ਕੈਟੇਗਰੀ

ਤੁਹਾਡੀ ਰਾਇ



Voice of People
ਗੁਰੂ ਸਾਹਿਬ ਦੀ ਜੋਤਿ ਪੰਥ ਨੂੰ ਕੀ ਸੰਕੇਤ ਦੇ ਰਹੀ ਹੈ ?
ਗੁਰੂ ਸਾਹਿਬ ਦੀ ਜੋਤਿ ਪੰਥ ਨੂੰ ਕੀ ਸੰਕੇਤ ਦੇ ਰਹੀ ਹੈ ?
Page Visitors: 2556

ਗੁਰੂ ਸਾਹਿਬ ਦੀ ਜੋਤਿ ਪੰਥ ਨੂੰ ਕੀ ਸੰਕੇਤ ਦੇ ਰਹੀ ਹੈ ?
ਸਿੰਘ ਸਾਹਿਬਾਨਾਂ ਵੱਲੋਂ "ਨਾਨਕਸ਼ਾਹੀ” ਕੈਲੰਡਰ ਦੀ ਥਾਂ ਤੇ ਆਪਣਾ ਸੋਧਿਆ ਹੋਇਆ ‘ਸੰਤ ਸਮਾਜੀ ਨਾਨਕਸ਼ਾਹੀ ਕੈਲੰਡਰ’ ਲਾਗੂ ਕਰਨ ਕਰਕੇ 2014 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਲ ਵਿੱਚ ਦੂਜੀ ਵਾਰ ਆ ਗਿਆ ਹੈ। ਇਸੇ ਸਾਲ ਪਹਿਲਾਂ ਸਿੱਖ ਇਹੋ ਦਿਹਾੜਾ 7 ਜਨਵਰੀ ਨੂੰ ਮਨਾ ਚੁਕੇ ਹਨ। ਇਸ ਕੈਲੰਡਰ ਮੁਤਾਬਕ 2015 ਵਿੱਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੀ ਨਹੀਂ ਹੈ। ਅਜਿਹਾ ਬਹੁਤ ਕੁਝ ਹਾਲੇ ਹੋਰ ਵਰਤਣਾ ਹੈ। ਇਹ ਹਾਲਾਤ ਪੰਥ ਦੇ ਸਤਿਕਾਰਤ ਸਿੰਘ ਸਾਹਿਬਾਨਾਂ ਵੱਲੋਂ ਸੰਤ ਸਮਾਜ ਵਰਗੀਆਂ ਅਖੌਤੀ ਪੰਥਕ ਜੱਥੇਬੰਦੀਆਂ ਦੇ ਦਬਾਓ ਹੇਠਾਂ ਆ ਕੇ ਅਸਲ ਨਾਨਕ ਸ਼ਾਹੀ ਕੈਲੰਡਰ ਨੂੰ ਰੱਦ ਕਰਨ ਕਰਕੇ ਬਣੇ ਹਨ।
ਹੁਣ ਇਸ ਤੋਂ ਬਚਨ ਲਈ "ਗੁਰਮਤਿ ਤੋਂ ਉਲਟ” ਅਤੇ "ਗੁਰੂ ਹੁਕਮਾਂ ਦੇ ਉਲਟ” ਕਈ ਦਲੀਲਾਂ ਦੇ ਕੇ "ਗੁਰਬਾਣੀ ਤੋਂ ਥਿੜਕੀ” ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬਾਨਾਂ ਨੂੰ ਤਰੀਕ ਬਦਲਣ ਹਿਤ ਅਤੇ ਬਦਲਵੀਂ ਤਰੀਕ ਦੇ  ਐਲਾਨ ਲਈ ਕਿਹਾ ਸੀ । ਸਿੱਖ ਕੌਮ ਲਈ ਇਹ ਨਮੋਸ਼ੀ ਜਨਕ, ਬਦਕਿਸਮਤੀ ਬਣਾ ਦਿੱਤੀ ਗਈ ਹੈ ਕਿ ਬਿਨਾ ਕਿਸੇ ਵੀ ਅਧਿਐਨ ਦੀ ਲੋੜ ਨੂੰ ਮਹਿਸੂਸ ਕੀਤੇ, ਖਗੋਲ ਵਿਗਿਆਨ ਤੋਂ ਕਿਨਾਰਾ ਕਰਦੇ ਹੋਏ, ਤਾਰਾ ਮੰਡਲੀ ਬ੍ਰਹਿਮੰਡੀ ਰੱਬੀ ਨੀਯਤ ਕੀਤੀ "ਹੁਕਮ ਰਜਾਈ ਚਲਣਾ” ਵਾਲੀ ਪੰਧ ਚਾਲ ਦੀ ਪੈੜ ਨੂੰ ਨੱਪੇ ਬਿਨਾਂ ਹੀ ਪੰਥ ਦੇ ਪੰਜ ਸਿੰਘ ਸਾਹਿਬਾਨਾਂ ਨੇ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇੰਝ ਕਰਦੇ ਹੋਏ ਵੀ ਉਨ੍ਹਾਂ ਵਿੱਚ ਸਪਸ਼ਟ ਤੌਰ ਤੇ ਦੁਬਿਧਾਵਾਂ ਅਤੇ ਅਸਪਸ਼ਟਤਾ ਉਨ੍ਹਾਂ ਦੇ ਇਸੇ ਫੈਸਲੇ ਵਿੱਚ ਹੀ ਝਲਕਦੀ ਹੈ ਜਿਵੇਂ- ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਦੌਰਾਨ ਦੀਰਘ ਵਿਚਾਰ ਉਪਰੰਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 7 ਜਨਵਰੀ 2015 (23 ਪੋਹ) ਨੂੰ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਖੁਲ ਦਿੱਤੀ ਹੈ ਕਿ ਅਗਰ ਕੋਈ ਸੰਸਥਾ 28 ਦਸੰਬਰ ਨੂੰ ਹੀ ਪੁਰਬ ਮਨਾਉਣਾ ਚਾਹੁੰਦੀ ਹੈ ਤਾਂ ਉਹ ਮਨਾ ਸਕਦੀ ਹੈ। ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ ।
ਸਵਾਲ ਉੱਠਦਾ ਹੈ ਕਿ ਫਿਰ 5 ਜਨਵਰੀ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਜਿਹੜੀ ਤਰੀਕ "ਮੂਲ ਨਾਨਕਸ਼ਾਹੀ ਕੈਲੰਡਰ” ਵਿੱਚ ਨੀਅਤ ਕੀਤੀ ਗਈ ਸੀ ਉਹ ਕਿਉਂ ਅਤੇ ਕਿਵੇਂ ਗਲਤ ਹੈ ? ਪੁਰਬ 5 ਜਨਵਰੀ ਨੂੰ ਹੀ ਕਿਉਂ ਨਾ ਮਨਾਇਆ ਜਾਵੇ ?
ਸਪਸ਼ਟ ਹੈ ਕਿ "ਨਾਨਕਸ਼ਾਹੀ ਕੈਲੰਡਰ” ਨੂੰ ਕੁਝ ਗੁਰਮਤਿ ਵਿਹੀਣ ਲੋਕਾਂ ਦੇ ਦਬਾਓ ਕਰਕੇ ਜਿਵੇਂ ਬਦਲਿਆ ਗਿਆ ਸੀ ਉਹ ਕਾਰਵਾਈ ਹੀ ਮੂਲੋਂ ਗਲਤ ਸੀ ਅਤੇ ਹੈ; ਇਸੇ ਗੱਲ ਨੂੰ ਹੁਣ ਸਮੇਂ ਨੇ ਸਾਬਤ ਕਰ ਦਿੱਤਾ ਹੈ।
