਅਜਿਹੇ ਹੋਣਗੇ ਹੀ , ਜਿਨ੍ਹਾਂ ਨੇ ਇਸ ਬੂੰਦ ਦਾ ਸਵਾਦ ਵੇਖਣ ਦੀ ਗਲਤੀ ਕੀਤੀ ਹੋਵੇਗੀ ? ਉਨ੍ਹਾਂ ਦੀ ਭਾਲ ਕਰਾਂ , ਉਨ੍ਹਾਂ ਨੂੰ ਲੱਭਾਂ ,ਸ਼ਾਇਦ ਕੁਝ ਲੱਭ ਹੀ ਜਾਣ , ਅਤੇ ਮੇਰੇ ਜਿਉਣ ਲਈ ਵੀ , ਇਕ ਛੋਟੇ ਜਿਹੇ ਸਮਾਜ ਦੀ ਸਿਰਜਣਾ ਹੋ ਸਕੇ । ਸਿਆਣਿਆਂ ਦੇ ਕਹਣ ਅਨੁਸਾਰ , ਮਨੁੱਖ ਇਕ ਸਮਾਜਕ ਜਾਨਵਰ ਹੈ , ਮੈਂ ਵੀ ਇਕ ਨਰੋਲ ਜਾਨਵਰ ਤੋਂ , ਸਮਾਜਕ ਜਾਨਵਰ ਬਣ ਸਕਾਂ , ਰੱਬ ਅੱਗੇ ਅਰਦਾਸ ਕਰਦਾ ਹਾਂ ਕਿ “ ਹੇ ਪ੍ਰਭੂ ਮੈਨੂੰ ਵੀ ਅਜਿਹੇ ਸਮਾਜਕ ਜਾਨਵਰ ਮਿਲਾਅ , ਜਿਨ੍ਹਾਂ ਮਿਲਿਆਂ , ਤੇਰਾ ਨਾਮ ਚਿੱਤ ਆਵੇ ”
ਅਮਰ ਜੀਤ ਸਿੰਘ ਚੰਦੀ
ਫੋਨ- 91 95685 41414