ਸਿੰਘ ਸਾਹਿਬਾਨ ਨੂੰ ਬੇਨਤੀ ਹੈ ਅਤੇ ਸਮੁੱਚੇ ਪੰਥ ਵੱਲੋਂ ਭਰਪੂਰ ਚਿੱਠੀਆਂ ਪਾ ਕੇ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਕਿ ਉਹ ਆਪਣੇ ਪਹਿਲਾਂ ਲਏ ਗਏ ਉਸ ਫੈਸਲੇ ਨੂੰ ਰੱਦ ਕਰ ਦੇਣ ਜਿਸ ਰਾਹੀਂ ਕਿ "ਨਾਨਕਸ਼ਾਹੀ ਕੈਲੰਡਰ” ਨੂੰ ਬੇ ਵਜ੍ਹਾ ਬਦਲਿਆਂ ਗਿਆ ਹੈ। ਉਨ੍ਹਾਂ ਦੇ ਉਸ ਫੈਸਲੇ ਨੂੰ ਹੁਣ ਕੀਤੇ ਨਿਰਣੇ ਅਨੁਸਾਰ ਖੁਦ ਆਪ ਹੀ ਸਿੰਘ ਸਾਹਿਬਾਨ ਮੰਨ ਗਏ ਹਨ ਕਿ ਉਹ ਗਲਤ ਸੀ। ਤੇ ਫਿਰ ਗਲਤੀ ਸੁਧਾਰਨ ਵਿੱਚ ਕੀ ਹਰਜ ਹੈ ? ਹੁਣ ਵੀ ਤਾਂ ਆਪਣੀ ਗਲਤੀ ਦਾ ਸੁਧਾਰ ਸਿੰਘ ਸਾਹਿਬਾਨਾਂ ਨੇ ਆਪ ਹੀ ਕੀਤਾ ਹੈ । ਇਹ ਗੱਲ ਵੀ ਸਾਹਮਣੇ ਲਿਆ ਕੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ ‘ਨਿਯਮ ਨਿਰਧਾਰਿਤ’ ਕਰ ਦਿੱਤਾ ਗਿਆ ਹੈ ਕਿ ਭਾਵੇਂ ਕੋਈ ਅਕਾਲ ਦੇ ਤਖ਼ਤ ਦੇ ‘ਹੁਕਮਾਂ’ ਨੂੰ ‘ਮੰਨੇ ਚਾਹੇ ਨਾ ਮੰਨੇ’ ਦੁਹਾਂ ਹੀ ਹਾਲਾਤਾਂ ਵਿੱਚ ਕੋਈ ਇਤਰਾਜ਼ ਨਹੀਂ ਹੈ ! ਧੱਤ !!
ਇਸੇ ਦਾ ਹੀ ਪ੍ਰਗਟਾਵਾ ਨਾਲੋਂ ਨਾਲ ਹੀ ਸਾਹਮਣੇ ਆ ਵੀ ਗਿਆ ਹੈ । ਤਖ਼ਤ ਸ੍ਰੀ ਪਟਨਾ ਸਾਹਿਬ ਨੇ ਇਸ ਫੈਸਲੇ ਨੂੰ ਨਾ ਮੰਨਦੇ ਹੋਏ ਪ੍ਰਕਾਸ਼ ਦਿਹਾੜਾ ਬਿਪਰਵਾਦੀ ਰੀਤ ਅਧੀਨ ਹੀ 28 ਦਸੰਬਰ ਨੂੰ ਮਨਾਉਣ ਦਾ ਫੈਸਲਾ ਅਟੱਲ ਰੱਖਿਆ ਹੈ। ਇੰਝ "ਤਖ਼ਤ” ਹੀ "ਤਖ਼ਤ” ਦੇ ਖ਼ਿਲਾਫ਼ ਖੜ ਗਿਆ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਬਹੁਤ ਲੰਮਾ ਇਤਿਹਾਸ ਬਣ ਚੁਕਾ ਹੈ ਪੰਥ ਲਈ ਅਜਿਹੀਆਂ ਬਾਗੀਆਨਾ ਨਮੋਸ਼ੀਆਂ ਅਤੇ ਬੇ ਪ੍ਰਤੀਤੀਆਂ ਸਹਿਣ ਦਾ । ਇੰਝ ਅਸਲ ਹਾਲਾਤ ਇਹ ਬਣਾ ਦਿੱਤੇ ਗਏ ਹਨ ਕਿ ਇੱਕ ਹੀ ਪੁਰਬ ਨੂੰ ਮਨਾਉਣ ਦੇ ਤਿੰਨ ਦਿਨ "ਵਿਧੀਵਤ ਅਤੇ ਕਾਨੂੰਨੀ” ਬਣਾ ਦਿੱਤੇ ਗਏ ਹਨ। ਸੋਚਣ ਵਾਲੀ ਗੱਲ ਇਹ ਬਣ ਗਈ ਹੈ ਕਿ ਸ਼੍ਰੋਮਣੀ ਸੰਸਥਾਵਾਂ ਆਪਣਾ ਫੈਸਲਾ ‘ਦੁਬਿਧਾਵਾਂ’ ਨੂੰ ਮੁਕਾਉਣ ਲਈ ਦਿੰਦੀਆਂ ਹਨ ਜਾਂ ਹੋਰ ਜਿਆਦਾ ਦੁਬਿਧਾਵਾਂ ਦੀ ਜਕੜ’ ਵਿੱਚ ਲੋਕਾਈ ਨੂੰ ਮਾਰ ਦੇਣ ਲਈ ਫੈਸਲੇ ਕੀਤੇ ਜਾਂਦੇ ਹਨ ? ਸਿੱਖ ਸੰਸਥਾਵਾਂ ਨੇ ਲਿਖਤ ਬਧ ਰੂਪ ਵਿੱਚ ਇਹ ਜਗ ਜ਼ਾਹਿਰ ਕਰਨ ਵਿੱਚ ਰੱਤੀ ਭਰ ਵੀ ਕਸਰ ਨਹੀਂ ਛੱਡੀ ਕਿ ਸਿੱਖ ਸੰਸਥਾਵਾਂ ਤੇ ਬਿਰਾਜਮਾਨ ਲੋਕਾਂ ਨੂੰ ਤਾਂ ਇਹ ਵੀ ਸੂਝ ਨਹੀਂ ਕਿ ਛੋਟੀ ਅਦਾਲਤ ਤੋਂ ਵੱਡੀ ਅਦਾਲਤ ਵਿੱਚ ਅਪੀਲ ਕਰਨ ਦਾ ਕੀ ਅਰਥ ਹੁੰਦਾ ਹੈ ਅਤੇ ਉਸ ਵੱਡੀ ਅਦਾਲਤ ਦਾ ਆਪਣਾ ਅਧਿਕਾਰ ਖੇਤਰ ਅਤੇ ‘ਨਿਰਣਾਇਕ ਫ਼ਰਜ਼’ ਦੀ ਅਦਾਇਗੀ ਦਾ "ਅਧਾਰ” ਕੀ ਹੁੰਦਾ ਹੈ। ਕੋਠੇ ਚੜ੍ਹ ਕੇ ਸਿੱਖ ਆਪਣਾ ਮਖੌਲ ਆਪ ਹੀ ਉਡਾ ਰਹੇ ਹਨ ! ਜਿਹੜੀ ਕੌਮ ਆਪਣਾ ਦੁਸ਼ਮਣ ਆਪ ਬਣ ਚੁਕੀ ਹੋਵੇ ਉਸ ਨੂੰ ਫਿਰ ਬਾਹਰੀ ਦੁਸ਼ਮਣ ਦੇ ਹਮਲੇ ਦੀ ਕੀ ਲੋੜ ਹੈ ? ਮੈਂ 1978 ਵਿੱਚ ਜਦੋਂ ਨਕਲੀ ਨਿਰੰਕਾਰੀ ਕਾਂਡ ਵਾਪਰਿਆ ਸੀ ਤਾਂ ਓਦੋਂ ਇੱਕ ਨਾਅਰਾ ਭੁਪਾਲ ਤੋਂ ਦਿੱਲੀ ਤੇ ਦਿੱਲੀ ਤੋਂ ਅੰਮ੍ਰਿਤਸਰ ਤਕ ਕੰਧਾ ਤੇ ਆਪ ਅਤੇ ਆਪਣੇ ਸਾਥੀਆਂ ਸਮੇਤ ਕਈ ਹਫ਼ਤਿਆਂ ਵਿੱਚ ਰਾਤ ਦਿਨ ਇੱਕ ਕਰਕੇ ਲਿਖਿਆ ਸੀ ਕਿ "ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ”……
ਦਰਅਸਲ ਸਾਨੂੰ ਸਭ ਨੂੰ ਇੱਕ ਮਿਥੇ ਵਿਧੀ ਵਿਧਾਨ ਦਾ ਪਾਲਣ ਕਰਨਾ ਅਤੇ ਗੁਰਮਤਿ ਸਿਧਾਂਤ ਨੂੰ ਸਮਝਣਾ ਅਤੇ ਮੰਨਣਾ ਸਿੱਖਣਾ ਚਾਹੀਦਾ ਹੈ। ਥਿੱਤ, ਵਾਰਾਂ, ਮਹੀਨਿਆਂ, ਸੰਗਰਾਂਦਾਂ, ਮੱਸਿਆ, ਸੂਰਜ, ਚੰਨ, ਗ੍ਰਹਿ, ਨਕਛਤਰ ਆਦਿ ਨੂੰ ਨਾਨਕਸ਼ਾਹੀ ਸੰਕਲਪ ਅਪਰਵਾਨ ਕਰਦਾ ਹੈ। ਠੀਕ ਉਵੇਂ ਹੀ ਜਿਵੇਂ ਗੁਰਬਾਣੀ ਕਿਸੇ ਵੀ ਵਿਅਕਤੀ ਜਾਂ ਦੇਹਿ ਧਾਰੀ ਨੂੰ "ਸੰਤ” ਜਾਂ "ਬ੍ਰਹਮ ਗਿਆਨੀ” ਦੀ ਪਦਵੀ ਨਹੀਂ ਪ੍ਰਦਾਨ ਕਰਦੀ ਹੈ। ਇਹ ਉਹੀ ਹਾਲਾਤ ਬਣਾ ਦਿੱਤੇ ਗਏ ਹਨ ਕਿ "ਗੁਰਮਤਿ” ਜਿਤਨੀ ਕਰੜਾਈ ਨਾਲ ‘ਦਿਵਾਲੀ’ ਅਤੇ ‘ਆਰਤੀ’ ਕਰਨ ਅਤੇ ਮੰਨਣ ਤੋਂ ਸਿੱਖਾਂ ਨੂੰ ਰੋਕਦੀ ਹੈ, ਉਸ ਤੋਂ ਵੀ ਬਾਹਰੀ ਅਤੇ ਹਜ਼ਾਰਾਂ ਦਰਜੇ ਵੱਧ ਢੀਠਤਾਈ ਨਾਲ ਸਿੱਖ ਇਹ ਸਭ ਸ੍ਰੀ ਦਰਬਾਰ ਸਾਹਿਬ ਵਿੱਚ ਹੀ ਨਿੱਤ ਕਰਕੇ ਆਪਣੇ ਹੀ ਗੁਰੂ ਨੂੰ ‘ਜਿੱਚ’ ਕਰਦੇ ਹਨ। ਜਿਵੇਂ ਕਹਿੰਦੇ ਹੋਣ ਕਿ ਲੈ ਸਤਿਗੁਰੂ ਤੈਨੂੰ ਮੱਥਾ ਤਾਂ ਟੇਕਦੇ ਹਾਂ ਪਰ ਤੇਰੀ ਕਹੀ ਇੱਕ ਵੀ ਗੱਲ ਅਸੀਂ ਮੰਨਦੇ ਨਹੀਂ; ਕਰ ਲੈ ਜੋ ਕਰਨੈ !! ਬੜੇ ਅਫਸੋਸ ਦੀ ਅਤੇ ਗੁਰਮਤਿ ਪਰਥਾਏ ਨਮੋਸ਼ੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਥ ਖ਼ਾਲਸਾ ਨੂੰ ਅਜਿਹੇ ਬਿਪਰਵਾਦੀ ਕਰਮਾਂ ਵਿੱਚੋਂ ਕੱਢੇ । ਇਹ ਕਿੰਨੀ ਵੱਡੀ ਤ੍ਰਾਸਦੀ ਖ਼ਾਲਸਾ ਪੰਥ ਦੀ ਬਣ ਚੁਕੀ ਹੈ ਕਿ ਅਜੋਕੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਾਬਜ਼ ਧਿਰਾਂ ਹੀ ਖ਼ਾਲਸੇ ਨੂੰ ਅਜਿਹੇ ਬਿਪਰਵਾਦ ਵਿੱਚ ਹੋਰ ਗਹਿਰਾ ਇੰਝ ਫਸਾ ਰਹੇ ਹਨ ਕਿ ਸਿੱਖ ਦਲਦਲ ਦੇ ਸਮੁੰਦਰ ਵਿੱਚ ਪਹੁੰਚਾ ਦਿੱਤਾ ਗਿਆ ਹੈ
ਸ਼੍ਰੋਮਣੀ ਸੰਸਥਾਵਾਂ ਦਾ ਇਹ ਫ਼ਰਜ਼ ਹੁੰਦਾ ਹੈ ਕਿ ਉਹ ਆਪਣੇ ਹਰ ਫੈਸਲੇ ਮਗਰ ਆਪਣੇ ਘੜੇ ਅਤੇ ਲਿਖਤ ਸੰਕਲਪ, ਸਿਧਾਂਤ ਅਤੇ ਨਿਯਮਾਂ, ਵਿਧਾਨਾਂ ਦਾ ਕਠੋਰਤਾ ਨਾਲ ਸੰਦਰਭ ਅਤੇ ਪ੍ਰਸੰਗ ਨਿਰਧਾਰਿਤ ਕਰ ਕੇ ਤੁਰਨ। ਇਹ ਇਨ੍ਹਾਂ ਸੰਸਥਾਵਾਂ ਦੇ ਆਪਣੇ ਕਰਮ ਨੂੰ ਨਿਭਾਉਣ ਦੇ ਚਲਨ ਦੀ ਪ੍ਰਥਮ ਅਤੇ ਸ਼੍ਰੋਮਣੀ ਨਿਰਧਾਰਿਤ ਕ੍ਰਿਆ ਰੀਤ ਹੁੰਦੀ ਹੈ। ਇਹ ਲੋਕ ਰੀਤ ਬਣਾਉਣ ਲਈ ਲਾਜ਼ਮੀ ਹੁੰਦਾ ਹੈ ਕਿ ਇਨ੍ਹਾਂ ਦਾ ਲੋਕਾਈ ਵਿੱਚ ਪੂਰਾ ਪ੍ਰਚਾਰ ਅਤੇ ਪ੍ਰਸਾਰ ਕਰਨ ਹਿਤ ਲਏ ਜਾਂਦੇ ਹਰ ਇੱਕ ਫੈਸਲੇ ਨਾਲ ਵਿਸਥਾਰਿਤ ਵਰਨਨ ਲਿਖਤ ਬਧ ਤੌਰ ਤੇ ਨਸ਼ਰ ਕੀਤਾ ਜਾਵੇ। ਕੁਝ ਵੀ ਲੁਕਵਾਂ ਜਾਂ ਅਪਰੋਖ ਨਾ ਰਹਿਣ ਦਿੱਤਾ ਜਾਵੇ, ਸਭ ਪ੍ਰਤੱਖ ਲਿਆ ਸੱਚ ਕਰ ਦਿਖਾਇਆ ਜਾਵੇ। ਪੰਥ ਦੇ ਸਿੰਘ ਸਾਹਿਬਾਨ ਇਸ ਤੋਂ ਸਿਰਫ਼ ਇਸ ਇੱਕ ਕਵਚ "ਗੁਰਮਤਿ ਅਨੁਸਾਰ ਲਏ ਗਏ ਫੈਸਲੇ” ਵਿਚਲੇ ਬੁਰਕੇ ਰਾਹੀਂ ਹਮੇਸ਼ਾਂ ਬਚਦੇ ਅਤੇ ਕੰਨੀ ਕਤਰਾਉਂਦੇ ਦਿਸਦੇ ਹਨ । ਉਨ੍ਹਾਂ ਦਾ ਇਹ ਫ਼ਰਜ਼, ਡਿਊਟੀ, ਅਵਲੀਨ ਕਰਮ ਅਤੇ "ਗੁਰੂ ਗ੍ਰੰਥ-ਗੁਰੂ ਪੰਥ” ਪ੍ਰਤੀ ਜਵਾਬਦੇਹੀ ਬਣਦੀ ਹੈ ਕਿ ਉਹ ਆਪਣੇ ਲਏ ਗਏ ਹਰ ਇੱਕ ਫੈਸਲੇ ਮਗਰਲੇ "ਗੁਰਮਤਿ ਸੰਕਲਪ ਅਤੇ ਸਿਧਾਂਤ” ਦੇ ਨਾਲੋਂ ਨਾਲ ਗੁਰੂ ਕਾਲੀਨ 239 ਸਾਲਾਂ ਵਿਚਲੀਆਂ ਅਸਥਾਪਿਤ ਰਵਾਇਤਾਂ ਤੇ ਪਰੰਪਰਾਵਾਂ ਦੇ ਹਵਾਲੇ ਦੇ ਕੇ ਉਸ ਨੂੰ ਸਾਬਤ ਕਰਨ ਲਈ ਲੋਕਾਈ ਦੇ ਸਾਹਮਣੇ ਰੱਖਣ। ਇਸ ਤੋਂ ਬਗੈਰ ਲਏ ਗਏ ਸਾਰੇ ਫੈਸਲੇ ਨਿਰੰਕੁਸ਼, ਮਨ-ਘੜਤ ਅਤੇ ਕੁਝ ਧੜਿਆਂ ਜਾਂ ਸੱਤਾਧਾਰੀ ਧਿਰ ਦੇ ਹਿਤਕਾਰੀ ਹੀ ਮੰਨੇ ਜਾਣੇ ਚਾਹੀਦੇ ਹਨ। ਇਹ ਇਨਸਾਫ਼ ਨਹੀਂ ਹੁੰਦਾ ਤੇ ਨਾ ਹੀ ਇਸ ਨੂੰ "ਗੁਰਮਤਿ ਵਿਧੀ ਵਿਧਾਨ ਅਨੁਸਾਰ ਕੀਤਾ ਗਿਆ ਫੈਸਲਾ” ਹੀ ਪ੍ਰਵਾਨ ਕਰਨਾ ਚਾਹੀਦਾ ਹੈ।ਇਨ੍ਹਾਂ ਨੂੰ ਆਪਣੀ ਕੋਈ ਨਵੀਂ ਰੀਤ ਜਾਂ ਪਰੰਪਰਾ ਅਸਥਾਪਿਤ ਕਰਨ ਜਾਂ ਤੋਰਨ ਦਾ ਹੱਕ ਹਾਸਲ ਹੀ ਨਹੀਂ ਹੈ। ਜਦੋਂ ਜਦੋਂ ਵੀ ਇੰਝ ਕੀਤਾ ਜਾਂਦਾ ਹੈ ਇਹ ਓਦੋਂ ਓਦੋਂ ਹੀ ਆਪਣੇ ਧਰਮ, ਕੇਂਦਰ, ਸੰਸਥਾਨ, ਕੌਮੀਅਤਾ ਅਤੇ ਰਾਜ ਪ੍ਰਬੰਧ ਨਾਲ ਕੀਤਾ ਗਿਆ ਧੋਖਾ ਹੁੰਦਾ ਹੈ। "ਗੁਰੂ ਗ੍ਰੰਥ-ਗੁਰੂ ਪੰਥ” ਨਾਲ ਧੋਖਾ ਧੜੀ ਕਰਨ ਦਾ ਸਿਲਸਿਲਾ ਅਤੇ ਸਮਾਂ ਕਾਲ ਬਹੁਤ ਲੰਮਾ ਲੰਘ ਚੁਕਾ ਹੈ। ਕਾਸ਼ ਅਸੀਂ ਸਿੱਖ ਇਸ ਤੋਂ ਬਚਣ ਦਾ ਕੋਈ ਉਪਰਾਲਾ ਕਰ ਸਕੀਏ !
ਪੰਥ ਦੀ ਵਰਤਮਾਨ ‘ਦਸ਼ਾ’ ਜਿਸ ਵਿੱਚ ਗੁਰਪੁਰਬ ਦੀ ਤਰੀਕ ਨੂੰ ਮਨਚਾਹੇ ਅਨੁਸਾਰ ਬਦਲ ਦੇਣ ਦਾ ਇਹ ਵਰਤਮਾਨ ਲਿਆ ਗਿਆ ਨਿਰਣਾ ਸਾਨੂੰ ਇਸੇ ਦਿਸ਼ਾ ਵੱਲ ਤੁਰਨ ਦਾ ਸੰਕੇਤ ਦੇ ਰਿਹਾ ਹੈ।
ਅਤਿੰਦਰ ਪਾਲ ਸਿੰਘ ਖਾਲਿਸਤਾਨੀ 
........................................ 

RE: Atinder’s view - DISTORTED SIKH CALENDAR ??
 Bhai Gurdas jee had said:
Shubh Amlaan Bajhon Dono Roiee.”
Both the Calendars imposed in 2003 and then revised in 2010 are nothing but close to the Indian National Calendar based on SAKA adopted in 1957 from Chaitra to Phalgun though with slight variation of a few days ?
 Without determining the actual Birth Date of Guru Nanak Sahib out of four floating Dates 27th March 1469, 14th April 1469, 15th April 1469 and 20th October 1469, SGPC continues to follow the Hindu Jantri i.e. Guru Nanak Sahib’s birth Date changes every year as it is celebrated on Pooranmashi, which falls after Hindus’ Diwali Massaya.
As most of the Sikh Authors and Historians are of the view that Guru Gobind Singh Sahib was born on 22nd December 1666, it could have been accepted and then there is no question of any change as we have been seeing now.
Here in Australia, I follow Greenwich Time and CE Calendar without any confusion or duality.
Gurmit Singh (Sydney)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.